ਵਾਹ ਜੀ ਵਾਹ!
ਤੁਹਾਡੀ ਚੋਣ ਅਸੀਂ ਹਮਲੇ ਕਰਨ ਲਈ ਨਹੀਂ ਕਰਦੇ। ਦੇਸ਼ ਅਤੇ ਰਾਜ ਦੀ ਤਰੱਕੀ ਲਈ ਕਰਦੇ ਹਾਂ। ਕੁੱਕੜ ਲੜਾਈ, ਸਾਹਨਾਂ ਦੇ ਭੇੜ ਤੋਂ ਗੁਰੇਜ਼ ਕਰਕੇ ਕੋਈ ਕੰਮ ਧੰਦਾ ਕਰੋ। ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦਿਓ। ਬਰੇਨ-ਡਰੇਨ ਅਤੇ ਨਸ਼ੇ ਆਪਣੇ-ਆਪ ਰੁਕ ਜਾਣਗੇ। ਇਲੈਕਸ਼ਨ ਦੌਰਾਨ ਪੂਰੇ ਨਾ ਕੀਤੇ ਜਾ ਸਕਣ ਵਾਲੇ ਵਾਅਦਿਆਂ ਲਈ ਤੁਹਾਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਸਮਾਰਟ ਫੋਨ, ਤਨਖਾਹਾਂ ਵਿੱਚੋਂ ਆਪਣੇ-ਆਪ ਆ ਜਾਣਗੇ। ਇਹ ਠੀਕ ਹੈ ਕਿ ਮੁਫ਼ਤ ਆਟਾ, ਦਾਲ, ਬਿਜਲੀ ਦੇ ਕੇ ਤੁਸੀਂ ਆਰਜ਼ੀ ਤੌਰ ’ਤੇ ਵੋਟ ਬੈਂਕ ਪੱਕਾ ਕਰ ਸਕਦੇ ਹੋ ਪਰ ਆਪਣੇ ਲੋਕਾਂ ਨੂੰ ਬਾਬੇ ਨਾਨਕ ਦੁਆਰਾ ਦਿੱਤੇ ਕ੍ਰਿਤ ਕਰਨ ਦੇ ਸਿਧਾਂਤ ਨਾਲੋਂ ਤੋੜ ਕੇ ਕੌਮ ’ਤੇ ਕਿੰਨਾਂ ਵੱਡਾ ਉਪਕਾਰ ਕਰ ਰਹੇ ਹੋ? ਕਦੇ ਵਿਚਾਰ ਕੇ ਦੇਖੋ… ਕਿਉਂ ਆਪਣੇ ਲੋਕਾਂ ਨੂੰ ਵਰਕ ਕਲਚਰ ਤੋਂ ਦੂਰ ਕਰਕੇ ਬਹੁਤ ਵੱਡੇ ਪਾਪਾਂ ਦੇ ਭਾਗੀ ਬਣ ਰਹੇ ਹੋ?
ਕਿਸਾਨਾਂ, ਮਜ਼ਦੂਰਾਂ, ਮਿਹਨਤਕਸ਼ਾਂ, ਛੋਟੀਆਂ ਸਨਅਤਾਂ ਦੇ ਮਾਲਕਾਂ ਤੇ ਵਰਕਰਾਂ, ਟਰੱਕਾਂ, ਬੱਸਾਂ, ਟੈਕਸੀਆਂ ਵਾਲਿਆਂ ਦੇ ਬਣਦੇ ਹੱਕ-ਹਕੂਕ ਦਿਓ।
ਖ਼ਿਡਾਰੀਆਂ, ਵਿਦਿਆਰਥੀਆਂ, ਕਾਰੀਗਰਾਂ, ਉਦਮੀਆਂ, ਪ੍ਰੈਸ-ਮੀਡੀਆ, ਮੁਲਾਜ਼ਮਾਂ ਤੇ ਅਫਸਰਾਂ ਦੇ ਹਿੱਸੇ ਦਾ ਬਣਦਾ ਪਿਆਰ ਅਤੇ ਸ਼ਾਬਾਸ਼ ਦਿਓ। ਧੀਆਂ-ਭੈਣਾਂ ਅਤੇ ਔਰਤਾਂ ਦੀ ਸੁਰੱਖਿਆ ਲਈ ਠੋਸ ਉਪਰਾਲੇ ਕਰੋ।
ਕਾਲਜਾਂ ਵਿੱਚ ਕੰਮ ਕਰਦੇ ਆਰਜ਼ੀ, ਠੇਕੇ ’ਤੇ ਰੱਖੇ ਪ੍ਰੋਫੈਸਰ ਸਾਹਿਬਾਨਾਂ ਨੂੰ ਨਿੱਜੀ ਫਾਈਨਾਂਸ ਕੋਰਸਾਂ ਦੀ ਆਮਦਨ ਵਿੱਚੋਂ ਹੀ ਚੰਗੀਆਂ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਹਨ। ਪ੍ਰਾਈਵੇਟ ਸਕੂਲਾਂ-ਕਾਲਜਾਂ ਦੀਆਂ ਰਿਕਸ਼ੇ ਤਾਂਗੇ ਜਿੰਨਾ ਸਫਰ ਕਰਦੀਆਂ ਬੱਸਾਂ/ਵੈਨਾਂ ਤੋਂ ਵਸੂਲਿਆ ਜਾ ਰਿਹਾ ਸੜਕੀ ਟੈਕਸ ਤੇ ਵਿਦਿਅਕ ਅਦਾਰਿਆਂ ਨੂੰ ਵਪਾਰਕ ਦਰਾਂ ’ਤੇ ਬਿਜਲੀ ਵੇਚ ਕੇ ਪ੍ਰਾਈਵੇਟ ਅਦਾਰਿਆਂ ਦੇ ਮਾਨ-ਸਨਮਾਨ ਨੂੰ ਖੋਰਾ ਲੱਗ ਰਿਹਾ ਹੈ।
ਰੈਲੀਆਂ ’ਤੇ ਭਾੜੇ ਦੇ ਮਜ਼ਦੂਰ ਲਿਆ ਕੇ, ਉਨ੍ਹਾਂ ਨੂੰ ਨਸ਼ਾ ਵਰਤਾ ਕੇ, ਨਫਰੀ ਵਿੱਚ ਪਹਿਲਾਂ ਹੀ ਥੁੜੇ ਪੁਲਿਸ ਮੁਲਾਜ਼ਮਾਂ, ਅਫਸਰਾਂ, ਪਟਵਾਰੀਆਂ, ਤਹਿਸੀਲਦਾਰਾਂ ਅਤੇ ਹੋਰ ਅਫਸਰਾਂ ਨੂੰ ਪੁੱਠੇ ਲਮਕਾ ਕੇ ਰੈਲੀਆਂ ’ਤੇ ਇਕੱਠ ਵਿਖਾ ਕੇ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੈ ਇਹ!
ਪਹਿਲਾਂ ਹੀ ਹਾਰ ਚੁੱਕੀ ਵਿਰੋਧੀ ਧਿਰ ਨੂੰ ਨੀਵਾਂ ਵਿਖਾਉਣ ਲਈ, ਤਿੱਖੇ ਹਮਲੇ ਅਤੇ ਤਾਕਤ ਅਜਾਈਂ ਨਾ ਗਵਾਓ, ਉਸਾਰੂ ਕੰਮਾਂ ਲਈ ਇਸ ਦੀ ਵਰਤੋਂ ਕਰੋ, ਵਿਕਾਸ ਕਰਕੇ ਦਿਖਾਓ, ਮਾਵਾਂ ਦੀਆਂ ਗੋਦੀਆਂ ਅਤੇ ਭੈਣਾਂ ਦੀਆਂ ਰੱਖੜੀਆਂ ਦੀ ਸਲਾਮਤੀ ਲਈ ਉਪਰਾਲੇ ਕਰੋ। ਮੰਤਰੀਆਂ ਨੂੰ ਪ੍ਰੋਜੈਕਟ ਅਲਾਟ ਕਰ ਦਿਓ, ਹਰ ਪ੍ਰੋਜੈਕਟ ਲਈ ਸਮਾਂ ਸੀਮਾ ਨਿਸ਼ਚਿਤ ਕਰ ਦਿਓ, ਹਿਟਲਰੀ ਫੈਸਲੇ ਵੀ ਲੈਣੇ ਪੈਣ ਤਾਂ ਗੁਰੇਜ਼ ਨਾ ਕਰਿਓ, ਸਿਆਸਤ ਦੀ ਕੁਰਸੀ ਤੋਂ ਹੇਠਾਂ ਉਤਰ ਕੇ ਨੋਬਲ ਕੰਮ ਕਰਨ ਲਈ ਯਤਨਸ਼ੀਲ ਹੋਵੋ। ਅਧਿਆਪਕਾਂ, ਡਾਕਟਰਾਂ, ਪੁਲਿਸ ਪ੍ਰਸ਼ਾਸਨ ਨੂੰ ਬਣਦਾ ਸਤਿਕਾਰ ਦਿਉ। ਇਨ੍ਹਾਂ ਦੀਆਂ ਨਿੱਕੇ-ਮੋਟੇ ਕੰਮਾਂ, ਬਦਲੀਆਂ ਆਦਿ ਲਈ ਲੇਲੜੀਆਂ ਨਾ ਕਢਾਓ। ਸਮਾਜ ਦੀ ਜਿੰਦ-ਜਾਨ ਜਨਰਲ ਵਰਗ ਨੂੰ ਹੋਰ ਹੇਠਾਂ ਡਿੱਗਣ ਤੋਂ ਬਚਾਓ। ਗਲਤੀਆਂ ਅਤੇ ਕੰਮ ਜਾਂ ਵਿਕਾਸ ਵਿੱਚ ਹੋਈ ਦੇਰੀ ਲਈ ਮੁਆਫੀ ਮੰਗਣ ਦੀ ਆਦਤ ਪਾ ਲਓ, ਤੁਹਾਡੀ ਸਿਆਸੀ ਸਿਹਤ ਲਈ ਲਾਹੇਵੰਦ ਸਾਬਿਤ ਹੋਵੇਗੀ। ਬਲਾਤਕਾਰੀਆਂ, ਭ੍ਰਿਸ਼ਟਾਚਾਰੀਆਂ ਨੂੰ ਤਕੜੇ ਹੱਥੀਂ ਲਓ, ਕੁਰਸੀ ਮੋਹ, ਪੁੱਤਰ ਅਤੇ ਪਰਿਵਾਰ ਮੋਹ ਤੋਂ ਉਪਰ ਉਠੋ ਫੇਰ ਚੋਣਾਂ ਦੇ ਨੇੜੇ ਆ ਕੇ ਮਿਹਨਤ ਕਰਨ ਦੀ, ਦਿਨ-ਰਾਤ ਇਕ ਕਰਨ ਦੀ ਲੋੜ ਨਹੀਂ ਪਵੇਗੀ। ਅਗਲੀਆਂ ਚੋਣਾਂ ਤਾਂ ਘਰ ਬੈਠੇ ਹੀ ਜਿੱਤ ਸਕਦੇ ਹੋ।
ਧੜਾ-ਧੜ ਬੰਦ ਹੋ ਰਹੀ ਇੰਡਸਟਰੀ ਨੂੰ ਬਚਾਉਣ ਲਈ ਠੋਸ ਉਪਰਾਲੇ ਹੋਣੇ ਚਾਹੀਦੇ ਹਨ। ਪਿੰਡਾਂ ਨੂੰ ਸਹੂਲਤਾਂ ਦੇ ਕੇ ਪੇਂਡੂ ਲੋਕਾਂ ਦੀਆਂ ਸ਼ਹਿਰਾਂ ਵੱਲ ਵਹੀਰਾਂ ਨੂੰ ਰੋਕਿਆ ਜਾ ਸਕਦਾ ਹੈ। ਵਾਤਾਵਰਣ ਸ਼ੁੱਧ ਹਵਾ, ਪਾਣੀ ਲਈ ਹੋ ਰਹੇ ਉਪਰਾਲਿਆਂ ਲਈ ਸਭਾ ਸੁਸਾਇਟੀਆਂ ਅਤੇ ਨੌਜਵਾਨਾਂ ਕਲੱਬਾਂ ਨੂੰ ਉਤਸ਼ਾਹਿਤ ਕਰਨ ਦੀ ਵੀ ਲੋੜ ਹੈ।
ਪਿਛਲੇ ਇਲੈਕਸ਼ਨਾਂ ਵਿੱਚ ਹਾਰ ਗਈਆਂ ਪਾਰਟੀਆਂ ਨੂੰ ਲੋਕਮਤ ਦੀ ਇਜ਼ਤ ਕਰਦਿਆਂ ਸਤਾਧਾਰੀ ਪਾਰਟੀ ਨੂੰ ਆਪਣੇ ਕਾਰਜ ਕਰਨ ਦਿੱਤੇ ਜਾਣ, ਚੰਗੇ ਕੰਮਾਂ ਦੀ ਪ੍ਰਸ਼ੰਸਾ ਅਤੇ ਮਾੜੇ ਕੰਮਾਂ ਦੀ ਨੁਕਤਾਚੀਨੀ ਲਈ ਕੁਝ ਇਕ ਲੀਡਰਾਂ ਦੀ ਡਿਊਟੀ ਲਗਾ ਕੇ ਬਾਕੀ ਸਾਰੀ ਲੀਡਰਸ਼ਿਪ ਆਉਣ ਵਾਲੀਆਂ ਚੋਣਾਂ ਲਈ ਕੋਈ ਸਾਰਥਕ ਪਹੁੰਚ ਵਾਲੀ ਰਣਨੀਤੀ ਤਿਆਰ ਕਰ ਲਵੇ। ਆਪਣੇ ਬੱਚਿਆਂ, ਪਰਿਵਾਰ ਅਤੇ ਕਾਰੋਬਾਰ ਦੀ ਬਿਹਤਰੀ ਲਈ ਕੁਝ ਇੱਕ ਉਪਰਾਲੇ ਕਰ ਲਏ ਜਾਣ।
ਤੁਸੀਂ ਸਾਰੇ ਸਮਾਜ ਦੇ ਸਤਿਕਾਰ ਦੇ ਪਾਤਰ ਹੋ, ਕੰਮ ਅਤੇ ਸੋਚ ਵੀ ਸਤਿਕਾਰਤ ਬਣਾ ਲਵੋ। ਇੱਥੋਂ ਦਿਆਂ ਬਸ਼ਿੰਦਿਆਂ ਨੂੰ ਸਿਰਫ ਵੋਟਰ ਨਾ ਸਮਝੋ, ਆਪਣਾ ਪਰਿਵਾਰ ਸਮਝਣ ਦੀ ਸਾਰਥਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰਕੇ ਵੀ ਵੇਖ ਲਉ।
ਸਮਾਜ ਦੇ ਥੰਮ੍ਹ ਪ੍ਰੈਸ ਅਤੇ ਮੀਡੀਆ ਦੇ ਇੱਕ ਵੱਡੇ ਹਿੱਸੇ ਨੂੰ ਵੀ ਆਪਣੇ ਕਿਰਦਾਰ ਦਾ ਆਡਿਟ ਕਰਕੇ ਲੋੜੀਂਦੀ ਹਾਂ-ਪੱਖੀ ਪਹੁੰਚ ਅਪਨਾਉਣ ਦੀ ਸਖਤ ਜ਼ਰੂਰਤ ਹੈ। ਸੋਹਣੀਆਂ ਉਸਾਰੂ ਗੱਲਾਂ ਕੀਤੀਆਂ ਜਾਣ, ਤੁਹਾਡੇ ਹੱਥ ਵਿੱਚ, ਤੁਹਾਡੀ ਕਲਮ ਵਿੱਚ ਬੜੀ ਵੱਡੀ ਤਾਕਤ ਹੈ। ਇਸ ਨੂੰ ਜ਼ਰਾ ਕੁ ਵਿਚਾਰੋ, ਤੁਹਾਡਾ ਰੋਲ ਬੜੀ ਵੱਡੀ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦਾ ਹੈ।
ਤਿੱਖੇ ਹਮਲੇ



