ਇਹ ਸੁਣਿਆਂ ਜਾਂਦਾ ਹੈ ਕਿ ਵੱਡੇ-ਵੱਡੇ ਰਾਜੇ-ਮਹਾਰਾਜੇ ਮਹਿਲਾਂ ਵਿਚ ਰਹਿੰਦੇ ਹਨ। ਉਨ੍ਹਾਂ ਦੇ ਇਹ ਮਹਿਲ ਏਨੇ ਵੱਡ-ਅਕਾਰੀ ਹੁੰਦੇ ਹਨ ਕਿ ਆਮ ਬੰਦੇ ਲਈ ਉਨ੍ਹਾਂ ਬਾਰੇ ਅੰਦਾਜ਼ਾ ਲਗਾਉਣਾ ਲਗਭਗ ਨਾ-ਮੁਮਕਿਨ ਹੁੰਦਾ ਹੈ। ਇਹ ਵੀ ਸੱਚਾਈ ਹੈ ਕਿ ਜਨ-ਸਧਾਰਣ ਵੀ ਆਪਣੇ ਘਰਾਂ ਨੂੰ ਮਹਿਲ ਬਣਾਉਣ ਦੀ ਹੋੜ ਵਿਚ ਲੱਗਿਆ ਹੋਇਆ ਹੈ, ਪਰ ਸੱਚਾਈ ਇਹ ਵੀ ਹੈ ਕਿ ਅਜਿਹੇ ਵਰਤਾਰੇ ਵਿਚ ਸਿਵਾਇ ਮਨ ਦਾ ਸਕੂਨ ਗਵਾਉਣ ਦੇ ਹੋਰ ਕੁਝ ਨਹੀਂ ਲੱਭਦਾ। ਅਜਿਹੇ ਮਹਿਲਾਂ ਦੇ ਵਰਤਾਰੇ ਵਿਚ ਜਦੋਂ ਮੈਂ ਆਪਣੇ ਵਿਰਾਸਤੀ ਮਹਿਲ ਵੱਲ ਨਜ਼ਰ ਮਾਰਦਾ ਹਾਂ, ਤਾਂ ਮੈਨੂੰ ਬਹੁਤ ਵੱਡੀ ਖ਼ੁਸ਼ੀ ਅਤੇ ਸਕੂਨ ਪ੍ਰਾਪਤ ਹੁੰਦਾ ਹੈ ਕਿ ਕਿੰਨਾ ਭਾਗਾਂ ਵਾਲਾ ਹਾਂ ਮੈਂ, ਜਿਸ ਨੂੰ ਵਿਰਾਸਤ ਵਿਚ ਹੀ ਇਕ ਬਹੁਤ ਵਿਸ਼ਾਲ ਮਹਿਲ ਪ੍ਰਾਪਤ ਹੋਇਆ ਹੈ। ਇਹ ਅਜਿਹਾ ਮਹਿਲ ਹੈ, ਜਿਸ ਦੀਆਂ ਨੀਂਹਾਂ ਮਜ਼ਬੂਤ ਹਨ, ਜਿਸਦਾ ਸਮੁੱਚਾ ਢਾਂਚਾ ਬਹੁਤ ਉਚ ਗੁਣਵੱਤਾ ਵਾਲਾ ਹੈ ਅਤੇ ਜਿਸ ਨੂੰ ਦੁਨੀਆਂ ਦੇ ਕੋਈ ਵੀ ਭੁਚਾਲ ਹਿਲਾ ਨਹੀਂ ਸਕਦੇ। ਅਜਿਹਾ ਮਹਿਲ ਜਿੱਥੇ ਖ਼ੁਸ਼ੀਆਂ ਦਾ ਵਾਸਾ ਹੈ, ਜਿੱਥੇ ਪਿਆਰ ਅਤੇ ਇਤਫ਼ਾਕ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਜਿੱਥੇ ਇਕ-ਦੂਜੇ ਲਈ ਤਿਆਗ ਦੀ ਭਾਵਨਾ ਹੈ ਅਤੇ ਜਿੱਥੇ ਬਚਪਨ ਤੋਂ ਸੰਸਕਾਰਾਂ ਦੀ ਪਾਠਸ਼ਾਲਾ ਵਿਚ ਪੜ੍ਹਾਈ ਕਰਵਾਈ ਜਾਂਦੀ ਹੈ।
ਮੇਰੇ ਇਸ ਵਿਰਾਸਤੀ ਮਹਿਲ ਦੀ ਨੀਂਹ ਮੇਰੇ ਪੜਦਾਦਾ ਬਾਬਾ ਹੰਸਾ ਸਿੰਘ ਜੀ ਨੇ ਰੱਖੀ ਅਤੇ ਮੇਰੀ ਪੜਦਾਦੀ ਮਾਂ ਮਾਤਾ ਪ੍ਰਸਿੰਨ ਕੌਰ ਜੀ ਨੇ ਇਸ ਮਹਿਲ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ‘ਪਾਣੀ ਵਾਲਾ ਬਾਬਾ’ ਨਾਮ ਨਾਲ ਜਾਣੇ ਜਾਂਦੇ ਮੇਰੇ ਪੜਦਾਦਾ ਜੀ ਪਾਸ ਪਦਾਰਥਿਕ ਜਾਇਦਾਦ ਤਾਂ ਨਾਮ-ਮਾਤਰ ਸੀ, ਪਰ ਜੋ ਜਾਇਦਾਦ ਉਨ੍ਹਾਂ ਨੇ ਸਾਨੂੰ ਆਪਣੀ ਸੇਵਾ ਅਤੇ ਕਦਰਾਂ-ਕੀਮਤਾਂ ਰਾਹੀਂ ਇਕੱਤਰ ਕਰਕੇ ਦਿੱਤੀ, ਉਸ ਨੂੰ ਮਾਇਆ ਦੇ ਰੂਪ ਵਿਚ ਮਾਪਿਆ ਨਹੀਂ ਜਾ ਸਕਦਾ। ਆਪਣੀ ਸਾਰੀ ਉਮਰ ਬੱਸ-ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਮੇਲੇ-ਤਿਉਹਾਰਾਂ ਵਿਚ ਪਿਆਸੇ ਲੋਕਾਂ ਨੂੰ ਜਲ-ਸੇਵਾ ਕਰਕੇ ਜੋ ਸੇਵਾ ਦਾ ਸੰਕਲਪ ਉਨ੍ਹਾਂ ਨੇ ਸਿਰਜਿਆ, ਉਹ ਅੱਜ ਤਕ ਸਾਡੇ ਪਰਿਵਾਰ ਦੀ ਜੀਵਨ-ਜਾਚ ਦਾ ਹਿੱਸਾ ਬਣਿਆਂ ਹੋਇਆ ਹੈ। ਉਨ੍ਹਾਂ ਦੁਆਰਾ ਦਿੱਤਾ ਹੋਇਆ ਵਿਰਾਸਤ ਦਾ ਇਹ ਮਹਿਲ ਦਿਨ-ਬ-ਦਿਨ ਵਿਸ਼ਾਲ ਹੀ ਹੋਇਆ ਹੈ, ਉਸ ਵਿਚ ਕੋਈ ਕਮੀ ਨਹੀਂ ਆਈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਮੇਰੇ ਪੜਦਾਦਾ ਜੀ ਦੇ ਵਿਰਾਸਤੀ ਗੁਣ ਮੇਰੇ ਦਾਦਾ ਪ੍ਰੋ. ਅੱਛਰੂ ਸਿੰਘ, ਮੇਰੇ ਦਾਦਾ-ਚਾਚਾ ਸ. ਦਵਿੰਦਰ ਸਿੰਘ ਅਤੇ ਬਾਕੀ ਸਾਰੇ ਹੀ ਪਰਿਵਾਰ ਵਿਚ ਪੂਰੀ ਸ਼ਿੱਦਤ ਨਾਲ ਦਿਖਾਈ ਦਿੰਦੇ ਹਨ। ਕੋਈ ਕਲਪਨਾ ਕਰ ਸਕਦਾ ਹੈ ਕਿ ਜਲ-ਸੇਵਾ ਦੇ ਨਾਲ ਵੀ ਇਕ ਵਿਸ਼ਾਲ ਮਹਿਲ ਖੜ੍ਹਾ ਹੋ ਸਕਦਾ ਹੈ? ਮੈਨੂੰ ਇਹ ਗੱਲ ਸਾਂਝੀ ਕਰਦੇ ਹੋਏ ਖ਼ੁਸ਼ੀ ਮਹਿਸੂਸ ਹੁੰਦੀ ਹੈ ਕਿ ਮੇਰੇ ਦਾਦਾ ਜੀ ਤੋਂ ਇਹ ਗੁਣ ਚਲਦੇ ਹੋਏ ਮੇਰੇ ਪਾਪਾ ਅਤੇ ਮੇਰੇ ਪਾਸ ਪਹੁੰਚੇ ਹਨ। ਮੈਂ ਆਪਣੇ ਆਪ ਨੂੰ ਇਕ ਬਹੁਤ ਹੀ ਜਜ਼ਬਾਤੀ ਕਿਸਮ ਦਾ ਵਿਅਕਤੀ ਮੰਨਦਾ ਹਾਂ ਅਤੇ ਮੈਂ ਹਮੇਸ਼ਾ ਹਰ ਇਕ ਦੇ ਦੁੱਖ-ਸੁੱਖ ਵਿਚ ਪੂਰੀ ਸੇਵਾ ਅਤੇ ਸ਼ਰਧਾ-ਭਾਵ ਨਾਲ ਸ਼ਾਮਿਲ ਹੁੰਦਾ ਹਾਂ। ਇਹ ਮੇਰੇ ਵਿਰਾਸਤੀ ਮਹਿਲ ਵਿਚੋਂ ਮਿਲਿਆ ਮੈਨੂੰ ਇਕ ਲਾਸਾਨੀ ਗੁਣ ਮਹਿਸੂਸ ਹੁੰਦਾ ਹੈ।
ਮੇਰੇ ਵਿਰਾਸਤੀ ਮਹਿਲ ਵਿਚੋਂ ਮਿਲੀ ਪੂੰਜੀ ਵਿਚੋਂ ਮੈਨੂੰ ਬਹੁਤ ਵੱਡਾ ਖ਼ਜ਼ਾਨਾ ਸੰਸਕਾਰਾਂ ਅਤੇ ਕਦਰਾਂ-ਕੀਮਤਾਂ ਦੇ ਰੂਪ ਵਿਚ ਮਿਲਿਆ। ਸਾਡਾ ਸਾਰਾ ਹੀ ਪਰਿਵਾਰ ਬੁਨਿਆਦੀ ਤੌਰ ’ਤੇ ਜੀਵਨ ਦੀਆਂ ਚੰਗੀਆਂ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿਚ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਕਰਨਾ, ਕਿਸੇ ਨਾਲ ਧੱਕਾ ਨਾ ਕਰਨਾ, ਦੂਜਿਆਂ ਦੇ ਵੱਧ ਤੋਂ ਵੱਧ ਕੰਮ ਆਉਣਾ, ਕਿਸੇ ਦਾ ਬੁਰਾ ਨਾ ਲੋਚਣਾ ਆਦਿ-ਆਦਿ। ਇਸ ਤੋਂ ਵੱਧ ਖ਼ੁਸ਼ੀ ਕੀ ਹੋ ਸਕਦੀ ਹੈ ਕਿ ਮੇਰੇ ਵਰਗਾ ਨੌਜਵਾਨ ਜਵਾਨੀ ਪਹਿਰੇ ਆਪਣੇ ਆਪ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦਾ ਧਾਰਨੀ ਸਮਝਦਾ ਹੈ। ਇਹ ਸੱਚ ਹੈ ਕਿ ਮੈਂ ਆਪਣੇ ਜੀਵਨ ਵਿਚ ਸ਼ਾਇਦ ਹੀ ਕਦੇ ਕੋਈ ਝੂਠ ਬੋਲਿਆ ਹੋਵੇ ਜਾਂ ਆਪਣੀ ਡਿਊਟੀ ਵਿਚ ਕੋਈ ਕੁਤਾਹੀ ਕੀਤੀ ਹੋਵੇ।
ਸਾਡੇ ਇਸ ਵਿਰਾਸਤੀ ਮਹਿਲ ਵਿਚ ਅਨੁਸ਼ਾਸਨ ਵਿਚ ਰਹਿਣਾ ਬਹੁਤ ਮਹੱਤਵਪੂਰਨ ਮੰਨਿਆਂ ਜਾਂਦਾ ਹੈ। ਸਮੇਂ ਸਿਰ ਉਠਣਾ-ਸੌਂਣਾ, ਸਮੇਂ ਸਿਰ ਭੋਜਨ ਛਕਣਾ, ਸਮੇਂ ਸਿਰ ਆਪਣੇ ਕੰਮਾਂ-ਕਾਰਾਂ ਉਪਰ ਜਾਣਾ ਆਦਿ। ਮੈਂ ਉਠਣ-ਸੌਂਣ ਵਿਚ ਅਤੇ ਭੋਜਨ ਕਰਨ ਵਿਚ ਤਾਂ ਕਦੇ-ਕਦਾਈਂ ਨਿਯਮਾਂ ਦੀ ਉ¦ਘਣਾ ਕਰ ਜਾਂਦਾ ਹਾਂ, ਪਰ ਜਿੱਥੋਂ ਤਕ ਮੇਰੇ ਕੰਮ-ਕਾਰ ਅਤੇ ਫ਼ਰਜ਼ਾਂ ਦਾ ਸਵਾਲ ਹੈ, ਮੈਂ ਉਨ੍ਹਾਂ ਵਿਚ ਕਦੇ ਵੀ ਕੋਈ ਉ¦ਘਣਾ ਨਹੀਂ ਕੀਤੀ। ਬੁਨਿਆਦੀ ਤੌਰ ’ਤੇ ਮੇਰਾ ਸੁਭਾਅ ਅਨੁਸ਼ਾਸਨ-ਪਸੰਦ ਹੈ। ਮੈਂ ਜ਼ਿੰਦਗੀ ਨੂੰ ਕਾਫ਼ੀ ਹੱਦ ਤਕ ਅਸੂਲਾਂ ਉਪਰ ਜਿਉਣ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਕਾਰਣ ਕਈ ਵਾਰ ਮੇਰੇ ਵਿਵਹਾਰ ਵਿਚ ਦੂਜਿਆਂ ਨਾਲ ਵਿਚਰਦੇ ਸਮੇਂ ਰੁੱਖ਼ਾਪਣ ਵੀ ਆ ਜਾਂਦਾ ਹੈ।
ਇਕ-ਦੂਜੇ ਨਾਲ ਪਿਆਰ ਨਾਲ ਰਹਿਣਾ ਸਾਡੇ ਵਿਰਾਸਤੀ ਮਹਿਲ ਦਾ ਇਕ ਹੋਰ ਖ਼ੂਬਸੂਰਤ ਗਹਿਣਾ ਹੈ। ਸਾਡੇ ਪਰਿਵਾਰ ਨੇ ਸੋਸ਼ਲ-ਮੀਡੀਆ ਉਪਰ ਇਕ ਮਾਨਸਾ ਪਰਿਵਾਰ ਨਾਮਕ ਗਰੁੱਪ ਬਣਾਇਆ ਹੋਇਆ ਹੈ ਅਤੇ ਅਸੀਂ ਸਾਰੇ ਉਸ ਰਾਹੀਂ ਨਾ ਕੇਵਲ ਇਕ-ਦੂਜੇ ਨਾਲ ਜੁੜੇ ਹੋਏ ਹਾਂ, ਬਲਕਿ ਆਪਣੇ ਵਿਰਾਸਤੀ ਮਹਿਲ ਨੂੰ ਇਸ ਰਾਹੀਂ ਮਜ਼ਬੂਤੀ ਵੀ ਪ੍ਰਦਾਨ ਕਰ ਰਹੇ ਹਾਂ। ਸਾਡੇ ਹਰ ਖ਼ੁਸ਼ੀ ਦੇ ਮੌਕੇ ਉਪਰ ਅਸੀਂ ਆਪਣੇ ਪੜਦਾਦਾ ਜੀ ਦੀ ਯਾਦ ਵਿਚ ਬਣਾਏ ਗਏ ‘ਬਾਬਾ ਹੰਸਾ ਸਿੰਘ ਯਾਦਗਾਰੀ ਟਰੱਸਟ’ ਵਿਚ ਕੁਝ ਨਾ ਕੁਝ ਯੋਗਦਾਨ ਪਾਉਂਦੇ ਹਾਂ ਅਤੇ ਉਸ ਯੋਗਦਾਨ ਸਦਕਾ ਕਿਸੇ ਲੋੜਵੰਦ ਵਿਦਿਆਰਥੀ, ਕਿਸੇ ਗ਼ਰੀਬ ਮਰੀਜ਼ ਜਾਂ ਕਿਸੇ ਗ਼ਰੀਬ ਲੜਕੀ ਦੀ ਕੁਝ ਨਾ ਕੁਝ ਸਹਾਇਤਾ ਕਰਦੇ ਰਹਿੰਦੇ ਹਾਂ। ਇਸ ਤਰ੍ਹਾਂ ਹੀ ਉਸ ਟਰੱਸਟ ਰਾਹੀਂ ਕਿਸੇ ਸ਼ਾਨਦਾਰੀ ਪ੍ਰਾਪਤੀ ਕਰਨ ਵਾਲੇ ਵਿਅਕਤੀ ਨੂੰ ਸਨਮਾਨਿਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਿੱਛੇ ਜਿਹੇ ਸਾਡੇ ਜੱਦੀ ਜ਼ਿਲ੍ਹੇ ਮਾਨਸਾ ਦੇ ਦੋ ਖਿਡਾਰੀ ਅਤੇ ਇਕ ਖਿਡਾਰਨ ਨੇ ਜਕਾਰਤਾ (ਇੰਡੋਨੇਸ਼ੀਆ) ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚੋਂ ਦੋ ਸੋਨੇ ਦੇ ਅਤੇ ਇਕ ਚਾਂਦੀ ਦਾ ਤਮਗ਼ਾ ਪ੍ਰਾਪਤ ਕੀਤਾ ਅਤੇ ਅਸੀਂ ਮਾਨਸਾ ਵਿਚ ਇਕ ਵਧੀਆ ਸਮਾਗਮ ਕਰਕੇ ਉਨ੍ਹਾਂ ਹੋਣਹਾਰ ਖਿਡਾਰੀਆਂ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ। ਅਜਿਹੇ ਖ਼ਰਚ ਕਰਨ ਵਿਚ ਪਰਿਵਾਰ ਨੂੰ ਜੋ ਖ਼ੁਸ਼ੀ ਅਤੇ ਆਨੰਦ ਪ੍ਰਾਪਤ ਹੁੰਦਾ ਹੈ, ਉਸਦਾ ਅਹਿਸਾਸ ਵੱਖਰਾ ਹੀ ਹੁੰਦਾ ਹੈ। ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਟਰੱਸਟ ਵਿਚ ਯੋਗਦਾਨ ਪਾਉਣ ਵੇਲੇ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਆਪਣੀ-ਆਪਣੀ ਪਰੋਖ਼ੋਂ ਮੁਤਾਬਿਕ ਪੂਰੀ ਫ਼ਰਾਖ਼-ਦਿਲੀ ਦਿਖਾਉਂਦੇ ਹਨ।
ਸਾਡੇ ਵਿਰਾਸਤੀ ਮਹਿਲ ਵਿਚ ਇਕ ਵਿਲੱਖਣ ਕਿਸਮ ਦਾ ਪਰਿਵਾਰ-ਸਭਿਆਚਾਰ ਕਾਇਮ ਹੈ। ਜਦ ਅਸੀਂ ਘਰ ਵਿਚ ਹੁੰਦੇ ਹਾਂ ਤਾਂ ਬਹੁਤਾ ਸਮਾਂ ਇਕੱਠੇ ਬੈਠਦੇ ਹਾਂ, ਗੱਲਾਂ-ਬਾਤਾਂ ਕਰਦੇ ਹਾਂ, ਵਿਚਾਰ-ਵਟਾਂਦਰਾ ਕਰਦੇ ਹਾਂ, ਮਤਭੇਦਾਂ ਨੂੰ ਮਨ-ਭੇਦ ਨਹੀਂ ਬਣਾਉਂਦੇ ਅਤੇ ਸਹਿਮਤ ਹੋ ਜਾਂਦੇ ਹਾਂ, ਜਾਂ ਸਹਿਮਤ ਕਰ ਲੈਂਦੇ ਹਾਂ। ਅਸੀਂ ਵੱਖ-ਵੱਖ ਕਮਰਿਆਂ ਵਿਚ ਇਕੱਲੇ-ਇਕੱਲੇ ਬੈਠਣ ਨੂੰ ਤਰਜੀਹ ਨਹੀਂ ਦਿੰਦੇ। ਸਾਡੇ ਪਰਿਵਾਰ ਵਿਚ ਵੱਡਿਆਂ ਦਾ ਸਤਿਕਾਰ ਅਤੇ ਪਿਆਰ ਇਕ ਬਹੁਤ ਹੀ ਮਹੱਤਵਪੂਰਨ ਗੁਣ ਹੈ। ਮੇਰੇ ਦਾਦਾ ਜੀ, ਮੇਰੇ ਪਾਪਾ ਅਤੇ ਮੇਰੇ ਮੰਮੀ ਵੱਲੋਂ ‘ਬਜ਼ੁਰਗਾਂ ਦਾ ਸਤਿਕਾਰ, ਸੁੱਖਾਂ ਦਾ ਆਧਾਰ’ ਨਾਮਕ ਇਕ ਪੂਰੀ ਲਹਿਰ ਹੀ ਛੇੜੀ ਹੋਈ ਹੈ। ਸਾਡੇ ਸਾਰੇ ਹੀ ਮੈਂਬਰ ਬਹੁਤ ਮਿਹਨਤੀ ਸੁਭਾਅ ਵਾਲੇ ਹਨ। ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਅਤੇ ਮੇਰੇ ਪੁਰਖ਼ਿਆਂ ਦੀ ਮਿਹਨਤ ਦੇ ਕਿੱਸੇ ਸੁਣੇ ਹਨ ਤਾਂ ਉਨ੍ਹਾਂ ਨੇ ਮੈਨੂੰ ਯਕੀਨਨ ਤੌਰ ’ਤੇ ਬਹੁਤ ਪ੍ਰੇਰਿਤ ਕੀਤਾ ਹੈ। ਮੈਂ ਅਜੇ ਭਾਵੇਂ ਉਨ੍ਹਾਂ ਦੁਆਰਾ ਕੀਤੀ ਗਈ ਮਿਹਨਤ ਦੇ ਮੁਕਾਬਲੇ ’ਤੇ ਨਹੀਂ ਪਹੁੰਚ ਸਕਿਆ, ਪਰ ਮੈਨੂੰ ਇਹ ਵਿਸ਼ਵਾਸ ਹੈ ਕਿ ਮੇਰੇ ਵਿਚ ਇਹ ਗੁਣ ਵਿਦਮਾਨ ਹੈ ਅਤੇ ਮੈਂ ਅਟੱਲ ਰੂਪ ਵਿਚ ਮੇਰੇ ਬਜ਼ੁਰਗਾਂ ਦੇ ਪਗ-ਚਿਨ੍ਹਾਂ ’ਤੇ ਚੱਲਾਂਗਾ ਅਤੇ ਜੀਵਨ ਵਿਚ ਉਚੀਆਂ ਮੰਜ਼ਿਲਾਂ ਸਰ ਕਰਾਂਗਾ।
ਇਹ ਉਦਾਹਰਣ ਵੀ ਸ਼ਾਇਦ ਮੇਰੇ ਵਿਰਾਸਤੀ ਮਹਿਲ ਦੀ ਨਿਵੇਕਲੀ ਹੀ ਹੋਵੇਗੀ ਕਿ ਜਿੱਥੇ ਮੇਰੇ ਮੰਮੀ ਨੂੰ ਜਦ ਮੇਰੇ ਦਾਦਾ-ਦਾਦੀ ਪਹਿਲੀ ਵਾਰ ਦੇਖਣ ਗਏ ਤਾਂ ਕਿਤਾਬਾਂ ਦਾ ਸ਼ਗਨ ਪਾ ਕੇ ਆਏ ਸਨ। ਮੇਰੇ ਦਾਦਾ-ਦਾਦੀ ਦੇ ਵਿਆਹ ਦੀ ਗੋਲਡਨ-ਜੁਬਲੀ ਅਤੇ ਮੇਰੇ ਮੰਮੀ-ਪਾਪਾ ਦੇ ਵਿਆਹ ਦੀ ਸਿਲਵਰ ਜੁਬਲੀ ਮੌਕੇ ਵਿਸ਼ੇਸ਼ ਰੂਪ ਵਿਚ ਤਿਆਰ ਕਰਵਾ ਕੇ ਪੁਸਤਕਾਂ ਵੰਡੀਆਂ ਗਈਆਂ ਅਤੇ ਹੁਣ ਮੇਰੇ ਵਿਆਹ ਦੇ ਮੌਕੇ ਉਪਰ ਵੀ ਇਹ ਵਿਸ਼ੇਸ਼ ਪੁਸਤਕ ‘ਸਾਕ-ਸੁਹਾਵੇ’ ਤਿਆਰ ਕੀਤੀ ਜਾ ਰਹੀ ਹੈ, ਜਿਸ ਲਈ ਮੈਂ ਇਹ ਆਰਟੀਕਲ ਲਿਖ ਰਿਹਾ ਹਾਂ। ਮੇਰੇ ਪਰਿਵਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਹ ਪੁਸਤਕ ਮੇਰੇ ਵਿਆਹ ਵਾਲੇ ਕਾਰਡਾਂ ਦੇ ਨਾਲ ਵੰਡੀ ਜਾਵੇਗੀ। ਅਜਿਹੇ ਫ਼ੈਸਲੇ ਲੈਣੇ ਸੱਚਮੁੱਚ ਮੇਰੇ ਦਾਦਾ-ਦਾਦੀ ਅਤੇ ਮੇਰੇ ਮੰਮੀ-ਪਾਪਾ ਦੀ ਨਿਵੇਕਲੀ ਸੋਚ ਦਾ ਸਿੱਟਾ ਹਨ, ਨਹੀਂ ਤਾਂ ਬਹੁਗਿਣਤੀ ਲੋਕ ਹੋਰ ਹੀ ਝਮੇਲਿਆਂ ਵਿਚ ਉਲਝੇ ਰਹਿੰਦੇ ਹਨ। ਮੈਂ ਇੱਥੇ ਇਹ ਵੀ ਦੱਸਣਾ ਜਰੂਰੀ ਸਮਝਦਾ ਹਾਂ ਕਿ ਮੇਰੇ ਇਸ ਵਿਰਾਸਤੀ ਮਹਿਲ ਵਿਚ ਨਿੱਗਰ ਅਤੇ ਉਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਸੰਭਾਲਿਆ ਜਾਂਦਾ ਹੈ ਅਤੇ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਰੱਖਣ ਲਈ ਉਨ੍ਹਾਂ ਨਾਲ ਵੀ ਜੁੜਿਆ ਜਾਂਦਾ ਹੈ।
ਸਾਡੇ ਵਿਰਾਸਤੀ ਮਹਿਲ ਵਿਚ ਮਹਿਮਾਨ-ਨਿਵਾਜ਼ੀ ਦੀ ਵੀ ਕਮਾਲ ਦੀ ਮਿਸਾਲ ਦੇਖਣ ਨੂੰ ਮਿਲਦੀ ਹੈ। ਮੇਰੇ ਦਾਦਾ ਦੱਸਦੇ ਹਨ ਕਿ ਮੇਰੇ ਪੜਦਾਦਾ ਜੀ ਘਰ ਆਏ ਮਹਿਮਾਨ ਦੀ ਰੱਜ ਕੇ ਸੇਵਾ ਕਰਨ ਵਾਲੇ ਸਨ ਅਤੇ ਉਹ ਪਰਿਵਾਰ ਨੂੰ ਅਕਸਰ ਕਿਹਾ ਕਰਦੇ ਸਨ, ‘ਭਾਈ, ਦਾਣਾ-ਪਾਣੀ ਤਾਂ ਸਭ ਗੁਰੂ ਦਾ ਹੈ, ਆਪਣੀ ਤਾਂ ਕੇਵਲ ਟਹਿਲ-ਸੇਵਾ ਹੀ ਹੈ।’ ਇਹ ਗੁਣ ਪਰਿਵਾਰ ਵਿਚ ਅੱਜ ਤਕ ਕਾਇਮ ਹੈ। ਨਿਊਜ਼ੀਲੈਂਡ ਵਿਚ ਪੱਕੇ ਤੌਰ ’ਤੇ ਰਹਿ ਰਹੇ ਮੇਰੇ ਅਤਿ-ਪਿਆਰੇ ਚਾਚਾ ਲਖਮਿੰਦਰ ਸਿੰਘ ਦੇ ਪਰਿਵਾਰ ਨੇ ਮਹਿਮਾਨਾਂ ਲਈ ਪ੍ਰਦੇਸ ਵਿਚ ਵੀ ਆਪਣੇ ਘਰ ਦੇ ਨਾਲ-ਨਾਲ ਆਪਣੇ ਦਿਲ ਦੇ ਦਰਵਾਜ਼ੇ ਵੀ ਖੁੱਲ੍ਹੇ ਰੱਖੇ ਹੋਏ ਹਨ। ਉਹ ਕੇਵਲ ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਦੀ ਹੀ ਸੇਵਾ-ਸੰਭਾਲ ਹੀ ਨਹੀਂ ਕਰਦੇ, ਸਗੋਂ ਜੋ ਵੀ ਉਨ੍ਹਾਂ ਨੂੰ ਪਹੁੰਚ ਕਰ ਲੈਂਦਾ ਹੈ ਜਾਂ ਜੋ ਵੀ ਉਦਾਸ, ਨਿਰਾਸ਼ ਜਾਂ ਲੋੜਵੰਦ ਹਮਵਤਨ ਉਨ੍ਹਾਂ ਨੂੰ ਕਿਤੇ ਮਿਲ ਜਾਵੇ, ਉਹ ਉਸ ਨੂੰ ਵੀ ਆਪਣੇ ਘਰ ਲਿਆ ਕੇ ਉਸਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਦੇ ਹਨ। ਮੈਨੂੰ ਨਹੀਂ ਲਗਦਾ ਕਿ ਮੈਂ ਕਦੇ ਅਜਿਹਾ ਦਿਨ ਦੇਖਿਆ ਹੋਵੇ ਜਦ ਸਾਡੇ ਪਰਿਵਾਰ ਵਿਚ ਆਏ ਕਿਸੇ ਮਹਿਮਾਨ ਦੀ ਭਰਪੂਰ ਸੇਵਾ ਨਾ ਹੋਈ ਹੋਵੇ। ਮੇਰੀ ਦਾਦੀ ਅਤੇ ਮੇਰੀ ਮੰਮੀ ਮੈਨੂੰ ਰਸੋਈ ਦੇ ਕੰਮਾਂ-ਕਾਰਾਂ ਵਿਚ ਕਦੇ ਥੱਕੀਆਂ ਮਹਿਸੂਸ ਨਹੀਂ ਹੋਈਆਂ ਬਲਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਪਰਿਵਾਰ ਦੇ ਹਰ ਮੈਂਬਰ ਦੀ ਹਰ ਫ਼ਰਮਾਇਸ਼ ਖ਼ੁਸ਼ੀ-ਖ਼ੁਸ਼ੀ ਪੂਰੀ ਕਰਨ। ਅਸਲ ਵਿਚ, ਅਸੀਂ ਸਾਰੇ ਹੀ ਪਾਰਟੀਆਂ ਦੇਣ ਵਿਚ ਬਹੁਤ ਖ਼ੁਸ਼ੀ ਮਹਿਸੂਸ ਕਰਦੇ ਹਾਂ ਅਤੇ ਗ਼ਾਹੇ-ਬਗ਼ਾਹੇ ਪਾਰਟੀਆਂ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਹਾਂ। ਸਾਨੂੰ ਇਹ ਜਾਪਦਾ ਹੈ ਕਿ ਜੋ ਵੀ ਘਰ ਵਿਚ ਆਉਂਦਾ ਹੈ, ਉਹ ਆਪਣੇ ਭਾਗ ਲੈ ਕੇ ਆਉਂਦਾ ਹੈ ਅਤੇ ਅਸੀਸਾਂ ਦੇ ਕੇ ਜਾਂਦਾ ਹੈ।
ਸਾਡਾ ਵਿਰਾਸਤੀ ਮਹਿਲ ਜੀਵਨ ਦੇ ਉਪਰੋਕਤ ਸਾਰੇ ਉਚੇ-ਸੁੱਚੇ ਗੁਣਾਂ ਦੀ ਪੂੰਜੀ ਦਾ ਅਮੁੱਕ ਖ਼ਜ਼ਾਨਾ ਹੈ। ਇਸ ਵਿਚੋਂ ਪਿਆਰ-ਅੰਮ੍ਰਿਤ ਵਹਿੰਦਾ ਹੈ ਅਤੇ ਸਾਡੀ ਇਹ ਸੁਹਿਰਦ ਕੋਸ਼ਿਸ਼ ਹੁੰਦੀ ਹੈ ਕਿ ਪਿਆਰ ਦਿੱਤਾ ਜਾਵੇ ਤੇ ਪਿਆਰ ਲਿਆ ਜਾਵੇ। ਸੱਚਮੁੱਚ ਇਸ ਸੰਸਾਰ ਵਿਚ ਪਿਆਰ ਤੋਂ ਬਿਹਤਰ ਹੋਰ ਕੁਝ ਹੈ ਵੀ ਨਹੀਂ ਹੈ। ਪਿਆਰ ਹੈ – ਸੰਸਾਰ ਹੈ, ਪਿਆਰ ਹੈ – ਪਰਿਵਾਰ ਹੈ ਅਤੇ ਪਿਆਰ ਹੀ ਨਿਰੰਕਾਰ ਹੈ। ਮੈਨੂੰ ਆਪਣੇ ਇਸ ਵਿਰਾਸਤੀ ਮਹਿਲ ਉਤੇ ਬਹੁਤ ਫ਼ਖ਼ਰ ਹੈ, ਮਾਣ ਹੈ। ਮੇਰੀ ਦੁਆ ਅਤੇ ਅਰਦਾਸ ਹੈ ਕਿ ਪਰਮਾਤਮਾ ਮੈਨੂੰ ਉਹ ਸ਼ਕਤੀ ਅਤੇ ਬਲ-ਬੁੱਧੀ ਬਖ਼ਸ਼ੇ, ਜਿਸ ਸਦਕਾ ਇਸ ਵਿਰਾਸਤੀ ਮਹਿਲ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਸਕਾਂ।
ਮੇਰਾ ਵਿਰਾਸਤੀ ਮਹਿਲ



