ਪੰਜਾਬ ਦਾ ਆਰਥਿਕ ਸੰਕਟ ਹਾਲੇ ਵੀ ਦੂਰ ਨਹੀਂ ਹੋ ਸਕਿਆ। ਕੇਂਦਰ ਸਰਕਾਰ ਨੇ ਪੰਜਾਬ ਦੀ ਖੁੱਲ੍ਹ ਕੇ ਮਦਦ ਕਰਨ ਤੋਂ ਹਾਲੇ ਵੀ ਹੱਥ ਘੁੱਟਿਆ ਹੋਇਆ ਹੈ। ਪੰਜਾਬ ਸਿਰ ਚੜ੍ਹਿਆ ਕਰਜ਼ਾ ਮੁਆਫ਼ ਨਹੀਂ ਹੋ ਰਿਹਾ। ਪੰਜਾਬ ਦੀ ਖੇਤੀ, ਉਦਯੋਗ ਅਤੇ ਵਪਾਰ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਖੇਤੀ ਖੇਤਰ ਦੀ ਖੜੋਤ ਨੇ ਤਾਂ ਪੰਜਾਬ ਦੀ ਅੱਧੀ ਤੋਂ ਵੱਧ ਵਸੋਂ ਨੂੰ ਰੋਲ ਕੇ ਰੱਖ ਦਿੱਤਾ ਹੈ। ਵਿਦੇਸ਼ੀ ਪੂੰਜੀ ਨਿਵੇਸ਼ ਦੇ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਬਹੁਤ ਮਾੜੀ ਹੈ। ਵਿਦੇਸ਼ੀ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਰਾਜੀ ਨਹੀਂ ਹੋ ਰਹੀਆਂ ਹਨ। ਹੋਰ ਤਾਂ ਹੋਰ ਦੇਸੀ ਕੰਪਨੀਆਂ ਵੀ ਪੰਜਾਬ ਦੀ ਥਾਂ ਹਰਿਆਣੇ ਨੂੰ ਤਰਜੀਹ ਦੇ ਰਹੀਆਂ ਹਨ। ਇਹ ਦੁੱਖ ਦੀ ਗੱਲ ਹੈ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਬੇਸ਼ਕ ਵਿਦੇਸ਼ੀ ਪੂੰਜੀ ਨਿਵੇਸ਼ ਲਿਆਉਣ ਲਈ ਵੱਡੇ-ਵੱਡੇ ਦਾਅਵੇ ਕਰਦੀਆਂ ਰਹੀਆਂ, ਪ੍ਰੰਤੂ ਹਾਲੇ ਤੱਕ ਇਸ ਦੇ ਇੱਛਤ ਨਤੀਜੇ ਸਾਹਮਣੇ ਨਹੀਂ ਆ ਸਕੇ। ਇਸ ਦਾ ਕਿ ਕਾਰਨ ਇਹ ਹੈ ਕਿ ਪੰਜਾਬ ਨੂੰ ਵਿਦੇਸ਼ੀ ਪੂੰਜੀ ਨਿਵੇਸ਼ ਲਈ ਤਿਆਰ ਹੀ ਨਹੀਂ ਕੀਤਾ ਗਿਆ। ਪੰਜਾਬ ਖੁਦ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਪੰਜਾਬ ਦੇ ਲੋਕ ਬਹੁਤ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਪੰਜਾਬ ਦੀ ਰਾਜਨੀਤਿਕ ਅਗਵਾਈ ਕੋਈ ਮਿਸਾਲ ਪੈਦਾ ਨਹੀਂ ਕਰ ਸਕੀ। ਆਰਥਿਕ ਅਤੇ ਸਮਾਜਿਕ ਸੰਕਟ ਨੂੰ ਹੱਲ ਕਰਨ ਲਈ ਯੋਗ ਉਪਰਾਲੇ ਵੀ ਨਹੀਂ ਹੋਏ। ਸਮਾਜ ਵਿੱਚ ਅਪਰਾ-ਤਪਰੀ ਫੈਲੀ ਹੋਈ ਹੈ। ਵੱਖ-ਵੱਖ ਵਰਗਾਂ ਵਿੱਚ ਬੇਵਿਸ਼ਵਾਸੀ ਵਧੀ ਹੈ। ਇਸ ਕਾਰਨ ਅਮਨ ਕਾਨੂੰਨ ਦੀ ਹਾਲਤ ਵੀ ਪੈਦਾ ਹੋ ਚੁੱਕੀ ਹੈ। ਵੱਖ-ਵੱਖ ਧਾਰਮਿਕ ਵਰਗਾਂ ਵਿੱਚ ਵੀ ਤਿੱਖਾ ਟਕਰਾਅ ਚੱਲ ਰਿਹਾ ਹੈ। ਅਪਰਾਧ ਵੱਧ ਰਹੇ ਹਨ। ਨਸ਼ਿਆਂ ਨੇ ਹਾਲਤ ਬਦ ਤੋਂ ਬਦਤਰ ਕਰ ਦਿੱਤੇ ਹਨ। ਪੜ੍ਹੇ ਲਿਖੇ ਅਤੇ ਹੁਨਰਮੰਦ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ਨੂੰ ਭੱਜ ਰਹੇ ਹਨ। ਪੰਜਾਬ ਦਾ ਸਿੱਖਿਆ ਢਾਂਚਾ ਤਹਿਸ-ਨਹਿਸ ਹੋ ਗਿਆ ਹੈ। ਸ਼ਹਿਰੀ ਸਹੂਲਤਾਂ ਦੀ ਭਾਰੀ ਕਮੀ ਹੈ। ਸੜਕਾਂ ਅਤੇ ਆਵਾਜਾਈ ਦੇ ਹੋਰ ਸਾਧਨਾਂ ਦਾ ਹਾਲ ਬੇਹੱਦ ਮੰਦਾ ਹੈ। ਸੜਕੀ ਹਾਦਸਿਆਂ ਨੇ ਸਭ ਪਾਸੇ ਦਹਿਸ਼ਤ ਫੈਲਾ ਰੱਖੀ ਹੈ। ਪਾਣੀ ਅਤੇ ਸੀਵਰੇਜ ਦੀ ਸਮੱਸਿਆ ਵੀ ਧੁੰਦਲੀ ਹੁੰਦੀ ਜਾ ਰਹੀ ਹੈ। ਵਾਤਾਵਰਣ ਬੁਰੀ ਤਰ੍ਹਾਂ ਪਲੀਤ ਹੋ ਗਿਆ ਹੈ। ਪੰਜਾਬ ਦੇ ਸਾਰੇ ਦਰਿਆ ਗੰਦੇ ਨਾਲੇ ਵਿੱਚ ਤਬਦੀਲ ਹੋ ਗਏ ਹਨ। ਕੁਦਰਤੀ ਸੋਮਿਆਂ ਦੀ ਲੁੱਟ ਹੋ ਗਈ ਹੈ। ਵਪਾਰ ਵਿੱਚ ਮਾਫੀਆ ਦਾਖਲ ਹੋ ਚੁੱਕਾ ਹੈ। ਸਰਕਾਰੀ ਦਫਤਰਾਂ ਵਿੱਚ ਚੱਲ ਰਿਹਾ ਭ੍ਰਿਸ਼ਟਾਚਾਰ ਵਿਕਾਸ ਦੇ ਸਾਰੇ ਰਸਤੇ ਰੋਕੀ ਖੜ੍ਹਾ ਹੈ। ਅਜਿਹਿਆਂ ਹਾਲਾਤਾਂ ਵਿੱਚ ਕੋਈ ਕੰਪਨੀ ਪੰਜਾਬ ਵਿੱਚ ਪੂੰਜੀ ਨਿਵੇਸ਼ ਕਿਉਂ ਕਰੇਗੀ। ਜੇਕਰ ਕੋਈ ਨਿਵੇਸ਼ ਕਰਨਾ ਚਾਹੇਗਾ ਤਾਂ ਉਸ ਅੱਗੇ ਹੋਰ ਬਹੁਤ ਮੁਸ਼ਕਿਲਾਂ ਹਨ। ਵੱਖ-ਵੱਖ ਪ੍ਰਵਾਨਗੀਆਂ ਲੈਣ ਲਈ ਮਹੀਨਿਆਂਬੱਧੀ ਦਫਤਰਾਂ ਵਿੱਚ ਰੁਲਣਾ ਪਵੇਗਾ। ਪੂੰਜੀ ਨਿਵੇਸ਼ ’ਚੋਂ ਹਿੱਸੇਦਾਰੀ ਦੇਣੀ ਹੋਵੇਗੀ। ਪੁਲਿਸ ਅਤੇ ਪ੍ਰਸ਼ਾਸਨ ਨੂੰ ਖੁਸ਼ ਕਰਨਾ ਹੋਵੇਗਾ। ਇਹ ਸਭ ਹਾਲਾਤ ਹੀ ਪੰਜਾਬ ਦੇ ਦੁਸ਼ਮਣ ਬਣ ਗਏ ਹਨ। ਇਸ ਕਾਰਨ ਹੀ ਪੰਜਾਬ ਵਿੱਚ ਦੇਸੀ ਜਾਂ ਵਿਦੇਸ਼ੀ ਪੂੰਜੀ ਨਿਵੇਸ਼ ਨਹੀਂ ਹੋ ਰਿਹਾ। ਇਸ ਤੋਂ ਬਿਨਾਂ ਪੰਜਾਬ ਆਰਥਿਕ ਸੰਕਟ ਤੋਂ ਉਭਰ ਨਹੀਂ ਸਕੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਿਸ਼ਾ ਵਿੱਚ ਨਵੀਆਂ ਅਤੇ ਵੱਡੀਆਂ ਪਹਿਲ ਕਦਮੀਆਂ ਲੈਣੀਆਂ ਚਾਹੀਦੀਆਂ ਹਨ।
– ਬਲਜੀਤ ਸਿੰਘ ਬਰਾੜ



