19 ਅਕਤੂਬਰ ਸ਼ੁੱਕਰਵਾਰ ਦੁਸਿਹਰੇ ਦਾ ਦਿਨ ਉਹਨਾਂ ਪ੍ਰੀਵਾਰਾਂ ਲਈ ਮਨਹੂਸ ਹੋ ਨਿੱਬੜਿਆ, ਜਿੰਨ੍ਹਾਂ ਦੇ ਘਰ ਉਜੜ ਗਏ। ਕਈ ਪ੍ਰੀਵਾਰਾਂ ਦੇ ਇੱਕ ਤੋਂ ਵੱਧ ਜੀਅ, ਇਸ ਹਾਦਸੇ ਦੀ ਭੇਟ ਚੜ੍ਹ ਗਏ। ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਸੀ। ਕਿਸ-ਕਿਸ ਕੋਲੋਂ ਗਲਤੀ ਹੋਈ। ਇੱਥੇ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਗਲਤੀ ਤਾਂ ਸਾਰਿਆਂ ਕੋਲੋਂ ਹੋਈ ਹੈ, ਪਰ ਸਾਰੇ ਹੀ ਪੱਲਾ ਝਾੜ ਰਹੇ ਹਨ ਤੇ ਨਜ਼ਲਾ ਕਿਸੇ ਦੂਜੇ ਤੇ ਸੁੱਟ ਕੇ ਆਪ ਬੱਚਣਾ ਚਾਹੁੰਦੇ ਹਨ। ਅੰਮ੍ਰਿਤਸਰ ਜੌੜਾ ਫਾਟਕ ਨੇੜ੍ਹੇ ਦੁਸਿਹਰੇ ਵਾਲੇ ਦਿਨ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਸੀ, ਜਿਸ ਲਈ ਬੀਬੀ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਰਾਵਣ ਸਾੜਣ ਦਾ ਸਮਾਂ ਸ਼ਾਮ ਛੇ ਵਜੇ ਦਾ ਸੀ, ਪਰ ਬੀਬੀ ਨਵਜੋਤ ਕੌਰ ਸਿੱਧੂ ਆਪਣੀ ਰੁਝੇਵਿਆਂ ਕਾਰਨ ਲੇਟ ਹੋ ਗਏ ਤੇ ਹਨੇਰਾ ਹੋ ਗਿਆ। ਜਿਉਂ ਹੀ ਰਾਵਣ ਨੂੰ ਅੱਗ ਲਾਈ ਗਈ ਤਾਂ ਪਟਾਕਿਆਂ ਦਾ ਸ਼ੋਰ ਸ਼ਰਾਬਾ ਸ਼ੁਰੂ ਹੋ ਗਿਆ। ਉਸੇ ਵਕਤ ਜਲੰਧਰ ਵਾਲੇ ਪਾਸਿਉਂ ਡੀ. ਐ¤ੰਮ. ਯੂ ਗੱਡੀ ਆ ਗਈ। ਲੋਕ ਦੁਸਿਹਰੇ ਦੇ ਪ੍ਰੋਗਰਾਮ ਦੀ ਵੀਡੀਉ ਬਣਾ ਰਹੇ ਸਨ। ਇੱਕ ਸ਼ੋਰ ਸਰਾਬਾ ਤੇ ਦੂਜਾ ਧਿਆਨ ਵੀਡੀਉ ਬਣਾਉਣ ਵੱਲ ਰਿਹਾ ਤੇ ਗੱਡੀ ਟਰੈਕ ਤੇ ਖੜੇ ਲੋਕਾਂ ਲਈ ਕਾਲ ਬਣ ਗਈ। ਇਹ ਸਾਰੀ ਖੇਡ ਦਸ ਸੈਕਿੰਡ ਵਿੱਚ ਹੀ ਵਾਪਰ ਗਈ। ਉਸ ਸਮੇਂ ਸ਼ਾਮ 6.50 ਦਾ ਵਕਤ ਸੀ। ਇੱਕ ਦਮ ਚੀਕ ਚਿਹਾੜਾ ਮੱਚ ਗਿਆ। ਰੇਲਵੇ ਟਰੈਕ ਤੇ ਲਾਸ਼ਾ ਤੜਫ ਰਹੀਆਂ ਸਨ। ਬੜਾ ਭਿਆਨਕ ਮੰਜ਼ਰ ਸੀ। ਇੱਕ ਉਸ ਜਗ੍ਹਾਂ ਹਨੇਰਾ ਸੀ। ਕੋਈ ਪਤਾ ਨਹੀ ਸੀ ਲੱਗ ਰਿਹਾ ਕਿ ਕੀ ਹੋ ਗਿਆ। ਇਹ ਜੋ ਰਾਵਣ ਦਹਨ ਕੀਤਾ ਜਾ ਰਿਹਾ ਸੀ, ਉਸ ਲਈ ਜੋ ਕਾਨੂੰਨੀ ਪ੍ਰਕ੍ਰਿਆ ਪੂਰੀ ਕਰਨੀ ਸੀ, ਉਹ ਵੀ ਪ੍ਰੰਬਧਕਾਂ ਵੱਲੋਂ ਤਰੀਕੇ ਨਾਲ ਪੂਰੀ ਨਹੀ ਕੀਤੀ ਗਈ।ਸਿਰਫ ਇਲਾਕੇ ਦੇ ਐਸ.ਐਚ.ੳ ਕੋਲੋਂ ਐ¤ਂਨ.ਉ.ਸੀ ਲੈ ਕੇ ਹੀ ਕੰਮ ਸਾਰ ਲਿਆ ਗਿਆ।ਰੇਲ ਮਹਿਕਮੇ ਕੋਲੋਂ ਵੀ ਮਨਜ਼ੂਰੀ ਨਹੀ ਲਈ ਗਈ। ਦੂਜੀਆਂ ਕਾਨੂੰਨੀ ਕਾਰਵਾਈਆਂ ਵੀ ਪੂਰੀਆਂ ਨਹੀਆਂ ਕੀਤੀਆਂ ਗਈਆਂ। ਦੂਸਰੀ ਗਲਤੀ ਪੁਲਿਸ ਵੱਲੋਂ ਵੀ ਹੋਈ ਕਿ ਐਨੀ ਵੱਡੀ ਭੀੜ ਲਈ ਕੋਈ ਪੁੱਖਤਾ ਇੰਤਜ਼ਾਮ ਨਹੀ ਕੀਤੇ ਗਏ।ਤੀਸਰੀ ਗਲਤੀ ਜਿਸ ਜਗ੍ਹਾ ਪ੍ਰੋਗਰਾਮ ਹੋ ਰਿਹਾ ਸੀ, ਉਹ ਗਰਾਊਂਡ ਹੈ।ਉਸ ਗਰਾਊਂਡ ਦੀ ਰੇਲਵੇ ਲਾਈਨ ਵੱਲ ਚਾਰ ਪੰਜ ਫੁੱਟ ਦੀ ਚਾਰ ਦੀਵਾਰੀ ਵੀ ਹੈ, ਫਿਰ ਉਸ ਕੰਧ ਤੋਂ ਰੇਲਵੇ ਲਾਈਨ ਤੱਕ ਕਾਫੀ ਖਾਲੀ ਜਗ੍ਹਾ ਹੈ। ਥੋੜ੍ਹਾ ਅੱਗੇ ਜਾ ਕੇ ਰੇਲਵੇ ਟਰੈਕ ਹੈ, ਜਿੱਥੇ ਇਹ ਭਿਆਨਕ ਹਾਦਸਾ ਹੋਇਆ ਹੈ।ਹੁਣ ਇੱਥੇ ਤਾਂ ਹੋਣਾ ਇਹ ਚਾਹੀਦਾ ਸੀ ਕਿ ਲੋਕ ਗਰਾਊਂਡ ਵਿੱਚ ਬੈਠ ਕੇ ਜਾਂ ਖਲੋ ਕੇ ਦੁਸਿਹਰਾ ਵੇਖਦੇ, ਪਰ ਲੋਕ ਦੀਵਾਰ ਟੱਪ ਕੇ ਖਾਲੀ ਜਗ੍ਹਾ ਲੰਘ ਕੇ ਰੇਲਵੇ ਲਾਈਨ ਤੇ ਖਲੋ ਕੇ ਪ੍ਰੋਗਰਾਮ ਦੇਖ ਰਹੇ ਸਨ ਤੇ ਨਾਲੇ ਵੀਡੀਉ ਬਣਾ ਰਹੇ ਸਨ, ਜੋ ਕਿ ਰੇਲਵੇ ਦੇ ਕਾਨੂੰਨ ਮੁਤਾਬਿਕ ਗਲਤ ਹੈ।ਰੇਲਵੇ ਲਾਈਨ ਤੋਂ ਗੁਜ਼ਰਨ ਦਾ ਪਹਿਲਾ ਹੱਕ ਰੇਲ ਦਾ ਹੁੰਦਾ ਹੈ। ਜੇ ਕੋਈ ਐਸੀ ਗਲਤੀ ਕਰਦਾ ਹੈ ਤਾਂ ਰੇਲਵੇ ਉਸ ਵਿਆਕਤੀ ਤੇ ਐਫ.ਆਈ.ਆਰ ਦਰਜ ਕਰ ਸਕਦਾ ਹੈ।
ਇਸ ਹਾਦਸੇ ਵਿੱਚ ਵੀ ਇੱਕ ਅਣਪਛਾਤੇ ਵਿਆਕਤੀ ਤੇ ਪਰਚਾ ਦਰਜ ਕੀਤਾ ਗਿਆ ਹੈ।ਚੌਥੀ ਗਲਤੀ ਰੇਲਵੇ ਦੀ ਵੀ ਹੈ। ਉਹ ਇਹ ਕਿ ਐਕਸੀਡੈਂਟ ਕਰਨ ਵਾਲੀ ਗੱਡੀ ਦੇ ਇੰਜ਼ਣ ਦੀ ਟੌਪ ਲਾਈਟ ਬੰਦ ਸੀ, ਨੀਚੇ ਵਾਲੀ ਲਾਈਟ ਹੀ ਜੱਗਦੀ ਪਈ ਸੀ।ਇਹ ਵਾਇਰਲ ਹੋਈ ਵੀਡੀਉ ਵਿੱਚ ਵੀ ਦੇਖਿਆ ਜਾ ਸਕਦਾ ਹੈ।ਜੇ ਟੌਪ ਲਾਈਟ ਜੱਗਦੀ ਹੁੰਦੀ ਤਾਂ ਸ਼ਾਇਦ ਰੇਲਵੇ ਲਾਈਨ ਤੇ ਖੜੇ ਲੋਕਾਂ ਨੂੰ ਗੱਡੀ ਦੇ ਆਉਣ ਦਾ ਪਤਾ ਲੱਗ ਜਾਂਦਾ ਤੇ ਇਹ ਹਾਦਸਾ ਹੋਣ ਤੋਂ ਬਚ ਜਾਂਦਾ।ਪੰਜਵੀਂ ਗਲਤੀ ਜੋ ਰਾਵਣ ਦਹਨ ਦਾ ਪ੍ਰੋਗਰਾਮ ਕਰਵਾ ਰਹੇ ਸਨ, ਉਹਨਾਂ ਪ੍ਰਬੰਧਕਾਂ ਨੇ ਕੀਤੀ। ਇੱਕ ਤਾਂ ਕਾਨੂੰਨੀ ਪ੍ਰਕ੍ਰਿਆ ਪੂਰੀ ਨਹੀ ਕੀਤੀ ਤੇ ਦੂਜਾ ਜਦੋਂ ਇਹ ਹਾਦਸਾ ਹੋਇਆ ਤਾਂ ਉਥੋਂ ਖਿਸਕਣ ਵਿੱਚ ਹੀ ਆਪਣਾ ਭਲਾ ਸਮਝਿਆ। (ਕਾਰ ਵਿੱਚ ਦੌੜਦਿਆਂ ਦੀਆਂ ਵੀਡੀਉ ਵੀ ਵਾਇਰਲ ਹੋਈਆ ਹਨ) ਪਰ ਕਈ ਪ੍ਰਬੰਧਕਾਂ ਨੇ ਲੋਕਾਂ ਦੀ ਮਦਦ ਵੀ ਕੀਤੀ, ਜੋ ਕਿ ਸਮੇਂ ਦੀ ਜਰੂਰਤ ਸੀ। ਇਸ ਭਿਆਨਕ ਹਾਦਸੇ ਤੇ ਵਿਰੋਧੀ ਪਾਰਟੀਆਂ ਸਿਆਸੀ ਰੋਟੀਆਂ ਸੇਕਦੀਆਂ ਵੀ ਨਜ਼ਰ ਆਈਆਂ, ਪਰ ਇਹੋ ਜਿਹੇ ਵਕਤ ਵਿੱਚ ਸਿਆਸਤ ਤੋਂ ਉਪਰ ਉਠ ਕੇ ਇਨਸਾਨੀਅਤ ਦਾ ਫਰਜ਼ ਨਿਆਉਣਾ ਚਾਹੀਦਾ ਸੀ, ਕਿਉਂਕਿ ਇਨਸਾਨੀਅਤ ਤੋਂ ਉਪਰ ਕੁੱਝ ਵੀ ਨਹੀ ਹੈ।ਹਸਪਤਾਲਾਂ ਵਿੱਚ ਚੀਕ ਚਿਹਾੜਾ ਪਿਆ ਹੋਇਆ ਸੀ। ਲੋਕ ਆਪਣਿਆਂ ਨੂੰ ਲੱਭਣ ਵਿੱਚ ਕੀ ਸਰਕਾਰੀ ਤੇ ਕੀ ਨਿੱਜੀ ਹਸਪਤਾਲਾਂ ਵਿੱਚ ਪਾਗਲ ਹੋਏ ਘੁੰਮ ਰਹੇ ਸਨ, ਪਰ ਉਹਨਾਂ ਨੂੰ ਕੋਈ ਉਘ-ਸੁੱਘ ਨਹੀ ਲੱਗ ਰਹੀ ਸੀ। ਇਸ ਮੌਕੇ ਤੇ ਕਈ ਡਾਂ: ਸਹਿਬਾਨਾਂ, ਕਈ ਲੋਕਾਂ, ਸਮਾਜ ਸੇਵੀ ਸੰਸਥਾਵਾਂ, ਖਾਲਸਾ ਏਡ ਵਰਗੀਆਂ ਸੰਸਥਾਵਾਂ ਨੇ ਮੌਕੇ ਤੇ ਪਹੁੰਚ ਕੇ ਮਰੀਜ਼ਾਂ ਦੀ ਤੇ ਹਰ ਲੋੜਵੰਦਾਂ ਦੀ ਮਦਦ ਕੀਤੀ। ਲੋੜਵੰਦਾਂ ਲਈ ਲੋਕ ਖੂਨ ਦੇਣ ਲਈ ਅੱਗੇ ਆਏ, ਲੰਗਰ ਲਗਾਏ ਗਏ, ਪਾਣੀ ਦੀਆਂ ਛਬੀਲਾਂ ਲਾਈਆ ਗਈਆਂ। ਸ਼੍ਰੋਮਣੀ ਕਮੇਟੀ ਵੱਲੋਂ ਵੀ ਫਰੀ ਇਲਾਜ਼ ਦੀ ਘੋਸ਼ਣਾ ਕੀਤੀ ਗਈ ਤੇ ਲੰਗਰ ਲਗਾਏ ਗਏ।ਮ੍ਰਿਤਕਾਂ ਦੇ ਪ੍ਰੀਵਾਰਾਂ ਲਈ ਜੋ ਪ੍ਰੇਸ਼ਾਨੀ ਬਣ ਰਹੀ ਸੀ ਉਹ ਇਹ ਸੀ ਕਿ ਉਹਨਾਂ ਦੇ ਪ੍ਰੀਵਾਰ ਵਾਲਿਆਂ ਦੀਆਂ ਲਾਸ਼ਾ ਨਹੀ ਮਿਲ ਰਹੀਆਂ ਸਨ। ਲੋਕਾਂ ਵਿੱਚ ਗੁੱਸਾ ਸੀ ਕਿ ਜੋ ਗਿਣਤੀ ਸਰਕਾਰ ਮ੍ਰਿਤਕਾ ਦੀ ਦੱਸ ਰਹੀ ਹੈ, ਉਹ ਗਲਤ ਹੈ। ਲੋਕਾਂ ਦਾ ਕਹਿਣਾ ਸੀ ਕਿ ਢਾਈ ਤਿੰਨ ਸੌ ਮੌਤਾਂ ਹੋਈਆਂ ਹਨ। ਸਰਕਾਰ ਨੇ ਲਾਸ਼ਾ ਗਾਇਬ ਕਰਵਾ ਦਿੱਤੀਆਂ ਹਨ।ਇਸ ਗੱਲ ਨੂੰ ਲੈ ਕੇ ਲੋਕਾਂ ਨੇ ਅਗਲੇ ਦਿਨ ਯਾਨੀ 20 ਤੇ 21 ਤਰੀਕ ਨੂੰ ਸੜ੍ਹਕਾਂ ਤੇ ਜਾਮ ਲਗਾ ਦਿੱਤਾ ਤੇ ਪੁਲਿਸ ਤੇ ਪੱਥਰਬਾਜ਼ੀ ਵੀ ਕੀਤੀ। ਪੁਲਿਸ ਵੱਲੋਂ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਪੁਲਿਸ ਬੜੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਆਪਣਿਆਂ ਦੇ ਵਿਛੋੜੇ ਦਾ ਦਰਦ ਝੱਲ ਰਹੇ ਲੋਕ ਵਿਲਕ ਰਹੇ ਹਨ। ਕਈਆਂ ਦਾ ਤਾਂ ਪੂਰੇ ਦਾ ਪੂਰਾ ਘਰ ਹੀ ਉਜੜ ਗਿਆ ਹੈ। ਜਿੰਨ੍ਹਾਂ ਦੇ ਘਰ ਉਜੜੇ ਹਨ, ਉਹਨਾਂ ਨੂੰ ਪਤਾ ਹੈ ਕਿ ਆਪਣਿਆ ਦੇ ਵਿਛੋੜੇ ਦਾ ਦਰਦ ਕੀ ਹੁੰਦਾ ਹੈ।ਕਈ ਘਰਾਂ ਵਿੱਚ ਤਾਂ ਸਿਆਣੇ ਹਾਦਸੇ ਦੀ ਭੇਟ ਚੜ੍ਹ ਗਏ ਹਨ ਤੇ ਪਿੱਛੇ ਦਸ-ਦਸ ਮਹੀਨੇ ਦੇ ਬੱਚੇ ਹੀ ਬਚੇ ਹਨ, ਹੋਰ ਕੋਈ ਮੈਂਬਰ ਬਚਿਆ ਹੀ ਨਹੀ ਹੈ। ਉਹਨਾਂ ਬੱਚਿਆਂ ਦਾ ਕੀ ਬਣੇਗਾ, ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਜਮ ਤੋਂ ਕੰਮ ਲੈਣ। ਇਹ ਭੰਨ-ਤੋੜ ਸਾੜ੍ਹ-ਫੂਕ ਮਸਲੇ ਦਾ ਹੱਲ ਨਹੀ ਹੈ।
ਸਰਕਾਰ ਨੇ ਜਾਂਚ ਕਮਿਸ਼ਨ ਕਮੇਟੀ ਬਣਾ ਦਿੱਤੀ ਹੈ, ਜਿਸ ਨੂੰ ਚਾਰ ਹਫਤਿਆਂ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜੋ ਵੀ ਇਸ ਹਾਦਸੇ ਲਈ ਦੋਸ਼ੀ ਹੋਵੇ। ਉਸ ਵਿਰੁੱਧ ਕਾਨੂੰਨੀ ਕਾਰਵਾਈ ਜਰੂਰ ਹੋਏ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਹਾਦਸੇ ਲਈ ਜੋ ਵੀ ਖਾਮੀਆਂ ਪਾਈਆਂ ਜਾਣ, ਉਹ ਤੁਰੰਤ ਦੂਰ ਕੀਤੀਆਂ ਜਾਣ ਤਾਂ ਜੋ ਅਗਾਂਹ ਤੋਂ ਐਸੇ ਭਿਆਨਕ ਹਾਦਸੇ ਰੋਕੇ ਜਾ ਸਕਣ। ਸਰਕਾਰਾਂ ਵੱਲੋਂ ਮ੍ਰਿਤਕਾਂ ਦੇ ਪ੍ਰੀਵਾਰਾਂ ਲਈ ਜੋ ਮਦਦ ਦਾ ਐਲਾਨ ਕੀਤਾ ਗਿਆ ਹੈ। ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਦਿੱਤੀ ਜਾਵੇ।ਗਰੀਬ ਲੋਕਾਂ ਨਾਲ ਇੰਨਸਾਫ ਹੋਣਾ ਚਾਹੀਦਾ ਹੈ।
ਭਿਆਨਕ ਰੇਲ ਹਾਦਸਾ ਲਈ ਜ਼ਿੰਮੇਵਾਰ ਕੌਣ



