Skip to content
Independent perspectives. Global stories.
BREAKING

ਆਵਾਰਾ ਕੁੱਤਿਆਂ ਦੀ ਗੰਭੀਰ ਸਮੱਸਿਆ

Share this story

ਪੰਜਾਬ ’ਚ ਅਵਾਰਾ ਗਾਵਾਂ ਦੇ ਨਾਲ-ਨਾਲ ਆਵਾਰਾ ਕੁੱਤਿਆਂ ਦੀ ਸਮੱਸਿਆ ਵੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਘੁੰਮ ਰਹੇ ਕੁੱਤਿਆਂ ਦੇ ਝੂੰਡਾਂ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਲੋਕਲ ਬਾਡੀ ਸੰਸਥਾਵਾਂ ਇਸ ਮਸਲੇ ਨੂੰ ਠੀਕ ਤਰੀਕੇ ਨਾਲ ਨਹੀਂ ਨਜਿੱਠ ਰਹੀਆਂ। ਇਸ ਕਾਰਨ ਕੁੱਤਿਆਂ ਅਤੇ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੋਰ ਤਾਂ ਹੋਰ ਜਨਤਕ ਥਾਵਾਂ ਖਾਸ ਤੌਰ ’ਤੇ ਪਾਰਕਾਂ ਅਤੇ ਰਸਤਿਆਂ ਉਪਰ ਆਵਾਰਾ ਕੁੱਤਿਆਂ ਤੇ ਪਸ਼ੂਆਂ ਨੇ ਕਬਜ਼ੇ ਕਰ ਰੱਖੇ ਹਨ। ਇਸ ਕਾਰਨ ਲੋਕਾਂ ਦਾ ਆਉਣ ਜਾਣ ਮੁਸ਼ਕਿਲ ਹੋਇਆ ਪਿਆ ਹੈ। ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਤਾਂ ਹੋਰ ਵੀ ਵੱਧ ਖਤਰੇ ਹਨ। ਆਵਾਰਾ ਕੁੱਤੇ ਖੂੰਖਾਰ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਹਮਲਿਆਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਚੁੱਕੇ ਹਨ। ਆਵਾਰਾ ਕੁੱਤਿਆਂ ਅਤੇ ਪਸ਼ੂਆਂ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਹਰ ਰੋਜ਼ ਭਿਆਨਕ ਹਾਦਸੇ ਹੋ ਰਹੇ ਹਨ। ਮੋਟਰ ਸਾਇਕਲ ਜਾਂ ਸਕੂਟਰਾਂ ਦੀ ਸਵਾਰੀ ਕਰਨ ਵਾਲੇ ਲੋਕਾਂ ਲਈ ਤਾਂ ਇਹ ਜਾਨ ਦਾ ਖੋਅ ਬਣ ਗਏ ਹਨ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਸਰਕਾਰ ਵੱਲੋਂ ਕੋਈ ਗੰਭੀਰ ਯਤਨ ਨਹੀਂ ਹੋ ਰਹੇ। ਆਮ ਲੋਕ ਬੇਬੱਸੀ ਵਿੱਚ ਨਰਕ ਭੋਗ ਰਹੇ ਹਨ। ਬੇਸ਼ਕ ਮਿਊਂਸਪਲ ਕਮੇਟੀਆਂ ਅਤੇ ਨਗਰ ਨਿਗਮਾਂ ਕੋਲ ਇਸ ਸਬੰਧੀ ਬਕਾਇਦਾ ਫੰਡ ਹਨ ਪ੍ਰੰਤੂ ਉਨ੍ਹਾਂ ਨੂੰ ਯੋਗ ਤਰੀਕੇ ਨਾਲ ਖਰਚਿਆ ਨਹੀਂ ਜਾ ਰਿਹਾ। ਪੰਜਾਬ ’ਚ ਸਰਕਾਰੀ ਅੰਕੜੇ ਇਹ ਦੱਸਦੇ ਹਨ ਕਿ ਅਵਾਰਾ ਕੁੱਤੇ ਰੋਜ਼ਾਨਾ ਲਗਪਗ 50 ਲੋਕਾਂ ਨੂੰ ਵੱਢਦੇ ਹਨ। ਜ਼ਖ਼ਮੀਆਂ ਤੇ ਮ੍ਰਿਤਕਾਂ ’ਚ ਵਡੀ ਗਿਣਤੀ ਛੋਟੀ ਉਮਰ ਦੇ ਬੱਚਿਆਂ ਦੀ ਹੈ। ਸਾਲ 2012 ਦੀ ਪਸ਼ੂ ਗਣਨਾ ਮੁਤਾਬਿਕ ਪੰਜਾਬ ’ਚ 3 ਲੱਖ ਤੋਂ ਵਧੇਰੇ ਅਵਾਰਾ ਕੁੱਤੇ ਸਨ। ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਸਮੇਂ ਇਹ ਗਿਣਤੀ 5 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ। ਦੇਸ਼ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਤਿੰਨ ਕਰੋੜ ਤੋਂ ਉਪਰ ਹੈ। ਹਲਕਾਅ ਦੇ ਸ਼ਿਕਾਰ ਕੁੱਤਿਆਂ ਕਾਰਨ ਦੇਸ਼ ਵਿੱਚ 20 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਮੱਸਿਆ ਬਹੁਤ ਵੱਡੀ ਅਤੇ ਗੰਭੀਰ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਆਬਾਦੀ ਨੂੰ ਰੋਕਣ ਲਈ ਵਿਆਪਕ ਯਤਨ ਕਰਨ ਦੀ ਜ਼ਰੂਰਤ ਹੈ। ਹਲਕਾਅ ਦਾ ਸ਼ਿਕਾਰ ਕੁੱਤੇ ਖਾਸ ਤੌਰ ’ਤੇ ਮਨੁੱਖੀ ਸਮਾਜ ਲਈ ਵੱਡਾ ਖਤਰਾ ਹਨ। ਇਸ ਖਤਰੇ ਨਾਲ ਸਿੰਝਣ ਲਈ ਸਖਤੀ ਵਰਤਣੀ ਚਾਹੀਦੀ ਹੈ। ਜਨਤਕ ਥਾਵਾਂ ਨੂੰ ਆਵਾਰਾ ਕੁੱਤਿਆਂ ਅਤੇ ਜਾਨਵਰਾਂ ਤੋਂ ਸੁਰੱਖਿਅਤ ਬਣਾਉਣ ਦੀ ਜ਼ਰੂਰਤ ਹੈ। ਇਸ ਮਾਮਲੇ ਵੱਲ ਲੋਕਲ ਬਾਡੀ ਸੰਸਥਾਵਾਂ ਨੂੰ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ ਤਾਂ ਜੋ ਲੋਕ ਸੁਰੱਖਿਅਤ ਜੀਵਨ ਜੀਅ ਸਕਣ।
– ਬਲਜੀਤ ਸਿੰਘ ਬਰਾੜ

WRITTEN BY