ਫ਼ਤਹਿਗੜ੍ਹ ਸਾਹਿਬ- ‘‘ਚੰਡੀਗੜ੍ਹ ਦਾ ਭੁਗੋਲਿਕ ਰੁਤਬਾ ਪੰਜਾਬ ਸੂਬੇ ਦੀ ਸਰਜਮੀਨ ਦਾ ਹਿੱਸਾ ਹੈ । ਜੋ ਕਿ ਪੰਜਾਬੀਆਂ ਤੇ ਸਿੱਖਾਂ ਨੂੰ ਜ਼ਬਰੀ ਉਜਾੜਕੇ ਉਸਾਰਿਆ ਗਿਆ ਸੀ । ਜਿਵੇਂ ਰੀਪੇਰੀਅਨ ਕਾਨੂੰਨ ਅਨੁਸਾਰ ਜਿਸ ਸੂਬੇ ਵਿਚ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਵੱਗਦਾ ਹੈ, ਉਸ ਸੂਬੇ ਦੇ ਨਿਵਾਸੀ ਹੀ ਉਸ ਤੋਂ ਹੋਣ ਵਾਲੇ ਫਾਇਦੇ ਅਤੇ ਹੜ੍ਹਾਂ ਆਦਿ ਰਾਹੀ ਨੁਕਸਾਨ ਦੇ ਹੱਕਦਾਰ ਹੁੰਦੇ ਹਨ ਅਤੇ ਅਜਿਹੇ ਦਰਿਆਵਾ, ਨਹਿਰਾਂ ਉਤੇ ਕਾਨੂੰਨੀ ਹੱਕ ਉਸ ਸੂਬੇ ਦੇ ਨਿਵਾਸੀਆ ਦਾ ਹੁੰਦਾ ਹੈ । ਉਸੇ ਤਰ੍ਹਾਂ ਜਿਸ ਸਰਜਮੀਨ ਤੇ ਵੱਸੀ ਕੌਮ, ਫਿਰਕੇ ਨੂੰ ਉਜਾੜਕੇ ਕੋਈ ਉਸਾਰੀ ਕੀਤੀ ਜਾਵੇ ਤਾਂ ਉਸ ਉਤੇ ਵੀ ਉਜਾੜੇ ਗਏ ਪਰਿਵਾਰਾਂ ਤੇ ਨਿਵਾਸੀਆ ਦਾ ਹੀ ਪੂਰਨ ਤੌਰ ਤੇ ਕਾਨੂੰਨੀ ਹੱਕ ਹੁੰਦਾ ਹੈ । ਪਰ ਦੁੱਖ ਤੇ ਅਫ਼ਸੋਸ ਹੈ ਕਿ ਸੈਂਟਰ ਤੇ ਪੰਜਾਬ ਵਿਚ ਲੰਮਾਂ ਸਮਾਂ ਕਾਂਗਰਸ, ਬੀਜੇਪੀ, ਬਾਦਲ ਦਲ ਦੀਆਂ ਹਕੂਮਤਾਂ ਰਹੀਆ ਹਨ । ਪਰ ਕਿਸੇ ਵੀ ਸੈਂਟਰ ਅਤੇ ਪੰਜਾਬ ਦੇ ਹੁਕਮਰਾਨ ਨੇ ਚੰਡੀਗੜ੍ਹ ਦੀ ਰਾਜਧਾਨੀ ਉਤੇ ਪੰਜਾਬੀਆਂ ਦੇ ਪੂਰਨ ਕਾਨੂੰਨੀ ਹੱਕ ਦੀ ਗੱਲ ਕਰਕੇ ਚੰਡੀਗੜ੍ਹ ਨੂੰ ਪੰਜਾਬ ਦੇ ਸਪੁਰਦ ਕਰਨ ਦੀ ਜਿੰਮੇਵਾਰੀ ਨਹੀਂ ਨਿਭਾਈ । ਕਿਉਂਕਿ ਇਨ੍ਹਾਂ ਸਾਰੇ ਆਗੂਆਂ ਦੇ ਸੈਂਟਰ ਦੇ ਹੁਕਮਰਾਨਾਂ ਨਾਲ ਸਿਆਸੀ ਅਤੇ ਮਾਲੀ ਹਿੱਤ ਜੁੜੇ ਹੋਏ ਹਨ । 5 ਵਾਰੀ ਬਾਦਲ ਸਾਹਿਬ ਅਤੇ 2 ਵਾਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਬਣੇ । ਪਰ ਇਨ੍ਹਾਂ ਕਾਨੂੰਨੀ ਹੱਕਾਂ ਦੀ ਰਾਖੀ ਕਰਨ ਵਿਚ ਅਸਫ਼ਲ ਸਾਬਤ ਹੋਏ । ਹੁਣ ਜਦੋਂ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਮੰਦਭਾਵਨਾ ਅਧੀਨ ਤਾਨਾਸ਼ਾਹੀ ਆਰਡੀਨੈਸ ਰਾਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੂਰਨ ਰੂਪ ਵਿਚ ਯੂ.ਟੀ. ਅਧੀਨ ਕੀਤਾ ਜਾ ਰਿਹਾ ਹੈ ਅਤੇ ਸ਼ਰੇਆਮ ਡਾਕਾ ਮਾਰਨ ਦੇ ਅਮਲ ਹੋ ਰਹੇ ਹਨ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆ ਦੀ ਇਹ ਇਖ਼ਲਾਕੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਜਾ ਤਾਂ ਉਹ ਇਸ ਹੋ ਰਹੇ ਗੈਰ-ਕਾਨੂੰਨੀ ਅਮਲਾਂ ਨੂੰ ਰੋਕਣ ਜਾਂ ਫਿਰ ਬੀਜੇਪੀ-ਆਰ.ਐਸ.ਐਸ. ਨਾਲ ਇਨ੍ਹਾਂ ਵੱਲੋਂ ਪਤੀ-ਪਤਨੀ ਦੇ ਰੱਖੇ ਜਾ ਰਹੇ ਸਿਆਸੀ ਰਿਸਤੇ ਤੋਂ ਤਲਾਕ ਲੈਕੇ ਪੂਰਨ ਰੂਪ ਵਿਚ ਆਪਣੇ ਪੇਕੇ ਪੰਜਾਬੀਆਂ ਨਾਲ ਡੱਟਕੇ ਖਲ੍ਹੋਕੇ ਸੰਜ਼ੀਦਗੀ ਨਾਲ ਜਿੰਮੇਵਾਰੀ ਨਿਭਾਉਣ । ਜੇਕਰ ਬਾਦਲ ਦਲ ਹੁਣ ਵੀ ਆਪਣੇ ਇਸ ਪਤੀ-ਪਤਨੀ ਦੇ ਸਿਆਸੀ ਸਵਾਰਥੀ ਰਿਸਤੇ ਨੂੰ ਖ਼ਤਮ ਕਰਕੇ ਆਪਣੀ ਇੱਜ਼ਤ ਮਹਿਫੂਜ ਨਹੀਂ ਕਰਦੇ ਤਾਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਮੁਖੋਟੇ ਉਤੇ ਚੜ੍ਹਾਏ ਗਏ ‘ਪੰਥਕ’ ਨਕਾਬ ਨੂੰ ਲਾਹ ਦੇਣ ਅਤੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ‘ਦੋਸਤ-ਦੁਸ਼ਮਣ’ ਦਾ ਪ੍ਰਤੱਖ ਰੂਪ ਵਿਚ ਨਿਤਾਰਾ ਕਰ ਦੇਣ।ੂ ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੇ ਹੁਕਮਰਾਨਾਂ ਵੱਲੋਂ ਆਰਡੀਨੈਸ ਰਾਹੀ ਚੰਡੀਗੜ੍ਹ ਨੂੰ ਯੂ.ਟੀ. ਵਿਚ ਰੱਖਣ ਦੇ ਅਮਲਾਂ ਨੂੰ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਇਸ ਮੌਕੇ ਤੇ ਬਾਦਲ ਦਲ ਆਪਣੇ ਪਤੀ-ਪਤਨੀ ਵਾਲੇ ਬੀਜੇਪੀ ਨਾਲ ਰੱਖੇ ਸਿਆਸੀ ਰਿਸਤੇ ਉਤੇ ਬਾਦਲੀਲ ਢੰਗ ਨਾਲ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਚੰਡੀਗੜ੍ਹ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂ ਪੀ.ਜੀ.ਆਈ, ਪੰਜਾਬ-ਹਰਿਆਣਾ ਹਾਈਕੋਰਟ, ਪੰਜਾਬ ਸਿਵਲ ਸਕੱਤਰੇਤ, ਗਵਰਨਰ ਹਾਊਂਸ ਪੰਜਾਬ, ਪੰਜਾਬ ਭਵਨ ਅਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਦਫ਼ਤਰਾਂ, ਸੜਕਾਂ, ਸੈਕਟਰਾਂ ਦੇ ਨਾਮ ਨਾਲ ਸੰਬੰਧਤ ਪਲੇਟਾਂ ਤੇ ਬੋਰਡਾਂ ਉਤੇ ਅੰਗਰੇਜ਼ੀ ਤੇ ਹਿੰਦੀ ਉਕਰੀ ਜਾ ਰਹੀ ਸੀ ਅਤੇ ਪੰਜਾਬੀ ਬੋਲੀ ਅਤੇ ਭਾਸ਼ਾ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ ਕੀਤਾ ਜਾ ਰਿਹਾ ਸੀ । ਤਾਂ ਬਾਦਲ ਦਲੀਆ ਨੂੰ ਸਮਝ ਆ ਜਾਣੀ ਚਾਹੀਦੀ ਸੀ ਕਿ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਇਨ੍ਹਾਂ ਫਿਰਕੂਆਂ ਦੀ ਕੀ ਨੀਤੀ ਹੈ ? ਉਸ ਸਮੇਂ ਹੀ ਇਹ ਪਤੀ-ਪਤਨੀ ਵਾਲਾ ਰਿਸਤਾ ਤੋੜਨਾ ਬਣਦਾ ਸੀ । ਪਰ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੇ ਇਹ ਆਗੂ ਕੁੰਭਕਰਨੀ ਨੀਂਦ ਸੁੱਤੇ ਰਹੇ । ਜਦੋਂ ਪੰਜਾਬ ਪੁਨਰਗਠਨ ਐਕਟ ਅਧੀਨ ਚੰਡੀਗੜ੍ਹ ਦੀਆਂ ਅਫ਼ਸਰਾਂ ਤੇ ਨੌਕਰੀਆ ਦੀ ਭਰਤੀ ਵਿਚ 60-40× ਨੀਤੀ ਤਹਿ ਹੋਈ ਸੀ । ਫਿਰ ਇਸ ਨਿਯਮ ਨੂੰ ਤੋੜਕੇ ਹੁਕਮਰਾਨਾਂ ਨੇ ਅਫ਼ਸਰਾਂ ਤੇ ਨੌਕਰੀਆਂ ਵਿਚ ਵੀ ਪੰਜਾਬ ਨਾਲ ਨਿਰੰਤਰ ਧੋਖਾ ਕਰਦੇ ਰਹੇ, ਉਸ ਸਮੇਂ ਵੀ ਇਹ ਪਤੀ-ਪਤਨੀ ਦੇ ਰਿਸਤੇ ਵਾਲੇ ਚੁੱਪ ਰਹੇ । ਜਦੋਂ ਪੰਜਾਬ ਦੇ ਹੈਡਵਰਕਸਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਅਤੇ ਦਰਿਆਵਾਂ ਦੇ ਪਾਣੀਆ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਹਰਿਆਣਾ, ਰਾਜਸਥਾਂਨ, ਦਿੱਲੀ ਆਦਿ ਸੂਬਿਆ ਨੂੰ ਦੇਣ ਦੇ ਅਮਲ ਹੋ ਰਹੇ ਸਨ, ਉਸ ਸਮੇਂ ਵੀ ਚੁੱਪ ਰਹੇ । ਫਿਰ ਫ਼ੌਜ ਵਿਚ ਪੰਜਾਬੀਆਂ ਅਤੇ ਸਿੱਖਾਂ ਦੀ 30× ਦੀ ਭਰਤੀ ਦਾ ਕੋਟਾ ਘਟਾਕੇ ਮੁਤੱਸਵੀ ਹੁਕਮਰਾਨਾਂ ਵੱਲੋਂ 2× ਕਰ ਦਿੱਤਾ ਗਿਆ, ਉਸ ਸਮੇਂ ਵੀ ਇਹ ਚੁੱਪ ਰਹੇ । ਆਨੰਦ ਮੈਰਿਜ ਐਕਟ ਨੂੰ ਹੋਂਦ ਵਿਚ ਲਿਆਉਣ ਲਈ ਵੀ ਇਨ੍ਹਾਂ ਨੇ ਕੋਈ ਉਦਮ ਨਾ ਕੀਤਾ । ਸੈਂਟਰ ਵੱਲੋਂ ਸਿੱਖ ਨੌਜ਼ਵਾਨੀ ਦਾ ਘਾਣ ਕਰਨ ਦੇ ਅਮਲ ਹੋਏ ਤਾਂ ਇਨ੍ਹਾਂ ਨੇ ਹੁਕਮਰਾਨਾਂ ਦੀ ਸਿੱਖ ਵਿਰੋਧੀ ਸਾਜ਼ਿਸਾਂ ਵਿਚ ਸਾਥ ਦਿੱਤਾ । ਨਿਰੰਕਾਰੀਆ ਵੱਲੋਂ ਸਿੱਖਾਂ ਵਿਰੁੱਧ ਜਦੋਂ ਪ੍ਰਚਾਰ ਹੋਇਆ ਤਾਂ ਉਨ੍ਹਾਂ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਨਿਹੱਥੇ ਜਾਪ ਕਰਦੇ ਹੋਏ ਅਤੇ ਰੋਸ ਕਰਦੇ ਹੋਏ 13 ਆਖੰਡ ਕੀਰਤਨੀ ਜਥੇ ਦੇ ਸਿੰਘਾਂ ਉਤੇ ਗੋਲੀਆਂ ਚਲਾਕੇ ਸ਼ਹੀਦ ਕੀਤਾ । ਦਰਸ਼ਨ ਸਿੰਘ ਲੋਹਾਰਾ, ਜਸਪਾਲ ਸਿੰਘ ਚੌੜ ਸਿੱਧਵਾ, ਕਮਲਜੀਤ ਸਿੰਘ ਸੁਨਾਮ, ਬਲਕਾਰ ਸਿੰਘ ਮੁੰਬਈ, ਹਰਮਿੰਦਰ ਸਿੰਘ ਡੱਬਵਾਲੀ, ਕ੍ਰਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ ਉਤੇ ਗੋਲੀਆਂ ਚਲਵਾਕੇ ਸ਼ਹੀਦ ਕਰਵਾਏ । ਇਨ੍ਹਾਂ ਦੀ ਹਕੂਮਤ ਸਮੇਂ ਕੋਈ 85-90 ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਹੋਏ । ਕਿਸੇ ਇਕ ਵੀ ਦੋਸ਼ੀ ਨੂੰ ਇਸ ਲਈ ਨਹੀਂ ਗ੍ਰਿਫ਼ਤਾਰ ਕੀਤਾ ਕਿਉਂਕਿ ਇਹ ਅਪਮਾਨ ਕਰਨ ਵਾਲੇ ਸਿਰਸੇ ਵਾਲੇ ਸਾਧ ਨਾਲ ਇਨ੍ਹਾਂ ਦੇ ਸਿਆਸੀ ਸੌਦੇ ਹਨ । ਹੁਣ ਜਦੋਂ ਸਮੁੱਚੇ ਚੰਡੀਗੜ੍ਹ ਨੂੰ ਸਾਜ਼ਿਸ ਅਧੀਨ ਜ਼ਬਰੀ ਖੋਹਣ ਦੇ ਅਮਲ ਹੋਣ ਜਾ ਰਹੇ ਹਨ । ਤਾਂ ਹੁਣ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋਂ ਪੰਜਾਬ ਅਤੇ ਸਿੱਖ ਵਿਰੋਧੀ ਬੀਜੇਪੀ-ਆਰ.ਐਸ.ਐਸ. ਨਾਲ ਪਤੀ-ਪਤਨੀ ਦੇ ਸਿਆਸੀ ਰਿਸਤੇ ਨੂੰ ਕਾਇਮ ਰੱਖਣ ਦੀ ਕੋਈ ਤੁੱਕ ਦਲੀਲ ਨਹੀਂ ਬਣਦੀ । ਇਸ ਲਈ ਸਿੱਖ ਕੌਮ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀਆਂ ਦੁਸ਼ਮਣ ਤਾਕਤਾਂ ਨਾਲ ਪਾਈ ਸਾਂਝ ਨੂੰ ਤੁਰੰਤ ਖ਼ਤਮ ਕਰਕੇ ਹੁਣ ਤੱਕ ਦੀਆਂ ਕੀਤੀਆ ਗਈਆ ਬਜਰ ਗੁਸਤਾਖੀਆ, ਧੋਖਿਆ ਦਾ ਪਸਚਾਤਾਪ ਕਰ ਲੈਣ ਤਾਂ ਬਿਹਤਰ ਹੋਵੇਗਾ । ਵਰਨਾ ਇਨ੍ਹਾਂ ਦੀ ਸਿਆਸੀ ਤੇ ਇਖ਼ਲਾਕੀ ਮੌਤ ਹੋਣ ਤੋਂ ਕੋਈ ਤਾਕਤ ਨਹੀਂ ਰੋਕ ਸਕੇਗੀ।