June 21, 2026 10:29 am

ਸਿੱਖਾਂ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਕਿਉਂ

ਇਹ ਬੇਹਦ ਦੁਖਦ ਸਥਿਤੀ ਹੈ ਕਿ ਸਿੱਖ ਧਰਮ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿੱਚ ਵੀ ਦਖਲ ਅੰਦਾਜੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਪਿੰਡ ਡਾਚਰ ਵਿਖੇ ਵਾਪਰੀ ਘਟਨਾ ਇਸ ਗੱਲ ਦਾ ਸਿੱਧਾ ਸਬੂਤ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਦਾ ਮੱਥਾ ਟੇਕਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਪ੍ਰੰਤੂ ਐਨ ਮੌਕੇ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਮੁੱਖ ਮੰਤਰੀ ਤਦ ਹੀ ਗੁਰਦੁਆਰਾ ਸਾਹਿਬ ਵਿਖੇ ਆਉਣਗੇ ਜੇਕਰ ਉਥੇ ਲਗਾਈ ਗਈ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਹਟਾਇਆ ਜਾਵੇ। ਪਿੰਡ ਦੇ ਸਿੱਖ ਭਾਈਚਾਰੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਘਰ ’ਚੋਂ ਤਸਵੀਰ ਹਟਾਉਣ ਤੋਂ ਇਨਕਾਰ ਕਰ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਨੇ ਇਸ ਦੇ ਪ੍ਰਤੀਕਰਮ ਵਜੋਂ ਗੁਰਦੁਆਰਾ ਸਾਹਿਬ ਜਾਣ ਦਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ। ਉਹ ਗੁਰਦੁਆਰੇ ਦੇ ਸਾਹਮਣੇ ਇਕ ਮੰਦਰ ਵਿੱਚ ਹੋ ਕੇ ਵਾਪਸ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਜਨਤਕ ਤੌਰ ’ਤੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਅਤੇ ਇਸ ਸਬੰਧੀ ਜਾਣਕਾਰੀ ਦਿੱਤੀ। ਸੁਭਾਵਿਕ ਤੌਰ ’ਤੇ ਸਮੁੱਚੇ ਸਿੱਖ ਭਾਈਚਾਰੇ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ। ਹਰਿਆਣਾ ਦਾ ਸਿੱਖ ਭਾਈਚਾਰਾ ਤਾਂ ਇਸ ਜਲਾਲਤ ਅਤੇ ਫਿਰਕੂਪੁਣੇ ਵਿਰੁੱਧ ਮੈਦਾਨ ’ਚ ਨਿੱਤਰ ਆਇਆ ਹੈ। ਨਾਰਾਜ਼ ਸਿਖਾਂ ਨੇ ਕਰਨਾਲ ’ਚ ਬੈਠਕ ਕਰਕੇ ਭਾਜਪਾ ਦੇ ਬਾਈਕਾਟ ਦਾ ਐਲਾਨ ਕਰ ਦਿਤਾ।ਰੋਹ ’ਚ ਆਏ ਸਿਖਾਂ ਨੇ ਕਰਨਾਲ ਦੇ ਗੁਰਦੁਆਰੇ ਡੇਰਾ ਕਾਰਸੇਵਾ ’ਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦਿਆਂ ਭਾਜਪਾ ਸਰਕਾਰ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ।ਸਿੱਖਾਂ ਨੇ 6 ਅਕਤੂਬਰ ਨੂੰ ਡਾਚਰ ’ਚ ਸੂਬਾ ਪਧਰੀ ਬੈਠਕ ਵੀ ਸੱਦੀ ਹੈ ਜਿਸ ’ਚ ਇਸ ਮੁੱਦੇ ਉਤੇ ਅਗੇ ਦੀ ਰਣਨੀਤੀ ਬਣਾਈ ਜਾਵੇਗੀ।ਸਿਖ ਆਗੂਆਂ ਦਾ ਕਹਿਣਾ ਹੈ ਕਿ ਮੁਖ ਮੰਤਰੀ ਇਸ ਬੈਠਕ ਤੋਂ ਪਹਿਲਾਂ ਗੁਰਦੁਆਰੇ ਆ ਕੇ ਮੁਆਫ਼ੀ ਮੰਗ ਲੈਣ ਜਾਂ ਫਿਰ ਕਰਨਾਲ ’ਚ ਪ੍ਰਧਾਨ ਮੰਤਰੀ ਦੀ ਪ੍ਰਸਤਾਵਿਤ ਰੈਲੀ ਬਾਰੇ ਉਹ ਕੋਈ ਸਖ਼ਤ ਫ਼ੈਸਲਾ ਲੈ ਸਕਦੇ ਹਨ।ਇਹ ਵਿਵਾਦ ਬਹੁਤ ਹੀ ਮੰਦਭਾਗਾ ਹੈ। ਗੁਰਦੁਆਰੇ ਸਿੱਖਾਂ ਦੇ ਧਾਰਮਿਕ ਸਥਾਨ ਹਨ। ਉਨ੍ਹਾਂ ਦੇ ਕੰਮਕਾਜ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਜਾਂ ਸਰਕਾਰ ਨੂੰ ਦਖਲ ਅੰਦਾਜ਼ੀ ਦਾ ਹੱਕ ਨਹੀਂ ਹੈ। ਸੰਤ ਭਿੰਡਰਾਂਵਾਲੇ ਸਿੱਖ ਕੌਮ ਦੇ ਬਹੁਤ ਹੀ ਸਤਿਕਾਰਤ ਸ਼ਹੀਦ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਉਨ੍ਹਾਂ ਦੀ ਬਕਾਇਦਾ ਯਾਦਗਾਰ ਬਣਾਈ ਗਈ ਹੈ। ਭਾਰਤ ਸਰਕਾਰ ਦੇ ਕਾਗਜ਼ਾਂ ਵਿੱਚ ਵੀ ਸੰਤਾਂ ਖਿਲਾਫ ਕਿਸੇ ਥਾਣੇ ਕੋਈ ਕੇਸ ਨਹੀਂ। ਇਹ ਗੱਲ ਵੱਖਰੀ ਹੈ ਕਿ 1984 ’ਚ ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਹੋਰ ਹਜ਼ਾਰਾਂ ਸਿੱਖਾਂ ਸਮੇਤ ਸੰਤ ਭਿੰਡਰਾਂ ਵਾਲਿਆਂ ਨੇ ਵੀ ਆਪਣੀ ਸ਼ਹਾਦਤ ਦੇ ਦਿੱਤੀ ਸੀ। ਗੁਰਦੁਆਰਾ ਸਾਹਿਬ ਵਿੱਚ ਸੰਤਾਂ ਅਤੇ ਹੋਰ ਸ਼ਹੀਦਾਂ, ਮਹਾਂਪੁਰਖਾਂ ਦੀਆਂ ਤਸਵੀਰਾਂ ਲਗਾਉਣਾ ਕੋਈ ਗੈਰ ਕਾਨੂੰਨੀ ਕਾਰਜ ਨਹੀਂ ਹੈ। ਸੰਤ ਜੀ ਤਾਂ ਦਮਦਮੀ ਟਕਸਾਲ ਦੇ ਮੁਖੀ ਵੀ ਰਹੇ ਸਨ। ਗੁਰੂ ਘਰਾਂ ’ਚ ਤਸਵੀਰਾਂ ਲਗਾਉਣਾ ਜਾਂ ਨਾ ਲਗਾਉਣਾ ਸਿੱਖ ਭਾਈਚਾਰੇ ਦਾ ਅੰਦਰੂਨੀ ਧਾਰਮਿਕ ਮਾਮਲਾ ਹੈ। ਅੱਜ ਜੋ ਲੋਕ ਸੰਤਾਂ ਦੀ ਤਸਵੀਰ ਨੂੰ ਗੁਰਦੁਆਰਾ ਵਿੱਚੋਂ ਹਟਾਉਣ ਦੀ ਸ਼ਰਤ ਰੱਖ ਰਹੇ ਹਨ, ਕੱਲ੍ਹ ਨੂੰ ਉਹ ਇਹ ਵੀ ਆਖ ਸਕਦੇ ਹਨ ਕਿ ਗੁਰੂ ਘਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕੀਤਾ ਜਾਵੇ। ਕਿਸੇ ਸਿੱਖ ਨੇ ਕਦੇ ਵੀ ਮੰਦਰ ਜਾਂ ਮਸਜਿਦ ਵਿੱਚ ਕੋਈ ਤਸਵੀਰ ਜਾਂ ਮੂਰਤੀ ਲਗਾਉਣ ਦਾ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਅਸਲ ਵਿੱਚ ਸਿੱਖ ਭਾਈਚਾਰੇ ਨੂੰ ਫਿਰਕੂ ਸੋਚ ਅਧੀਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਚੰਗੀ ਗੱਲ ਹੈ ਕਿ ਇਸ ਬੇਇਨਸਾਫੀ ਅਤੇ ਜਜ਼ਾਲਤ ਵਿਰੁੱਧ ਸਿੱਖ ਭਾਈਚਾਰੇ ਨੇ ਇਕਮੁੱਠ ਹੋ ਕੇ ਆਵਾਜ਼ ਉਠਾਈ ਹੈ। ਸਿੱਖਾਂ ਨੂੰ ਇਸ ਘੋਰ ਬੇਇਨਸਾਫੀ ਅਤੇ ਫਿਰਕਾਪ੍ਰਸਤੀ ਵਿਰੁੱਧ ਹਰ ਪੱਧਰ ’ਤੇ ਲੜਾਈ ਲੜਨ ਦੀ ਜ਼ਰੂਰਤ ਹੈ। ਹਰਿਆਣਾ ਦੇ ਮੁੱਖ ਮੰਤਰੀ ਦੀ ਫਿਰਕੂ ਸੋਚ ਦੀ ਹਰ ਪਾਸਿਆਂ ਨਿੰਦਾ ਹੋਣੀ ਚਾਹੀਦੀ ਹੈ। ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਉਹ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਮਾਮਲਿਆਂ ਬਾਰੇ ਸਲਾਹ-ਮਸ਼ਵਰਾ ਦੇਵੇ। ਸਿੱਖ ਗੁਰਦੁਆਰੇ ਸ਼ਰਧਾ ਦੇ ਕੇਂਦਰ ਹਨ। ਉਨ੍ਹਾਂ ਬਾਰੇ ਵਿਵਾਦ ਖੜ੍ਹਾ ਕਰਨ ਵਾਲੇ ਲੋਕ ਸਿੱਖ ਭਾਈਚਾਰੇ ਦੇ ਦੁਸ਼ਮਣ ਹਨ। ਅਸਲ ਵਿੱਚ ਉਹ ਦੇਸ਼ ਦੀ ਧਾਰਮਿਕ ਇਕਸੁਰਤਾ ਅਤੇ ਸਦਭਾਵਨਾ ਨੂੰ ਭੰਗ ਕਰਨਾ ਚਾਹੁੰਦੇ ਹਨ। ਇਕ ਪਾਸੇ ਤਾਂ ਭਾਜਪਾ ਅਤੇ ਉਸ ਦੇ ਆਗੂ ਹਿੰਦੂ -ਸਿੱਖ ਏਕਤਾ ਦੀਆਂ ਗੱਲਾਂ ਕਰਦੇ ਹਨ ਦੂਸਰੇ ਪਾਸੇ ਸਿੱਖਾਂ ਨੂੰ ਫਿਰਕੂ ਆਧਾਰ ’ਤੇ ਜ਼ਲੀਲ ਕਰਨ ਦਾ ਮੌਕਾ ਨਹੀਂ ਛੱਡਦੇ। ਹਰਿਆਣਾ ਦੀ ਸਰਕਾਰ ਨੂੰ ਇਸ ਘਟਨਾ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹੁੰਚੀ ਠੇਸ ’ਤੇ ਕੁਝ ਨਾ ਕੁਝ ਮਲ੍ਹਮ ਲੱਗ ਸਕੇ।
– ਬਲਜੀਤ ਸਿੰਘ ਬਰਾੜ

Send this to a friend