ਬੁਢਾਪਾ ਮਨੁੱਖੀ ਜੀਵਨ ਦਾ ਆਖਰੀ ਪੜਾਅ ਹੈ। ਇਹ ਉਹ ਸਮਾਂ ਹੁੰਦਾ ਹੈ ਜਦ ਮਨੁੱਖ ਪਾਸੋਂ ਬਚਪਨ ਦੀ ਬੇਪਰਵਾਹੀ ਅਤੇ ਜਵਾਨੀ ਦੀ ਮੌਜ-ਮਸਤੀ ਸਦਾ ਲਈ ਖੁੱਸ ਜਾਂਦੀ ਹੈ। ਬਚਪਨ ਆਉਂਦਾ ਹੈ, ਚਲਾ ਜਾਂਦਾ ਹੈ; ਜਵਾਨੀ ਆਉਂਦੀ ਹੈ, ਚਲੀ ਜਾਂਦੀ ਹੈ; ਪ੍ਰੰਤੂ ਬੁਢਾਪਾ ਆਉਂਦਾ ਹੈ ਤੇ ਮਨੁੱਖ ਨੂੰ ਆਪਣੇ ਨਾਲ ਲੈ ਜਾਂਦਾ ਹੈ। ਜੀਵਨ ਦੀ ਇਹ ਇਕ ਅਜਿਹੀ ਅਟੱਲ ਸੱਚਾਈ ਹੈ ਜਿਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਪ੍ਰੰਤੂ ਬੁਢਾਪੇ ਨੂੰ ਬੋਝ, ਬੇਬਸੀ, ਦੁਰਬਲਤਾ, ਦਰਿੱਦਰਤਾ, ਪਸ਼ਚਾਤਾਪ, ਪ੍ਰਾਧੀਨਤਾ ਜਾਂ ਸਜ਼ਾ ਅਤੇ ਸਰਾਪ ਸਮਝ ਲੈਣਾ ਕੇਵਲ ਨਿਰਾਸ਼ਾਵਾਦੀ ਅਤੇ ਨਾਂਹ-ਪੱਖੀ ਸੋਚ ਦਾ ਹੀ ਪ੍ਰਗਟਾਵਾ ਹੁੰਦਾ ਹੈ।
ਨਿਰਸੰਦੇਹ, ਬੁਢਾਪੇ ਦੀਆਂ ਕੁਝ ਸਮੱਸਿਆਵਾਂ ਅਤੇ ਸੀਮਾਵਾਂ ਹੁੰਦੀਆਂ ਹਨ ਪ੍ਰੰਤੂ ਜੀਵਨ ਦੇ ਇਸ ਪੜਾਅ ਦੀਆਂ ਪ੍ਰਾਪਤੀਆਂ ਵੀ ਕੋਈ ਘੱਟ ਮਾਣਯੋਗ ਅਤੇ ਆਨੰਦਦਾਇਕ ਨਹੀਂ ਹੁੰਦੀਆਂ। ਸਰੀਰਕ ਸ਼ਕਤੀ ਕੁਝ ਘਟ ਜਾਂਦੀ ਹੈ ਪਰ ਇਵਜ਼ ਵਿਚ ਇਸ ਤੋਂ ਕਿਤੇ ਵੱਧ ਮਹੱਤਵਪੂਰਨ ਰੂਹਾਨੀ ਸ਼ਕਤੀ ਵਧ ਜਾਂਦੀ ਹੈ। ਬੁਢਾਪੇ ਦੀ ਸੁੰਦਰਤਾ ਦਾ ਵਰਣਨ ਕਰਦਾ ਹੋਇਆ ਅੰਗਰੇਜ਼ੀ ਦਾ ਪ੍ਰਸਿੱਧ ਵਾਰਤਾਕਾਰ ਏ.ਜੀ. ਗਾਰਡੀਨਰ ਇਕ ਥਾਂ ਲਿਖਦਾ ਹੈ ਕਿ ਚੜ੍ਹਦੇ ਸੂਰਜ ਦੀ ਆਪਣੀ ਸੁੰਦਰਤਾ ਹੁੰਦੀ ਹੈ ਅਤੇ ਛਿਪਦੇ ਸੂਰਜ ਦੀ ਆਪਣੀ । ਪਰ ਇਹਨਾਂ ਦੋਹਾਂ ਵਿਚੋ ਛਿਪਦੇ ਸੂਰਜ ਦੀ ਸੁੰਦਰਤਾ ਵਧੇਰੇ ਡੂੰਘੀ ਅਤੇ ਰੂਹਾਨੀ ਹੁੰਦੀ ਹੈ । ਜੀਵਨ ਦੀ ਪੂਰਨਤਾ ਅਤੇ ਬੁਲੰਦੀ ਦਾ ਪ੍ਰਤੀਕ ਬੁਢਾਪਾ ਚੰਦ ਖੁਸ਼ਕਿਸਮਤ ਵਿਅਕਤੀਆਂ ਨੂੰ ਹੀ ਨਸੀਬ ਹੁੰਦਾ ਹੈ ਕਿਉਂਕਿ ਬਹੁਤਿਆਂ ਦੀ ਜੀਵਨ ਡੋਰੀ ਤਾਂ ਅੱਧ ਵਿਚਕਾਰ ਹੀ ਟੁੱਟ ਜਾਂਦੀ ਹੈ । ਲੋੜ ਕੇਵਲ ਇਸ ਗੱਲ ਦੀ ਹੈ ਕਿ ਦੁਸ਼ਵਾਰੀਆਂ ਦੇ ਬਾਵਜੂਦ ਹਾਂ-ਪੱਖੀ ਸੋਚ ਅਤੇ ਸੁਚੱਜੇ ਵਿਵਹਾਰ ਦੁਆਰਾ ਬੁਢਾਪੇ ਨੂੰ ਬਜ਼ੁਰਗੀ ਵਿਚ ਬਦਲ ਕੇ ਇਸ ਦਾ ਆਨੰਦ ਲਿਆ ਜਾਵੇ ।
ਬੁਢਾਪੇ ਨੂੰ ਸੁਹੇਲੜਾ ਕਰਨ ਲਈ ਬਜ਼ੁਰਗੀ ਅਤੇ ਬੁਢਾਪੇ ਵਿਚ ਅੰਤਰ ਸਮਝਣਾ ਵੀ ਬਹੁਤ ਜਰੂਰੀ ਹੈ ਕਿਉਂਕਿ ਬਜ਼ੁਰਗੀ ਬਿਨਾਂ ਬੁਢਾਪਾ ਕਈ ਵਾਰ ਨਿਰਾ ਨਰਕ ਹੋ ਨਿਬੜਦਾ ਹੈ। ਬੁਢਾਪਾ ਸਰੀਰਕ ਕਮਜ਼ੋਰੀ ਹੁੰਦਾ ਹੈ ਜਦ ਕਿ ਬਜ਼ੁਰਗੀ ਨੈਤਿਕ ਅਤੇ ਰੂਹਾਨੀ ਸ਼ਕਤੀ ਨੂੰ ਮੂਰਤੀਮਾਨ ਕਰਦੀ ਹੈ। ਬੁੱਢੇ ਅਤੇ ਬਜ਼ੁਰਗ ਵਿਚਕਾਰ ਉਹੀ ਅੰਤਰ ਹੁੰਦਾ ਹੈ ਜੋ ਕਿ ਆਦਮੀ ਅਤੇ ਇਨਸਾਨ ਵਿਚਕਾਰ ਹੁੰਦਾ ਹੈ। ਬੁੱਢੇ ਹੋਣਾ ਇਕ ਕੁਦਰਤੀ ਪ੍ਰਕਿਰਿਆ ਹੈ ਅਤੇ ਉਮਰ ਦੇ ਵਧਣ ਨਾਲ ਹਰ ਵਿਅਕਤੀ ਬੁੱਢਾ ਹੁੰਦਾ ਹੈ । ਪਰ ਇਹ ਜਰੂਰੀ ਨਹੀਂ ਕਿ ਹਰ ਬੁੱਢਾ ਬਜ਼ੁਰਗ ਵੀ ਬਣ ਜਾਵੇ । ਜਦ ਕੋਈ ਵਿਅਕਤੀ ਬੁੱਢਾ ਹੋਣ ਉਪਰੰਤ ਵੀ ਆਪਣੇ ਮਨ ਦੇ ਅੜੀਅਲ ਅਤੇ ਅੱਥਰੇ ਘੋੜੇ ਨੂੰ ਲਗਾਮ ਨਹੀਂ ਪਾ ਸਕਦਾ, ਕਾਮ-ਕ੍ਰੋਧ ਦਾ ਗੁਲਾਮ ਰਹਿੰਦਾ ਹੈ, ਹਉਮੇ ਅਤੇ ਹਠ ਦਾ ਤਿਆਗ ਨਹੀਂ ਕਰ ਸਕਦਾ ਅਤੇ ਲੋਭ-ਲਾਲਚ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ ਤਾਂ ਉਹ ਬਜ਼ੁਰਗ ਦੀ ਪਦਵੀ ਨਹੀਂ ਪਾ ਸਕਦਾ । ਬਜ਼ੁਰਗ ਬਣਨ ਲਈ ਤਾਂ ਮਨ ਨੂੰ ਹੋੜਨਾ, ਬਿਰਤੀ ਨੂੰ ਮੋੜਨਾ ਅਤੇ ਹਉਮੇ ਨੂੰ ਤੋੜਨਾ ਪੈਂਦਾ ਹੈ ਕਿਉਂਕਿ ਬਜ਼ੁਰਗੀ ਮੰਗ ਕਰਦੀ ਹੈ ਸਹਿਜ, ਸਿਆਣਪ, ਸਬਰ ਅਤੇ ਸੰਤੋਖ ਦੀ; ਸੰਕੋਚ, ਸੰਜਮ, ਸਾਦਗੀ ਅਤੇ ਸਹਿਣਸ਼ੀਲਤਾ ਦੀ; ਨਿਰਲੇਪਤਾ ਅਤੇ ਤਿਆਗ ਦੀ। ਬਜ਼ੁਰਗ ਤਾਂ ਨਿਰਾ ਰੱਬ ਦਾ ਰੂਪ ਹੁੰਦਾ ਹੈ – ਨਿਰਛਲ, ਨਿਰਕਪਟ । ਨਾ ਸਾੜਾ, ਨਾ ਕੀਨਾ ਕਰਨ ਵਾਲਾ । ਸਹਿਜ, ਵਿਸ਼ਾਲ-ਖੁੱਲ੍ਹੇ ਅਕਾਸ਼ ਵਰਗਾ, ਚੰਦ ਦੀ ਚਾਂਦਨੀ ਵਰਗਾ, ਤਾਰਿਆਂ ਦੀ ਲੋਅ ਵਰਗਾ, ਗੁਰਬਾਣੀ ਦੀਆਂ ਤੁਕਾਂ ਵਰਗਾ, ਪਿੱਪਲਾਂ-ਬੋਹੜਾਂ ਦੀ ਛਾਂ ਵਰਗਾ । ਜੇਰੇ ਅਤੇ ਜ਼ੀਰਾਂਦਿ ਵਾਲਾ । ਨਾ ਕੋ ਵੈਰੀ ਨਾ ਹੀ ਬਿਗਾਨਾ । ਸਰਬੱਤ ਦਾ ਭਲਾ ਲੋਚਦਾ, ਸਰਬੱਤ ਦਾ ਭਲਾ ਮੰਗਦਾ। ਦੁੱਖ ਅਤੇ ਸੁੱਖ ਨੂੰ ਸਮਾਨ ਮੰਨਣ ਵਾਲਾ । ਨਿਰਭਓ, ਨਿਰਵੈਰ ।
ਬੁਢਾਪਾ ਬਜ਼ੁਰਗੀ ਨਹੀਂ ਹੁੰਦਾ ਅਤੇ ਨਾ ਹੀ ਬਜ਼ੁਰਗੀ ਲਈ ਬੁਢਾਪਾ ਜਰੂਰੀ ਹੁੰਦਾ ਹੈ । ਬੁੱਢਾ ਉਸੇ ਨੂੰ ਮੰਨਿਆ ਜਾਣਾ ਚਾਹੀਦਾ ਹੈ ਜਿਸ ਦੇ ਸਰੀਰ ਦੇ ਨਾਲ-ਨਾਲ ਉਸ ਦੀ ਸੋਚ ਵੀ ਬੁੱਢੀ ਹੋ ਜਾਵੇ । ਬੁਢਾਪੇ ਵਿਚ ਜਵਾਨੀ ਦਾ ਭਰਮ ਪਾਲਣ ਨਾਲ ਕੇਵਲ ਪਲਕ-ਝਲਕ ਦੇ ਹੁਲਾਰੇ ਮਿਲ ਸਕਦੇ ਹਨ ਜਦ ਕਿ ਬਜ਼ੁਰਗੀ ਦਾ ਅਹਿਸਾਸ ਮਨੁੱਖ ਨੂੰ ਰੂਹਾਨੀ ਆਨੰਦ ਦਾ ਅਨੁਭਵ ਕਰਵਾ ਸਕਦਾ ਹੈ । ਸਾਡਾ ਬੁਢਾਪਾ ਕਿਹੋ ਜਿਹਾ ਹੋਵੇਗਾ, ਇਹ ਬਹੁਤ ਹੱਦ ਤਕ ਸਾਡੀ ਮੌਜੂਦਾ ਸੋਚ ਅਤੇ ਜੀਵਨ ਪ੍ਰਤੀ ਪਹੁੰਚ ਤੇ ਹੀ ਨਿਰਭਰ ਕਰਦਾ ਹੈ । ਇਸੇ ਕਾਰਨ ਕੁਝ ਲੋਕ ਜਵਾਨੀ ਵਿਚ ਹੀ ਬੁੱਢਿਆਂ ਵਾਂਗ ਵਿਚਰਨ ਲੱਗ ਪੈਂਦੇ ਹਨ ਅਤੇ ਕੁਝ ਛੋਟੀ ਉਮਰ ਵਿਚ ਹੀ ਵੱਡੀ ਸੋਚ ਅਤੇ ਮਹਾਨ ਕਾਰਨਾਮਿਆਂ ਸਦਕਾ ਬਜ਼ੁਰਗ ਅਥਵਾ ਬਾਬੇ ਦੀ ਉ੍ਯੱਚੀ ਉਪਾਧੀ ਪਾ ਲੈਂਦੇ ਹਨ । ਇਸ ਦੇ ਉਲਟ, ਕੁਝ ਲੋਕ ਵੱਡੇ ਹੋ ਕੇ ਵੀ ਵੱਡੇ ਨਹੀਂ ਹੁੰਦੇ ਅਤੇ ਕੱਚੀਆਂ-ਪਿੱਲੀਆਂ ਗੱਲਾਂ ਕਰਦੇ ਰਹਿੰਦੇ ਹਨ । ਸੋ ਬਜ਼ੁਰਗੀ ਦਾ ਸਬੰਧ ਇਲਮ ਅਤੇ ਅਕਲ ਨਾਲ ਹੈ, ਉਮਰ ਨਾਲ ਨਹੀਂ ਜਿਵੇਂ ਕਿ ਫਾਰਸੀ ਦੇ ਇਸ ਸ਼ਿਆਰ ਤੋਂ ਵੀ ਸਪਸ਼ਟ ਹੁੰਦਾ ਹੈ : ਬਜ਼ੁਰਗੀ ਬ ਅਕਲ ਅਸਤ ਨਾ ਬ ਸਾਲ, ਤਵਾਂਗਰੀ ਬ ਦਿਲ ਅਸਤ ਨਾ ਬ ਮਾਲ । ਅਰਥਾਤ, ਬਜ਼ੁਰਗੀ ਦਾ ਸਬੰਧ ਅਕਲ ਨਾਲ ਹੈ, ਸਾਲਾਂ ਨਾਲ ਨਹੀਂ ਜਿਵੇਂ ਕਿ ਅਮੀਰੀ ਦਾ ਸਬੰਧ ਦਿਲ ਨਾਲ ਹੈ, ਮਾਲ ਨਾਲ ਨਹੀਂ । ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪੇ ਗਏ ਬਾਬਾ ਬੁੱਢਾ ਜੀ ਨੇ ਆਪਣੀ ਸਿਆਣਪ, ਦੂਰ-ਅੰਦੇਸ਼ੀ, ਧਾਰਮਿਕ ਬਿਰਤੀ ਅਤੇ ਲਗਨ ਸਦਕਾ ਬਜ਼ੁਰਗੀ ਦਾ ਰੁਤਬਾ ਆਪਣੇ ਬਚਪਨ ਵਿਚ ਹੀ ਪ੍ਰਾਪਤ ਕਰ ਲਿਆ ਸੀ। ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋ ਸਾਹਿਬਜ਼ਾਦਿਆਂ ਦੇ ਨਾਵਾਂ ਅੱਗੇ ਅਸੀਂ ਬਾਬਾ ਸ਼ਬਦ ਦੀ ਵਰਤੋਂ ਕਰਦੇ ਹਾਂ ਕਿਉਂਕਿ ਭਾਵੇਂ ਉਮਰ ਪੱਖੋਂ ਹਾਲੇ ਉਹ ਬਹੁਤ ਛੋਟੇ ਸਨ ਪਰ ਉਨ੍ਹਾਂ ਨੇ ਕਾਰਨਾਮੇ ਅਜਿਹੇ ਵਿਲੱਖਣ ਕਰ ਦਿਖਾਏ ਸਨ ਜੋ ਵੱਡਿਆਂ-ਵੱਡਿਆਂ ਦੇ ਲੂੰ-ਕੰਡੇ ਖੜ੍ਹੇ ਕਰ ਦਿੰਦੇ ਹਨ। ਅਸਲ ਵਿੱਚ ‘ਬਾਬਾ’ ਫਾਰਸੀ ਦਾ ਸ਼ਬਦ ਹੈ ਜਿਸ ਦਾ ਭਾਵ ਬਜ਼ੁਰਗ ਜਾਂ ਵੱਡਾ ਹੋਣ ਦੇ ਨਾਲ-ਨਾਲ ਮਹਾਨ ਵੀ ਹੁੰਦਾ ਹੈ। ਸੋ, ਬਾਬਾ ਕਹਾਈ ਤਾਂ ਭਾਵੇਂ ਹਰ ਕੋਈ ਜਾਵੇ ਪਰ ਸੱਚਮੁੱਚ ਬਾਬੇ ਬਣਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ।
ਸਭਿਅਤ ਸਮਾਜ ਅਤੇ ਸੂਝਵਾਨ ਪਰਿਵਾਰ ਬਜ਼ੁਰਗਾਂ ਨੂੰ ਆਪਣੀ ਸ਼ਾਨ ਅਤੇ ਬਹੁਮੁੱਲਾ ਸਰਮਾਇਆ ਸਮਝਦੇ ਹੋਏ ਉਨ੍ਹਾਂ ਦੀ ਦੇਖਭਾਲ ਨੂੰ ਸਰਵਉ੍ਯੱਚ ਪ੍ਰਾਥਮਿਕਤਾ ਦਿੰਦੇ ਹਨ। ਬਜ਼ੁਰਗ ਜਿਥੇ ਸਮਾਜ ਨੂੰ ਸੇਧ ਅਤੇ ਸਥਿਰਤਾ ਪ੍ਰਦਾਨ ਕਰਦੇ ਹਨ ਉਥੇ ਆਪਣੀ ਸੂਝ-ਬੂਝ ਰਾਹੀਂ ਪਰਿਵਾਰਕ ਸ਼ਾਂਤੀ ਬਰਕਰਾਰ ਰੱਖਣ ਵਿਚ ਵੀ ਸਹਾਈ ਹੁੰਦੇ ਹਨ। ਘਰ ਵਿਚ ਬੈਠਾ ਬਜ਼ੁਰਗ, ਭਾਵੇਂ ਉਹ ਮਾਤਾ-ਪਿਤਾ ਦੇ ਰੂਪ ਵਿਚ ਹੋਵੇ, ਸੱਸ-ਸਹੁਰੇ ਦੇ ਰੂਪ ਵਿਚ ਹੋਵੇ, ਭਾਵੇਂ ਦਾਦਾ-ਦਾਦੀ, ਨਾਨਾ-ਨਾਨੀ ਜਾਂ ਕਿਸੇ ਵੀ ਹੋਰ ਰੂਪ ਵਿਚ ਹੋਵੇ, ਘਰ ਦੀ ਛੱਤ ਵਾਂਗ ਹੁੰਦਾ ਹੈ । ਉਸ ਦਾ ਅਸਤਿਤਵ ਕਿਸੇ ਪਾਕ-ਪਵਿੱਤਰ ਸਥਾਨ ਤੇ ਚਾਨਣ ਵੰਡ ਰਹੀ ਦੁੱਧ ਚਿੱਟੀ ਮੋਮਬੱਤੀ ਵਰਗਾ ਹੁੰਦਾ ਹੈ। ਸਮੁੱਚੇ ਪਰਿਵਾਰ ਲਈ ਸਕੂਨ ਅਤੇ ਸੁਰੱਖਿਆ ਦਾ ਅਹਿਸਾਸ : ਨਿੱਘਾ-ਨਿੱਘਾ, ਠੰਢਾ-ਠੰਢਾ । ਬੱਚਿਆਂ ਲਈ ਤਾਂ ਦਾਦੇ-ਦਾਦੀ ਤੋਂ ਵਧੀਆ ਹੋਰ ਕੋਈ ਮਿੱਤਰ ਹੋ ਹੀ ਨਹੀਂ ਸਕਦੇ । ਬਜ਼ੁਰਗਾਂ ਦਾ ਮਾਨ-ਸਨਮਾਨ ਸਭ ਤੋਂ ਵਧੀਆ ਪੂਜਾ, ਉਨ੍ਹਾਂ ਦੀ ਸੇਵਾ-ਸੰਭਾਲ ਸਭ ਤੋਂ ਵੱਡਾ ਤੀਰਥ ਅਤੇ ਉਨ੍ਹਾਂ ਦਾ ਅਸ਼ੀਰਵਾਦ ਰੱਬੀ ਰਹਿਮਤ ਮੰਨੇ ਜਾਂਦੇ ਹਨ । ਉਨ੍ਹਾਂ ਨੇ ਆਪਣੇ ਜੀਵਨ ਵਿਚ ਸਾਰੇ ਰੰਗ ਦੇਖੇ ਹੁੰਦੇ ਹਨ, ਦੁੱਖ-ਸੁੱਖ ਆਪਣੇ ਪਿੰਡੇ ਉ੍ਯੱਪਰ ਹੰਢਾਏ ਹੁੰਦੇ ਹਨ, ਨਫ਼ੇ-ਨੁਕਸਾਨ ਝੱਲੇ ਹੁੰਦੇ ਹਨ ਅਤੇ ਖੁਸ਼ੀਆਂ-ਗ਼ਮੀਆਂ ਸਹਿਣ ਕੀਤੀਆਂ ਹੁੰਦੀਆਂ ਹਨ। ਇਸ ਅਸੀਮ ਅਨੁਭਵ ਕਾਰਨ ਹੀ ਉਨ੍ਹਾਂ ਦੀ ਹਰ ਸਲਾਹ ਵਧੇਰੇ ਵਜ਼ਨਦਾਰ ਅਤੇ ਵਿਵਹਾਰਕ ਹੁੰਦੀ ਹੈ ਅਤੇ ਉਨ੍ਹਾਂ ਦਾ ਕੋਈ ਵੀ ਸੁਝਾਅ ਸੁੱਟ ਪਾਉਣ ਵਾਲਾ ਨਹੀਂ ਹੁੰਦਾ। ਕਿੰਨੀ ਖੁਸ਼ਨਸੀਬ ਹੁੰਦੀ ਹੈ ਉਹ ਸੱਸ ਜਿਸ ਦੀ ਨੂੰਹ ਕਹਿੰਦੀ ਹੋਵੇ, ਠਮੇਰੀ ਸੱਸ ਮੈਨੂੰ ਲੱਗੇ ਮੇਰੀ ਮਾਂ ਵਰਗੀੂ ਅਤੇ ਕਿੰਨੀ ਖੁਸ਼ਨਸੀਬ ਹੁੰਦੀ ਹੈ ਉਹ ਨੂੰਹ ਜਿਸ ਦੀ ਸੱਸ ਕਹਿੰਦੀ ਹੋਵੇ, ਠਲੱਗੇਂ ਜਾਨ ਤੋਂ ਪਿਆਰੀ, ਰਾਣੀਏਂ ਨੂੰਹੇਂ ਨੀ।ੂ
ਕਿਤਨੇ ਦੁੱਖ ਦੀ ਗੱਲ ਹੈ ਕਿ ਅੱਜ ਦੇ ਇਸ ਪਦਾਰਥਵਾਦੀ ਅਤੇ ਤੇਜ਼-ਰਫ਼ਤਾਰੀ ਯੁੱਗ ਵਿਚ ਬਜ਼ੁਰਗਾਂ ਪ੍ਰਤੀ ਨਾ ਕੇਵਲ ਅਣਗਹਿਲੀ ਵਰਤੀ ਜਾ ਰਹੀ ਹੈ ਸਗੋਂ ਉਨ੍ਹਾਂ ਨੂੰ ਕੂੜ-ਕਬਾੜ ਸਮਝ ਕੇ ਰੋਲ਼ਿਆ ਜਾ ਰਿਹਾ ਹੈ । ਇਹ ਸੋਚਣ ਦੀ ਖੇਚਲ ਹੀ ਨਹੀਂ ਕੀਤੀ ਜਾਂਦੀ ਕਿ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ ਅਤੇ ਜਿਨ੍ਹਾਂ ਨੇ ਸਾਡੀ ਦੇਖ-ਭਾਲ ਕੀਤੀ ਹੈ ਉਨ੍ਹਾਂ ਦੀ ਦੇਖ-ਭਾਲ ਕੌਣ ਕਰੇਗਾ? ਪੀੜ੍ਹੀ-ਪਾੜੇ ਦੀ ਆੜ ਵਿਚ ਉਨ੍ਹਾਂ ਦੀਆਂ ਉਸਾਰੂ ਅਤੇ ਨੇਕ ਸਲਾਹਾਂ ਵੀ ਅਣਸੁਣੀਆਂ ਕਰ ਦਿੱਤੀਆਂ ਜਾਂਦੀਆਂ ਹਨ । ਲਾਲਚ ਅਤੇ ਸਵਾਰਥ ਵੱਸ ਹੋ ਕੇ ਬੱਚੇ ਉਨ੍ਹਾਂ ਦੀ ਜਾਇਦਾਦ ਤਾਂ ਜਲਦੀ ਤੋਂ ਜਲਦੀ ਪ੍ਰਾਪਤ ਕਰਨੀ ਚਾਹੁੰਦੇ ਹਨ ਪਰ ਉਨ੍ਹਾਂ ਦੀ ਸੇਵਾ-ਸੰਭਾਲ ਤੋਂ ਕੰਨੀਂ ਕਤਰਾਉਂਦੇ ਹਨ । ਹੋਰ ਤਾਂ ਹੋਰ, ਉਹ ਬਜ਼ੁਰਗਾਂ ਪਾਸ ਬੈਠ ਕੇ ਉਨ੍ਹਾਂ ਦੇ ਦੁੱਖ-ਸੁੱਖ ਸੁਣਨ ਲਈ ਵੀ ਸਮਾਂ ਨਹੀਂ ਕੱਢ ਸਕਦੇ । ਅਥਾਹ ਲਾਡ-ਪਿਆਰ ਅਤੇ ਮੁਸ਼ਕਲਾਂ ਨਾਲ ਪਾਲ਼ੇ ਆਪਣੇ ਹੀ ਬੱਚੇ ਉਨ੍ਹਾਂ ਨਾਲ ਬੇਗਾਨਿਆਂ ਵਾਂਗ ਵਰਤਾਓ ਕਰਦੇ ਹਨ । ਕੁਝ ਖਹਿੜਾ ਛੁਡਾਉਣ ਲਈ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿਚ ਭੇਜ ਦਿੰਦੇ ਹਨ ਜਾਂ ਕਿਸੇ ਹੋਰ ਦੇ ਦਰ ਤੇ ਰੁਲਣ ਲਈ ਮਜ਼ਬੂਰ ਕਰ ਦਿੰਦੇ ਹਨ । ਸ਼ਾਇਦ ਉਹ ਇਹ ਭੁੱਲ ਜਾਂਦੇ ਹਨ ਕਿ ਇਕ ਦਿਨ ਉਹ ਵੀ ਬੁੱਢੇ ਹੋਣਗੇ ਅਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲ ਵੀ ਅਜਿਹਾ ਵਿਵਹਾਰ ਕਰ ਸਕਦੇ ਹਨ । ਧ੍ਰਿਗ ਹਨ ਅਜਿਹੇ ਬੱਚੇ ਅਤੇ ਲਾਹਨਤ ਹੈ ਅਜਿਹੀ ਔਲਾਦ ’ਤੇ।
ਇਹ ਸਮਝ ਲੈਣਾ ਜਰੂਰੀ ਹੈ ਕਿ ਜਿਨ੍ਹਾਂ ਘਰਾਂ ਵਿਚ ਬਜ਼ੁਰਗਾਂ ਦਾ ਨਿਰਾਦਰ ਕੀਤਾ ਜਾਂਦਾ ਹੈ ਉਹ ਤਹਿਜ਼ੀਬ ਅਤੇ ਮਾਣ-ਮਰਿਆਦਾ ਤੋਂ ਸੱਖਣੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਸੁਫਨੇ ਵਿਚ ਵੀ ਸੁੱਖ-ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੇ । ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜਿਸ ਘਰ ਵਿਚ ਬਜ਼ੁਰਗਾਂ ਦਾ ਸਤਿਕਾਰ ਨਹੀਂ, ਉਥੇ ਜਵਾਨੀ ਨੂੰ ਵੀ ਜਿਊਣ ਦਾ ਅਧਿਕਾਰ ਨਹੀਂ । ਕਈ ਵਾਰ ਵੱਡੀ ਉਮਰ ਜਾਂ ਕਿਸੇ ਸਰੀਰਕ ਅਤੇ ਮਾਨਸਿਕ ਪੀੜਾ ਕਾਰਨ ਬਜ਼ੁਰਗ ਚਿੜਚਿੜੇ ਹੋ ਜਾਂਦੇ ਹਨ ਜਾਂ ਛੋਟੇ ਬੱਚਿਆਂ ਵਾਂਗ ਵਿਵਹਾਰ ਕਰਨ ਲੱਗ ਪੈਂਦੇ ਹਨ। ਇਹ ਉਨ੍ਹਾਂ ਦੀ ਮਜਬੂਰੀ ਹੁੰਦੀ ਹੈ, ਮਸਤੇਵਾਂ ਨਹੀਂ ਹੁੰਦਾ । ਅਜਿਹੀ ਹਾਲਤ ਵਿਚ ਬੱਚਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਧੀਰਜ ਅਤੇ ਸਹਿਣਸ਼ੀਲਤਾ ਤੋਂ ਕੰਮ ਲੈਂਦੇ ਹੋਏ ਉਨ੍ਹਾਂ ਨੂੰ ਖੁਸ਼ ਅਤੇ ਸੰਤੁਸ਼ਟ ਰੱਖਣ ਦਾ ਯਤਨ ਕਰਨ । ਮਨੋਵਿਗਿਆਨੀ ਦੱਸਦੇ ਹਨ ਕਿ ਇਕ ਬਜ਼ੁਰਗ ਨੂੰ ਸਭ ਤੋਂ ਵੱਧ ਖੁਸ਼ੀ ਉਸ ਸਮੇਂ ਮਹਿਸੂਸ ਹੁੰਦੀ ਹੈ ਜਦ ਉਸ ਦਾ ਪਰਿਵਾਰ ਉਸ ਨਾਲ ਖੁੱਲ੍ਹ ਕੇ ਗੱਲਾਂ ਕਰਦਾ ਹੈ । ਇਕ ਗੱਲ ਹੋਰ : ਜਦ ਅਸੀਂ ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਕੇਵਲ ਆਪਣੇ ਪਰਿਵਾਰ ਦੇ ਬਜ਼ੁਰਗਾਂ ਦੀ ਹੀ ਗੱਲ ਨਹੀਂ ਕਰਦੇ ਸਗੋਂ ਉਨ੍ਹਾਂ ਸਾਰੇ ਬਜ਼ੁਰਗਾਂ ਦੀ ਵੀ ਗੱਲ ਕਰਦੇ ਹਾਂ ਜਿਨ੍ਹਾਂ ਨਾਲ ਸਮਾਜ ਵਿਚ ਵਿਚਰਦੇ ਹੋਏ ਸਾਡਾ ਵਾਹ-ਵਾਸਤਾ ਪੈਂਦਾ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣਾ ਸਾਡਾ ਮੁਢਲਾ ਫਰਜ਼ ਹੁੰਦਾ ਹੈ ।
ਇਕ ਸੁਨੇਹਾ ਬਜ਼ੁਰਗਾਂ ਲਈ ਵੀ ਹੈ। ਜੇਕਰ ਉਹ ਰਾਮ ਅਤੇ ਸਰਵਣ ਵਰਗੇ ਆਗਿਆਕਾਰੀ ਅਤੇ ਸੇਵਾਦਾਰ ਪੁੱਤਰ ਅਤੇ ਸੀਤਾ/ਸਵਿੱਤਰੀ ਵਰਗੀਆਂ ਧੀਆਂ ਅਤੇ ਨੂੰਹਾਂ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਆਦਰਸ਼ ਸੋਚ ਅਤੇ ਵਿਵਹਾਰ ਦੇ ਧਾਰਨੀ ਬਣਨਾ ਪਵੇਗਾ ਕਿਉਂਕਿ ਤਾੜੀ ਇਕ ਹੱਥ ਨਾਲ ਨਹੀਂ ਵੱਜ ਸਕਦੀ । ਆਪਣੀ ਔਲਾਦ ਤੋਂ ਨਾਵਾਜਬ ਆਸਾਂ ਰੱਖਣ ਵਾਲੇ, ਗੱਲ ਗੱਲ ਤੇ ਝਗੜਾ ਕਰਨ ਵਾਲੇ, ਬੇਲੋੜੀ ਟੋਕਾ-ਟਾਕੀ ਅਤੇ ਦਖਲ-ਅੰਦਾਜ਼ੀ ਕਰਨ ਵਾਲੇ, ਬੱਚਿਆਂ ਦੀ ਮੌਜ ਮਸਤੀ ਤੇ ਸਾੜਾ ਕਰਨ ਵਾਲੇ ਅਤੇ ਹਰ ਸਮੇ ਖਿਝੇ ਤੇ ਚਿੜੇ ਰਹਿਣ ਵਾਲੇ ਵਿਅਕਤੀ ਨਾ ਕੇਵਲ ਆਪਣਾ ਸਨਮਾਨ ਘਟਾਉਂਦੇ ਹਨ ਸਗੋਂ ਪਰਿਵਾਰਕ ਸ਼ਾਂਤੀ ਨੂੰ ਵੀ ਭੰਗ ਕਰਦੇ ਹਨ। ਕੁਝ ਵਿਅਕਤੀ ਆਪਣੀ ਅਕਲ ਅਤੇ ਪ੍ਰਾਪਤੀਆਂ ਨੂੰ ਤਾਂ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ ਪ੍ਰੰਤੂ ਆਪਣੇ ਬੱਚਿਆਂ-ਬੱਚੀਆਂ ਦੀ ਅਕਲ ਅਤੇ ਪ੍ਰਾਪਤੀਆਂ ਨੂੰ ਨਿਗੂਣਾ ਸਮਝਦੇ ਹਨ ਜਿਸ ਨੂੰ ਬੱਚੇ ਕਦਾਚਿਤ ਪਸੰਦ ਨਹੀਂ ਕਰਦੇ । ਜਵਾਨ ਪੁੱਤਾਂ-ਧੀਆਂ ਦੀ ਆਪਣੀ ਸੁਤੰਤਰ ਸੋਚ ਅਤੇ ਕਾਰਜ ਸ਼ੈਲੀ ਹੁੰਦੀ ਹੈ । ਉਨ੍ਹਾਂ ਦੀਆਂ ਆਪਣੀਆਂ ਸਮਰਥਾਵਾਂ ਅਤੇ ਸੀਮਾਵਾਂ ਹੁੰਦੀਆਂ ਹਨ । ਉਹ ਹਰ ਹੀਲੇ ਆਪਣੇ ਬਾਹੂ-ਬਲ ਅਤੇ ਬੁੱਧੀ ਦੀ ਅਜ਼ਮਾਇਸ਼ ਕਰਨੀ ਚਾਹੁੰਦੇ ਹਨ । ਬੇਲੋੜਾ ਦਖਲ ਅਤੇ ਟੋਕਾ-ਟਾਕੀ ਉਨ੍ਹਾਂ ਦੀ ਸੁਤੰਤਰਤਾ ਅਤੇ ਸਵੈਮਾਨ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹਨ । ਸੋ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਪੰਜਾਬੀ ਦੀ ਇਕ ਬਹੁਤ ਪ੍ਰਸਿੱਧ ਕਹਾਵਤ ਹੈ – ਆਪਣੇ ਪਹਿਰੇ ਜਾਗੀਏ ਤੇ ਦੂਜੇ ਰਹੀਏ ਸੌਂ । ਕਿਤਨਾ ਚੰਗਾ ਹੋਵੇ ਜੇਕਰ ਸਾਰੇ ਬਜ਼ੁਰਗ ਇਸ ਕਹਾਵਤ ਉ੍ਯੱਪਰ ਅਮਲ ਕਰਦੇ ਹੋਏ ਸਹੀ ਅਰਥਾਂ ਵਿਚ ਬਜ਼ੁਰਗ ਬਣ ਕੇ ਬਜ਼ੁਰਗੀ ਦੀ ਲੱਜ਼ਤ ਲੈਣ ਅਤੇ ਲੁਤਫ਼ ਮਾਣਨ । ਆਪ ਵੀ ਮਸਤ ਅਤੇ ਪਰਿਵਾਰ ਵਾਲੇ ਵੀ ਬਾਗ਼ੋ-ਬਾਗ਼।