ਪੰਜਾਬ ਪੁਲਿਸ ਵੱਲੋਂ ਆਮ ਲੋਕਾਂ ਖਾਸ ਕਰਕੇ ਔਰਤਾਂ ਪ੍ਰਤੀ ਵਤੀਰਾ ਬਹੁਤ ਬੇਦਰਦੀ ਵਾਲਾ ਹੈ। ਬਾਰ-ਬਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਾਜ਼ਾ ਘਟਨਾ ਬਹੁਤ ਹੀ ਨਿੰਦਣਯੋਗ ਹੈ। ਪੰਜਾਬ ਪੁਲਿਸ ਦੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਥਾਣਾ ਕੱਥੂਨੰਗਲ ਦੇ ਪਿੰਡ ਸ਼ਹਿਜ਼ਾਦਾ ਦੀ ਵਸਨੀਕ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨਾਲ ਬਹੁਤ ਜ਼ਾਲਮਾਨਾ ਵਿਵਹਾਰ ਕੀਤਾ ਗਿਆ ਹੈ। ਉਸ ਨੂੰ ਪਹਿਲਾਂ ਪੁਲਿਸ ਜੀਪ ਉਪਰ ਬੰਨ੍ਹ ਕੇ ਪਿੰਡ ਵਿੱਚ ਘੁਮਾ ਕੇ ਜ਼ਲੀਲ ਕੀਤਾ ਗਿਆ। ਇਸ ਮਗਰੋਂ ਪਿੰਡ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਚਵਿੰਡਾ ਦੇਵੀ ਬਾਈਪਾਸ ਮੋੜ ’ਤੇ ਉਸ ਨੂੰ ਜੀਪ ਤੋਂ ਹੇਠਾਂ ਸੁਟ ਦਿਤਾ ਗਿਆ।ਮਹਿਲਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ ਹੈ ਅਤੇ ਇਸ ਸਮੇਂ ਮਜੀਠਾ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਹ ਸਾਰੀ ਘਟਨਾ ਰਾਹ ’ਚ ਲਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁਕੀ ਹੈ। ਇਹ ਘਟਨਾ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਸੰਸਾਰ ਭਰ ਵਿੱਚ ਪ੍ਰਸਾਰਿਤ ਹੋ ਚੁੱਕੀ ਹੈ। ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਹੈ। ਪੀੜਤ ਔਰਤ ਨੇ ਇਨਸਾਫ ਲਈ ਭੁੱਖ ਹੜਤਾਲ ਅਤੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਲੰਘੀ 22 ਸਤੰਬਰ ਨੂੰ ਅੰਮ੍ਰਿਤਸਰ ਕਰਾਈਮ ਵਿੰਗ ਦੀ ਪੁਲਿਸ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਨ ਲਈ ਘਰ ਵਿਚ ਦਾਖ਼ਲ ਹੋਈ ਸੀ, ਜਿਸ ’ਤੇ ਉਸ ਨੇ ਪਰਿਵਾਰ ਸਮੇਤ ਵਿਰੋਧ ਕੀਤਾ ਤਾਂ ਪੁਲਿਸ ਅਧਿਕਾਰੀਆਂ ਨੇ ਉਸ ਦੀ ਕੁਟਮਾਰ ਕੀਤੀ ਸੀ। ਉਸ ਦਾ ਪਤੀ ਜਦੋਂ ਘਰ ਨਾ ਮਿਲਿਆ ਤਾਂ ਪੁਲੀਸ ਨੇ ਜਸਵਿੰਦਰ ਕੌਰ ਨੂੰ ਜੀਪ ਦੀ ਛਤ ’ਤੇ ਸੁਟ ਲਿਆ। ਇਸ ਘਟਨਾ ਦੇ ਵੇਰਵੇ ਬਹੁਤ ਹੀ ਖਤਰਨਾਕ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਦਾ ਵਤੀਰਾ ਲੋਕਾਂ ਪ੍ਰਤੀ ਕਿੰਨਾ ਜ਼ਾਲਮਾਨਾ ਅਤੇ ਅਸੰਵੇਦਨਸ਼ੀਲ ਹੈ। ਇਹ ਵੀ ਬੇਹਦ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਇਸ ਘਟਨਾ ਦਾ ਕੋਈ ਨੋਟਿਸ ਨਹੀਂ ਲਿਆ ਗਿਆ। ਨਾ ਹੀ ਸਬੰਧਤ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਇਹ ਵਤੀਰਾ ਨਿੰਦਣਯੋਗ ਹੈ। ਪੁਲਿਸ ਆਮ ਲੋਕਾਂ ਦੀ ਰਖਵਾਲੀ ਲਈ ਹੈ। ਨਿਰਦੋਸ਼ ਨਾਗਰਿਕਾਂ ’ਤੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਅਤੇ ਜ਼ਿਆਦਤੀ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਇਸ ਘਟਨਾ ਵਿੱਚ ਸ਼ਾਮਿਲ ਸਾਰੇ ਪੁਲਿਸ ਵਾਲਿਆਂ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਨੂੰ ਲੋਕ ਪੱਖੀ ਬਣਾਉਣ ਲਈ ਵੀ ਨਵੇਂ ਸਿਰੇ ਤੋਂ ਯਤਨ ਆਰੰਭੇ ਜਾਣੇ ਚਾਹੀਦੇ ਹਨ। ਘੱਟੋ-ਘੱਟ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਤਾਂ ਪੁਲਿਸ ਨੂੰ ਵਧੇਰੇ ਮਾਨਵੀ ਪਹੁੰਚ ਅਪਨਾਉਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ