May 4, 2026 7:09 am

ਕਾਂਗਰਸ ਦੀ ਪ੍ਰੀਸ਼ਦ ਚੋਣਾਂ ’ਚ ਜਿੱਤ

ਪੰਜਾਬ ਵਿਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿਚ ਹੁਕਮਰਾਨ ਕਾਂਗਰਸ ਨੂੰ ਹੂੰਝਾਫੇਰੂ ਜਿਤ ਹਾਸਿਲ ਹੋਈ ਹੈ।ਸੂਬੇ ਦੀਆਂ ਸਾਰੀਆਂ 22 ਜ਼ਿਲ੍ਹਾ ਪਰਿਸ਼ਦਾਂ ’ਤੇ ਕਾਂਗਰਸ ਜੇਤੂ ਰਹੀ ਹੈ। ਇਸੇ ਤਰ੍ਹਾਂ 150 ਪੰਚਾਇਤ ਸਮਿਤੀਆਂ ਵਿਚੋਂ ਵੀ 145 ਤੋਂ ਵਧ ’ਤੇ ਕਾਂਗਰਸ ਨੂੰ ਬਹੁਮਤ ਹਾਸਿਲ ਹੋਇਆ ਹੈ। 10 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਾਂਗਰਸ ਨੂੰ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਵਿੱਚ ਏਨੀ ਵੱਡੀ ਜਿੱਤ ਹਾਸਿਲ ਹੋਈ ਹੈ। ਇਨ੍ਹਾਂ ਚੋਣਾਂ ਵਿੱਚ ਪੰਜਾਬ ਦੀ ਪ੍ਰਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦਾਂ ਵਿੱਚ ਕੋਈ ਸੀਟ ਨਹੀਂ ਮਿਲੀ, ਜਦੋਂ ਕਿ ਕੁਝ ਕੁ ਸਮਿਤੀਆਂ ’ਚ ਉਸ ਦਾ ਮਹਿਜ਼ ਖਾਤਾ ਹੀ ਖੁਲ੍ਹ ਸਕਿਆ ਹੈ। ਪੰਜਾਬ ਵਿੱਚ 10 ਸਾਲਾਂ ਤੱਕ ਰਾਜ ਕਰਨ ਵਾਲੇ ਅਕਾਲੀ-ਭਾਜਪਾ ਗੱਠਜੋੜ ਨੂੰ ਇਨ੍ਹਾਂ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਕਾਲੀ ਦਲ ਅਤੇ ‘ਆਪ’ ਵੱਲੋਂ ਸਰਕਾਰ ਉਪਰ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਦੋਸ਼ ਲਾਏ ਜਾ ਰਹੇ ਹਨ। ਅਸਲ ਗੱਲ ਇਹ ਹੈ ਕਿ ਦੋਵੇਂ ਧਿਰਾਂ ਵੋਟਰਾਂ ਨੂੰ ਆਪਣੇ ਨਾਲ ਤੋਰਨ ਵਿੱਚ ਅਸਫਲ ਰਹੀਆਂ ਹਨ। ਇਨ੍ਹਾਂ ਚੋਣ ਨਤੀਜਿਆਂ ਨੇ ਇਹ ਦੱਸ ਦਿੱਤਾ ਹੈ ਕਿ ਸੂਬੇ ਦੇ ਵੱਡੀ ਗਿਣਤੀ ਵਿੱਚ ਵੋਟਰ ਹਾਲੇ ਵੀ ਕਾਂਗਰਸ ਨਾਲ ਖੜ੍ਹੇ ਹਨ। ਬਿਨਾ ਸ਼ੱਕ ਇਨ੍ਹਾਂ ਚੋਣ ਨਤੀਜਿਆਂ ਨਾਲ ਕਾਂਗਰਸ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਸਿਆਸੀ ਸਮਰਥਨ ਮਿਲਿਆ ਹੈ। ਚੋਣਾਂ ਦੇ ਇਹ ਰੁਝਾਨ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਜਾਰੀ ਰਹਿੰਦੇ ਹਨ ਤਦ ਪੰਜਾਬ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਵੱਡੀ ਜਿੱਤ ਮਿਲੇਗੀ। ਕਾਂਗਰਸ ਦੀ ਇਸ ਵੱਡੀ ਜਿੱਤ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜ਼ਾਰੀ ਉਪਰ ਵੀ ਇੱਕ ਵਾਰ ਫਿਰ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ ਹੈ। ਇਸ ਹਾਰ ’ਤੋਂ ਉਭਰਨ ਲਈ ਵਿਰੋਧੀ ਸਿਆਸੀ ਧਿਰਾਂ ਨੂੰ ਭਾਰੀ ਮੁਸ਼ੱਕਤ ਕਰਨੀ ਹੋਵੇਗੀ।
-ਬਲਜੀਤ ਸਿੰਘ ਬਰਾੜ

Send this to a friend