ਸੜਕ ਹਾਦਸਿਆਂ ਦਾ ਪ੍ਰਕੋਪ

ਪੰਜਾਬ ਵਿਚ ਸੜਕੀ ਹਾਦਸੇ ਲਗਾਤਾਰ ਵੱਧ ਰਹੇ ਹਨ। ਇਕ ਤਰ੍ਹਾਂ ਨਾਲ ਪੰਜਾਬ ਦੀਆਂ ਸੜਕਾਂ ਸਫਰ ਕਰਨ ਵਾਲਿਆਂ ਲਈ ਮੌਤ ਦਾ ਖੂਹ ਹੀ ਬਣ ਗਈਆਂ ਹਨ। ਇਹ ਸੜਕ ਹਾਦਸੇ ਜਰਨੈਲੀ ਸੜਕਾਂ ਦੇ ਨਾਲ-ਨਾਲ ਛੋਟੀਆਂ ਪੇਂਡੂ ਸੜਕਾਂ ਉਪਰ ਵੀ ਹੋ ਰਹੇ ਹਨ। ਵੱਡੇ-ਵੱਡੇ ਸੜਕ ਹਾਦਸੇ ਹੋਣ ਦੇ ਬਾਵਜੂਦ ਇਸ ਸਬੰਧ ਵਿਚ ਸਰਕਾਰ ਵੱਲੋਂ ਕੋਈ ਸੰਜੀਦਾ ਪਹਿਲਕਦਮੀ ਨਹੀਂ ਲਈ ਗਈ। ਸੜਕਾਂ ਦੀ ਗਲਤ ਬਣਤਰ ਤੇ ਮਾੜੀ ਹਾਲਤ, ਗੱਡੀਆਂ ਦਾ ਮਕੈਨੀਕਲ ਪੱਖੋਂ ਦਰੁਸਤ ਨਾ ਹੋਣਾ ਅਤੇ ਆਵਾਜਾਈ ਦੇ ਨਿਯਮਾਂ ਦੀ ਅਣਦੇਖੀ ਸੜਕ ਹਾਦਸਿਆਂ ਦੇ ਵੱਡੇ ਕਾਰਨ ਹਨ। ਪੰਜਾਬ ਅੰਦਰ ਹੁੰਦੇ ਸੜਕੀ ਹਾਦਸਿਆਂ ਦੀ ਗਿਣਤੀ ਤੇਜ਼ੀ ਨਾਲ ਵਧਣਾ ਬਹੁਤ ਹੀ ਚਿੰਤਾਜਨਕ ਹੈ। ਪ੍ਰਸ਼ਾਸਨ ਵੱਲੋਂ ਕੀਤੀ ਗਈ ਲਾਪ੍ਰਵਾਹੀ ਤੇ ਦਿੱਤੀ ਢਿੱਲ ਆਮ ਲੋਕਾਂ ਵੱਲੋਂ ਸਾਥ ਨਾ ਦੇਣ ਕਾਰਨ ਅੱਜ ਹਰ ਸ਼ਹਿਰ ਹਰ ਰੋਡ ’ਤੇ ਟ੍ਰੈਫਿਕ ਸਮੱਸਿਆ ਬਣੀ ਹੈ। ਢਿੱਲ ਤੇ ਲਾਪ੍ਰਵਾਹੀ ਕਾਰਨ ਰੋਜ਼ਾਨਾ ਪਰਿਵਾਰਾਂ ਦੇ ਪਰਿਵਾਰ ਇਨ੍ਹਾਂ ਹਾਦਸਿਆਂ ਦੀ ਭੇਟ ਚੜ੍ਹਦੇ ਹਨ ਅਤੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪੰਜਾਬ ਪੁਲਿਸ ਵਲੋਂ ਸੰਨ 2009 ਤੋਂ ਲੈ ਕੇ ਜੁਲਾਈ ਤੱਕ ਹੋਏ ਸੜਕੀ ਹਾਦਸਿਆਂ ਬਾਰੇ ਪ੍ਰਾਪਤ ਅੰਕੜਿਆਂ ਮੁਤਾਬਿਕ ਸਾਲ 2009 ਵਿਚ 6425 ਸੜਕੀ ਹਾਦਸੇ ਹੋਏ, ਮਰਨ ਵਾਲਿਆਂ ਦੀ ਗਿਣਤੀ 3622 ਅਤੇ 5674 ਵਿਅਕਤੀ ਜ਼ਖਮੀ ਹੋਏ। ਸਾਲ 2010 ਵਿਚ 6641 ਸੜਕੀ ਹਾਦਸੇ ਹੋਏ, ਮਰਨ ਵਾਲਿਆਂ ਦੀ ਗਿਣਤੀ 3424 ਅਤੇ 5854 ਵਿਅਕਤੀ ਜ਼ਖਮੀ ਹੋਏ। ਇਸੇ ਤਰ੍ਹਾਂ 2011 ਵਿਚ 5731 ਸੜਕੀ ਹਾਦਸੇ ਹੋਏ ਅਤੇ 3389 ਵਿਅਕਤੀ ਦੀ ਜਾਨ ਗਈ ਅਤੇ ਜ਼ਖਮੀਆਂ ਦੀ ਗਿਣਤੀ 5021 ਸੀ। 2012 ਵਿਚ 5253 ਸੜਕੀ ਹਾਦਸੇ ਹੋਏ, ਮਰਨ ਵਾਲਿਆਂ ਦੀ ਗਿਣਤੀ 3320 ਅਤੇ 4725 ਵਿਅਕਤੀ ਜ਼ਖਮੀ ਹੋਏ। 2013 ਵਿਚ ਜੁਲਾਈ ਮਹੀਨੇ ਤੱਕ 3027 ਸੜਕੀ ਹਾਦਸੇ ਹੋਏ ਅਤੇ 1876 ਵਿਅਕਤੀ ਮਰੇ ਅਤੇ 2461 ਵਿਅਕਤੀ ਜ਼ਖਮੀ ਹੋਏ। ਇਨ੍ਹਾਂ ਅੰਕੜਿਆਂ ਮੁਤਾਬਿਕ ਪੰਜਾਬ ਅੰਦਰ ਹਰ ਸਵਾ ਘੰਟੇ ਬਾਅਦ ਇਕ ਸੜਕ ਹਾਦਸਾ ਹੋ ਰਿਹਾ ਹੈ। ਹਰ ਪੌਣੇ ਦੋ ਘੰਟੇ ਬਾਅਦ  ਇਕ ਵਿਅਕਤੀ ਜ਼ਖਮੀ ਹੁੰਦਾ ਹੈ ਅਤੇ ਹਰ ਢਾਈ ਘੰਟੇ ਬਾਅਦ ਔਸਤ ਇਕ ਵਿਅਕਤੀ ਹਾਦਸਿਆਂ ਦੇ ਭੇਟ ਚੜ੍ਹਦਾ ਹੈ। ਪੁਲਿਸ ਦੇ ਅੰਕੜੇ ਸਰਕਾਰੀ ਦਸਤਾਵੇਜ਼ਾਂ ’ਤੇ ਅਧਾਰਤ ਹਨ। ਜਦੋਂ ਕਿ ਰਿਪੋਰਟ ਨਾ ਹੋਏ ਸੜਕ ਹਾਦਸਿਆਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ  ਹੈ। ਪੰਜਾਬ ਅੰਦਰ ਸੜਕੀ ਹਾਦਸਿਆਂ ਬਾਰੇ ਭਿਆਨਕ ਹਾਲਾਤ ਬਣੇ ਹੋਏ ਹਨ। ਪਰੰਤੂ ਇਨ੍ਹਾਂ ਹਾਲਾਤਾਂ ਨੂੰ ਬਦਲਣ ਲਈ ਸਿਆਸੀ ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਚਿੰਤਾ ਤੱਕ ਨਹੀਂ ਹੈ। ਟ੍ਰੈਫਿਕ ਪੁਲਿਸ ਵੀ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਾਅ ਰਹੀ। ਲੋਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਪ੍ਰਤੀ ਅਵੇਸਲਾਪਣ ਅਤੇ ਲਾਪਰਵਾਹੀ ਵੀ ਸੜਕ ਹਾਦਸਿਆਂ ਲਈ ਪ੍ਰਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਇਸ ਤਰ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਸਾਰੀਆਂ ਸਬੰਧਤ ਧਿਰਾਂ ਨੂੰ ਬਰਾਬਰ ਯੋਗਦਾਨ ਪਾਉਣਾ ਹੋਵੇਗਾ। ਸਿਆਸੀ ਪਾਰਟੀਆਂ ਨੂੰ ਵੀ ਇਸ ਸਬੰਧ ਵਿਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੜਕੀ ਆਵਾਜਾਈ ਨੂੰ ਦਰੁਸਤ ਕਰਨ ਲਈ ਕੋਈ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਸੜਕਾਂ ’ਤੇ ਹੋ ਰਹੇ ਹਾਦਸੇ ਮਨੁੱਖੀ ਦੁਖਾਂਤ ਦੇ ਨਾਲ-ਨਾਲ ਸੂਬੇ ਦੇ ਵਿਕਾਸ ਵਿਚ ਵੀ ਵੱਡਾ ਅੜਿੱਕਾ ਬਣ ਰਹੇ ਹਨ।
ਬਲਜੀਤ ਸਿੰਘ ਬਰਾੜ

Send this to a friend