April 30, 2026 9:56 am

ਸਵਰਨ ਵਿਰਕ ਤੇ ਸੁਖਮੀਤ ਸਮਾਘ ਵੱਲੋਂ ਸੁਨਿਹਰੀ ਜਿੱਤ ਨਾਲ ਮਾਨਸਾ ਜ਼ਿਲ੍ਹੇ ’ਚ ਖੁਸ਼ੀ ਦੀ ਲਹਿਰ

ਜ਼ਿਲ੍ਹਾ ਵਾਸੀਆਂ ਨੇ ਲੱਡੂਆਂ ਨਾਲ ਕੀਤੀ ਵਿਰਕ ਤੇ ਸਮਾਘ ਦੀ ਖੁਸ਼ੀ ’ਚ ਸ਼ਮੂਲੀਅਤ

ਤਹਿਸੀਲ ਸਰਦੂਲਗੜ੍ਹ ਦੇ ਪਿੰਡ ਦਲੇਲ ਵਾਲਾ ਦੇ ਸਵਰਨ ਸਿੰਘ ਵਿਰਕ ਅਤੇ ਤਹਿਸੀਲ ਮਾਨਸਾ ਦੇ ਪਿੰਡ ਕਿਸਨਗੜ੍ਹ ਫਰਵਾਹੀ ਦੇ ਸੁਖਮੀਤ ਸਮਾਘ ਵੱਲੋਂ ਜਕਾਰਤਾ ਵਿਖੇ ਚੱਲ ਰਹੀਆਂ ਏਸੀਆ ਖੇਡਾਂ ਵਿੱਚ ਰੋਇੰਗ(ਕਿਸਤੀ ਚਾਲਣ) ਦੋ ਕਿੱਲੋਮੀਟਰ ਵਿੱਚ ਸਾਂਝੇ ਰੂਪ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਮਾਨਸਾ ਜ਼ਿਲ੍ਹੇ ਸਮੇਤ ਪੂਰੇ ਭਾਰਤ ਦਾ ਮਾਣ ਵਧਾਇਆ ਹੈ। ਇਸ ਖੁਸ਼ੀ ਵਿੱਚ ਅੱਜ ਪੂਰਾ ਜ਼ਿਲ੍ਹਾ ਖੁਸ਼ੀ ਨਾਲ ਖੀਵਾ ਹੈ। ਕਿਤੇ ਲੱਡੂ ਵੰਡੇ ਜਾ ਰਹੇ ਹਨ ਅਤੇ ਕਿਤੇ ਦੋਵੇਂ ਖਿਡਾਰੀਆਂ ਦੇ ਘਰ ਵੱਡੀ ਗਿਣਤੀ ਵਧਾਈਆਂ ਦੇਣ ਵਾਲੇ ਪੁੱਜ ਰਹੇ ਹਨ। ਡਿਪਟੀ ਕਮਿਸ਼ਨਰ ਮਾਨਸਾ ਨੇ ਵੀ ਅੱਜ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਨਸਾ ਸੱਦ ਕੇ ਸਨਮਾਨਿਤ ਕੀਤਾ ਹੈ।
ਸਵਰਨ ਸਿੰਘ ਵਿਰਕ ਦੇ ਪਿਤਾ ਗੁਰਮੱਖ ਸਿੰਘ ਅਤੇ ਮਾਤਾ ਸੁਰਜੀਤ ਕੌਰ ਨੇ ਆਪਣੇ ਪੁੱਤ ਦੀ ਵੱਡੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ 2009 ’ਚ ਕਿਸ਼ਤੀ ਚਾਲਣ ਦੀ ਖੇਡ ਸ਼ਰੂ ਕਰਨ ਵਾਲਾ ਸਾਡਾ ਸਵਰਨ ਹੁਣ ਸੱਚ ਮੁੱਚ ਹੀ ਸੋਨਾ ਬਣ ਗਿਆ ਹੈ। ਪੁਲੀਸ ਵਿੱਚ ਮੁਲਾਜ਼ਮ ਸਵਰਨ ਸਿੰਘ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੈਡਲ ਜਿੱਤਣ ਬਾਅਦ ਮੇਰੀ ਜਕਾਰਤਾ ਵਿਖੇ ਸਵਰਨ ਸਿੰਘ ਨਾਲ ਦੋ ਵਾਰ ਗੱਲ ਹੋਈ ਹੈ ਉਹ ਬਹੁਤ ਖੁਸ਼ ਹੈ। ਦੂਸਰੇ ਪਾਸੇ ਕਿਸ਼ਨਗੜ੍ਹ ਫਰਵਾਹੀਂ ਪਿੰਡ ਦੇ ਸੁਖਮੀਤ ਸਿੰਘ ਸਮਾਘ ਦੇ ਪਿਤਾ ਸਰਦਾਰ ਅਮਰੀਕ ਸਿੰਘ ਮਾਤਾ ਕੁਲਵਿੰਦਰ ਕੌਰ ਨੇ ਆਪਣੇ ਪੁੱਤ ਦੀ ਸੁਨਹਿਰੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਜਿਆ ਚਾਰ ਸਾਲ ਪਹਿਲਾਂ ਫੌਜ਼ ਵਿੱਚ ਭਰਤੀ ਹੋਏ ਸੁਖਮੀਤ ਨੇ ਉਹ ਕਰ ਦਿੱਤਾ ਹੈ ਜੋ ਕੋਈ ਸਾਰੀ ਉਮਰ ਵਿੱਚ ਵੀ ਨਹੀਂ ਕਰ ਸਕਦਾ। ਸੁਖਮੀਤ ਦੇ ਬਜ਼ੁਰਗ ਦਾਦਾ ਲਾਲ ਸਿੰਘ ਅਤੇ ਦਾਦੀ ਗੁਰਦੇਵ ਕੌਰ ਨੇ ਦੱਸਿਆ ਸਾਡੇ ਤਿੰਨ ਮੁੰਡੇ ਫੌਜੀ ਹਨ। ਸੁਖਮੀਤ (24), ਇਹਦਾ ਭਰਾ ਮਨਦੀਪ ਸਿੰਘ(28) ਅਤੇ ਇਨ੍ਹਾਂ ਦਾ ਚਾਚਾ ਜਸਪਾਲ ਸਿੰਘ। ਸਾਨੂੰ ਫੌਜ਼ ਦੀ ਨੌਕਰੀ ਨੇ ਬਹੁਤ ਕੁੱਝ ਦਿੱਤਾ ਹੈ ਅਤੇ ਵੱਡੀ ਪ੍ਰਾਪਤੀ ਕਰਕੇ ਸੁਖਮੀਤ ਨੇ ਸਾਰੇ ਕਰਜ਼ ਉਤਾਰ ਦਿੱਤੇ ਹਨ।
ਵਿਰਕ ਅਤੇ ਸਮਘ ਦੇ ਮਾਪਿਆਂ ਨੇ ਕਿਹਾ ਇਹ ਬੱਚੇ ਇਕੱਲੇ ਸਾਡੇ ਨਹੀਂ ਹਨ ਇਹ ਸਾਰੇ ਦੇਸ਼ ਦੇ ਪੁੱਤਰ ਹਨ ਅਤੇ ਦੇਸ਼ ਲਈ ਹੀ ਜੀਅ ਜਾਨ ਲਾ ਰਹੇ ਹਨ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੋਵੇਂ ਖਿਡਾਰੀਆਂ ਦੇ ਮਾਪਿਆਂ ਦਾ ਸਨਮਾਨ ਕਰਨ ਉਪਰੰਤ ਕਿਹਾ ਕਿ ਇਹ ਪ੍ਰਾਪਤੀ ਸਮੁੱਚੇ ਜ਼ਿਲ੍ਹੇ ਲਈ ਵੱਡੇ ਮਾਣ ਵਾਲੀ ਗੱਲ ਹੈ।ਦੋਵੇਂ ਖਿਡਾਰੀਆਂ ਨੇ ਮਾਨਸਾ ਨੂੰ ਪੂਰੇ ਏਸੀਆ ’ਚ ਮਸ਼ਹੂਰ ਕਰ ਦਿੱਤਾ ਹੈ।ਜਦੋਂ ਜਕਾਰਤਾ ਵਿਖੇ ਸਵਰਨ ਸਿੰਘ ਨਾਲ ਫੋਨ ਰਾਹੀਂ ਗੱਲ ਕੀਤੀ ਤਾਂ ਉਸਨੇ ਕਿਹਾ ਮੇਰੇ ਸੁਨਹਿਰੀ ਸੁਪਨੇ ਦਾ ਪਹਿਲਾ ਪੜਾਅ ਸਰ ਹੋ ਗਿਆ ਹੈ। ਮੇਰਾ ਅਗਲਾ ਨਿਸ਼ਾਨਾ ਉਲੰਪਿਕ ਵਿੱਚ ਸੋਨਾ ਜਿੱਤਣਾ ਹੈ।ਸਵਰਨ ਵਿਰਕ ਅਤੇ ਸੁਖਮੀਤ ਸਮਾਘ ਦੀ ਪ੍ਰਾਪਤੀ ’ਤੇ ਮਾਨਸਾ ਨਾਲ ਸਬੰਧਿਤ ਅੰਰਰਾਸ਼ਟਰੀ ਖਿਡਾਰੀਆਂ ਹਰਭਜਨ ਸਿੰਘ ,ਸੁਖਚੈਨ ਸਿੰਘ ਭੁੱਲਰ , ਐਸ ਐਚ ਓ ਪਰਮਜੀਤ ਸਿੰਘ , ਕੈਪਟਨ ਗੁਲਜਾਰ ਸਿੰਘ,ਚੇਅਰਮੈਨ ਗੁਰਪ੍ਰੀਤ ਸਿੰਘ ਮਾਨ, ਮਲਕੀਤ ਸਿੰਘ ਸਮਾਓੁ ਜ਼ਿਲਾ ਪ੍ਰੀਸਿਦ ਮੈਂਬਰ ਸਮੇਤ ਵੱਡੀ ਗਿਣਤੀ ਖਿਡਾਰੀਆਂ ਅਤੇ ਖੇਡਾਂ ਨਾਲ ਮੋਹ ਰੱਖਣ ਵਾਲਿਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਵੱਡੀ ਪ੍ਰਾਪਤੀ ਕਿਹਾ ਹੈ।

Send this to a friend