April 30, 2026 8:45 am

ਸਿਆਸੀ ਛੱਤਰ ਛਾਇਆ ਹੇਠ ਕਾਰਵਾਈ ਜਾ ਰਹੀ ਨਜ਼ਾਇਜ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਬਣੀ ਖਤਰਾ

ਸਰਹੱਦੀ ਤਹਿਸੀਲ ਅਜਨਾਲਾ ਅੰਦਰ ਜਿੱਥੇ ਕਿਸੇ ਸਮੇਂ ਸੱਤਾਧਾਰੀ ਕਾਂਗਰਸੀ, ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਨਜ਼ਾਇਜ ਮਾਈਨਿੰਗ ਤਹਿਤ ਭੰਡਦੇ ਰਹੇ ਸਨ। ਪਰ ਉਥੇ ਹੁਣ ਸੱਤਾਧਾਰੀ ਕਾਂਗਰਸੀ ਖੁਦ ਪਾਬੰਦੀ ਦੇ ਬਾਵਜੂਦ ਮਾਈਨਿੰਗ ਐਕਟ ਦੀਆਂ ਨਾ ਕੇਵਲ ਧੱਜੀਆਂ ਉਡਾਉਂਦੀ ਨਜ਼ਰ ਆ ਰਹੀ ਹੈ ਸਗੋਂ ਪਾਕਿਸਤਾਨ ਸਰਹੱਦੀ ਇਲਾਕੇ ਨਾਲ ਵਹਿੰਦੇ ਰਾਵੀ ਦਰਿਆ ਦੇ ਆਸ-ਪਾਸ ਦੀ ਉਪਜਾਊ ਜ਼ਮੀਨ ਨੂੰ ਵੀ ਆਪਣੀ ਲਪੇਟ ’ਚ ਲੈਂਦੇ ਹੋਏ ਵੱਡੇ ਪੱਧਰ ਤੇ ਗੈਰ ਮੰਨਜ਼ੂਰਸ਼ੁਦਾ ਥਾਵਾਂ ਤੇ ਵੀ ਨਜ਼ਾਇਜ ਤੌਰ ਤੇ ਰੇਤਾ ਦੀ 30- 40 ਫੁੱਟ ਡੂੰਘਾਈ ਨਾਲ ਪੁਟਾਈ ਕਰਵਾ ਕੇ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਦਿੱਤਾ ਹੈ। ਜਿਸਦਾ ਮੁੱਖ ਕਾਰਨ ਬੀ.ਐਸ.ਐਫ. ਦੁਆਰਾ ਆਏ ਦਿਨ ਫੜੀਆਂ ਜਾਂਦੀਆਂ ਸੁਰੰਗਾਂ ਤੇ ਘੁਸਪੈਠੀਆਂ ਦੀ ਗ੍ਰਿਫਤਾਰੀ ਹੋਣਾ ਮੰਨਿਆ ਜਾ ਸਕਦਾ ਹੈ। ਜੋ ਕਿ ਇਹਨਾਂ 40 ਫੁੱਟ ਡੂੰਘਾਈ ਤੱਕ ਪੁੱਟੀਆਂ ’ਚ ਘੁਸਪੈਠੀਏ, ਸਮੱਗਲਰ ਤੇ ਦੇਸ਼ ਵਿਰੋਧੀ ਅਨਸਰ ਅਸਾਨੀ ਨਾਲ ਸਰਹੱਦ ਤੇ ਲੱਗੀਆਂ ਤਾਰਾਂ ਤੋਂ ਹੇਠਾਂ ਅਸਾਨੀ ਨਾਲ ਸੁਰੰਗਾਂ ਪੁੱਟ ਕੇ ਦੇਸ਼ ਲਈ ਖਤਰਾ ਬਣ ਸਕਦੇ ਹਨ ਪਰ ਖੂਫੀਆ ਏਜੰਸੀਆਂ ਵੀ ਕੁੰਭਕਰਨੀ ਨੀਂਦ ਸੁੱਤੀਆਂ ਨਜ਼ਰ ਆ ਰਹੀਆਂ ਹਨ। ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਸਰਹੱਦੀ ਖੇਤਰ ਬੱਲੜਵਾਲ, ਕੋਟ ਰਜ਼ਾਦਾ, ਚਾਹੜਪੁਰ, ਸਾਹੋਵਾਲ ਆਦਿ ਸਰਹੱਦੀ ਇਲਾਕੇ ’ਚ ਚੱਲ ਰਹੀ ਨਜ਼ਾਇਜ ਮਾਈਨਿੰਗ ਕਾਰਨ ਹੋ ਰਹੇ ਨੁਕਸਾਨ ਤੇ ਸਰਕਾਰੀ ਖਜ਼ਾਨੇ ਨੂੰ ਲੱਗ ਰਹੇ ਕਰੋੜਾਂ ਰੁਪਏ ਦੇ ਚੂਨੇ ਦਾ ਜਾਇਜਾ ਲਿਆ ਤਾਂ ਦੇਖਣ ’ਚ ਪਾਇਆ ਗਿਆ ਕਿ ਬੱਲੜਵਾਲ ਦੀ ਪਹਿਲਾਂ ਨਿਲਾਮ ਹੋਈ ਖੱਡ ਦੇ ਆਸ-ਪਾਸ ਕਰੀਬ 10 ਏਕੜ ਤੋਂ ਉਪਰ 40 ਫੁੱਟ ਦੇ ਕਰੀਬ ਰੇਤਾ ਦੀ ਕੀਤੀ ਗਈ ਪੁਟਾਈ ਤੇ ਚੱਲ ਰਹੀ ਨਜ਼ਾਇਜ ਮਾਈਨਿੰਗ ਦੀ ਪੱਤਰਕਾਰਾਂ ਨੇ ਕਵਰੇਜ ਕਰਨੀ ਸ਼ੁਰੂ ਕੀਤੀ ਤਾਂ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਉਥੇ ਕੁਝ ਮੌਜੂਦ ਲੋਕਾਂ ਨੇ ਪੱਤਰਕਾਰਾਂ ਨੂੰ ਨਾਂ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਇਸ ਇਲਾਕੇ ’ਚ ਜੋ ਵੀ ਨਜਾਇਜ਼ ਮਾਈਨਿੰਗ ਵਿਰੁੱਧ ਬੋਲਦਾ ਹੈ ਉਸ ਤੇ ਨਜ਼ਾਇਜ ਪਰਚੇ ਤੇ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆ ਜਾਂਦੀਆਂ ਹਨ। ਜਿਸ ਕਰਕੇ ਤੁਸੀਂ ਵੀ ਚੁੱਪ ਕਰਕੇ ਇੱਥੋਂ ਚਲਦੇ ਬਣੋ ਨਹੀਂ ਤਾਂ ਤੁਸੀਂ ਵੀ ਪੱਤਰਕਾਰੀ ਕਰਨ ਯੋਗ ਨਹੀਂ ਰਹੋਗੇ। ਇਸ ਸਥਿਤੀ ਨੂੰ ਭਾਂਪਦਿਆਂ ਪੱਤਰਕਾਰਾਂ ਵੱਲੋਂ ਸਭ ਤੋਂ ਪਹਿਲਾਂ ਮੌਕੇ ਤੇ ਸੱਦਣ ਲਈ ਐਸ.ਡੀ.ਐਮ. ਅਜਨਾਲਾ, ਡੀ.ਐਸ.ਪੀ. ਅਜਨਾਲਾ ਤੇ ਐਸ.ਐਚ.ਓ. ਅਜਨਾਲਾ ਨੂੰ ਕੀਤੇ ਫੋਨ ਨਾ ਚੁੱਕਣ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਡੀ.ਸੀ. ਕਮਲਦੀਪ ਸਿੰਘ ਸੰਘਾ ਤੇ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਨੂੰ ਫੋਨ ਤੇ ਵਿਗੜਦੀ ਸਥਿਤੀ ਤੇ ਹੋ ਰਹੀ ਨਜ਼ਾਇਜ ਮਾਈਨਿੰਗ ਬਾਰੇ ਦੱਸਿਆ ਤਾਂ ਉਹਨਾਂ ਵੱਲੋਂ ਘਟਨਾ ਸਥਾਨ ਤੇ ਡੀ.ਐਸ.ਪੀ. ਅਜਨਾਲਾ ਤੇ ਐਸ.ਐਚ. ਓ. ਅਜਨਾਲਾ ਨੂੰ ਭੇਜਿਆ। ਪਰ ਨਜ਼ਾਇਜ ਮਾਈਨਿੰਗ ਕਰ ਰਹੇ ਕਰਿੰਦਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਸਨ। ਕਿ ਪੁਲਸ ਅਧਿਕਾਰੀਆਂ ਦੇ ਸਾਹਮਣਿਓਂ ਕਈ ਰੇਤਾ ਦੀਆਂ ਭਰੀਆਂ ਟਰੈਕਟਰ- ਟਰਾਲੀਆਂ ਭਜਾ ਕੇ ਲੈ ਗਏ। ਜਦੋਂ ਇਸ ਸਬੰਧੀ ਡੀ.ਐਸ.ਪੀ. ਅਜਨਾਲਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਉਲਟ ਜਵਾਬ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਦੇ ਆਉਣ ਉਪਰੰਤ ਹੀ ਉਹ ਕਾਰਵਾਈ ਕਰਨਗੇ ਬਾਕੀ ਜੋ ਕਾਰਵਾਈ ਤੁਸੀਂ ਪੁੱਛਣੀ ਹੋਵੇ ਤਾਂ ਮੇਰੇ ਵਰਗੇ ਵੱਡੇ ਅਫਸਰ ਨੂੰ ਪੁੱਛਣ ਦੀ ਬਜਾਏ ਥਾਣੇ ਦੇ ਐਸ.ਐਚ.ਓ. ਨੂੰ ਪੁੱਛਿਆ ਕਰੋ। ਇਸ ਮੌਕੇ ਐਸ.ਐਚ.ਓ. ਅਜਨਾਲਾ ਨੇ ਪੱਤਰਕਾਰਾਂ ਦੀਆਂ ਫੋਟੋਆਂ ਖਿੱਚਣ ਉਪਰੰਤ ਕਿਹਾ ਕਿ ਠੇਕੇਦਾਰ ਅੰਮ੍ਰਿਤਪਾਲ ਕਹਿੰਦਾ ਹੈ ਕਿ ਇਹ ਰੇਤਾ ਵਾਲੀ ਖੱਡ 5 ਖ਼ ਕਿੱਲੇ ਜਾਇਜ਼ ਹੈ ਤੇ ਜਦੋਂ ਇਹ ਪੁੱਛਿਆ ਗਿਆ ਕਿ ਰੇਤਾ ਦੀ ਪੁਟਾਈ ਕਰੀਬ 6 ਫੁੱਟ ਡੂੰਘਾਈ ਤੱਕ ਹੀ ਕੀਤੀ ਜਾ ਸਕਦੀ ਹੈ ਅਤੇ ਇੱਥੋਂ ਦੀ ਖੱਡ ਕੇਵਲ 6 ਕਨਾਲਾਂ ਤੱਕ ਹੀ ਮੰਨਜ਼ੂਰ ਹੈ ਤਾਂ ਐਸ.ਐਚ.ਓ. ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਮੌਕੇ ਉਕਤ ਅਧਿਕਾਰੀਆਂ ਵੱਲੋਂ ਮੌਕੇ ਤੇ ਕਾਬੂ ਕੀਤੀਆਂ ਰੇਤਾ ਦੀਆਂ ਭਰੀਆਂ 3 ਟਰਾਲੀਆਂ ਥਾਣੇ ਲੈ ਕੇ ਜਾ ਰਹੇ ਹਾਂ। ਜਿਹਨਾਂ ਤੇ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ। ਇਸ ਉਪਰੰਤ ਪੱਤਰਕਾਰਾਂ ਵੱਲੋਂ ਉਕਤ ਅਧਿਕਾਰੀਆਂ ਨਾਲ ਦੇਰ ਰਾਤ ਤੱਕ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਉਡੀਕਦੇ ਰਹੇ ਪਰ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ। ਉਧਰ ਕੁਝ ਵਿਅਕਤੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪੁਲਸ ਵੱਲੋਂ ਨਜ਼ਾਇਜ ਮਾਈਨਿੰਗ ਦੇ ਪਰਚੇ ਕੇਵਲ ਮਾਮੂਲੀ ਮਿਹਨਤ ਮਜ਼ਦੂਰੀ ਕਰਨ ਵਾਲੇ ਟਰੈਕਟਰ- ਟਰਾਲੀ ਤੇ ਟਰੱਕ ਚਾਲਕਾਂ ਤੇ ਕਰ ਦਿੱਤੇ ਜਾਂਦੇ । ਪਰ ਅਜੇ ਤੱਕ ਰੇਤ ਮਾਫੀਆ ਦੇ ਕਿਸੇ ਵੀ ਵੱਡੇ ਸਰਗਣਾ ਤੇ ਪਰਚਾ ਦਰਜ ਨਹੀਂ ਕੀਤਾ ਗਿਆ। ਸਗੋਂ ਫੜੇ ਗਏ ਟਰੈਕਟਰ-ਟਰਾਲੀਆਂ ਚੋਂ ਰੇਤਾ ਕੱਢ ਕੇ ਪੁਲਸ ਥਾਣਾ ਅਜਨਾਲਾ ਅੰਦਰ ਢੇਰੀ ਕਰਵਾਉਣ ਉਪਰੰਤ ਪੈਸੇ ਲੈ ਕੇ ਟਰੈਕਟਰ-ਟਰਾਲੀਆਂ ਨੂੰ ਛੱਡ ਦਿੱਤਾ ਜਾਂਦਾ ਹੈ। ਉਧਰ ਜਦੋਂ ਡੀ.ਸੀ. ਅੰਮ੍ਰਿਤਸਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਐਸ.ਡੀ.ਐਮ. ਅਜਨਾਲਾ ਨਾਲ ਗੱਲ ਕਰੋ। ਇਸ ਉਪਰੰਤ ਜਦੋਂ ਐਸ.ਡੀ.ਐਮ. ਅਜਨਾਲਾ ਨੂੰ ਫੋਨ ਲਾਇਆ ਗਿਆ ਤਾਂ ਉਹਨਾਂ ਫੋਨ ਉਠਾਉਣਾ ਮੁਨਾਸਿਬ ਨਹੀਂ ਸਮਝਿਆ।
– ਦਵਾਰਕਾ ਨਾਥ ਰਾਣਾ
ਪੱਤਰਕਾਰ ‘ਪੰਜਾਬ ਟਾਇਮਜ਼’ ਅੰਮ੍ਰਿਤਸਰ

Send this to a friend