ਖ਼ਬਰ ਹੈ ਕਿ ਸਾਬਕਾ ਪਾਕਿ ਕ੍ਰਿਕਟਰ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਨਣ ਦੇ ਮੌਕੇ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿਧੂ ਪਾਕਿਸਤਾਨ ਪਹੁੰਚ ਗਏ ਹਨ। ਪਾਕਿਸਤਾਨ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿਧੂ ਨੇ ਕਿਹਾ ਕਿ ਮੈਂ ਸਿਆਸੀ ਵਿਅਕਤੀ ਦੇ ਰੂਪ ਵਿਚ ਇਥੇ ਨਹੀਂ ਆਇਆ, ਮੈਂ ਪਿਆਰ, ਅਮਨ ਅਤੇ ਖੁਸ਼ਹਾਲੀ ਦਾ ਸਦਭਾਵਨਾ ਦੂਤ ਬਣਕੇ ਆਪਣੇ ਦੋਸਤ ਕੋਲ ਆਇਆ ਹਾਂ, ਮੈਂ ਖਾਨ ਸਾਹਿਬ ਨੂੰ ਖੇਡ ਦੌਰਾਨ ਬਹੁਤ ਵੇਖਿਆ ਹੈ ਕਿ ਕਿਵੇਂ ਉਹ ਆਪਣੀ ਕਮਜ਼ੋਰੀ ਨੂੰ ਤਾਕਤ ਵਿਚ ਬਦਲ ਲੈਂਦੇ ਸਨ, ਪਾਕਿਸਤਾਨ ਨੂੰ ਅਜ ਇਸਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਅਤੇ ਕਪਿਲ ਦੇਵ ਨੂੰ ਵੀ ਇਮਰਾਨ ਖਾਨ ਦੇ ਸਹੁੰ ਚੁਕ ਸਮਾਗਮ ਵਿਚ ਹਿਸਾ ਲੈਣ ਦਾ ਰਸਮੀ ਨਿਉਤਾ ਮਿਲਿਆ ਸੀ, ਪਰ ਉਹ ਨਹੀਂ ਗਏ।
ਲਉ ਜੀ ਗੁਰੂ, ਹੋ ਗਿਆ ਸ਼ੁਰੂ। ਪੰਜਾਬ ‘ਚ ਆਇਆ, ਤਰਥਲ ਮਚਾਇਆ। ਕਿਸੇ ਦੇ ਲੀੜੇ ਖਿਚੇ, ਕਿਸੇ ਦੀ ਧੋਤੀ।ਕਿਸੇ ਦੇ ਕਪੜੇ ਪਾੜੇ, ਕਿਸੇ ਨੂੰ ਕੀਤਾ ਨੰਗਾ ਧੜੰਗਾ।ਪਰ ਪਲੇ ਕੀ ਆਇਆ? ਜੋ ਪਾਇਆ, ਬਸ ਉਪਰਲਿਆ ਦੇ ਪਲੇ, ਜਿਹਨਾ ਸ਼ਾਬਾਸ਼ੀ ਦੇਕੇ ਇਸਨੂੰ ਆਹ ਆਪਣੇ ਫੌਜੀ ਕੈਪਟਨ ਨੂੰ ਕੜੰਗੀਆਂ ਪਾਉਣ ਭੇਜਿਆ ਸੀ।
ਲਉ ਜੀ ਗੁਰੂ, ਹੋ ਗਿਆ ਸ਼ੁਰੂ!ਆਹ ਆਪਣੇ ਪੂਰਬੀ ਪਾਸੇ ਕੁਝ ਨਹੀਂ ਸਰਿਆ, ਪਛਮੀ ਪਾਸੇ ਹੋ ਤੁਰਿਆ। ਜੀਹਦੇ ਵਿਰੁਧ ਛਕੇ ਲਾਉਂਦਾ ਰਿਹਾ ਜੀਹਨੂੰ ਗਾਟੀਆਂ ਪਾਉਂਦਾ ਰਿਹਾ, ਹੁਣ ਜਫੀਆ ਪਾਉਣ ਹੋ ਤੁਰਿਆ। ਸੁਭਾਅ ਹੀ ਇਕੋ ਜਿਹਾ ਆ, ਵੇਖੋ ਨਾ ਪਹਿਲਾ ਭਗਵਿਆਂ ਦੀਆਂ ਬੋਲੀਆਂ ਪਾਉਂਦਾ ਰਿਹਾ, ਹੁਣ ਭਗਵੇਂ ਛਡ, ਆਹ ਆਪਣੇ ਕਾਂਗਰਸੀਆਂ ਦੇ ਸੋਹਲੇ ਗਾਉਣ ਲਗ ਪਿਆ। ਜਾਣਦਾ ਆ ਭਾਈ ਆਪਣਾ ਗੁਰੂ ਕਿ ਕਦਰ ਕੁਰਸੀ ਦੀ ਹੈ ਜਹਾਨ ਅੰਦਰ, ਕੌਣ ਮੇਜ਼ ਸਟੂਲ ਨੂੰ ਪੁਛਦਾ ਹੈ। ਇਸੇ ਕਰਕੇ ਹਦਾਂ ਬੰਨੇ ਟਪ ਅਮਨ ਦਾ ਪੈਗਾਮ ਦੇਣ ਪਾਕਿਸਤਾਨ ਹੋ ਤੁਰਿਆ।
ਕੁਰਸੀ ਖਿਸਕਦੀ ਜਦੋਂ ਹੈ ਨਜ਼ਰ ਆਉਂਦੀ, ਨੇਤਾ ਤੜਫਦਾ, ਕਲਪਦਾ, ਲੁਛਦਾ ਹੈ
ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਵਫਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਨਵੀਂ ਦਿਲੀ ‘ਚ ਮੁਲਾਕਾਤ ਕੀਤੀ ਅਤੇ ਸਿਖ ਮਸਲੇ ਉਠਾਏ। ਵਫਦ ਨੇ ਸਜ਼ਾਵਾਂ ਪੂਰੀਆਂ ਕਰਨ ਵਾਲੇ ਸਿਖਾਂ ਦੀ ਰਿਹਾਈ, ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਖੁਲ੍ਹ ਲਾਂਘਾ ਦੇਣ, ਜੰਮੂ ਕਸ਼ਮੀਰ ਵਿਚ ਸਿਖਾਂ ਨੂੰ ਘਟ-ਗਿਣਤੀ ਦਾ ਦਰਜ਼ਾ ਦੇਣ ਸਮੇਤ ਹੋਰ ਸਿਖ ਮਸਲਿਆਂ ਦਾ ਹਲ ਕਰਨ ਦੀ ਅਪੀਲ ਕੀਤੀ। ਹੋਰਨਾਂ ਤੋਂ ਬਿਨ੍ਹਾਂ ਵਫਦ ਵਿਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੇਵਾਲ, ਨਰੇਸ਼ ਗੁਜਰਾਲ ਐਮ.ਪੀ. ਵੀ ਹਾਜ਼ਰ ਸਨ। ਉਹਨਾ ਦਸਿਆ ਕਿ ਗ੍ਰਹਿ ਮੰਤਰੀ ਨੇ ਸਾਰੇ ਸਿਖ ਮਸਲਿਆਂ ਨੂੰ ਹਲ ਕਰਨ ਲਈ ਗੰਭੀਰਤਾ ਨਾਲ ਸੁਣਿਆ।
ਲਉ ਜੀ ਯਾਦ ਆ ਗਏ ਠਪੰਜਾਬ ਹਿਤੈਸ਼ੀਆਂਠ ਨੂੰ ਸਿਖਾਂ ਦੇ ਮਸਲੇ । ਲਉ ਜੀ, ਹੁਣ ਯਾਦ ਆ ਗਏ ਪੰਜਾਬ ਦੇ ਚੌਧਰੀਆਂ ਨੂੰ ਜੇਲ੍ਹਾਂ ਵਿਚ ਬੈਠੇ ਕੌਮ ਦੇ ਸ਼ਹੀਦ! ਪਤਾ ਨਹੀਂ ਕਿਉਂ ਨਹੀਂ ਯਾਦ ਆਏ ਉਦੋਂ, ਜਦੋਂ ਇਹ ਹਾਕਮ ਆਪ ਰਾਜਗਦੀ ‘ਤੇ ਬਿਰਾਜਮਾਨ ਸਨ। ਪਤਾ ਨਹੀਂ ਕਿਉਂ ਯਾਦ ਨਹੀਂ ਆਏ ਉਦੋਂ ਇਹ ਮਸਲੇ ਜਦੋਂ ਇਹਨਾਂ ਦੇ ਇਸ਼ਾਰਿਆਂ ‘ਤੇ ਉਪਰਲੇ ਵੀ ਅਤੇ ਹੇਠਲੇ ਵੀ ਕੰਮ ਹੁੰਦੇ ਸਨ।ਪਰ ਭਾਈਬੰਦਾਂ ਨੂੰ ਹਾਲੇ ਵੀ ਕਿਉਂ ਯਾਦ ਨਹੀਂ ਆਉਂਦਾ, ਚੰਡੀਗੜ੍ਹ ਦਾ ਪੰਜਾਬੋਂ ਖੁਸ ਜਾਣਾ। ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬੋਂ ਬਾਹਰ ਰਹਿਣਾ। ਪੰਜਾਬ ਦੇ ਪਾਣੀਆਂ ਦੀ ਗੁਆਂਢੀਆਂ ਵਲੋਂ ਲੁਟ ਦਾ ਮਾਮਲਾ। ਹਾਂ ਜੀ, ਹੁਣ ਇਹ ਮਸਲੇ ਤਦ ਯਾਦ ਆਉਂਦੇ ਨੇ ਜਦੋਂ ਕੁਰਸੀ ਖਿਸਕ ਗਈ ਆ। ਤੇ ਕੁਰਸੀ ਜਦੋਂ ਖਿਸਕ ਜਾਂਦੀ ਹੈ, ਉਦੋਂ ਕਵੀ ਦੀ ਲਿਖੀ ਗਲ ਯਾਦ ਆਉਂਦੀ ਆ,ਠਕੁਰਸੀ ਖਿਸਕਦੀ ਜਦੋਂ ਹੈ ਨਜ਼ਰ ਆਉਂਦੀ, ਨੇਤਾ ਤੜਫਦਾ, ਕਲਪਦਾ, ਲੁਛਦਾ ਹੈਠ।
ਧੂੜ ਗਰਦਾ, ਨਾ ਨਿਕਲੇ ਕਪੜੇ ‘ਚੋਂ, ਜੇਕਰ ਉਸਨੂੰ ਢਾੜੀਏ ਛੰਡੀਏ ਨਾ
ਖ਼ਬਰ ਹੈ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ, ਪੰਜਾਬ ਵਿਚ ਸਰਕਾਰੀ, ਗੈ-ਸਰਕਾਰੀ ਅਤੇ ਨਿਜੀ ਬੈਂਕਾਂ ਵਿਚ 30 ਜੂਨ 2018 ਤਕ 6,6,2,84,453 ਖਾਤੇ ਖੋਲ੍ਹੇ ਗਏ। ਇਹਨਾ ਵਿਚੋਂ ਜ਼ਿਆਦਾਤਰ ਖਾਤੇ ਉਪਰੇਟ ਨਹੀਂ ਹੋਏ। ਇਹਨਾ ਵਿਚੋਂ 875752 ਖਾਤਿਆਂ ਵਿਚ ਜ਼ੀਰੋ ਬੈਲੈਂਸ ਹੈ। ਇਹਨਾ ਖਾਤਾ ਧਾਰਕਾਂ ਵਿਚੋਂ 10 ਲਖ ਲੋਕਾਂ ਨੂੰ ਡੇਵਿਟ ਕਾਰਡ ਨਹੀਂ ਮਿਲੇ ਅਤੇ ਜਿਹਨਾ ਨੂੰ ਡੇਵਿਟ ਕਾਰਡ ਮਿਲੇ ਉਹਨਾ ਵਿਚੋਂ ਦੋ ਲਖ ਤੋਂ ਜਿਆਦਾ ਨੇ ਇਹ ਕਾਰਡ ਐਕਟੀਵੇਟ ਨਹੀਂ ਕੀਤੇ। ਹੁਣ ਬੈਂਕਾਂ ਵਲੋਂ ਇਹਨਾ ਖਾਤਾ ਧਾਰਕਾ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਕਿ ਜਿਹੜੇ ਖਾਤਾ ਧਾਰਕ ਇਸ ਖਾਤੇ ਨੂੰ ਉਪਰੇਟ ਨਹੀਂ ਕਰਨਗੇ, ਉਹਨਾ ਦੇ ਖਾਤੇ ਬੰਦ ਕਰ ਦਿਤੇ ਜਾਣਗੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਨਿਤ ਦਿਨ ਡਿਗ ਰਹੀ ਹੈ।ਇਸ ਵੇਲੇ ਇਕ ਅਮਰੀਕਨ ਡਾਲਰ ਦੀ ਕਿਮਤ 70 ਰੁਪਏ 40 ਪੈਸੇ ਹੋ ਗਈ ਹੈ।ਦੇਸ਼ ਦਾ ਵਪਾਰ ਘਾਟਾ 18 ਅਰਬ ਡਾਲਰ ਹੋ ਗਿਆ ਹੈ, ਜਿਸ ਕਾਰਨ ਰੁਪਏ ਦੀ ਕੀਮਤ ਘਟ ਹੋ ਰਹੀ ਹੈ। ਇਕ ਅਰਥਸ਼ਾਸ਼ਤਰੀ ਸਿਨਹਾ ਅਨੁਸਾਰ ਰੁਪਏ ਦੀ ਕੀਮਤ ਡਿਗਣ ਨਾਲ ਪੈਟਰੋਲ-ਡੀਜ਼ਲ ਮਹਿੰਗਾ ਹੋ ਜਾਏਗਾ।
ਇਕ ਵਿਚਾਰ
ਨੇਤਾ ਉਹ ਹੀ ਹੈ, ਜੋ ਰਸਤੇ ਜਾਣਦਾ ਹੋਵੇ, ਉਹਨਾ ਉਤੇ ਚਲਣਾ ਜਾਣਦਾ ਹੋਵੇ ਅਤੇ ਦੂਸਰਿਆਂ ਨੂੰ ਰਸਤਾ ਦਿਖਾਉਂਦਾ ਹੋਵੇ।…
– ਜਾਨ ਸੀ ਮੈਕਸਵੈਲ