ਇਹ ਬੇਹਦ ਚਿੰਤਾ ਦੀ ਗੱਲ ਹੈ ਕਿ ਪੰਜਾਬ ਵਿੱਚ ਅਪਰਾਧਿਕ ਸਰਗਰਮੀਆਂ ਲਗਾਤਾਰ ਜ਼ੋਰ ਫੜਦੀਆਂ ਜਾ ਰਹੀਆਂ ਹਨ। ਇਕ ਪਾਸੇ ਕਈ ਅਪਰਾਧੀ ਗ੍ਰੋਹ ਖੁਲ੍ਹੇਆਮ ਆਪਣੀ ਸਰਗਰਮੀ ਚਲਾ ਰਹੇ ਹਨ। ਅਪਰਾਧੀ ਗ੍ਰੋਹ ਦੀ ਆਪਸੀ ਦੁਸ਼ਮਣੀ ਵਿੱਚ ਸਰੇਰਾਹ ਕਤਲ ਹੋ ਰਹੇ ਹਨ। ਹੋਰ ਤਾਂ ਹੋਰ ਅਜਿਹੇ ਅਪਰਾਧ ਨਾਲ ਜੁੜੇ ਲੋਕ ਜੇਲ੍ਹ ਵਿੱਚ ਅਤੇ ਜੇਲ੍ਹ ਤੋਂ ਬਾਹਰ ਸ਼ੋਸ਼ਲ ਨੈਟਵਰਕ ਰਾਹੀਂ ਆਪਣੇ ਸੰਦੇਸ਼ ਜਾਰੀ ਕਰ ਰਹੇ ਹਨ। ਇਸ ਮਾਮਲੇ ਵਿੱਚ ਦੂਜੀ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਪੁਲਿਸ ਦਾ ਵੀ ਪੂਰੀ ਤਰ੍ਹਾਂ ਅਪਰਾਧੀਕਰਨ ਹੋ ਚੁੱਕਾ ਹੈ। ਪੁਲਿਸ ਮੁਲਾਜ਼ਮਾਂ ਦੇ ਮਾੜੇ ਅਤੇ ਭ੍ਰਿਸ਼ਟ ਵਤੀਰੇ ਕਾਰਨ ਲੋਕਾਂ ਨੂੰ ਖੁੱਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਅਪਰਾਧੀ ਗ੍ਰੋਹਾਂ ਦਾ ਬੇਖੌਫ ਹਥਿਆਰ ਲੈ ਕੇ ਘੁੰਮਣਾ ਸਰਕਾਰ ਦੀ ਵੱਡੀ ਨਾਕਾਮੀ ਹੈ। ਚਿੰਤਾਵਾਲੀ ਗੱਲ ਤਾਂ ਇਹ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਲਾਇਸੰਸੀ ਹਥਿਆਰ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਅਜਿਹੇ ਲੋਕਾਂ ਨੂੰ ਪੁਲਿਸ ਵੱਲੋਂ ਵੀ ਸੁਰੱਖਿਆ ਮਿਲ ਰਹੀ ਹੈ। ਸਰਕਾਰ ਨੂੰ ਸਾਰੀਆਂ ਸਰਗਰਮੀਆਂ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਵਿੱਚ ਸਰਗਰਮ ਅਪਰਾਧੀ ਗ੍ਰੋਹਾਂ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਦੇ ਅਪਰਾਧੀਕਰਨ ਨੂੰ ਰੋਕਣ ਲਈ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਆਮ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਅਗਵਾ, ਲੁੱਟ-ਖੋਹ ਅਤੇ ਕਦਲਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਸਰਕਾਰ ਦੀ ਨਾਕਾਮੀ ਨਾਲ ਜੁੜਿਆ ਹੋਇਆ ਹੈ। ਇਸ ਸਬੰਧੀ ਸਖਤ ਕਾਰਵਾਈ ਕਰਕੇ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ