April 22, 2026 10:34 pm

ਸਮਾਜ ਸੇਵਾ ਲਈ ਪ੍ਰੇਰਣਾਦਾਇਕ ਸ਼ਖ਼ਸੀਅਤ: ਮੱਖਣ ਰਣੀਕੇ

ਪੰਜਾਬ ਦੀ ਸਿਆਸਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਾਕਿ ਪਵਿੱਤਰ ਨਗਰ ਰਣੀਕੇ ਦੇ ਜੰਮਪਲ ਅਤੇ ਅੱਜਕਲ ਯੂ.ਐਸ.ਏ ਵੱਸਦੇ ਮੱਖਣ ਰਣੀਕੇ ਦਾ ਨਾਮ ਕਿਸੇ ਵੀ ਜਾਣ- ਪਛਾਣ ਦਾ ਮੁਥਾਜ਼ ਨਹੀਂ। 15 ਮਾਰਚ 1982 ਨੂੰ ਸਮਾਜ ਸੇਵੀ ਅਤੇ ਮੋਹਰੀ ਬਲਜੀਤ ਸਿੰਘ ਰਣੀਕੇ ਦੇ ਘਰ ਮਾਤਾ ਸ੍ਰੀਮਤੀ ਚਰਨਜੀਤ ਕੌਰ ਦੀ ਕੁੱਖੋ ਪੈਦਾ ਹੋਏ ਮੱਖਣ ਰਣੀਕੇ ਨੇ ਆਪਣੀ 10ਵੀਂ ਕਲਾਸ ਦੀ ਪੜ੍ਹਾਈ ਮੂਲੋਵਾਲ ਸਕੂਲ ਤੋਂ ਪਾਸ ਕੀਤੀ, ਉਪਰੰਤ 12ਵੀਂ ਦੀ ਜਮਾਤ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਧੂਰੀ ਤੋਂ ਪਾਸ ਕਰਨ ਉਪਰੰਤ ਬੀ.ਏ ਵਿੱਚ ਦੇਸ਼ ਭਗਤ ਕਾਲਜ ਬਰੜ੍ਹਵਾਲ ਵਿਖੇ ਦਾਖਲਾ ਲੈ ਲਿਆ। ਪੜ੍ਹਾਈ ਦੇ ਨਾਲ-ਨਾਲ ਹੀ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੀ ਹੱਥ ਵੰਡਾਉ ਰਹੇ। ਪਿਤਾ ਅਤੇ ਤਾਇਆ ਦੇ ਪਿੰਡ ਦੇ ਸਰਪੰਚ ਹੋਣ ਕਾਰਨ ਮੱਖਣ ਨੂੰ ਵੀ ਸਕੂਲ ਅਤੇ ਕਾਲਜ ਦਿਨਾਂ ਤੋਂ ਅਗਵਾਈ ਕਰਨ ਦੀ ਚੇਟਕ ਲੱਗ ਗਈ ਅਤੇ ਮਿਲੀ ਇਸ ਸਿਆਸੀ ਗੁੜਤੀ ਕਾਰਨ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਨੇ ਮੱਖਣ ਰਣੀਕੇ ਅੰਦਰਲੀ ਪ੍ਰਤਿਭਾ ਨੂੰ ਪਛਾਣਦਿਆਂ ਉਸਨੂੰ ਹਰ ਕਾਰਜ ਵਿੱਚ ਮੋਹਰੀ ਰੱਖਿਆ। ਮੂਲੋਵਾਲ ਸਕੂਲ ਵਿੱਚ ਪੜ੍ਹਦਿਆਂ ਸਕੂਲ ਵਿੱਚ ਭਰਤ ਪਾਉਣ ਦੀ ਅਧਿਆਪਕ ਸਾਹਿਬਾਨਾਂ ਵੱਲੋ ਲਗਾਈ ਜਿੰਮੇਵਾਰੀ ਨੂੰ ਮੱਖਣ ਰਣੀਕੇ ਨੇ ਆਪਣੇ ਸਾਥੀਆਂ ਨਾਲ ਕਰੀਬ 15 ਟਰੈਕਟਰਾਂ ਨਾਲ ਇੱਕ ਹਫਤਾ ਲਗਾਤਾਰ ਸਕੂਲ ਵਿੱਚ ਭਰਤ ਪਾ ਕੇ ਅਧਿਆਪਕਾਂ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਬਰੜ੍ਹਵਾਲ ਕਾਲਜ ਵਿਖੇ ਪੜ੍ਹਦਿਆਂ ਵਿਦਿਆਰਥੀਆਂ ਦੇ ਟਰਾਂਸਪੋਰਟ ਸਮੇਤ ਹੋਰ ਮਸਲਿਆਂ ਨੂੰ ਯੋਗ ਅਗਵਾਈ ਦੇ ਕੇ ਹੱਲ ਕਰਵਾਇਆ। ਰਾਜਨੀਤੀ ਵਿੱਚ ਆਪਣੇ ਪਰਿਵਾਰ ਤੋਂ ਹੀ ਸਿਆਸੀ ਗੁੜਤੀ ਲੈਣ ਵਾਲਾ ਮੱਖਣ ਭਾਵੇਂ ਆਪਣੇ ਪਰਿਵਾਰ ਨੂੰ ਹੀ ਆਪਣਾ ਸਿਆਸੀ ਗੁਰੂ ਮੰਨਦਾ ਹੈ, ਪਰ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਮੱਖਣ ਰਣੀਕੇ ਦੀ ਉਂਗਲ ਫੜ ਕੇ ਇਸਨੂੰ ਸਿਆਸਤ ਦੀਆਂ ਪੌੜੀਆਂ ਚਾੜਿਆ ਅਤੇ ਰਾਮੂਵਾਲੀਆ ਦੀ ਅਗਵਾਈ ਵਾਲੀ ਪਾਰਟੀ ਦਾ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਵੱਜੋਂ ਸੇਵਾ ਕਰਦਿਆਂ ਪੰਜਾਬ ਵਿੱਚ ਚੰਗਾ ਨਾਮਣਾ ਖੱਟਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਤੇ ਦੂਰ ਅੰਦੇਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਮੱਖਣ ਰਣੀਕੇ ਨੇ ਕਾਂਗਰਸ ਪਾਰਟੀ ਦਾ ਹੱਥ ਫੜਿਆ ਅਤੇ ਕਾਂਗਰਸ ਪਾਰਟੀ ਵਿੱਚ ਸਖਤ ਅਤੇ ਜੀਅਤੋੜ ਮਿਹਨਤ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਅਤੇ ਕਾਂਗਰਸ ਪਾਰਟੀ ਨੇ ਇਸ ਵਰਕਰ ਦੀ ਮਿਹਨਤ ਦੀ ਬੇਹੱਦ ਸ਼ਲਾਘਾ ਕੀਤੀ, ਉਥੇ ਸਾਲ 2012 ਵਿੱਚ ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਦੀ ਜਿੱਤ ਲਈ ਮੱਖਣ ਰਣੀਕੇ ਵੱਲੋਂ ਕੀਤੀ ਦਿਨ-ਰਾਤ ਦੀ ਮਿਹਨਤ ਵੀ ਕਿਸੇ ਤੋਂ ਲੁਕਵੀਂ ਨਹੀਂ ਹੈ। ਮੱਖਣ ਰਣੀਕੇ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਕਾਂਗਰਸੀ ਕਹਿਣ ’ਚ ਮਾਣ ਮਹਿਸੂਸ ਕਰਦਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜਾਬ ਪੱਖੀ ਆਪਣੀ ਸੋਚ ਰੱਖਦਿਆਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪਾਣੀਆਂ ਦੇ ਰਖਵਾਲੇ ਹੋਣ ਦਾ ਸਬੂਤ ਦਿੱਤਾ ਹੈ। ਮੱਖਣ ਰਣੀਕੇ ਮੰਨਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੀ ਸਿਆਸਤ ਵਿੱਚ ਇੱਕੋ ਇੱਕ ਅਜਿਹੀ ਸਖਸੀਅਤ ਹੈ, ਜੋ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਫ਼ਿਕਰਮੰਦ ਹਨ। ਜੀਵਨ ਸਾਥਣ ਸੁਰਿੰਦਰ ਕੌਰ ਅਤੇ ਲੜਕੀ ਪ੍ਰਭਲੀਨ ਕੌਰ ਅਤੇ ਪੁੱਤਰ ਤਜਿੰਦਰ ਪ੍ਰਤਾਪ ਸਿੰਘ ਨਾਲ ਯੂ.ਐਸ.ਏ ਵਿਖੇ ਰਹਿ ਰਹੇ ਮੱਖਣ ਰਣੀਕੇ ਦਾ ਕਹਿਣਾ ਹੈ ਕਿ ਭਾਰਤ ਵਿੱਚ ਅਮੀਰ ਦਿਨੋ ਦਿਨ ਅਮੀਰ ਹੋਈ ਜਾਂਦੀ ਹੈ ਅਤੇ ਗਰੀਬ ਦਿਨੋ ਦਿਨੀ ਗਰੀਬ ਹੁੰਦਾ ਜਾ ਰਿਹਾ ਹੈ, ਇਸ ’ਤੇ ਗੌਰ ਕਰਦਿਆਂ ਭਾਰਤ ਸਰਕਾਰਾਂ ਨੂੰ ਗਰੀਬਾਂ ਲਈ ਸਵੈ ਰੋਜਗਾਰ ਦੇ ਮੌਕੇ ਮੁਹੱਈਆਂ ਕਰਵਾਉਣੇ ਚਾਹੀਦੇ ਹਨ। ਅਮਰੀਕਾ ਅਤੇ ਭਾਰਤ ਵਿਚਲੇ ਪ੍ਰਬੰਧਾਂ ਬਾਰੇ ਮੱਖਣ ਰਣੀਕੇ ਕਹਿੰਦਾ ਹੈ ਕਿ ਅਮਰੀਕਾ ਵਿੱਚ ਕੋਈ ਵੀ ਵੱਡਾ ਛੋਟਾ ਨਹੀਂ ਮੰਨਿਆ ਜਾਂਦਾ, ਸਗੋਂ ਹਰੇਕ ਵਿਅਕਤੀ ਨੂੰ ਬਰਾਬਰ ਦੇ ਹੱਕ ਅਤੇ ਹਰੇਕ ਦੇ ਬਰਾਬਰ ਦੇ ਫਰਜ਼ ਹਨ। ਸਭ ਤੋਂ ਵੱਡੀ ਗੱਲ ਹੈ ਕਿ ਅਮਰੀਕਾ ’ਚ ਇਨਸਾਨੀਅਤ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ ਅਤੇ ਇੱਥੇ ਮਿਹਨਤੀ ਕਾਮਿਆਂ ਲਈ ਕਮਾਈ ਦੇ ਅਨੇਕਾਂ ਸਾਧਨ ਹਨ ਅਤੇ ਵਿਦੇਸ਼ਾਂ ਵਿੱਚ ਆ ਕੇ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ ਨਾਲ ਆਪਣੀ ਹੱਡ ਭੰਨਵੀ ਕਮਾਈ ਦਾ ਲੋਹਾ ਮੰਨਵਾਇਆ ਹੈ। ਭਾਵੇਂ ਅਮਰੀਕਾ ਵਿੱਚ ਭਾਰਤ ਨਾਲੋਂ ਜਿੰਦਗੀ ਕਠਿਨ ਜਰੂਰ ਹੈ, ਪਰ ਕੀਤੀ ਗਈ ਮਿਹਨਤ ਬੇਕਾਰ ਨਹੀਂ ਜਾਂਦੀ ਅਤੇ ਕੀਤੀ ਗਈ ਮਿਹਨਤ ਨਾਲ ਜਿੰਦਗੀ ਬਹੁਤ ਵਧੀਆ ਬਤੀਤ ਹੁੰਦੀ ਹੈ, ਕਿਉਕਿ ਇਥੇ ਵਿਹਲੇਪਣ ਨਾਮ ਦੀ ਕੋਈ ਵਸਤੂ ਨਹੀਂ। ਇੱਥੇ ਹਰ ਇੱਕ ਲਈ ਕੰਮ ਕਰਨਾ ਜਰੂਰੀ ਹੈ। ਦਿਵਿਆਗਾਂ ਨੂੰ ਆਪਣੀ ਸੰਸਥਾਂ ਦੇ ਬਗੈਰ ਨਾਮ ਲਿਖਵਾ ਕੇ ਟਰਾਈ ਸਾਈਕਲ ਵੰਡਣ ਦੇ ਕਰਵਾਏ ਸਮਾਗਮ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਚਰਚਾ ’ਚ ਆਏ ਮੱਖਣ ਰਣੀਕੇ ਦਾ ਮੰਨਣਾ ਹੈ ਕਿ ਸਿਆਸਤ ਅਤੇ ਸਮਾਜ ਸੇਵਾ ਦਾ ਆਪਸ ਵਿੱਚ ਕੋਈ ਰਿਸ਼ਤਾ ਨਹੀਂ। ਜਿਸ ਕਿਸੇ ਨੂੰ ਪਰਮਾਤਮਾ ਨੇ ਮੇਹਰ ਕੀਤੀ, ਉਸਨੂੰ ਸਮਾਜ ਸੇਵਾ ਵਿੱਚ ਜਰੂਰ ਹਿੱਸਾ ਪਾਉਣਾ ਚਾਹੀਦਾ ਹੈ, ਬਾਕੀ ਟਰਾਈ ਸਾਈਕਲਾਂ ਦੇ ਪਿੱਛੇ ਨਾਮ ਲਿਖਵਾ ਕੇ ਅਸੀਂ ਆਪਣੀ ਕੋਈ ਮਸ਼ਹੂਰੀ ਨਹੀਂ ਖੱਟਣਾਂ ਚਾਹੁੰਦੇ ਸੀ ਤਾਂ ਜੋ ਦਿਵਿਆਗਾਂ ਨੂੰ ਦਿੱਤੇ ਟਰਾਈ ਸਾਈਕਲਾਂ ਬਾਰੇ ਹਰ ਕਿਸੇ ਨੂੰ ਪਤਾ ਲੱਗਦਾ, ਬਾਕੀ ਵਾਹਿਗੁਰੂ ਦੇ ਹੁਕਮ ਅਨੁਸਾਰ ਅਸੀਂ ਆਪਣੇ ਇਸ ਮਿਸ਼ਨ ’ਚ ਕਾਮਯਾਬ ਹੋਏ ਹਾਂ ਅਤੇ ਅਜਿਹੇ ਮਾਨਵਵਾਦੀ ਸਮਾਗਮ ਭਵਿੱਖ ਵਿੱਚ ਵੀ ਕਰਵਾਏ ਜਾਣਗੇ। ਹਲਕੇ ਦੇ ਲੋਕਾਂ ਦੀ ਸਮਾਜ ਸੇਵੀ ਲਈ ਜਲਦੀ ਹੀ ਇੱਕ ਸਮਾਜ ਸੇਵੀ ਸੰਸਥਾਂ ਦਾ ਗਠਨ ਕਰਨ ਜਾ ਰਹੇ ਮੱਖਣ ਰਣੀਕੇ ਨੇ ਕਿਹਾ ਕਿ ਕੋਈ ਵੀ ਕੰਮ ਕਰਨ ਲਈ ਸੰਸਥਾਂ ਦਾ ਹੋਣਾ ਜਰੂਰੀ ਹੈ ਅਤੇ ਜਲਦੀ ਹੀ ਹਲਕੇ ਦੇ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਐਨ.ਜ਼ੀ.ਓ ਦਾ ਗਠਨ ਕਰਕੇ ਹਲਕੇ ਵਿੱਚ ਉਪਰੋਥਲੀ ਸਮਾਜ ਸੇਵੀ ਕੰਮ ਕੀਤੇ ਜਾਣਗੇ। ਵਿਦੇਸ਼ਾਂ ਵਿੱਚ ਆਪਣੇ ਕੰਮਾਂ ਤੇ ਸੈਟ ਹੋਏ ਐਨ.ਆਰ.ਆਈ ਭਰਾਵਾਂ ਨੂੰ ਅਪੀਲ ਕਰਦਿਆਂ ਮੱਖਣ ਰਣੀਕੇ ਨੇ ਕਿਹਾ ਕਿ ਆਪਣੇ ਪਿੰਡਾਂ ਦੇ ਲੋੜਵੰਦ ਤੇ ਗਰੀਬ ਲੋਕਾਂ ਵੱਲ ਉਨ੍ਹਾਂ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਹੈ, ਖਾਸਕਰ ਬਿਮਾਰ ਲੋਕਾਂ ਅਤੇ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕਰਨੀਂ ਚਾਹੀਦੀ ਹੈ। ਮੱਖਣ ਰਣੀਕੇ ਨੇ ਭਾਵੁਕ ਹੁੰਦਿਆਂ ਕਿਹਾ ਕਿ ਭਾਵੇਂ ਅਸੀਂ ਰੋਜੀ ਰੋਟੀ ਦੀ ਤਲਾਸ਼ ਵਿੱਚ ਵਿਦੇਸ਼ਾਂ ’ਚ ਆ ਬੈਠੇ ਹਾਂ, ਪਰ ਸਾਡਾ ਦਿਲ ਹਮੇਸ਼ਾ ਪੰਜਾਬ ’ਚ ਹੀ ਧੜਕਦਾ ਹੈ ਅਤੇ ਪੰਜਾਬ ਦੀ ਯਾਦ ਕਿਸੇ ਵੇਲੇ ਵੀ ਸਾਡੇ ਦਿਲਾਂ ’ਚੋਂ ਨਹੀਂ ਨਿਕਲਦੀ। ਵਿਦੇਸ਼ਾਂ ਦੀ ਧਰਤੀ ਤੋ ਕਈ ਖੇਡ ਮੇਲੇ ਕਰਵਾ ਕੇ ਵਾਹ-ਵਾਹ ਘੱਟ ਚੁੱਕੇ ਮੱਖਣ ਰਣੀਕੇ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬਹੁਤ ਆਸਾਂ ਹਨ ਅਤੇ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਲਈ ਆਪਣੀ ਪੂਰੀ ਵਾਹ ਲਾਉਣਗੇ। ਉਨ੍ਹਾਂ ਭਾਰਤ ਸਰਕਾਰ ਨੂੰ ਹਰ ਸੂਬੇ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਦੇਸ਼ ਅੰਦਰ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ ਚਾਹੀਦੇ ਹਨ। ਸਿਆਸਤ ਅਤੇ ਸਮਾਜ ਸੇਵਾ ਦੇ ਖੇਤਰ ’ਚ ਆਪਣੀ ਸਵੈ- ਸਨਾਖਤ ਦੀ ਪੈੜ ਨੱਪਦਾ ਰਣੀਕੇ ਆਪਣੇ ਅੰਦਰ ਵੱਲ ਹਮੇਸ਼ਾ ਸਮਾਜ ਪੱਖੀ ਰਾਹਾਂ ਤੇ ਤੁਰੇ ਤੇ ਪਰਮਾਤਮਾ ਇਸ ਪਰਿਵਾਰ ’ਤੇ ਸਦਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ। ਇਸੇ ਦੁਆ ਨਾਲ ਆਮੀਨ !

Send this to a friend