April 27, 2026 10:28 pm

28ਵਾਂ ਕੈਨੇਡਾ ਵਰਲਡ ਕੱਪ ਲੈ ਕੇ ਆ ਰਿਹਾ ਓਨਟਾਰੀਓ ਕਬੱਡੀ ਕਲੱਬ ਟੋਰਾਂਟੋ

ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਹੋਣ ਵਾਲਾ ਵਰਲਡ ਕਬੱਡੀ ਕੱਪ ਦੁਨੀਆ ਭਰ ਦੀ ਕਬੱਡੀ ਵਿੱਚ ਵਿੱਲਖਣ ਸਥਾਨ ਰੱਖਦਾ ਹੈ । ਮਹਿੰਗੇ ਇਨਡੋਰ ਖੇਡ ਸਟੇਡੀਅਮ ਵਿੱਚ ਹੋਣ ਵਾਲੇ ਇਸ ਇੱਕ ਰੋਜਾ ਵੱਡੇ ਵੱਕਾਰੀ ਟੂਰਨਾਮੈਂਟ ਤੇ ਦੁਨੀਆਂ ਭਰ ਦੇ ਕਬੱਡੀ ਪ੍ਰੇਮੀਆ ਦੀ ਨਜਰ ਰਹਿੰਦੀ ਹੈ । ਅਜੋਕੇ ਦੌਰ ਵਿੱਚ ਨੌਰਥ ਅਮਰੀਕਾ ਦਾ ਇਹ ਹੀ ਇੱਕ ਅਜਿਹਾ ਟੂਰਨਾਮੈਂਟ ਰਹਿ ਗਿਆ ਹੈ , ਜਿਸ ਨੂੰ ਵੇਖਣ ਲਈ ਖੇਡ ਪ੍ਰੇਮੀਆਂ ਨੂੰ ਟਿਕਟਾਂ ਬੁੱਕ ਕਰਾਉਣੀਆ ਪੈਂਦੀਆ ਹਨ । ਟੂਰਨਾਮੈਂਟ ਤੋਂ ਹਫਤਾ ਪਹਿਲਾ ਹੀ ਸਾਰਾ ਹਾਲ ਬੁੱਕ ਹੋ ਜਾਂਦਾ ਹੈ । ਇਸ ਸਾਲ ਦਾ ਕੈਨੇਡਾ ਵਰਲਡ ਕੱਪ ਵੀ ਟੋਰਾਂਟੋ ਦੇ ਸ਼ਹਿਰ ਮਿਸੀਸਾਗਾ ਦੇ ਹਰਸੀ ਸੈਂਟਰ ਵਿੱਚ ਖੇਡਿਆ ਜਾਵੇਗਾ । ਇਸ ਭਵਨ ਦੀ ਕਪੈਸਟੀ 6 ਹਜਾਰ ਦਰਸ਼ਕਾ ਦੀ ਹੈ । ਗੱਦਿਆਂ ਤੇ ਹੋਣ ਵਾਲਾ ਪਿਛਲੇ 28 ਸਾਲ ਤੋਂ ਇਹ ਇਕੋ ਇੱਕ ਟੂਰਨਾਮੈਂਟ ਹੈ । ਕਬੱਡੀ ਫੈਡਰੇਸ਼ਨ ਓਨਟਾਰੀਓ ਦੀ ਅਗਵਾਈ ਵਿੱਚ ਇਹ ਵਰਲਡ ਕਬੱਡੀ ਕਰਾਉਣ ਦਾ ਸਿਹਰਾ ਓਨਟਾਰੀਓ ਕਬੱਡੀ ਕਲੱਬ ਕੈਨੇਡਾ ਨੂੰ ਜਾਂਦਾ ਹੈ ।ਇਸ ਸਾਲ ਦੇ ਕੈਨੇਡਾ ਕੱਪ ਨੂੰ ਲੈ ਕੇ ਖੇਡ ਪ੍ਰੇਮੀਆ ਵਿੱਚ ਬੜੀ ਉਤਸੁਕਤਾ ਹੈ । ਆਓ ਜਾਣੀਏ ਕਿਵੇਂ ਦਾ ਹੈ ਕੈਨੇਡਾ ਵਰਲਡ ਕੱਪ ਟੋਰਾਂਟੋ 2018
ਕੈਨੇਡਾ ਵਰਲਡ ਕੱਪ ਦਾ ਪਿਛੋਕੜ – ਪੰਜਾਬੀਆਂ ਦੀ ਵਧਦੀ ਆਬਾਦੀ ਤੇ ਕੈਨੇਡਾ ਵਿੱਚ ਸਥਾਪਿਤ ਕਾਰੋਬਾਰੀਆ ਦੇ ਕਬੱਡੀ ਨਾਲ ਜੁੜਨ ਕਾਰਨ ਇੱਥੋਂ ਦੀ ਕਬੱਡੀ ਨੂੰ ਵੀ ਵਧੇਰੇ ਬਲ ਮਿਲਿਆ । ਵੱਖ ਵੱਖ ਪਾਰਕਾ ਚ ਹੋਣ ਵਾਲੇ ਟੂਰਨਾਮੈਂਟਾ ਨੇ ਕੈਨੇਡਾ ਵਿਚਲੇ ਪੰਜਾਬੀਆ ਨੂੰ ਇੱਕ ਵੱਡਾ ਟੂਰਨਾਮੈਂਟ ਕਰਾਉਣ ਲਈ ਉਤਸਾਹਿਤ ਕੀਤਾ । ਜਿਸ ਵਿੱਚ ਕੈਨੇਡਾ ਤੋਂ ਇਲਾਵਾ ਹੋਰਨਾ ਮੁਲਕਾ ਦੀਆਂ ਟੀਮਾ ਵੀ ਭਾਗ ਲੈ ਸਕਣ । ਇਸ ਮੰਤਵ ਨਾਲ ਮੈਟਰੋ ਪੰਜਾਬੀ ਸਪੋਰਟਸ ਕਲੱਬ ਟੋਰਾਂਟੋ ਨੇ 1991 ਵਿੱਚ ਪਹਿਲੀ ਵਾਰ ਕੈਨੇਡਾ ਵਰਲਡ ਕੱਪ ਕਰਾਇਆ । ਜਿਸ ਨਾਲ ਕਬੱਡੀ ਨੂੰ ਇਕਦਮ ਵੱਡਾ ਹੁਲਾਰਾ ਮਿਲਿਆ । ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਲਗਾਤਾਰ ਤਿੰਨ ਸਾਲ ਕੈਨੇਡਾ ਵਰਲਡ ਕਰਾਇਆ ।2009 ਵਿੱਚ ਯੰਗ ਸਪੋਰਟਸ ਕਲੱਬ ਨੇ ਇਸ ਕਬੱਡੀ ਵਰਲਡ ਕੱਪ ਨੂੰ ਰੋਜਰ ਸੈਂਟਰ ਵਿੱਚ ਕਰਾ ਕੇ ਇਤਿਹਾਸ ਰਚ ਦਿੱਤਾ ਸੀ । ਉਸ ਤੋਂ ਬਾਆਦ ਇਹ ਕਾਫਲਾ ਨਿਰੰਤਰ ਅੱਗੇ ਵਧਦਾ ਗਿਆ । ਇੱਕ ਸਮਾ ਅਜਿਹਾ ਵੀ ਆਇਆ ਜਦੋਂ ਕੈਨੇਡਾ ਦੀਆਂ ਫੈਡਰੇਸ਼ਨਾ ਵਿੱਚ ਆਪਸੀ ਧੜੇਬੰਦੀ ਕਾਰਨ ਦੋ – ਦੋ ਵਰਲਡ ਕੱਪ ਵੀ ਹੋਏ ਸਨ ।ਜਿਸ ਨਾਲ ਕਬੱਡੀ ਤੇ ਵਰਲਡ ਕੱਪ ਦੇ ਮਿਆਰ ਨੂੰ ਢਾਹ ਲੱਗੀ । ਪ੍ਰੰਤੂ ਪਿਛਲੇ ਕੁੱਝ ਸਾਲਾਂ ਤੋਂ ਇਹ ਵਰਲਡ ਕਬੱਡੀ ਕੱਪ ਟੋਰਾਂਟੋ ਫੈਡਰੇਸ਼ਨ ਦੀ ਅਗਵਾਈ ਚ ਫੇਰ ਉਸਾਰੂ ਲੀਹਾਂ ਤੇ ਆ ਗਿਆ ਹੈ।
ਵਰਲਡ ਕੱਪ ਦੇ ਜੈਤੂ ਦੇਸ਼ ਤੇ ਖਿਡਾਰੀ – ਕੈਨੇਡਾ ਵਰਲਡ ਕਬੱਡੀ ਕੱਪ ਨੂੰ ਜਿੱਤਣਾ ਹਰ ਦੇਸ਼ ਤੇ ਖਿਡਾਰੀ ਆਪਣਾ ਮਾਣ ਸਮਝਦੇ ਹਨ । ਸਾਲ 1991 ਵਿੱਚ ਖੇਡੇ ਗਏ ਪਹਿਲੇ ਵਰਲਡ ਕਬੱਡੀ ਕੱਪ ਨੂੰ ਅਮਰੀਕਾ ਨੇ ਜਿੱਤਿਆ ਤੇ ਭਾਰਤ ਉਪ ਜੈਤੂ ਬਣਿਆ । ਉਸ ਤੋਂ ਬਾਆਦ ਲਗਾਤਾਰ ਅਮਰੀਕਾ,ਭਾਰਤ ,ਇੰਗਲੈਂਡ, ਕੈਨੇਡਾ ਈਸਟ,ਕੈਨੇਡਾ ਵੈਸਟ ਜਿਆਦਾਤਰ ਜਿੱਤਣ ਵਿੱਚ ਕਾਮਯਾਬ ਰਹੇ ਹਨ । ਵਧੇਰੇ ਵਾਰ ਇਸ ਕੱਪ ਨੂੰ ਅਮਰੀਕਾ ਨੇ ਜਿੱਤਿਆ ਹੈ । ਟੋਰਾਂਟੋ ਵਰਲਡ ਕੱਪ ਦੇ ਪਹਿਲੇ ਬੈਸਟ ਰੇਡਰ -ਜਾਫੀ ਅੰਗਰੇਜ ਬਿੱਲਾ ਭਿੰਡਰ , ਸੁਖਵਿੰਦਰ ਨੇਕੀ ਬਣੇ ਸਨ । ਉਸ ਤੋਂ ਬਾਆਦ ਇਹ ਸਿਲਸਿਲਾ ਲਗਾਤਾਰ ਇਸ ਤਰ੍ਹਾਂ ਜਾਰੀ ਰਿਹਾ 1992 ਵਿੱਚ ਮੇਜਰ ਗਾਖਲ ਤੇ ਜਸਵੀਰ ਮੰਗੀ ਸੁਰਖਪੁਰ ,1993 ਵਿੱਚ ਮੇਜਰ ਗਾਖਲ-ਭਿੰਦੀ ਭਲਵਾਨ, 1994 ਵਿੱਚ ਸਵ. ਹਰਜੀਤ ਬਰਾੜ-ਕਾਲਾ ਗਾਜੀਆਣਾ, 1995 ਵਿੱਚ ਸਵ. ਹਰਜੀਤ ਬਰਾੜ-ਜਗਤਾਰ ਧਨੌਲਾ , 1996 ਵਿੱਚ ਸਵ. ਹਰਜੀਤ ਬਰਾੜ -ਕਾਲਾ ਗਾਜੀਆਣਾ , 1997 ਵਿੱਚ ਜਤਿੰਦਰ ਲੱਖਾ ਗਾਜੀਪੁਰ-ਦੀਪਾ ਮੁਠੱਡਾ , 1998 ਵਿੱਚ ਜੀਤਾ ਮੌੜ-ਬਿੰਦਰ ਸੋਹਲ ਅਠੋਲਾ , 1999 ਜਤਿੰਦਰ ਲੱਖਾ-ਸੁਖਵਿੰਦਰ ਫਿੰਡੀ ਝਾੜ ਸਾਹਿਬ , ਸੰਨ 2000 ਵਿੱਚ ਸੰਦੀਪ ਲੱਲੀਆ- ਗੁਲਜਾਰ ਅਲੀ ਸਿੱਧਵਾ , 2001 ਵਿੱਚ ਗੁਰਲਾਲ ਘਨੌਰ-ਬੀਰਾ ਸਿੱਧਵਾ , 2002 ਵਿੱਚ ਬਲਵਿੰਦਰ ਕਾਕਾ ਕਾਹਰੀ ਸਾਹਰੀ – ਜੀਤੀ ਕੂਨਰ , 2003 ਵਿੱਚ ਕਾਕਾ ਕਾਹਰੀ ਸਾਹਰੀ , ਭਿੰਦਰ ਨਵਾਂਪਿੰਡ-ਜੀਤੀ ਕੂਨਰ , 2004 ਵਿੱਚ ਸੋਨੀ ਸੁਨੇਤ, -ਸੰਦੀਪ ਲੱਲੀਆ , 2005 ਵਿੱਚ ਸੋਨੀ ਸੁਨੇਤ-ਜਤਿੰਦਰ ਭਿੰਡਰ-ਕਿੰਦਾ ਬਿਹਾਰੀਪੁਰ , 2006 ਵਿੱਚ ਮੀਕ ਸਿਆਟਲ- ਗੁਰਲਾਲ ਘਨੌਰ , 2007 ਵਿੱਚ ਨਰਿੰਦਰ ਰਾਮ ਬਿੱਟੂ ਦੁਗਾਲ-ਗੁਰਜੀਤ ਸਿੰਘ ਤੂਤ ,2008 ਵਿੱਚ ਮੀਕ ਸਿਆਟਲ-ਦੁੱਲਾ ਸੁਰਖਪੁਰ , 2009 ਵਿੱਚ ਮੰਗਤ ਸਿੰਘ ਮੰਗੀ- ਕਿੰਦਾ ਬਿਹਾਰੀਪੁਰ , 2010 ਵਿੱਚ ਦੋ ਵਰਲਡ ਕੱਪ ਹੋਏ ਜਿੰਨਾ ਵਿੱਚ ਹਰਸੀ ਸੈਂਟਰ ਵਰਲਡ ਕੱਪ ਦੇ ਬੈਸਟ ਜਾਫੀ ਦੀਪਾ ਘੁਰਲੀ , ਬਿੱਟੂ ਦੁਗਾਲ,ਸੁੱਖਾ ਭੰਡਾਲ ਬੈਸਟ ਰੇਡਰ ਲੱਭੀ ਬੇਨੜਾ-ਕੁਲਜੀਤਾ ਮਲਸੀਆ, 2011 ਵਿੱਚ ਗੱਗੀ ਖੀਰਾਵਾਲ-ਮੰਗੀ ਬੱਗਾਪਿੰਡ , 2012 ਵਿੱਚ ਪਾਲਾ- ਕਾਕਾ ਕਾਹਰੀ ਸਾਹਰੀ,ਲੱਭੀ ਬੇਨੜਾ, 2013 ਸੰਦੀਪ ਲੁੱਧਰ – ਜੀਤੀ ਕੂਨਰ , 2014 ਵਿੱਚ ਲਾਡੀ ਮਾਣੂਕੇ-ਨਾਨਕ ਮੰਡੀਸ਼ਹਿਰੀਆ, 2015 ਯਾਦ ਕੋਟਲੀ -ਦੁੱਲਾ ਬੱਗਾਪਿੰਡ , 2016 ਵਿੱਚ ਫਰਿਆਦ ਅਲੀ – ਗੁਰਪ੍ਰੀਤ ਬੁਰਜਹਰੀ ,2017 ਵਿੱਚ ਸੰਦੀਪ ਲੁੱਧਰ- ਕਮਲ ਨਵਾਂਪਿੰਡ ਕ੍ਰਮਵਾਰ ਬੈਸਟ ਰੇਡਰ ਜਾਫੀ ਰਹੇ ਹਨ।
ਇਸ ਸਾਲ ਦੇ ਕਬੱਡੀ ਵਰਲਡ ਕੱਪ ਦੀਆ ਟੀਮਾ- ਜਿਵੇਂ ਜਿਵੇਂ ਦੁਨੀਆਂ ਭਰ ਵਿੱਚ ਕਬੱਡੀ ਦਾ ਦਾਇਰਾ ਵਧ ਰਿਹਾ ਹੈ । ਉਸ ਤਰ੍ਹਾਂ ਹੀ ਟੀਮਾ ਦੀ ਗਿਣਤੀ ਵੀ ਵਧ ਰਹੀ ਹੈ । ਇਸ ਵਾਰ ਦੇ ਕੈਨੇਡਾ ਵਰਲਡ ਕੱਪ ਵਿੱਚ ਭਾਰਤ ,ਕੈਨੇਡਾ ਈਸਟ,ਕੈਨੇਡਾ ਵੈਸਟ, ਅਮਰੀਕਾ ,ਇੰਗਲੈਂਡ,ਪਾਕਿਸਤਾਨ ਦੀਆਂ ਟੀਮਾ ਦੀ ਸਮੂਲੀਅਤ ਹੋਣ ਜਾ ਰਹੀ ਹੈ ।ਇਹਨਾਂ ਟੀਮਾ ਤੇ ਖਿਡਾਰੀਆਂ ਨੂੰ ਲੈ ਕੇ ਸਬੰਧਿਤ ਟੀਮਾ ਦੇ ਪ੍ਰਬੰਧਕ ਪੱਬਾਂ ਭਾਰ ਹਨ ।
ਓਲਪਿੰਕ ਵਰਗਾ ਮਾਹੌਲ- ਵਰਲਡ ਕਬੱਡੀ ਕੱਪ ਟੋਰਾਂਟੋ ਨੂੰ ਲੈ ਕੇ ਕਬੱਡੀ ਨਾਲ ਜੁੜੀਆਂ ਸਖਸੀਅਤਾ ਆਪਣੇ ਆਪ ਨੂੰ ਓਲਪਿੰਕ ਖੇਡਾਂ ਦੇ ਮੰਚ ਤੇ ਪਹੁੰਚਣ ਵਾਲਾ ਮਾਣ ਮਹਿਸੂਸ ਕਰਦੀਆਂ ਹਨ । ਇਕੋ ਜਿਹੀ ਪੁਸਾਕ ਚ ਸਜੀਆ ਟੀਮਾ ਆਪਣੇ ਆਪਣੇ ਦੇਸ਼ ਦੇ ਝੰਡੇ ਨਾਲ ਮਾਰਚ ਪਾਸਟ ਕਰਦੀਆ ਹਨ । ਇੱਕ ਇੱਕ ਰੇਡ ਤੇ ਜੱਫੇ ਤੇ ਨੱਚਦੇ ਕਬੱਡੀ ਦੇ ਦੀਵਾਨੇ । ਬੈਂਡ ਦੀਆਂ ਧੁਨਾ ਤੇ ਹੁੰਦਾ ਸਵਾਗਤ । ਸਾਰੀ ਦੁਨੀਆਂ ਦੇ ਕਬੱਡੀ ਪ੍ਰਬੰਧਕਾ ਦਾ ਇਕ ਛੱਤ ਹੇਠ ਇੱਕਠੇ ਹੋਣਾ । ਦੇਸ਼ ਵਿਦੇਸ਼ ਤੋਂ ਪ੍ਰਮੁੱਖ ਖੇਡ ਹਸਤੀਆ ਦਾ ਪਹੁੰਚਣਾ ਇਸ ਟੂਰਨਾਮੈਂਟ ਦੀ ਸ਼ਾਨ ਵਿੱਚ ਵਾਧਾ ਕਰਦਾ ਹੈ । ਕੱਪ ਜਿੱਤਣ ਤੋਂ ਬਾਅਦ ਖੁਸ਼ੀ ਮਨਾਉਂਦੇ ਸਬੰਧਿਤ ਪ੍ਰਬੰਧਕ ਕਬੱਡੀ ਖੇਡ ਦੇ ਜਜਬਿਆਂ ਦੀ ਬਾਤ ਪਾਉਂਦੇ ਹਨ ।
ਓਨਟਾਰੀ ਕਬੱਡੀ ਕਲੱਬ ਦੇ ਪ੍ਰਬੰਧਕ ਤੇ ਫੈਡਰੇਸ਼ਨ ਦਾ ਵਿਸ਼ੇਸ਼ ਸਹਿਯੋਗ – ਇਸ ਕਬੱਡੀ ਕੱਪ ਨੂੰ ਹਰ ਸਾਲ ਕੈਨੇਡਾ ਦੀ ਓਨਟਾਰੀਓ ਸਟੇਟ ਦੀਆਂ ਵੱਖ ਵੱਖ ਕਲੱਬਾ ਹੋਸਟ ਕਰਦੀਆਂ ਹਨ । ਬੀ ਸੀ ਕੈਨੇਡਾ ਦੇ ਵਿੱਚ ਇਹ ਵਰਲਡ ਕੱਪ ਦੋ ਕੁ ਵਾਰ ਹੀ ਹੋਇਆ ਹੈ । ਪ੍ਰੰਤੂ ਪਿਛਲੇ 28 ਸਾਲ ਤੋਂ ਲਗਾਤਾਰ ਟੋਰਾਂਟੋ ਵਿੱਚ ਨਿਰੰਤਰ ਜਾਰੀ ਹੈ । ਇਸ ਸਾਲ ਇਸ ਵਰਲਡ ਕਬੱਡੀ ਕੱਪ ਨੂੰ ਓਨਟਾਰੀਓ ਕਬੱਡੀ ਕਲੱਬ ਟੋਰਾਂਟੋ ਕਰਾ ਰਿਹਾ ਹੈ ।ਇਸ ਕਲੱਬ ਦੇ ਪ੍ਰਬੰਧਕਾ ਵਿੱਚ ਚੇਅਰਮੈਨ ਲਾਡਾ ਸਹੋਤਾ , ਪ੍ਰਧਾਨ ਬਿੱਲਾ ਥਿਆੜਾ , ਸੈਕਟਰੀ ਪਿੰਦਾ ਤੂਰ , ਵਾਇਸ ਪ੍ਰਧਾਨ ਗੁਰਦੇਵ ਥਿੰਦ,ਕੋਚ ਮਨਪ੍ਰੀਤ ਢੇਸੀ,ਕੋਚ ਸ਼ੇਰਾ ਮੰਡੇਰ ਤੇ ਤੀਰਥ ਦਿਓਲ ਆਦਿ ਪੱਬਾਂ ਭਾਰ ਹਨ । ਕਬੱਡੀ ਫੈਡਰੇਸ਼ਨ ਓਨਟਾਰੀਓ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ, ਚੇਅਰਮੈਨ ਮਲਕੀਤ ਸਿੰਘ ਦਿਓਲ, ਸੈਕਟਰੀ ਗੁਰਮੁੱਖ ਸਿੰਘ ਅਟਵਾਲ, ਖਜਾਨਚੀ ਸ਼ੇਰਾ ਮੰਡੇਰ,ਡਰਾਇਕੈਟਰ ਹਰਮਨ ਚਾਹਲ, ਜਤਿੰਦਰ ਤੋਚੀ,ਰੇਸ਼ਮ ਬਰਾੜ,ਜਿੰਦਰ ਬੁੱਟਰ ਦੀ ਵਿਸ਼ੇਸ਼ ਅਗਵਾਈ ਹੋਵੇਗੀ ।
ਕਬੱਡੀ ਦੇ ਇਤਿਹਾਸ ਵਿੱਚ ਇੱਕ ਨਵਾ ਅਧਿਆਏ ਲਿਖਣ ਜਾ ਰਹੇ 28 ਵੇਂ ਵਰਲਡ ਕਬੱਡੀ ਕੱਪ ਦਾ ਸਭ ਨੂੰ ਬੇਸਬਰੀ ਨਾਲ ਇੰਤਜਾਰ ਹੈ । ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਦੇ ਖੇਤਰ ਵਿੱਚ ਓਨਟਾਰੀਓ ਕਬੱਡੀ ਕਲੱਬ ਟੋਰਾਂਟੋ ਇੱਕ ਵਾਰ ਫੇਰ ਨਵੀਂ ਪੁਲਾਂਘ ਪੁੱਟ ਰਿਹਾ ਹੈ ।ਜਿਸ ਦੇ ਲਈ ਸਾਰੇ ਪ੍ਰਬੰਧਕਾ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾ ਦਿੰਦਿਆ ਕਬੱਡੀ ਦੇ ਉਜਵਲ ਭਾਵਿੱਖ ਦੀ ਕਾਮਨਾ ਕਰਦੇ ਹਾਂ।

Send this to a friend