ਖਾਲਸੇ ਦੀ ਜਨਮ ਭੂਮੀ ਤੇ ਮਾਤਾ ਨੈਣਾ ਦੇਵੀ ਨੂੰ ਜੋੜਨਾ ਹਿੰਦੂ-ਸਿੱਖ ਤੰਦਾਂ ਨੂੰ ਕਰੇਗਾ ਹੋਰ ਮਜ਼ਬੂਤ: ਨਵਜੋਤ ਸਿੰਘ ਸਿੱਧੂ
ਚੰਡੀਗੜ, 10 ਅਗਸਤ (ਪੰਜਾਬ ਟਾਇਮਜ਼ ਬਿਊਰੋ)-‘‘ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਨੂੰ ਜੋੜਦੇ ਬੇਹੱਦ ਵੱਕਾਰੀ ਰੋਪਵੇਅ ਪ੍ਰਾਜੈਕਟ ਦਾ ਰਾਹ ਪੱਧਰਾ ਹੋ ਗਿਆ ਹੈ। ਇੱਕ ਵਾਰ ਸ਼ੁਰੁ ਹੋਣ ’ਤੇ ਇਹ ਪ੍ਰਾਜੈਕਟ ਨਾ ਸਿਰਫ਼ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਪੱਖੋਂ ਮੀਲ ਦਾ ਪੱਥਰ ਸਾਬਿਤ ਹੋਵੇਗਾ ਸਗੋਂ ਹਿੰਦੂ-ਸਿੱਖ ਤੰਦਾਂ ਨੂੰ ਹੋਰ ਮਜ਼ਬੂਤ ਵੀ ਕਰੇਗਾ।’’ ਅੱਜ ਇੱਥੇ ਪੰਜਾਬ ਮਿਉਂਸਪਲ ਭਵਨ ਵਿਖੇ ਹਿਮਾਚਲ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ (ਸੱਭਿਆਚਾਰ ਤੇ ਸੈਰ ਸਪਾਟਾ) ਸ੍ਰੀ ਰਾਮ ਸੁਭਾਗ ਸਿੰਘ ਨਾਲ ਇਸ ਰੋਪਵੇਅ ਪ੍ਰਾਜੈਕਟ ਦੀ ਮੁੜ ਸ਼ੁਰੂਆਤ ਕਰਨ ਬਾਰੇ ਗੰਭੀਰ ਵਿਚਾਰਚਰਚਾ ਮਗਰੋਂ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋਵਾਂ ਸੂਬਿਆਂ ਦਰਮਿਆਨ ਇੱਕ ਇਕਰਾਰਨਾਮਾ (ਐਮ.ਓ.ਯੂ.) ਹਸਤਾਖ਼ਰਿਤ ਕੀਤਾ ਗਿਆ ਸੀ ਪਰ ਇਹ 2014 ਵਿੱਚ ਠੰਢੇ ਬਸਤੇ ਵਿੱਚ ਪੈ ਗਿਆ ਸੀ। ਇਸ ਦੀ ਮੁੜ ਸ਼ੁਰੂਆਤ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਨੂੰ ਨਿਰਦੇਸ਼ ਦਿੱਤੇ ਹਨ। ਸ. ਸਿੱਧੂ ਨੇ ਅੱਗੇ ਕਿਹਾ ਕਿ ਇਸ ਇਕਰਾਰਨਾਮੇ ਉਤੇ ਇਸੇ ਮਹੀਨੇ ਦੌਰਾਨ ਸਹੀ ਪਾਈ ਜਾਵੇਗੀ ਜਿਸ ਨਾਲ ਇਹ ਪ੍ਰਾਜੈਕਟ ਰਫ਼ਤਾਰ ਫੜੇਗਾ। ਮੀਟਿੰਗ ਦੇ ਦੌਰਾਨ ਸ੍ਰੀ ਰਾਮ ਸੁਭਾਗ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬੀਤੇ ਦਿਨੀਂ ਹੋਈ ਆਪਣੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਦੇ ਦਿੱਤੀ ਗਈ ਹੈ।