April 27, 2026 12:06 am

ਨਸ਼ਿਆਂ ਵਿਰੁੱਧ ਮੁਹਿੰਮ ਮਜ਼ਬੂਤ ਹੋਵੇ

ਪੰਜਾਬ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਇਸ ਸਮੇਂ ਮੱਠੀ ਪੈ ਚੁੱਕੀ ਹੈ। ਨਸ਼ਾਖੋਰੀ ਨੂੰ ਰੋਕਣ ਲਈ ਵੀ ਵੱਡੇ ਯਤਨ ਨਹੀਂ ਹੋ ਰਹੇ। ਨਸ਼ਿਆਂ ਦੀ ਸਮਲਿੰਗ ਅਤੇ ਵਿਕਰੀ ਖਿਲਾਫ ਪੁਲਿਸ ਦੀ ਮੁਹਿੰਮ ਲਗਭਗ ਠੱਪ ਪਈ ਹੈ। ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਹਾਲੇ ਘਟਿਆ ਨਹੀਂ ਹੈ। ਨਸ਼ਿਆਂ ਦੀ ਦੇਸ਼ੋਂ-ਵਿਦੋਸ਼ੋਂ ਸਪਲਾਈ ਜਿਉਂ ਦੀ ਤਿਉਂ ਜਾਰੀ ਹੈ। ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਇਕ ਵੱਡੀ ਅਤੇ ਮਜ਼ਬੂਤ ਮੁਹਿੰਮ ਦੀ ਲੋੜ ਮਹਿਸੂਸ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਯਤਨ ਹੋਰ ਤੇਜ ਹੋਣੇ ਚਾਹੀਦੇ ਹਨ। ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਦੇ ਸਹਿਯੋਗ ਦੀ ਜ਼ਰੂਰਤ ਹੈ। ਪ੍ਰੰਤੂ ਪੰਜਾਬ ਅੰਦਰਲੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੂੰ ਖ਼ੁਦ ਹੀ ਕਾਰਵਾਈ ਕਰਨੀ ਹੋਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਅਨਸਰਾਂ ਦੀ ਪਹਿਚਾਣ ਕੀਤੀ ਜਾਵੇ। ਪੁਲਿਸ ਅਤੇ ਰਾਜਸੀ ਨੇਤਾਵਾਂ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਮਿਲ ਰਹੀ ਸਰਪ੍ਰਸਤੀ ਵੀ ਚਿੰਤਾਜਨਕ ਹੈ। ਇਸ ਮਾਮਲੇ ਵਿੱਚ ਸਰਕਾਰ ਨੂੰ ਸਖਤੀ ਨਾਲ ਅਤੇ ਬਿਨ੍ਹਾਂ ਲਿਹਾਜ ਤੋਂ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਨੂੰ ਨਸ਼ਿਆਂ ਨੇ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਨਸ਼ਿਆਂ ਦੀ ਲੱਤ ਵਿੱਚ ਫਸੇ ਨੌਜਵਾਨ ਸਮਾਜ ਲਈ ਖਤਰਾ ਬਣ ਗਏ ਹਨ। ਇਸ ਕਾਰਨ ਹੀ ਅਪਰਾਧ ਵਧ ਰਹੇ ਹਨ। ਪਰਿਵਾਰ ਟੁੱਟ ਰਹੇ ਹਨ। ਸਮਾਜ ਅਧੋਗਤੀ ਵੱਲ ਜਾ ਰਿਹਾ ਹੈ। ਜੇਕਰ ਨਸ਼ਿਆਂ ਦੇ ਕਾਰੋਬਾਰ ਅਤੇ ਨਸ਼ਾਖੋਰੀ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਨਸ਼ਿਆਂ ਨੂੰ ਰੋਕਣ ਲਈ ਇਕ ਵਿਆਪਕ ਯੋਜਨਾਬੰਦੀ ਦੀ ਜ਼ਰੂਰਤ ਹੈ। ਇਸ ਵਿੱਚ ਆਮ ਲੋਕਾਂ ਦਾ ਸਹਿਯੋਗ ਵੀ ਲਿਆ ਜਾਣਾ ਚਾਹੀਦਾ ਹੈ। ਹੋਰਨਾਂ ਨਸ਼ਿਆਂ ਦੇ ਨਾਲ-ਨਾਲ ਸ਼ਰਾਬ ਦੀ ਵਿਕਰੀ ਨੂੰ ਵੀ ਨਿਰਉਤਸ਼ਾਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਠੇਕਿਆਂ ਦੀ ਗਿਣਤੀ ਨੂੰ ਸੀਮਤ ਕਰੇ। ਜੇਕਰ ਮੁਕੰਮਲ ਸ਼ਰਾਬਬੰਦੀ ਨਹੀਂ ਹੋ ਸਕਦੀ ਤਾਂ ਜ਼ਿਆਦਾ ਨਸ਼ੇ ਵਾਲੀ ਸ਼ਰਾਬ ਨੂੰ ਵੇਚਣ ਤੋਂ ਰੋਕਿਆ ਜਾਵੇ। ਇਸ ਦੇ ਨਾਲ ਹੀ ਨਜਾਇਜ਼ ਵਿਕਦੀ ਸ਼ਰਾਬ ਨੂੰ ਰੋਕਣ ਲਈ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਮਾਜ ਨੂੰ ਸਹੀ ਦਿਸ਼ਾ ਵਿੱਚ ਲਿਜਾਉਣ ਲਈ ਨਸ਼ਿਆਂ ਦੀ ਰੋਕਥਾਮ ਲਈ ਜ਼ਰੂਰੀ ਹੈ। ਇਸ ਕਾਰਜ ਵਿੱਚ ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਨੇਤਾ ਕਾਫੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
– ਬਲਜੀਤ ਸਿੰਘ ਬਰਾੜ

Send this to a friend