April 23, 2026 2:18 am

ਮਾਮਲਾ ਵੱਧ ਰਹੇ ਬਲਾਤਕਾਰਾਂ ਅਤੇ ਔਰਤਾਂ ਦੀ ਸੁਰੱਖਿਆ ਦਾ

ਛੋਟੀ ਉਮਰ ਦੀਆਂ ਬਚੀਆਂ ਨਾਲ ਬਲਾਤਕਾਰ ਹੋ ਰਹੇ ਹਨ। ਬਲਾਤਕਾਰ ਉਪਰੰਤ ਲੜਕੀਆਂ, ਔਰਤਾਂ ਦੀਆਂ ਹਤਿਆਵਾਂ ਹੋ ਰਹੀਆਂ ਹਨ। ਸਮਾਜ ਵਿਚ ਵਧ ਰਹੇ ਇਸ ਪਸ਼ੂ-ਪੁਣੇ ਦਾ ਇਸ ਤੋਂ ਵਡਾ ਕੋਈ ਹੋਰ ਸਬੂਤ ਹੋ ਸਕਦਾ ਹੈ?
ਆਉ ਬਲਾਤਕਾਰ ਦੇ ਅੰਕੜਿਆਂ ਉਤੇ ਇੱਕ ਝਾਤ ਮਾਰੀਏ। ਦੇਸ਼ ਵਿਚ ਸਾਲਾਨਾ 35 ਤੋਂ 36 ਹਜ਼ਾਰ ਦੇ ਲੱਗਭੱਗ ਬਲਾਤਕਾਰ ਹੁੰਦੇ ਹਨ। ਬਲਾਤਕਾਰ ਦਾ ਸ਼ਿਕਾਰ ਆਮ ਤੌਰ ’ਤੇ 18 ਤੋਂ 30 ਵਰ੍ਹਿਆਂ ਦੀਆਂ ਔਰਤਾਂ ਹੋ ਰਹੀਆਂ ਹਨ। ਔਰਤਾਂ ’ਚ ਅਸੁਰਖਿਆ ਦੀ ਭਾਵਨਾ ਵਧ ਰਹੀ ਹੈ। ਰਾਤ-ਬਰਾਤੇ ਔਰਤਾਂ ਘਰੋਂ ਬਾਹਰ ਜਾਣ ਤੋਂ ਸੰਕੋਚ ਕਰਦੀਆਂ ਹਨ, ਡਰਦੀਆਂ ਹਨ। ਕਈ ਹਾਲਤਾਂ ’ਚ ਤਾਂ ਇਕਲੀਆਂ ਲੜਕੀਆਂ, ਔਰਤਾਂ ਵੀ ਘਰ ਵਿਚ ਸੁਰਖਿਅਤ ਨਹੀਂ। ਉਹਨਾਂ ਨਾਲ ਛੇੜ-ਛਾੜ, ਬਲਾਤਕਾਰ ਦੀਆਂ ਘਟਨਾਵਾਂ ਉਹਨਾਂ ਦੇ ਆਪਣੇ ਨਜ਼ਦੀਕੀਆਂ, ਜਾਣੂਆਂ, ਰਿਸ਼ਤੇਦਾਰਾਂ ਵੱਲੋਂ ਹੀ ਕੀਤੇ ਜਾਣ ਦੀਆਂ ਰਿਪੋਰਟਾਂ ਮਿਲਦੀਆਂ ਹਨ। ਇੱਕ ਰਿਪੋਰਟ ਅਨੁਸਾਰ ਬਲਾਤਕਾਰ ਦੀਆਂ ਘਟਨਾਵਾਂ ’ਚ ਲਿਪਤ ਮਰਦ 90 ਪ੍ਰਤੀਸ਼ਤ ਔਰਤਾਂ ਦੇ ਜਾਣੂ, ਰਿਸ਼ਤੇਦਾਰ ਜਾਂ ਨਜ਼ਦੀਕੀ ਪਾਏ ਗਏ ਹਨ। ਜੇਕਰ ਸਰਕਾਰੀ ਅੰਕੜਿਆਂ ਨੂੰ ਸਹੀ ਮੰਨ ਲਿਆ ਜਾਵੇ ਤਾਂ ਸਾਲ 2014 ਵਿਚ ਕੁੱਲ 3,29,243 ਅਤੇ 2016 ਵਿਚ 3,38,954 ਔਰਤਾਂ ਨਾਲ ਅਪਰਾਧ ਦੇ ਮਾਮਲੇ ਦਰਜ ਹੋਏ ਹਨ, ਪਰ ਔਰਤਾਂ ਨਾਲ ਅਪਰਾਧਾਂ ਦੇ ਮਾਮਲੇ ਦੇਸ਼ ਵਿਚ ਇਸ ਤੋਂ ਵੀ ਕਿਧਰੇ ਵਧ ਹਨ ਕਿਉਂਕਿ ਬਹੁਤੀਆਂ ਬਲਾਤਕਾਰ ਤੇ ਜਿਨਸੀ ਛੇੜ-ਛਾੜ ਦੀਆਂ ਘਟਨਾਵਾਂ ਤਾਂ ਪੁਲਸ ਥਾਣਿਆਂ ਵਿਚ ਦਰਜ ਹੀ ਨਹੀਂ ਹੁੰਦੀਆਂ। ਇਨ੍ਹਾਂ ਵਿਚ ਬਹੁ-ਗਿਣਤੀ ਪੇਂਡੂ ਖੇਤਰਾਂ ਵਿਚ ਵਾਪਰੀਆਂ ਘਟਨਾਵਾਂ ਦੀ ਹੈ, ਜਿੱਥੇ ਔਰਤਾਂ ਸ਼ਹਿਰੀ ਔਰਤਾਂ ਦੇ ਮੁਕਾਬਲੇ ਜ਼ਿਆਦਾ ਅਸੁਰਖਿਅਤ ਹਨ। ਉਨ੍ਹਾਂ ਦਾ ਜਿਨਸੀ ਸ਼ੋਸ਼ਣ ਤਾਂ ਹੁੰਦਾ ਹੀ ਹੈ, ਘਰੇਲੂ ਕੁਟ-ਮਾਰ, ਵਿਤਕਰੇ ਦੀਆਂ ਘਟਨਾਵਾਂ ਵੀ ਵਧ ਵਾਪਰਦੀਆਂ ਹਨ। ਉਹਨਾਂ ਦੇ ਪਤੀ, ਸੁਹਰੇ ਪਰਵਾਰ ਵੱਲੋਂ ਉਨ੍ਹਾਂ ਨਾਲ ਅਣ-ਮਨੁਖੀ ਵਰਤਾਰੇ ਦੀਆਂ ਘਟਨਾਵਾਂ ਆਮ ਹਨ। ਇਨ੍ਹਾਂ ਵਿਚ ਉਹਨਾਂ ਦੇ ਪੇਟ ਵਿਚ ਪਲ ਰਹੀਆਂ ਲੜਕੀਆਂ ਦਾ ਗਰਭਪਾਤ, ਦਾਜ-ਦਹੇਜ ਕਾਰਨ ਕੁਟ-ਮਾਰ ਅਤੇ ਸਟੋਵ, ਗੈਸ ਨਾਲ ਉਹਨਾਂ ਨੂੰ ਸਾੜਨਾ ਅਤੇ ਸਮਾਜ ਵਿਚ ਲੜਕੀਆਂ ਨੂੰ ਲੜਕਿਆਂ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਕਿਸੇ ਵੀ ਤਰ੍ਹਾਂ ਦੇ ਹਕ ਨਾ ਦੇਣਾ ਸ਼ਾਮਲ ਹੈ। ਭੈੜੇ, ਕੋਝੇ, ਅਣਮਨੁਖੀ ਵਰਤਾਰੇ ਕਾਰਨ ਔਰਤ ਘਰ ਵਿਚ ਵੀ ਅਤੇ ਘਰੋਂ ਬਾਹਰ ਵੀ ਅਣਸੁਰਖਿਅਤ ਮਹਿਸੂਸ ਕਰਦੀ ਹੈ।
ਥਾਮਸਨ ਰੂਟਿਰਸ ਫਾਊਂਡੇਸ਼ਨ ਨੇ ਇਕ ਰਿਪੋਰਟ ਛਾਪੀ ਹੈ, ਜਿਸ ਦਾ ਭਾਰਤ ਸਰਕਾਰ ਨੇ ਖੰਡਨ ਕੀਤਾ ਹੈ। ਰਿਪੋਰਟ ਕਹਿੰਦੀ ਹੈ ਕਿ ਭਾਰਤ ਔਰਤਾਂ ਲਈ ਦੁਨੀਆ ਦਾ ਸਭ ਤੋਂ ਵਧ ਖ਼ਤਰਨਾਕ ਦੇਸ਼ ਹੈ। ਜਿਨ੍ਹਾਂ ਬਿੰਦੂਆਂ ਉਤੇ ਆਧਾਰਤ ਇਸ ਫਾਊਂਡੇਸ਼ਨ ਨੇ ਸਰਵੇ ਕੀਤਾ ਹੈ ਅਤੇ ਰਿਪੋਰਟ ਤਿਆਰ ਕੀਤੀ ਹੈ, ਉਸ ਨੂੰ ਅਖੋਂ-ਪਰੋਖੇ ਕਰਨਾ ਕੀ ਸੰਭਵ ਹੈ?
ਰਿਪੋਰਟ ਵਿਚ ਪਹਿਲਾ ਬਿੰਦੂ, ਜਿਸ ਬਾਰੇ ਸਰਵੇਖਣ ਕੀਤਾ ਗਿਆ ਹੈ, ਇਹ ਹੈ ਕਿ ਭਾਰਤੀ ਸਮਾਜ ਵਿਚ ਔਰਤਾਂ ਦੀ ਸਿਹਤ ਕਿਹੋ ਜਿਹੀ ਹੈ? ਸਿਹਤ ਦਾ ਮਨੁਖੀ ਜੀਵਨ ਪਧਰ ਨਾਲ ਗਹਿਰਾ ਰਿਸ਼ਤਾ ਹੈ। ਜੇਕਰ ਔਰਤਾਂ ਦੀ ਸਿਹਤ ਚੰਗੀ ਹੈ ਤਾਂ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਮਾਜ ਦਾ ਜੀਵਨ ਪਧਰ ਉਚਾ ਹੈ। ਬਿਹਤਰ ਜੀਵਨ ਪੱਧਰ ਅਪਰਾਧਾਂ ਨੂੰ ਘਟ ਕਰਦਾ ਹੈ। ਭਾਰਤ ਵਿਚ ਲੜਕੀਆਂ, ਔਰਤਾਂ ਦੀ ਸਿਹਤ ਵਲ ਵਿਸ਼ੇਸ਼ ਧਿਆਨ ਨਹੀਂ ਦਿਤਾ ਜਾਂਦਾ। ਲੜਕੀ ਦੇ ਕੁਖ ’ਚ ਕਤਲ ਦੀਆਂ ਘਟਨਾਵਾਂ ਆਮ ਹਨ। ਗਰਭਵਤੀ ਔਰਤਾਂ ਨੂੰ ਸਹੀ ਖ਼ੁਰਾਕ ਨਾ ਮਿਲਣ ਕਾਰਨ ਗਰਭਪਾਤ ਦੀਆਂ ਘਟਨਾਵਾਂ ਵਾਪਰਦੀਆਂ ਹਨ। ਜੱਚਾ-ਬਚਾ ਲਈ ਸਰਕਾਰੀ ਸਕੀਮਾਂ ਤਾਂ ਬਹੁਤ ਹਨ, ਪਰ ਆਮ ਔਰਤਾਂ ਇਹਨਾਂ ਸਕੀਮਾਂ ਦੀ ਪਹੁੰਚ ਤੋਂ ਦੂਰ ਹਨ। ਇੱਕ ਸਰਕਾਰੀ ਰਿਪੋਰਟ ਅਨੁਸਾਰ 75 ਫ਼ੀਸਦੀ ਗਰਭਵਤੀ ਔਰਤਾਂ ਚੰਗੀ ਖ਼ੁਰਾਕ ਨਾ ਮਿਲਣ ਕਾਰਨ ਖ਼ੂਨ ਦੀ ਕਮੀ ਦਾ ਸ਼ਿਕਾਰ ਰਹਿੰਦੀਆਂ ਹਨ। ਏਡਜ਼ ਦੀ ਬੀਮਾਰੀ ਤੋਂ ਪੀੜਤ ਕੁੱਲ ਵਿੱਚੋਂ 40 ਫ਼ੀਸਦੀ ਤੋਂ ਵਧ ਔਰਤਾਂ ਹਨ। ਛਾਤੀ ਦਾ ਕੈਂਸਰ ਔਰਤਾਂ ’ਚ ਲਗਾਤਾਰ ਵਧ ਰਿਹਾ ਹੈ।
ਔਰਤਾਂ ਦੀ ਸੁਰਖਿਆ ਰਿਪੋਰਟ ਦਾ ਦੂਜਾ ਕੇਂਦਰ ਬਿੰਦੂ ਆਰਥਕ ਮਾਮਲਿਆਂ ਵਿਚ ਔਰਤਾਂ ਨਾਲ ਭੇਦ-ਭਾਵ ਹੈ, ਵਿਤਕਰਾ ਹੈ। ਯੂਨਾਈਟਿਡ ਨੇਸ਼ਨਜ਼ ਦੀ ਇਕ ਰਿਪੋਰਟ ਅਨੁਸਾਰ 187 ਦੇਸ਼ਾਂ ਵਿਚ ਔਰਤਾਂ ਨਾਲ ਆਰਥਿਕ ਮਾਮਲਿਆਂ ’ਚ ਭੇਦ-ਭਾਵ ਪੱਖੋਂ ਭਾਰਤ ਦਾ 137ਵਾਂ ਥਾਂ ਹੈ। ਭਾਰਤ ਵਿਚ ਹਾਲੇ ਵੀ ਕਈ ਖੇਤਰਾਂ, ਖ਼ਾਸ ਕਰ ਕੇ ਗ਼ੈਰ-ਜਥੇਬੰਦ ਖੇਤਰਾਂ ’ਚ ਔਰਤਾਂ ਨੂੰ ਮਰਦਾਂ ਬਰਾਬਰ ਤਨਖ਼ਾਹ ਨਹੀਂ ਮਿਲਦੀ। ਘਰ ਦਾ ਮਾਲਕ ਆਮ ਤੌਰ ’ਤੇ ਮਰਦ ਨੂੰ ਗਿਣਿਆ ਜਾਂਦਾ ਹੈ। ਘਰ ਦੀ ਜ਼ਮੀਨ-ਜਾਇਦਾਦ ਉਸੇ ਦੇ ਨਾਮ ਰਹਿੰਦੀ ਹੈ। ਕਮਾਊ ਦੇ ਤੌਰ ’ਤੇ ਪੁਤ ਦਾ ਨਾਮ ਗਿਣਿਆ ਜਾਂਦਾ ਹੈ, ਹਾਲਾਂਕਿ ਇਸ ਸਮੇਂ ਲੜਕੀਆਂ ਵੀ ਵਖੋ-ਵਖ ਖੇਤਰਾਂ ’ਚ ਨੌਕਰੀਆਂ ਕਰਨ ਲਗੀਆਂ ਹਨ, ਪਰ ਸਮਾਜ ਵਿਸ਼ੇਸ਼ ਦੇ ਰੀਤੀ-ਰਿਵਾਜਾਂ ਵਿਚ ਔਰਤਾਂ ਨੂੰ ਕਿੰਨੀ ਕੁ ਬਰਾਬਰੀ ਮਿਲੀ ਹੋਈ ਹੈ? ਰੀਤੀ-ਰਿਵਾਜ ਘਰ ਅਤੇ ਸਮਾਜਕ ਸੱਭਿਆਚਾਰ ਨੂੰ ਦਰਸਾਉਂਦੇ ਹਨ। ਭਰਾ ਦੇ ਗੁਟ ’ਤੇ ਬੰਨ੍ਹੀ ਰਖੜੀ ਪਿਆਰ ਨਾਲੋਂ ਵਧ ਭੈਣ ਵੱਲੋਂ ਭਰਾ ਤੋਂ ਸੁਰਖਿਆ ਮੰਗਣ ਦਾ ਸਾਧਨ ਮੰਨੀ ਜਾਂਦੀ ਹੈ। ਲੜਕੀ, ਲੜਕੇ ਜਾਂ ਔਰਤ ਨਾਲ ਘਰ ਜਾਂ ਸਮਾਜ ਵਿਚ ਵਿਤਕਰਾ ਵੇਖਣ ਨੂੰ ਮਿਲਦਾ ਹੈ। ਜੇਕਰ ਹਕ ਬਰਾਬਰ ਹੋਣ ਤਾਂ ਫਿਰ ਸਮਾਜ ਵਿਚ ਔਰਤ ਮਰਦ ਦੇ ਬਰਾਬਰ ਦਾ ਸਹਿ-ਕਰਮੀ ਹੈ।
ਸਮਾਜ ਵਿਚ ਜਿਨਸੀ ਸ਼ੋਸ਼ਣ ਦੇ ਵਧ ਰਹੇ ਮਾਮਲੇ ਔਰਤਾਂ ਦੀ ਸੁਰਖਿਆ ਦੀ ਕੋਝੀ ਤਸਵੀਰ ਪੇਸ਼ ਕਰਦੇ ਹਨ। ਔਰਤਾਂ ਨਾਲ ਜਿਨਸੀ ਸ਼ੋਸ਼ਣ ਹੁੰਦਾ ਹੈ, ਬਲਾਤਕਾਰ ਹੁੰਦਾ ਹੈ, ਔਰਤਾਂ ਦਾ ਦੇਹ ਵਪਾਰ ਕੀਤਾ ਜਾਂਦਾ ਹੈ, ਉਹਨਾਂ ਨੂੰ ਅਗਵਾ ਕੀਤਾ ਜਾਂਦਾ ਹੈ। ਇਹ ਘਟਨਾਵਾਂ ਦੇਸ਼ ਵਿਚ ਲਗਾਤਾਰ ਵਧ ਰਹੀਆਂ ਹਨ। ਛੋਟੀਆਂ ਬਚੀਆਂ ਨਾਲ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨਾਲ ਦੇਸ਼-ਕੌਮ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਦੁਨੀਆ ਵਿਚ ਦੇਸ਼ ਦਾ ਅਕਸ ਖ਼ਰਾਬ ਹੋਇਆ ਹੈ। ਇਹ ਘਟਨਾਵਾਂ ਕੀ ਦੁਨੀਆ ਦੇ ਸਭ ਤੋਂ ਵਡੇ ਲੋਕਤੰਤਰ ਦੇ ਮਥੇ ਉਤੇ ਕਲੰਕ ਨਹੀਂ ਹਨ?
ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ ਦੇਸ਼ ਦੇ ਸੱਭਿਅਕ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਹਨ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤਕ ਗ਼ੈਰ-ਬਰਾਬਰੀ ਦਾ ਜਿਸ ਕਿਸਮ ਦਾ ਸਮਾਜ ਬਣ ਰਿਹਾ ਹੈ, ਉਸ ਵਿਚ ਪਸ਼ੂਪੁਣੇ ਉਤੇ ਕਾਬੂ ਪਾਉਣ ਦੇ ਬੰਧਨ ਟੁਟ ਰਹੇ ਹਨ। ਪਿੰਡਾਂ ਦੇ ਥਾਣਿਆਂ ਵਿਚ ਕਨੂੰਨ ਦੀ ਪਾਲਣਾ ਘਟ ਹੋ ਰਹੀ ਹੈ ਅਤੇ ਉਥੇ ਪ੍ਰਭਾਵੀ ਲੋਕਾਂ ਦਾ ‘ਚਲੋ ਛਡੋ, ਪਾਉ ਮਿਟੀ’ ਵਾਲਾ ਕਾਰਕ ਅਸਰਦਾਇਕ ਹੋ ਰਿਹਾ ਹੈ। ਇਹੋ ਜਿਹੇ ਹਾਲਾਤ ਵਿਚ ਕੀ ਬਲਾਤਕਾਰ ਦੀਆਂ ਘਟਨਾਵਾਂ ਅਤੇ ਜਿਨਸੀ ਹਿੰਸਾ ਨੂੰ ਸਿਰਫ਼ ਕਨੂੰਨ ਬਣਾ ਕੇ ਖ਼ਤਮ ਕੀਤਾ ਜਾ ਸਕਦਾ ਹੈ?
ਸਰਕਾਰ ਨੇ ਬਾਰਾਂ ਸਾਲ ਦੀਆਂ ਬਚੀਆਂ ਨਾਲ ਬਲਾਤਕਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦੇਣ ਦਾ ਕਨੂੰਨ ਪਾਸ ਕਰ ਦਿਤਾ ਹੈ, ਪਰ ਕੀ ਸਖ਼ਤ ਸਜ਼ਾਵਾਂ ਨਾਲ ਬਲਾਤਕਾਰ ਰੁਕ ਸਕਣਗੇ? ਜਿਨਸੀ ਸ਼ੋਸ਼ਣ ਦਾ ਵਰਤਾਰਾ ਖ਼ਤਮ ਹੋ ਸਕੇਗਾ? ਸਰਕਾਰ ਨੂੰ ਇਹ ਗਲ ਮੰਨ ਕੇ ਚੱਲਣਾ ਹੋਵੇਗਾ ਕਿ ਦੇਸ਼ ਵਿਚ ਔਰਤਾਂ ਦੇ ਮਨਾਂ ’ਚ ਅਸੁਰਖਿਆ ਦੀ ਭਾਵਨਾ ਵਧ ਰਹੀ ਹੈ। ਬਿਲਕੁਲ ਉਵੇਂ ਹੀ, ਜਿਵੇਂ ਦੇਸ਼ ’ਚ ਘਟ-ਗਿਣਤੀ ਲੋਕਾਂ ਦੇ ਮਨਾਂ ’ਚ ਅਸੁਰਖਿਆ ਵਧ ਰਹੀ ਹੈ। ਔਰਤਾਂ ਦੀ ਸੁਰਖਿਆ ਲਈ ਉਹਨਾਂ ਦੀ ਚੰਗੀ ਸਿਹਤ, ਬਰਾਬਰ ਦੇ ਹਕਾਂ, ਆਰਥਿਕ ਆਜ਼ਾਦੀ ਲਈ ਵਿਸ਼ੇਸ਼ ਉਪਰਾਲੇ ਕਰਨੇ ਹੀ ਪੈਣਗੇ। ਬਲਾਤਕਾਰਾਂ, ਅਗਵਾ, ਦੇਹ ਵਪਾਰ ਦੇ ਵਰਤਾਰੇ ਦੀ ਰੋਕਥਾਮ ਦੇ ਕਾਰਜ ਨੂੰ ਸਿਰਫ਼ ਸਰਕਾਰੀ ਯਤਨਾਂ ਉਤੇ ਨਹੀਂ ਛਡਿਆ ਜਾ ਸਕਦਾ, ਸਮਾਜ ਸੁਧਾਰਕਾਂ, ਬੁਧੀਜੀਵੀਆਂ, ਮਨੋਚਕਿਤਸਕਾਂ, ਸਾਹਿਤਕਾਰਾਂ ਨੂੰ ਸਿਰ ਜੋੜ ਕੇ ਇਸ ਸਮਾਜਕ ਕੋਹੜ ਨੂੰ ਖ਼ਤਮ ਕਰਨ ਲਈ ਯਤਨ ਕਰਨੇ ਪੈਣਗੇ।

Send this to a friend