April 23, 2026 4:59 am

ਖੇਤੀ ਸੁਧਾਰ ਖੈਰਾਤ ਨਹੀਂ ਫਰਜ਼ ਹੋਣ

ਪੰਜਾਬ ਵਿੱਚ ਖੇਤੀ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਨਿੱਤ ਦਿਨ ਸੁਰਖੀਆਂ ਵਿੱਚ ਰਹਿੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਜੂਝਣਾ ਕਿਸਾਨ ਨੇ ਆਪਣੇ ਸੁਭਾਅ ਦਾ ਅੰਗ ਬਣਾ ਲਿਆ ਹੈ। ਲੋਕਤੰਤਰ ਵਿੱਚ ਖੇਤੀ ਕਰਨ ਵਾਲੇ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਸਬਜ਼ਬਾਗ ਦਿਖਾਏ ਜਾਂਦੇ ਹਨ। ਬਾਅਦ ਵਿੱਚ ਘੁੰਮਣਘੇਰੀਆਂ ਸ਼ੁਰੂ ਹੋ ਕੇ ਲਾਚਾਰੀ ਪੱਲੇ ਪੈ ਜਾਂਦੀ ਹੈ। ਪੁਖਤਾ ਇੰਤਜਾਮ ਵਾਰੀ ਵੀ ਉਡੀਕ ਕਰਦੇ ਰਹਿੰਦੇ ਹਨ। ਪੰਜਾਬ ਦਾ ਕਿਸਾਨ ਆਰਥਿਕ ਪੱਖ ਤੋਂ ਬਿਲਕੁਲ ਆਜ਼ਾਦ ਨਹੀਂ ਹੈ। ਮਸਾਂ ਦੋ ਡੰਗ ਦੀ ਰੋਟੀ ਲਈ ਰੋਜ਼ਾਨਾ ਦੀਆਂ ਲੋੜਾਂ ਲਈ ਟੱਕਰਾ ਮਾਰਦਾ ਰਹਿੰਦਾ ਹੈ। ਸਰਕਾਰ ਨੇ ਖੇਤੀ ਖੇਤਰ ਦੇ ਸੁਧਾਰ ਕਰਨ ਦੇ ਯਤਨ ਕੀਤੇ ਪਰ ਨਤੀਜੇ ਫਿੱਕੇ ਰਹੇ। ਡਾਕਟਰ ਸਵਾਮੀਨਾਥਨ ਵੱਲੋਂ ਕਿਸਾਨ ਦੀ ਫਸਲੀ ਲਾਗਤ ਉਪਰ 50 ਫੀਸਦੀ ਮੁਨਾਫਾ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਸੀ। ਪਰ ਠੰਢੇ ਬਸਤੇ ਵਿੱਚ ਪੈ ਗਈ।
ਖੇਤੀ ਸੁਧਾਰਾਂ ਨੂੰ ਕੁਦਰਤ ਅਤੇ ਸਰਕਾਰ ਦੀ ਦੋਹਰੀ ਮਾਰ ਝੱਲਣੀ ਪੈਂਦੀ ਹੈ। ਸਰਕਾਰ ਨੂੰ ਤਾਂ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ, ਪਰ ਕੁਦਰਤ ਨੂੰ ਕੌਣ ਆਖੇ? ਕੁਦਰਤੀ ਆਫਤਾਂ ਬਾਰੇ ਸਰਕਾਰ ਯਤਨ ਤਾਂ ਕਰਦੀ ਹੈ। ਪਰ ਆਰਥਿਕ ਹਾਲਾਤ ਬਹੁਤੇ ਸਾਜਗਾਰ ਨਹੀਂ ਹੁੰਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨ ਦੀ ਜ਼ਿੰਦਗੀ ਵਿੱਚ ਬਾਰ-ਬਾਰ ਔਕੜਾਂ ਤੋਂ ਬਚਣ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ। ਕਿਸਾਨ ਨੂੰ ਅੰਨਦਾਤਾ ਹੀ ਰਹਿਣ ਦਿੱਤਾ ਜਾਵੇ। ਖੇਤੀ ਖੇਤਰ ਦੇ ਸੁਧਾਰ ਨੂੰ ਖੈ ਨਹੀਂ ਬਲਕਿ ਫਰਜ਼ ਸਮਝ ਕੇ ਕੰਮ ਕੀਤਾ ਜਾਵੇ। ਖੇਤੀ ਸੁਧਾਰਾਂ ਨੂੰ ਰਾਜਨੀਤਿਕ ਖੇਤਰ ਨਾਲ ਜੋੜਨ ਦੀ ਬਜਾਏ ਪਾਸੇ ਰੱਖਿਆ ਜਾਵੇ। ਖੇਤੀ ਸੁਧਾਰਾਂ ਨੂੰ ਰਾਜਨੀਤਿਕ ਜਮਾਤ ਬਿਨਾਂ ਵਜਾਹ ਘਸਮੰਡ ਕੇ ਰੱਖ ਦਿੰਦੀ ਹੈ। ਜਿਸ ਨਾਲ ਕਿਸਾਨ ਦਾ ਦਾਤਾ ਅਤੇ ਦਾਨੀ ਸੁਭਾਅ ਠੇਸਿਆ ਜਾਂਦਾ ਹੈ।
ਮਨੁੱਖੀ ਸਿਹਤ ਨਾਲ ਜੁੜੇ ਪਹਿਲੂਆਂ ਨੇ ਵੀ ਖੇਤੀ ਖੇਤਰ ਲਈ ਸੰਸੇ ਪੈਦਾ ਕੀਤੇ। ਸੰਤ ਸੁਭਾਅ ਕਿਸਾਨ ਨੂੰ ਢਾਹ ਵੀ ਲੱਗੀ। ਖੇਤੀ ਲਈ ਮੰਡੀਕਰਨ, ਬੀਮਾ, ਸਬਸਿਡੀਆਂ, ਸਸਤੇ ਕਰਜ਼ੇ, ਮੁਫਤ ਬਿਜਲੀ ਤਾਂ ਸਰਕਾਰਾਂ ਵੱਲੋਂ ਦਿੱਤੀ ਗਈ ਹੈ। ਪਰ ਖੁਦਕਸ਼ੀਆਂ ਦੇ ਵਧੇ ਅੰਕੜੇ ਨੇ ਸਭ ਕੁੱਝ ਘਸਮੈਲਾ ਕਰਕੇ ਰੱਖ ਦਿੱਤਾ ਹੈ। ਖੇਤੀ ਖੇਤਰ ਨਾਲ ਜੁੜਿਆ ਕਿਸਾਨ ਆਪਣੇ ਆਪ ਤੇ ਮਾਣ ਨਹੀਂ ਕਰ ਸਕਦਾ ਕਿਉਂਕਿ ਉਸਦੇ ਬੱਚੇ ਅਤੇ ਪਰਿਵਾਰ ਦੀਆਂ ਲੋੜਾਂ ਲਈ ਤੰਗੀਆਂ ਤੁਰਸ਼ੀਆਂ ਸਾਹਮਣੇ ਖੜੀਆਂ ਰਹਿੰਦੀਆਂ ਹਨ। ਕਿਸਾਨ ਖਿਆਲਾਂ ਵਿੱਚ ਡੁੱਬ ਕੇ ਚਿੰਤਾ ਮੁਖੀ ਜੀਵਨ ਬਸਰ ਕਰਦਾ।
ਕਿਸਾਨੀ ਅਤੇ ਖੇਤੀ ਖੇਤਰ ਸਰਕਾਰ ਤੋਂ ਬਹੁਤ ਆਸ ਲਗਾਈ ਬੈਠਾ ਹੈ। ਆਪਣੇ ਦਾਤਾ ਸੁਭਾਅ ਨੂੰ ਛੱਡ ਕੇ ਰਾਜਨੀਤਿਕ ਵਰਗ ਤੋਂ ਟੇਕ ਲਗਾ ਲੈਂਦਾ ਹੈ। ਖੇਤੀ ਖੇਤਰ ਨਾਲ ਜੁੜੇ ਪਰਿਵਾਰਾਂ ਦੀ ਸਿਹਤ ਅਤੇ ਸਿੱਖਿਆ ਦਾ ਖਰਚ ਸਰਕਾਰ ਉਠਾ ਲਵੇ ਤਾਂ ਇਸ ਤੋਂ ਵੱਡਾ ਪੁੰਨ ਕਰਮ ਹੋਰ ਕੋਈ ਨਹੀਂ ਹੋ ਸਕਦਾ। ਖੇਤੀ ਨੂੰ ਉਦਯੋਗ ਦਾ ਦਰਜਾ ਦਿੱਤਾ ਜਾਵੇ। ਰਾਜਨੀਤਿਕ ਮੁਫਾਦਾਂ ਲਈ ਖੇਤੀ ਖੇਤਰ ਨੂੰ ਨਾ ਵਰਤਿਆ ਜਾਵੇ। ਚੋਣ ਐਲਾਨਨਾਮੇ ਵਿੱਚ ਖੇਤੀ ਸੁਧਾਰਾਂ ਅਤੇ ਕਿਸਾਨ ਦੀ ਦਸ਼ਾ ਨੂੰ ਕਾਨੂੰਨੀ ਦਾਇਰੇ ਹੇਠ ਲਿਆਂਦਾ ਜਾਵੇ, ਤਾਂ ਜੋ ਕਿਸਾਨ ਨੂੰ ਵਰਗਲਾਉਣ ਦੀ ਪ੍ਰਕਿਰਿਆ ਰੁਕੇ। ਜੇ ਕਿਸਾਨ ਖੁਸ਼ਹਾਲ ਹੈ ਤਾਂ ਸਮਾਜ ਅਤੇ ਦੇਸ਼ ਖੁਸ਼ਹਾਲ ਹੋਵੇਗਾ ਇਸ ਲਈ ਖੇਤੀ ਖੇਤਰ ਦੇ ਸੁਧਾਰ ਰਾਜਨੀਤੀ ਤੋਂ ਉਪਰ ਉਠ ਕੇ ਹੋਣ। ਸਾਰੇ ਵਰਗ ਇੱਕਮੁੱਠ ਹੋ ਕੇ ਖੇਤੀ ਦੀ ਦਸ਼ਾ ਨੂੰ ਸੁਧਾਰਨ।ਕਿਸਾਨ ਦੀ ਹਾਲਤ ਨੂੰ ਵੋਟ ਰਾਜਨੀਤੀ ਨਾਲ ਜੋੜਨ ਦੀ ਬਜਾਏ ਇਸ ਦੀ ਦਸ਼ਾ ਸੁਧਾਰਨ ਲਈ ਰਾਜਨੀਤੀ ਤੋਂ ਉਪਰ ਉਠ ਕੇ ਕੰਮ ਕੀਤੇ ਜਾਣ। ਖੇਤੀ ਸੁਧਾਰਾਂ ਨੂੰ ਫਰਜ਼ ਸਮਝ ਕੇ ਕੰਮ ਕੀਤੇ ਜਾਣ ਨਾ ਕਿ ਕਿਸਾਨ ਨੂੰ ਖੈ ਸਮਝ ਕੇ ਫਾਇਦਾ ਦਿੱਤਾ ਜਾਵੇ। ਸਰਕਾਰ ਕਿਸਾਨ ਲਈ ਰੱਬ ਦਾ ਰੂਪ ਹੁੰਦੀ ਹੈ। ਇਸ ਲਈ ਸਰਕਾਰੀ ਸਵੱਲੀ ਨਜ਼ਰ ਤੋਂ ਬਿਨਾਂ ਕਿਸਾਨ ਦੀਆਂ ਮੁਸ਼ਕਲਾਂ ਦਾ ਹੱਲ ਬਹੁਤ ਔਖਾ ਹੈ। ਹੁਣ ਢੁੱਕਵਾਂ ਸਮਾਂ ਹੈ ਕਿ ਖੇਤੀ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਚੇਤੰਨ ਲੋਕ ਲਹਿਰ ਪੈਦਾ ਕੀਤੀ ਜਾਵੇ।
– ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ,
ਸੰਪਰਕ : 98781-11445

Send this to a friend