ਵਿਜੇ ਕੁਮਾਰ ਗੋਇਲ ਨੂੰ ਸਮਾਜ ਸੇਵਾ ਦੀ ਗੁੜ੍ਹਤੀ ਆਪਣੇ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਮਿਲੀ ਹੈ। ਉਨ੍ਹਾਂ ਦਾ ਪਿਤਾ ਸ੍ਰੀ ਕਿਸ਼ਨ ਚੰਇਗੋਇਲ ਵੀ ਆਪਣੇ ਸਮੇਂ ਦਾ ਜਾਣਿਆਂ ਪਛਾਣਿਆਂ ਸਮਾਜ ਸੇਵਕ ਸੀ। ਟਕਸਾਲੀ ਅਕਾਲੀ ਸਵਰਗਵਾਸੀ ਜਸਦੇਵ ਸਿੰਘ ਸੰਧੂ ਨਾਲ ਪਰਿਵਾਰ ਦੀ ਦੋਸਤੀ ਨੇ ਉਨ੍ਹਾਂ ਕੋਲੋਂ ਲੋਕ ਸੇਵਾ ਕਰਨ ਦੀ ਪ੍ਰਵਿਰਤੀ ਹਾਸਲ ਕੀਤੀ। ਵਿਜੇ ਕੁਮਾਰ ਗੋਇਲ ਅਜਿਹਾ ਸਮਾਜ ਸੇਵਕ ਹੈ, ਜਿਹੜਾ ਆਪਣੇ ਪਿਤਾ ਦੇ ਪਦ ਚਿੰਨ੍ਹਾਂ ’ਤੇ ਚਲਦਾ ਹੋਇਆ ਲੋੜਮੰਦ ਲੋਕਾਂ ਦੀ ਸੇਵਾ ਵਿਚ ਸਮਰਪਤ ਰਹਿੰਦਾ ਹੈ। ਸਮਾਜ ਸੇਵਾ ਦੀ ਪ੍ਰਵਿਤੀ ਉਸ ਲਈ ਜਨੂੰਨ ਤੋਂ ਘੱਟ ਨਹੀਂ। ਹਰ ਰੋਜ ਸਵੇਰੇ ਉਠ ਕੇ ਜਦੋਂ ਉਹ ਬਾਰਾਂਦਰੀ ਬਾਗ ਪਟਿਆਲਾ ਵਿਚ ਸੈਰ ਕਰਨ ਲਈ ਜਾਂਦਾ ਹੈ ਤਾਂ ਉਥੇ ਵੀ ਆਪਣੇ ਸੈਰ ਕਰਨ ਵਾਲੇ ਸਾਥੀਆਂ ਨੂੰ ਲੋੜਮੰਦ ਗ਼ਰੀਬ ਲੋਕਾਂ ਦੀ ਮਦੱਦ ਕਰਨ ਲਈ ਪ੍ਰੇਰਦਾ ਰਹਿੰਦਾ। ਹਰ ਵਕਤ ਭਾਵੇਂ ਉਹ ਕਿਸੇ ਵੀ ਸਮਾਗਮ ਵਿਚ ਹੋਵੇ, ਧਾਰਮਿਕ ਸਥਾਨ ਤੇ ਹੋਵੇ ਜਾਂ ਸਮਾਜਿਕ ਪ੍ਰੋਗਰਾਮ ਵਿਚ ਸ਼ਾਮਲ ਹੋਵੇ, ਹਰ ਮਿਲਣ ਵਾਲੇ ਨੂੰ ਸਮਾਜ ਸੇਵਾ ਲਈ ਪ੍ਰੇਰਦਾ ਰਹਿੰਦਾ ਹੈ। ਗ਼ਰੀਬ ਲੋਕਾਂ ਦੀ ਆਰਥਿਕ ਮੱਦਦ ਕਰਨ ਲਈ ਉਹ ਹਰ ਸਰਦੇ ਪੁਜਦੇ ਵਿਅਕਤੀ ਕੋਲ ਪਹੁੰਚਕੇ ਮਦੱਦ ਕਰਨ ਲਈ ਦਾਨ ਮੰਗਦਾ ਰਹਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਨੇ ਸਮਾਜ ਸੇਵਾ ਦੇ ਕੰਮ ਨੂੰ ਹੋਰ ਤੇਜ਼ੀ ਨਾਲ ਕਰਨ ਲਈ ਆਪਣਾ ਜੱਦੀ ਪੁਸ਼ਤੀ ਆੜ੍ਹਤ ਦਾ ਕੰਮ ਵੀ ਆਪਣੇ ਲੜਕੇ ਨੂੰ ਸੌਂਪ ਦਿੱਤਾ ਹੈ। ਉਸਦਾ ਪਿਤਾ ਕਿਸ਼ਨ ਚੰਦ ਗੋਇਲ ਵੀ ਆੜ੍ਹਤ ਦਾ ਕੰਮ ਕਰਦਾ ਸੀ, ਇਸ ਲਈ ਉਸਦੇ ਪਰਿਵਾਰ ਦਾ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨਾਲ ਚੰਗਾ ਤਾਲਮੇਲ ਹੈ। ਸਮਾਜ ਸੇਵਾ ਲਈ ਚੰਦਾ ਇਕੱਠਾ ਕਰਨ ਲਈ ਉਹ ਆਪਣੇ ਇਨ੍ਹਾਂ ਨਿੱਜੀ ਸੰਬੰਧਾਂ ਦਾ ਲਾਭ ਉਠਾਉਂਦਾ ਹੋਇਆ ਪ੍ਰਵਾਸ ਵਿਚ ਬੈਠੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿਤਰਾਂ ਤੋਂ ਦਾਨ ਕਰਨ ਲਈ ਸਹਾਇਤਾ ਮੰਗਦਾ ਰਹਿੰਦਾ ਹੈ। ਇਸ ਸਮੇਂ ਉਹ ਲਗਪਗ 15 ਸਵੈਇਛੱਤ ਸੰਸਥਾਵਾਂ ਦਾ ਪੈਟਰਨ, ਪ੍ਰਧਾਨ, ਸਲਾਹਕਾਰ ਜਾਂ ਮੈਂਬਰ ਹੈ। ਉਸਦੀ ਕਮਾਲ ਇਹ ਹੈ ਕਿ ਉਹ ਹਰ ਸੰਸਥਾ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਰਹਿੰਦਾ ਹੈ। ਇਸ ਸਮੇਂ ਉਹ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ, ਗਾਰਡਨਜ਼ ਐਂਡ ਇਨਵਾਇਰਨਮੈਂਟ ਸੋਸਾਇਟੀ ਅਤੇ ਕਿਸ਼ਨ ਚੰਦ ਗੋਇਲ ਮੈਮੋਰੀਅਲ ਸੋਸਾਇਟੀ ਦਾ ਪ੍ਰਧਾਨ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਾ ਅਵੇਤਨੀ ਉਪ ਪ੍ਰਧਾਨ, ਲਾਈਫ਼ ਮੈਂਬਰ ਇੰਡੀਅਨ ਰੈਡ ਕਰਾਸ ਸੋਸਾਇਟੀ, ਮੈਂਬਰ ਮੈਨੇਜਿੰਗ ਬਾਡੀ ਪੰਜਾਬ ਰੈਡ ਕਰਾਸ ਸੋਸਾਇਟੀ ਐਂਡ ਸੇਂਟ ਜੋਨ ਐਂਬੂਲੈਂਸ ਪੰਜਾਬ, ਮੈਂਬਰ ਭਰੂਣ ਹੱਤਿਆਵਾਂ ਨੂੰ ਰੋਕਣ ਵਾਲੀ ਕਮੇਟੀ ਪਟਿਆਲਾ ਦਾ ਵੀ ਸਰਗਰਮ ਕਾਰਕੁਨ ਹੈ। ਸਾਬਕਾ ਚੇਅਰਮੈਨ ਕਰਮਯੋਗੀ ਵੀਰ ਦਸੌਂਧੀ ਰਾਮ ਫ਼ਾਊਂਡੇਸ਼ਨ, ਲਾਇਨਜ਼ ਕਲੱਬ ਅਤੇ ਰੋਟਰੀ ਕਲੱਬ ਮਿਡਟਾਊਨ ਦੇ ਪ੍ਰਧਾਨ ਰਹੇ ਹਨ। ਪਟਿਆਲਾ ਵਿਚ ਉਸਦੀ ਸੋਸਾਇਟੀ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਅਜਿਹੀ ਪਹਿਲੀ ਸਵੈ ਇੱਛਤ ਸੰਸਥਾ ਹੈ ਜਿਸਨੇ ਸਭ ਤੋਂ ਪਹਿਲਾਂ 2002 ਵਿਚ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਦੇ ਵਿਰੁਧ ਲੋਕਾਂ ਨੂੰ ਲਾਮਵੰਦ ਅਤੇ ਪ੍ਰੇਰਨ ਦਾ ਬੀੜਾ ਚੁੱਕਿਆ ਸੀ। ਉਸ ਸਮੇਂ ਜਸਬੀਰ ਸਿੰਘ ਬੀਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਨ, ਉਨ੍ਹਾਂ ਇਸ ਸੋਸਾਇਟੀ ਨੂੰ ਆਪਣੀ ਸਰਪਰਸਤੀ ਦਿੱਤੀ ਸੀ। ਉਹ ਦਿਹਾਤੀ ਸਕੂਲਾਂ ਦੇ ਬੱਚਿਆਂ ਨੂੰ ਸਾਲ ਵਿਚ ਇਕ ਵਾਰ ਵੱਡਾ ਸਮਾਗਮ ਕਰਕੇ ਸਨਮਾਨਤ ਕਰਦਾ ਹੈ, ਜਿਹੜੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਹਨ। ਇਸ ਸਮਾਗਮ ਲਈ ਬੱਚਿਆਂ ਦੀਆਂ ਸੂਚੀਆਂ ਜਿਲ੍ਹਾ ਸਿਖਿਆ ਅਧਿਕਾਰੀ ਤੋਂ ਲੈਂਦਾ ਹੈ ਤਾਂ ਜੋ ਹੋਰ ਬੱਚਿਆਂ ਨੂੰ ਵੀ ਉਤਸ਼ਾਹ ਮਿਲ ਸਕੇ। ਉਹ ਪਟਿਆਲਾ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ, ਮੁਫ਼ਤ ਮੈਡੀਕਲ ਚੈਕ ਅਪ ਕੈਂਪ, ਸਰਕਾਰੀ ਸਕੂਲਾਂ ਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਵਰਦੀਆਂ, ਪੁਸਤਕਾਂ ਅਤੇ ਸ਼ਟੇਸ਼ਨਰੀ, ਅੰਗਹੀਣ ਬੱਚਿਆਂ ਦੀ ਮਦਦ, ਅੱਖਾਂ ਦੀਆਂ ਬਿਮਾਰੀਆਂ ਦੇ ਕੈਂਪ ਅਨੁਸੂਚਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਅਤੇ ਥੈਲੀਸਾਮਿਕ ਬੱਚਿਆਂ ਦੀ ਸਹਾਇਤਾ ਕਰਦਾ ਰਹਿੰਦਾ ਹੈ। ਪਲਸ ਪੋਲੀਓ ਕੈਂਪ ਵੀ ਸਿਹਤ ਵਿਭਾਗ ਦੀ ਮਦਦ ਨਾਲ ਲਗਾਉਂਦਾ ਰਹਿੰਦਾ ਹੈ। ਉਸਦਾ ਸਾਰੇ ਵਿਭਾਗਾਂ ਨਾਲ ਤਾਲਮੇਲ ਬਿਹਤਰੀਨ ਹੈ। ਕੋਈ ਵੀ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਵਿਜੈ ਕੁਮਾਰ ਗੋਇਲ ਨੂੰ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰਨ ਤੋਂ ਇਨਕਾਰ ਨਹੀਂ ਕਰਦਾ। ਜਦੋਂ ਵੀ ਕਦੀਂ ਕੁਦਰਤੀ ਆਫ਼ਤਾਂ ਆਈਆਂ ਤਾਂ ਉਹ ਸਭ ਤੋਂ ਮੋਹਰੀ ਬਣਕੇ ਆਪਣੇ ਸਾਥੀਆਂ ਅਤੇ ਵਾ¦ਟੀਅਰਜ਼ ਨਾਲ ਪਹੁੰਚਦਾ ਹੈ। ਉੜੀਸਾ ਵਿਚ ਆਏ ਤੂਫ਼ਾਨ ਅਤੇ ਗੁਜਰਾਤ ਵਿਚ ਆਏ ਭੁਚਾਲ ਸਮੇਂ ਲੋੜਬੰਦਾਂ ਲਈ ਸਾਮਗਰੀ ਇਕੱਠੀ ਕਰਕੇ ਭਿਜਵਾਈ ਸੀ। ਵਾਤਵਰਨ ਨੂੰ ਸਾਫ਼ ਸੁਥਰਾ ਰੱਖਣ ਅਤੇ ਆਵਾਜਾਈ ਦੀ ਸਮੱਸਿਆ ਬਾਰੇ ਲੋਕਾਂ ਨੂੰ ਜਾਗ੍ਰਤ ਕਰਨ ਲਈ ਵੀ ਤਤਪਰ ਰਹਿੰਦਾ ਹੈ। ਵਾਤਾਵਰਣ ਸਾਫ-ਸੁਥਰਾ ਰੱਖਣ ਲਈ ਪਾਲੂਸ਼ਨ ਕੰਟਰੋਲ ਬੋਰਡ ਦੀ ਸਹਾਇਤਾ ਨਾਲ ਪੋਲੀਥੀਨ ਦੀ ਵਰਤੋਂ ਰੋਕਣ ਲਈ ਬੱਚਿਆਂ ਨੂੰ ਜਾਗ੍ਰਤ ਕਰਨ ਵਾਸਤੇ ਨਾਭਾ, ਰਾਜਪੁਰਾ, ਸਮਾਣਾ ਅਤੇ ਪਟਿਆਲਾ ਵਿਚ ਵਿਸ਼ੇਸ਼ ਕੈਂਪ ਲਗਾਏ ਗਏ, ਜਿਸ ਵਿਚ ਬੱਚਿਆਂ ਦੇ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਜੂਟ ਦੇ ਥੈਲੇ ਬਣਵਾਕੇ ਲੋਕਾਂ ਨੂੰ ਮੁਫ਼ਤ ਵੰਡੇ ਗਏ ਤਾਂ ਜੋ ਉਹ ਪੋਲੀਥੀਨ ਦੀ ਵਰਤੋਂ ਕਰਨ ਤੋਂ ਰੋਕੇ ਜਾ ਸਕਣ। ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਮੁਹਿੰਮ ਬਾਰੇ ਵੀ ਆਪਣੀਆਂ ਸੰਸਥਾਵਾਂ ਰਾਹੀਂ ਜਾਗਰੂਕ ਕਰਦਾ ਹੈ। ਕਹਿਣ ਤੋਂ ਭਾਵ ਹੈ ਕਿ ਸਮਾਜ ਸੇਵਾ ਦਾ ਅਜਿਹਾ ਕੋਈ ਖੇਤਰ ਨਹੀਂ ਹੈ, ਜਿਸ ਵਿਚ ਵਿਜੈ ਕੁਮਾਰ ਗੋਇਲ ਆਪਣਾ ਯੋਗਦਾਨ ਨਹੀਂ ਪਾਉਂਦਾ। 1993 ਵਿਚ ਪਟਿਆਲਾ ਜਿਲ੍ਹੇ ਵਿਚ ਜਦੋਂ ਹੜ੍ਹਾਂ ਦਾ ਪ੍ਰਕੋਪ ਹੋਇਆ ਸੀ ਤਾਂ ਵਿਜੈ ਕੁਮਾਰ ਗੋਇਲ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਕਿਸ਼ਤੀਆਂ ਰਾਹੀਂ ਖਾਣਾ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਉਂਦਾ ਸੀ। ਇਸੇ ਤਰ੍ਹਾਂ ਪੰਜਾਬ ਦੇ ਮਾੜੇ ਦਿਨਾਂ ਵਿਚ ਜਦੋਂ ਅੱਧੀ-ਅੱਧੀ ਰਾਤ ਨੂੰ ਸਮਾਜ ਸੇਵਕਾਂ ਦੀ ਲੋੜ ਪੈਂਦੀ ਸੀ ਤਾਂ ਜਖ਼ਮੀਆਂ ਨੂੰ ਦਵਾਈਆਂ ਅਤੇ ਹੋਰ ਸਮਗਰੀ ਦੁਕਾਨਦਾਰਾਂ ਨੂੰ ਘਰੋਂ ਉਠਾ ਕੇ ਸਾਮਾਨ ਖ੍ਰੀਦਕੇ ਉਹ ਸਪਲਾਈ ਕਰਦਾ ਸੀ। ਇਕ ਵਾਰ 1998 ਵਿਚ ਜਦੋਂ ਖੰਨੇ ਦੇ ਕੋਲ ਅਤੇ 2000 ਵਿਚ ਸਰਾਏਵਣਜਾਰਾ ਕੋਲ ਰੇਲ ਗੱਡੀ ਦੇ ਐਕਸੀਡੈਂਟ ਹੋ ਗਏ ਸਨ ਤਾਂ ਵਿਜੈ ਕੁਮਾਰ ਗੋਇਲ ਨੇ ਆਪਣੇ ਸਾਥੀਆਂ ਨਾਲ ਜ਼ਖ਼ਮੀਆਂ ਦੀ ਵੇਖ ਭਾਲ ਕੀਤੀ। ਇਸ ਐਕਸੀਡੈਂਟ ਵਿਚ ਜਖਮੀ ਅਤੇ ਸੁਰਗਵਾਸ ਹੋਣ ਵਾਲੇ ਸਾਰੇ ਵਿਅਕਤੀ ਪੰਜਾਬ ਤੋਂ ਬਾਹਰ ਦੇ ਸਨ। ਇਸ ਲਈ ਉਨ੍ਹਾਂ ਦੀ ਵੇਖ ਭਾਲ ਦੀ ਜ਼ਿੰਮੇਵਾਰੀ ਸਥਾਨਕ ਲੋਕਾਂ ਦੀ ਹੀ ਬਣਦੀ ਸੀ। ਸਵਰਗਵਾਸ ਹੋਏ ਲੋਕਾਂ ਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਇਛਾਵਾਂ ਮੁਤਾਬਕ ਸਸਕਾਰ ਕਰਵਾਏ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਠਹਿਰਨ ਖਾਣ-ਪੀਣ ਆਦਿ ਦਾ ਪ੍ਰਬੰਧ ਕੀਤਾ। ਪਟਿਆਲਾ ਜਿਲ੍ਹੇ ਦੇ ਪਿੰਡ ਦੇਵੀ ਨਗਰ ਨੂੰ ਰੈਡ ਕਰਾਸ ਪਿੰਡ ਬਣਵਾਇਆ, ਇਸ ਪਿੰਡ ਦੇ 400 ਵਿਅਕਤੀਆਂ ਨੂੰ ਪ੍ਰੇਰਕੇ ਰੈਡ ਕਰਾਸ ਦੇ ਮੈਂਬਰ ਬਣਾਇਆ। ਪਿੰਡ ਦੇ ਸਾਰੇ ਅੰਗਹੀਣਾਂ ਨੂੰ ਟ੍ਰਾਈਸਾਈਕਲ, ਕਲੀਪਰ ਅਤੇ ਹੋਰ ਨਕਲੀ ਅੰਗ ਬਣਵਾਕੇ ਦਿੱਤੇ ਗਏੇ। ਬੱਚਿਆਂ ਵਿਚ ਕੰਪਿਊਟਰ ਦੀ ਵਰਤੋਂ ਨੂੰ ਹਰਮਨ ਪਿਆਰਾ ਬਣਾਉਣ ਲਈ ਮੁਫ਼ਤ ਕੰਪਿਊਟਰ ਸਿਖਿਆ ਦੇਣ ਦਾ ਕੰਮਪਿਊਟਰ ਸੈਂਟਰ ਖੋਲ੍ਹਿਆ ਗਿਆ ਸੀ। ਅੱਜ ਕਲ੍ਹ ਤਾਂ ਇਸਦੀ ਲੋੜ ਨਹੀਂ। ਵਿਜੈ ਕੁਮਾਰ ਗੋਇਲ ਦੀ ਕਮਾਲ ਇਸ ਗੱਲ ਵਿਚ ਹੈ ਕਿ ਕੋਈ ਵੀ ਚੰਗਾ ਕੰਮ ਸ਼ੁਰੂ ਕਰਨ ਲਈ ਉਹ ਸਾਰੀਆਂ ਬੈਂਕਾਂ ਤੋਂ ਵੀ ਮਦਇਲੈ ਲੈਂਦਾ ਹੈ। ਇੀੋਂ ਤੱਕ ਕਿ ਰੈਡ ਕਰਾਸ ਲਈ ਸਟੇਟ ਬੈਂਕ ਆਫ ਪਟਿਆਲਾ ਤੋਂ ਇਕ ਵੈਨ ਵੀ ਲੈ ਕੇ ਦਿੱਤੀ ਸੀ। ਬਾਰਾਂਦਰੀ ਬਾਗ ਨੂੰ ਸੁੰਦਰ ਅਤੇ ਮਨਮੋਹਕ ਬਣਾਉਣ ਲਈ ਉਥੇ ਜੋ ਫੁਹਾਰੇ ਲਗਾਏ ਗਏ ਸਨ, ਉਨ੍ਹਾਂ ਦੀ ਮੁਰੰਮਤ ਦਾ ਪ੍ਰਬੰਧ ਵੀ ਕਰਵਾਇਆ ਗਿਆ। ਉਹ ਆਪਣੀ ਕਿਸੇ ਵੀ ਸੰਸਥਾ ਲਈ ਆਰਥਿਕ ਸਮੱਸਿਆ ਨਹੀਂ ਆਉਣ ਦਿੰਦਾ। ਦਾਨ ਦੇਣ ਲਈ ਪ੍ਰੇਰਨ ਦੀ ਸ਼ਕਤੀ ਉਸਦੀ ਨਮਰਤਾ ਹੀ ਹੈ। ਉਸ ਦੀਆਂ ਸਮਾਜ ਸੇਵਾ ਦੀਆਂ ਸਰਗਰਮੀਆਂ ਪਟਿਆਲਾ ਤੱਕ ਹੀ ਸੀਮਤ ਨਹੀਂ, ਉਹ ਪਟਿਆਲਾ ਜਿਲ੍ਹੇ ਵਿਚ ਤਾਂ ਕੈਂਪ ਲਗਾਉਂਦਾ ਹੀ ਹੈ ਪ੍ਰੰਤੂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਵੀ ਸਰਗਰਮੀ ਜਾਰੀ ਰੱਖਦਾ ਹੈ। ਨਸ਼ਿਆਂ ਦੀ ਨਾਮੁਰਾਦ ਸਮਾਜਿਕ ਬੁਰਾਈ ਵਿਰੁਧ ਲੋਕਾਂ ਨੂੰ ਜਾਗ੍ਰਤ ਕਰਨ ਲਈ ਖਾਸ ਤੌਰ ਤੇ ਸਕੂਲਾਂ ਕਾਲਜਾਂ ਵਿਚ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਉਂਦਾ ਰਹਿੰਦਾ ਹੈ। ਇਹ ਸਮਾਜ ਸੇਵਾ ਤਾਂ ਹੀ ਸੰਭਵ ਹੁੰਦੀ ਹੈ ਕਿਉਂਕਿ ਉਸਦੀ ਪਤਨੀ ਅਤੇ ਪੂਰਾ ਪਰਿਵਾਰ ਉਸਨੂੰ ਹਮੇਸ਼ਾ ਉਤਸ਼ਾਹਤ ਕਰਦਾ ਰਹਿੰਦਾ ਹੈ। ਘਰੇਲੂ ਕੰਮਾਂ ਨੂੰ ਉਸਦਾ ਪਰਿਵਾਰ ਕਰਦਾ ਹੈ। ਇਸ ਕਰਕੇ ਵਿਜੈ ਕੁਮਾਰ ਗੋਇਲ ਸੰਪੂਰਨ ਤੌਰ ਤੇ ਸਮਾਜ ਸੇਵਾ ਵਿਚ ਜੁਟਿਆ ਰਹਿੰਦਾ ਹੈ। ਉਸਦੀ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਰਾਜ ਅਤੇ ਜ਼ਿਲ੍ਹਾ ਪੱਧਰ ਉਪਰ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਕ ਅਤੇ ਸਵੈਸੇਵੀ ਸੰਸਥਾਵਾਂ ਨੇ ਵੀ ਉਨ੍ਹਾਂ ਨੂੰ ਲਗਪਗ ਡੇਢ ਦਰਜਨ ਵਾਰੀ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਹੈ।