Skip to content
Independent perspectives. Global stories.
BREAKING

ਦੇਸ਼ ਦੀ ਤਰੱਕੀ ਦੀ ਚਾਬੀ ਨੌਜਵਾਨ ਵਰਗ ਦੇ ਹੱਥ

Share this story

ਕਿਸੇ ਵੀ ਦੇਸ਼ ਦੀ ਖੁਸ਼ਕਿਸਮਤੀ ਹੁੰਦੀ ਹੈ ਉਸਦੇ ਨੌਜਵਾਨ ਅਤੇ ਭਾਰਤ ਦੁਨੀਆਂ ਦੇ ਭਾਗਸ਼ਾਲੀ ਨੌਜ਼ਵਾਨ ਦੇਸ਼ਾਂ ਵਿਚੋਂ ਇਕ ਹੈ। ਦੁਨੀਆਂ ਦੇ ਸਾਰੇ ਵਿਕਸਿਤ ਦੇਸ਼ਾਂ ਦੇ ਵਿਕਾਸ ਦੇ ਚਕਰ ਤੇ ਝਾਤ ਮਾਰਨ ਤੇ ਪਤਾ ਚਲਦਾ ਹੈ ਕਿ ਉਹਨਾਂ ਦੀ ਤਰਕੀ ਵਿਚ ਸਭ ਤੋਂ ਵਧ ਯੋਗਦਾਨ ਉਸ ਦੇਸ਼ ਦੇ ਨੌਜਵਾਨ ਵਰਗ ਦਾ ਹੈ। ਨੌਜਵਾਨ ਚਾਹੁਣ ਤਾਂ ਦੇਸ਼ ਨੂੰ ਵਿਕਾਸ ਦੀ ਬੁਲੰਦੀਆਂ ਤੇ ਪਹੁੰਚਾ ਦੇਣ। ਪਹਾੜਾਂ ਨੂੰ ਚੀਰ ਕੇ ਰਸਤੇ ਬਣਾ ਦੇਣ ਅਤੇ ਖੇਤਾਂ ਵਿਚ ਅਨਾਜ ਉਗਾ ਕੇ ਦੇਸ਼ ਦੇ ਅੰਨ ਭੰਡਾਰ ਨੂੰ ਆਸਮਾਨ ਦੀਆਂ ਉਚਾਈਆਂ ਤਕ ਪਹੁੰਚਾ ਦੇਣ। ਜੇ ਇਹਨਾਂ ਦੀ ਊਰਜਾ ਅਤੇ ਜੋਸ਼ ਨੂੰ ਸਹੀ ਢੰਗ ਨਾਲ ਸੇਧ ਨਾਂ ਦਿਤੀ ਜਾਵੇ ਤਾਂ ਇਹ ਹੀ ਦੇਸ਼ ਦੀ ਤਰਕੀ ਦੇ ਰਾਹ ਵਿਚ ਰੋੜਾ ਬਣ ਜਾਂਦੇ ਹਨ। ਆਜ਼ਾਦੀ ਤੋਂ ਬਾਅਦ ਸਮੇਂ ਸਮੇਂ ਤੇ ਹੋਏ ਦੇਸ਼ ਤੇ ਹਮਲਿਆਂ ਦਾ ਦੇਸ਼ ਨੇ ਨੌਜਵਾਨ ਵਰਗ ਦੇ ਜੋਸ਼ ਅਤੇ ਹੌਂਸਲੇ ਸਦਕਾ ਹੀ ਡਟ ਕੇ ਸਾਹਮਣਾ ਕੀਤਾ ਹੈ। ਪਰ ਪਿਛਲੇ ਕੁਝ ਵਰ੍ਹਿਆਂ ਤੋਂ ਇੰਜ ਲਗਦਾ ਹੈ ਕਿ ਦੇਸ਼ ਦਾ ਨੌਜਵਾਨ ਵਰਗ ਉਸਨੂੰ ਸੇਧ ਦੇਣ ਵਾਲੇ ਕਿਸੇ ਇਮਾਨਦਾਰ ਸਰੋਤ ਦੀ ਅਣਹੋਂਦ ਵਿਚ ਦਿਸ਼ਾਹੀਣਤਾ ਵਲ ਵਧ ਰਿਹਾ ਹੈ।ਅਜਕਲ ਦੇ ਭੋਤਿਕਤਾਵਾਦੀ ਸਮੇਂ ਵਿਚ ਜਿਥੇ ਹਰ ਕੋਈ ਜਲਦ ਤੋਂ ਜਲਦ ਤਰਕੀ ਕਰਦੇ ਹੋਏ ਝਟਪਟ ਲਖਪਤੀ ਬਣ ਜਾਣਾ ਚਾਹੁੰਦਾ ਹੈ, ਉਥੇ ਨੌਜਵਾਨ ਵਰਗ ਵੀ ਇਸਦਾ ਅਪਵਾਦ ਨਹੀਂ ਹੈ। ਪੜ ਲਿਖ ਕੇ ਦੇਸ਼ ਦੀ ਤਰਕੀ ਵਿਚ ਰੋਲ ਨਿਭਾਉਣ ਅਤੇ ਇਥੋਂ ਦੀ ਮਿਟੀ ਦਾ ਕਰਜ਼ ਚੁਕਾਉਣ ਦੀ ਥਾਂ ਤੇ ਕਾਨੂੰਨੀ ਜਾਂ ਗੈਰਕਾਨੂੰਨੀ ਕਿਸੇ ਵੀ ਢੰਗ ਨਾਲ ਵਿਦੇਸ਼ ਜਾਣਾ ਹੀ ਜਿਵੇਂ ਉਸਦੀ ਜ਼ਿੰਦਗੀ ਦਾ ਇਕ ਮਾਤਰ ਮਕਸਦ ਬਣ ਗਿਆ ਹੋਵੇ। ਜੋ ਨੌਜਵਾਨ ਦੇਸ਼ ਵਿਚ ਆਪਣੀ ਯੋਗਤਾ ਮੁਤਾਬਿਕ ਨੌਕਰੀ ਤੋਂ ਹੇਠਾਂ ‘ਕੁਝ ਵੀ ਮਨਜ਼ੂਰ ਨਹੀਂ‘ ਦੀ ਮਾਨਸਿਕਤਾ ਰਖਦਾ ਹੈ, ਉਹ ਵਿਦੇਸ਼ ਵਿਚ ਡੌਲਰਾਂ ਅਤੇ ਪੌਂਡਾਂ ਦੀ ਚਮਕ ਹੇਠ ਹਰ ਤਰਾਂ ਦੇ ਕੰਮ ਅਤੇ ਹਰ ਤਰਾਂ ਦਾ ਸਮਝੌਤਾ ਕਰਨ ਨੂੰ ਤਿਆਰ ਰਹਿੰਦਾ ਹੈ।
ਵਿਕਸਿਤ ਦੇਸ਼ਾਂ ਦੀ ਤਰਕੀ ਵਿਚ ਉਸ ਮੁਲਕ ਦੇ ਵਸਨੀਕਾਂ ਦੀ ਆਪਣੇ ਮੁਲਕ ਨੂੰ ਦਿਲੋਂ ਪਿਆਰ ਕਰਨ ਦੀ ਸੋਚ ਦਾ ਅਹਿਮ ਰੋਲ ਹੁੰਦਾ ਹੈ। ਉਥੋਂ ਦੇ ਵਸਨੀਕ ਦੇਸ਼ ਦੇ ਕਾਨੂੰਨ ਦੀ ਆਪਣੀ ਮਰਜ਼ੀ ਨਾਲ ਹੀ ਪਾਲਣਾ ਕਰਦੇ ਹਨ, ਪਰ ਦੁਖ ਦੀ ਗਲ ਹੀ ਸਾਡੇ ਜਿਆਦਾਤਰ ਯੁਵਾ ਉਹਨਾਂ ਦੀ ਹੀ ਸੁਰਖਿਆ ਲਈ ਬਣੇ ਟ੍ਰੈਫਿਕ ਨਿਯਮਾਂ ਦੀ ਵੀ ਪਰਵਾਹ ਨਹੀਂ ਕਰਦੇ। ਸਾਨੂੰ ਰੋਜ਼ਾਨਾ ਹੀ ਵਾਲਾਂ ਨੂੰ ਜ਼ੈਲ ਲਾਏ, ਬਾਂਹ ਵਿਚ ਹੈਲਮੇਟ ਲਟਕਾਏ, ਕੰਨਾ ਵਿਚ ਈਅਰ ਫੋਨ ਲਾਏ, ਟ੍ਰੈਫਿਕ ਹਵਲਦਾਰ ਨੂੰ ਚਕਮਾ ਦੇਣ ਲਈ ਗਲੀਆਂ ਵਿਚ ਮੋਟਰਸਾਈਕਲ ਘੁੰਮਾਂਦੇ ਨੌਜਵਾਨ ਅਕਸਰ ਦਿਖ ਜਾਂਦੇ ਹਨ। ਜੇ ਟ੍ਰੈਫਿਕ ਹਵਲਦਾਰ ਲਾਈਟਾਂ ਤੇ ਨਾਂ ਹੋਵੇ ਤਾਂ ਤੇਜ਼ ਗਤੀ ਨਾਲ ਆਪਣੀ ਜਾਨ ਦੀ ਕੀਮਤ ਤੋਂ ਬੇਪਰਵਾਹ ਰੈਡ ਲਾਈਟ ਜੰਪ ਕਰਦੇ ਇਹ ਵੀ ਖ਼ਿਆਲ ਨਹੀਂ ਰਖਦੇ ਕੇ ਦੂਜੇ ਪਾਸੋਂ ਕੋਈ ਹੋਰ ਵੀ ਜੋਸ਼ੀਲਾ ਨੌਜਵਾਨ ਟ੍ਰੈਫਿਕ ਨਿਯਮਾਂ ਨੂੰ ਟਿਚ ਸਮਝਦਾ ਹੋਇਆ ਉਸ ਤੋਂ ਵੀ ਦੁਗਣੀ ਸਪੀਡ ਨਾਲ ਆਉਂਦਾ ਹੋਇਆ ਉਸ ਦੀ ਜਾਨ ਜੋਖਿਮ ਵਿਚ ਪਾ ਸਕਦਾ ਹੈ।
ਪਹਿਲਾਂ ਜਿਥੇ ਨੌਜਵਾਨਾਂ ਦੇ ਸ਼ੌਂਕ ਸਿਹਤ ਬਣਾਉਣਾ, ਕਬਡੀ, ਕੁਸ਼ਤੀ, ਘੋਲ਼ ਅਤੇ ਕਸਰਤਾਂ ਹੁੰਦੇ ਸਨ, ਉਹ ਸ਼ੋਂਕ ਹੁਣ ਸੋਸ਼ਲ ਮੀਡੀਆ ਨੇ ਖ਼ਤਮ ਕਰ ਦਿਤੇ ਹਨ। ਬਸਾਂ, ਟ੍ਰੇਨਾਂ, ਪਾਰਕਾਂ ਅਤੇ ਹੋਰ ਪਬਲਿਕ ਥਾਵਾਂ ਤੇ ਨੌਜਵਾਨ ਹਥਾਂ ਵਿਚ ਮੋਬਾਇਲ ਤੇ ਉਂਗਲੀਆਂ ਚਲਾਉਂਦੇ ਕਿਸੇ ਕਾਲਪਨਿਕ ਦੁਨੀਆਂ ਵਿਚ ਗਵਾਚੇ ਰਹਿੰਦੇ ਹਨ। ਘਰਾਂ ਵਿਚ ਵੀ ਮੋਬਾਇਲ ਗੇਮਾਂ ਅਤੇ ਸੋਸ਼ਲ ਨੈਟਵਰਕਿੰਗ ਵਿਚ ਉਲਝੇ ਨੌਜਵਾਨਾਂ ਨਾਲ ਦਿਲ ਦੀਆਂ ਗਲਾਂ ਕਰਨ ਨੂੰ ਮਾਪੇ ਤਰਸਦੇ ਰਹਿੰਦੇ ਹਨ। ਮੁਕਦੀ ਗਲ ਹੈ ਕਿ ਫੇਸਬੁਕ, ਟਵਿਟਰ, ਵਾਟਸਅਪ, ਸਨੈਪਚੈਟ, ਸੇਲਫੀਆਂ ਅਤੇ ਕਈ ਹੋਰ ਇੰਟਰਨੇਟ ਐਪਲੀਕੇਸ਼ਨਸ ਨੇ ਨੌਜਵਾਨਾਂ ਦਾ ਸਾਰਾ ਸਮਾਂ ਹੀ ਚੂਸ ਲਿਆ ਹੈ। ਬਚਦੀ ਕਸਰ ਉਲਟੇ ਸਿਧੇ ਫੈਸ਼ਨਾਂ ਨੇ ਪੂਰੀ ਕਰ ਦਿਤੀ ਹੈ। ਬਾਹਰਲੇ ਦੇਸ਼ਾਂ ਵਿਚ ਜਿਥੇ ਕੰਮ ਅਤੇ ਮੌਸਮ ਦੇ ਹਿਸਾਬ ਨਾਲ ਕਪੜੇ ਪਾਏ ਜਾਂਦੇ ਹਨ, ਉਥੇ ਸਾਡਾ ਨੌਜਵਾਨ ਵਰਗ ਘਸੀਆਂ, ਪਾਟੀਆਂ, ਲੋ ਵੇਸਟ ਜੀਨਾਂ ਅਤੇ ਅਜ਼ੀਬੋਗਰੀਬ ਸ਼ਬਦਾਵਲੀ ਅਤੇ ਕਾਰਟੂਨ ਵਾਲਿਆਂ ਟੀ ਸ਼ਰਟਾਂ ਨੂੰ ਹੀ ਫੈਸ਼ਨ ਸਮਝ ਬੈਠਾ ਹੈ। ਅਜ਼ੀਬ ਜਿਹੇ ਵਾਲਾਂ, ਦਾੜੀ, ਮੁਛਾਂ ਅਤੇ ਕਲਮਾਂ ਦੇ ਸਟਾਇਲ ਪਿਛੇ ਉਹਨਾਂ ਦੀ ਚੰਗਾ ਦਿਖਣ ਦੀ ਨਹੀਂ ਸਗੋਂ ਅਲਗ ਦਿਖਣ ਦੀ ਮਾਨਸਿਕਤਾ ਰਹਿੰਦੀ ਹੈ।
ਨੌਜਵਾਨ ਵਰਗ ਦਾ ਹੁਣ ਪਹਿਲਾਂ ਦੀ ਤਰ੍ਹਾਂ ਦੁਧ, ਘਿਓ, ਮਖਣ, ਲਸੀ ਅਤੇ ਪੋਸ਼ਟਿਕ ਖਾਣੇ ਵਲ ਰੁਝਾਨ ਨਹੀਂ ਰਿਹਾ ਅਤੇ ਇਸਦੀ ਥਾਂ ਪੀਜ਼ਾ, ਬਰਗਰ, ਨੂਡਲ, ਮੰਚੂਰੀਅਨ, ਕੋਲਡ ਡਰਿੰਕ ਅਤੇ ਹੋਰ ਫਾਸਟ ਫੂਡ ਨੇ ਲੈ ਲਈ ਹੈ। ਇਸ ਦੇ ਲਗਾਤਾਰ ਸੇਵਨ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਦੇ ਨੌਜਵਾਨਾਂ ਦੇ ਝੁੰਡ ਸ਼ਾਮ ਵੇਲੇ ਅਕਸਰ ਫਾਸਟ ਫੂਡ ਕਾਰਨਰ ਤੇ ਦਿਖਦੇ ਹਨ। ਇਸਦੇ ਮਾੜੇ ਅਸਰ ਨੌਜਵਾਨਾਂ ਦੀ ਵਿਗੜਦੀ ਸਿਹਤ ਅਤੇ ਘਟਦੇ ਕਦ ਕਾਠ ਤੋਂ ਪਤਾ ਚਲਦੇ ਹਨ।
ਨੌਜਵਾਨਾਂ ਦੀ ਫ਼ਿਲਮਾਂ ਅਤੇ ਇੰਟਰਨੈਟ ਵਿਚ ਵਧਦੀ ਦਿਲਚਸਪੀ ਕਾਰਨ ਹੀ ਉਹਨਾਂ ਵਿਚ ਹਿੰਸਾ ਅਤੇ ਨਸ਼ੀਲੇ ਪਦਾਰਥਾਂ ਪ੍ਰਤਿ ਝੁਕਾਵ ਵਧਿਆ ਹੈ। ਫ਼ਿਲਮਾਂ ਅਤੇ ਲਚਰ ਪੰਜਾਬੀ ਗਾਣਿਆਂ ਵਿਚ ਲਹਿਰਾਏ ਜਾਂਦੇ ਹਥਿਆਰਾਂ ਦੇ ਪ੍ਰਦਰਸ਼ਨ ਤੋਂ ਯੁਵਾ ਪ੍ਰਭਾਵਿਤ ਹੋ ਕੇ ਆਪ ਵੀ ਇਸਦਾ ਪ੍ਰਯੋਗ ਕਰਨਾ ਸ਼ਾਨ ਸਮਝਦੇ ਹਨ। ਹਿੰਸਾ ਵਿਚ ਰੋਮਾਂਚ ਲਭਦੇ ਯੁਵਾ ਨਾਂ ਤਾਂ ਸਾਹਮਣੇ ਵਾਲੇ ਦੀ ਜਾਨ ਦੀ ਪਰਵਾਹ ਕਰਦੇ ਹਨ ਅਤੇ ਨਾਂ ਹੀ ਹਿੰਸਾ ਦੀ ਵਾਰਦਾਤ ਤੋਂ ਬਾਅਦ ਹੋਣ ਵਾਲੇ ਆਪਣੇ ਅੰਜਾਮ ਦੀ ਚਿੰਤਾ। ਫ਼ਿਲਮਾਂ ਦੇ ਪ੍ਰਭਾਵ ਹੇਠ, ਦੋਸਤ ਮਿਤਰਾਂ ਦਵਾਰਾ ਉਕਸਾਉਣ, ਉਤਸੁਕਤਾਵਸ਼ ਜਾਂ ਆਪ ਹੀ ਸ਼ੇਖੀ ਮਾਰਨ ਲਈ ਜਾਣ ਬੁਝ ਕੇ ਦਿਲੇਰੀ ਦਿਖਾਉਣ ਦੇ ਚਕਰ ਵਿਚ ਯੁਵਾ ਨਸ਼ੇ ਦੇ ਦਲਦਲ ਵਿਚ ਧਸ ਜਾਂਦੇ ਹਨ। ਨਸ਼ੇ ਦੇ ਦਲਦਲ ਵਿਚ ਇਕ ਵਾਰ ਫਸਣ ਤੇ ਯੁਵਾ ਆਪਣੇ ਜ਼ਿੰਦਗੀ ਦੇ ਉਦੇਸ਼ ਤੋਂ ਭਟਕ ਜਾਂਦੇ ਹਨ। ਉਹ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਗੁਨਾਹ ਦੇ ਰਸਤੇ ਤੇ ਚਲ ਪੈਂਦੇ ਹਨ ਅਤੇ ਫਿਰ ਕੋਈ ਵਿਰਲੇ ਹੀ ਨਸ਼ੇ ਦੇ ਜਾਲ ਵਿਚੋਂ ਨਿਕਲ ਪਾਂਦੇ ਹਨ। ਨਸ਼ਿਆਂ ਦੇ ਸੇਵਨ ਕਾਰਨ ਕਾਲ ਦੇ ਮੂੰਹ ਵਿਚ ਜਾਂਦੀਆਂ ਅਨਮੋਲ ਜਵਾਨੀਆਂ, ਘਰਾਂ ਵਿਚ ਰੁਲ਼ਦੇ ਬਚਪਣ, ਜਵਾਨ ਮੌਤ ਨੂੰ ਕਮਜ਼ੋਰ ਮੋਢਿਆਂ ਤੇ ਢੋਂਦੇ ਬੁਢਾਪੇ ਅਤੇ ਵੈਣ ਪਾਂਦੀਆਂ ਔਰਤਾਂ ਦੀਆਂ ਚਿਟੀਆਂ ਚੂੰਨੀਆਂ ਬਾਰੇ ਅਕਸਰ ਅਖ਼ਬਾਰਾਂ ਦੇ ਪੰਨੇ ਲਹੂ ਲੁਹਾਣ ਰਹਿੰਦੇ ਹਨ।
ਨੌਜਵਾਨ ਵਰਗ ਵਿਚ ਆਪਣੇ ਬਜ਼ੁਰਗਾਂ ਅਤੇ ਅਧਿਆਪਕਾਂ ਦੇ ਤਜ਼ਰਬੇ ਪ੍ਰਤਿ ਬੇਰੁਖੀ ਵੀ ਉਹਨਾਂ ਦੇ ਵਿਕਾਸ ਦੇ ਰਸਤੇ ਵਿਚ ਰੁਕਾਵਟ ਬਣ ਜਾਂਦੀ ਹੈ। ਬਜ਼ੁਰਗਾਂ ਦੀਆਂ ਤਜ਼ਰਬੇ ਨਾਲ ਭਿਜੀਆਂ ਮਿਠੀਆਂ ਕੋੜਿਆਂ ਨਸੀਹਤਾਂ ਸੁਣਨ ਦਾ ਉਹਨਾਂ ਵਿਚ ਨਾਂ ਤਾਂ ਸਬਰ ਹੈ ਅਤੇ ਨਾਂ ਹੀ ਸਮਾਂ। ਕਾਲਜ਼ਾਂ ਵਿਚ ਅਧਿਆਪਕਾਂ ਨਾਲ ਬਿਨਾਂ ਮਤਲਬ ਉਲਝਦੇ ਯੁਵਾ ਅਤੇ ‘ਸਭ ਕੁਝ ਜਾਣਦੇ ਹਾਂ‘ਦੀ ਗਲਤਫਹਿਮੀ ਉਹਨਾਂ ਦੇ ਉਜਵਲ ਭਵਿਖ ਦੇ ਕਈ ਰਸਤੇ ਬੰਦ ਕਰ ਦੇਂਦੀ ਹੈ।
ਅਜ ਇਹ ਸਮੇਂ ਦੀ ਮੰਗ ਹੈ ਕਿ ਦੇਸ਼ ਦਾ ਨੌਜਵਾਨ ਆਪਣੇ ਫਰਜ਼ਾਂ ਨੂੰ ਅਤੇ ਜਿੰਮੇਵਾਰੀਆਂ ਨੂੰ ਸਮਝੇ। ਨਸ਼ਿਆਂ ਦੇ ਮਕੜਜਾਲ ਵਿਚ ਨਾਂ ਫਸੇ ਅਤੇ ਇਕ ਸੇਹਤਮੰਦ ਸਮਾਜ਼ ਦੀ ਸਥਾਪਨਾ ਲਈ ਹੰਭਲਾ ਮਾਰੇ। ਉਹ ਪੜ ਲਿਖ ਕੇ, ਹੁਨਰਮੰਦ ਹੋ ਕੇ, ਨੌਕਰੀਆਂ ਲਈ ਸਰਕਾਰਾਂ ਵਲ ਦੇਖਨ ਦੀ ਬਜਾਏ ਆਪ ਸਵੈਰੋਜ਼ਗਾਰ ਰਾਹੀਂ ਆਪਣੇ ਅਤੇ ਹੋਰਾਂ ਲਈ ਵੀ ਰੋਜ਼ਗਾਰ ਦੀ ਸਿਰਜਣਾ ਕਰੇ। ਪੁਰਾਣੀ ਪੀੜੀ ਅਤੇ ਗੁਰੂਆਂ ਪ੍ਰਤਿ ਸਤਿਕਾਰ ਦੀ ਭਾਵਨਾ ਰਖਦੇ ਹੋਏ ਉਹਨਾਂ ਦੀਆਂ ਸਿਖਿਆਵਾਂ ਤੋਂ ਸੇਧ ਲੈ ਕੇ ਆਪਣੇ ਹੌਂਸਲੇ, ਜੋਸ਼ ਅਤੇ ਗਿਆਨ ਨਾਲ ਦੇਸ਼ ਨੂੰ ਤਰਕੀ ਦੀਆਂ ਉਚਾਈਆਂ ਤੇ ਲੈ ਜਾਵੇ ਅਤੇ ਦੇਸ਼ ਦੀ ਤਰਕੀ ਤੇ ਲਗੇ ਤਾਲੇ ਨੂੰ ਆਪਣੇ ਮੇਹਨਤ ਅਤੇ ਪਸੀਨੇ ਦੀ ਚਾਬੀ ਨਾਲ ਖੋਲ ਦੇਵੇ। ਜੈ ਹਿੰਦ।

WRITTEN BY