May 30, 2026 2:38 am

ਮੌਸਮ ਮੇਂ ਕੁੱਝ ਅਣਦੇਖਾ ਦੇਖੇਂਗੇ

ਉਸਦੀ ਜ਼ਿੰਦਗੀ ਦੀ ਰਾਹ ਸੁਖਾਲੀ ਨਹੀਂ ਸੀ। ਦੂਰ-ਦੂਰ ਤੱਕ ਉਸ ਦੇ ਰਾਹ ਵਿੱਚ ਵਿਛੇ ਕੰਡੇ ਉਸ ਦਾ ਪਲ-ਪਲ ਇਮਤਿਹਾਨ ਲੈ ਰਹੇ ਸਨ। ਉਸ ਦੇ ਰਾਹ ਵਿੱਚ ਕੰਡੇ ਬੀਜਣ ਦਾ ਕੰਮ ਉਸ ਦੀ ਅਲੜ੍ਹ ਉਮਰ ਵਿੱਚ ਕੀਤੀਆਂ ਗਲਤੀਆਂ ਨੇ ਕੀਤਾ ਸੀ। ਮਾਸੂਮ ਉਮਰ ਵਿੱਚ ਉਸ ਨੇ ਇਕ ਬ੍ਰਹਮਣ ਲੜਕੇ ਨੂੰ ਮੁਹੱਬਤ ਕਰਨ ਦੀ ਗਲਤੀ ਕਰ ਲਈ ਸੀ। ਆਪ ਉਹ ਈਸਾਈ ਧਰਮ ਨੂੰ ਮੰਨਣ ਵਾਲੇ ਘਰ ਵਿੱਚ ਜੰਮੀ ਸੀ। ਪਰਿਵਾਰ ਵਾਲੇ ਇਸ ਪਿਆਰ ਰਿਸ਼ਤੇ ਦੇ ਪੂਰੀ ਤਰ੍ਹਾਂ ਖਿਲਾਫ ਸਨ। ਜਿਵੇਂ ਅਕਸਰ ਹੁੰਦਾ ਹੈ ਮੁਹੱਬਤ ਵਿੱਚ ਅੰਨ੍ਹੀ ਹੋਈ ਨੇ ਪਰਿਵਾਰ ਦੀ ਇੱਛਾ ਵਿਰੁੱਧ ਉਸ ਨੇ ਬ੍ਰਹਮਣ ਲੜਕੇ ਨਾਲ ਵਿਆਹ ਕਰਵਾ ਲਿਆ। ਪਿਆਰ ਵਿੱਚ ਧੋਖਾ ਅੱਜ ਕੱਲ੍ਹ ਆਮ ਹੈ। ਉਸ ਨਾਲ ਵੀ ਵੱਡਾ ਧੋਖਾ ਹੋਇਆ ਅਤੇ ਉਹ ਗਮ ਦੀ ਗਹਿਰੀ ਖਾਈ ਵਿੱਚ ਜਾ ਡਿੱਗੀ। ਉਸ ਦਾ ਪਤੀ ਨਸ਼ੇੜੀ ਨਿਕਲਿਆ। ਕੰਮ ਉਹ ਕੋਈ ਕਰਦਾ ਨਹੀਂ ਸੀ ਅਤੇ ਹਰ ਕਿਸਮ ਦੇ ਨਸ਼ੇ ਦੀ ਉਸ ਨੂੰ ਆਦਤ ਸੀ। ਉਹ ਨਾ ਸਿਰਫ ਉਸ ਦੀ ਕੁੱਟਮਾਰ ਕਰਦਾ ਸਗੋਂ ਨਸ਼ੇ ਲਈ ਪੈਸੇ ਵੀ ਮੰਗਦਾ। ਮਾਪੇ ਤਾਂ ਪਹਿਲਾਂ ਛੁੱਟ ਚੁੱਕੇ ਸਨ ਹੁਣ ਗੁਰਬਤ ਨੇ ਵੀ ਘੇਰਾ ਪਾ ਲਿਆ। ਉਧਰ ਉਸ ਦੇ ਦੋ ਬੱਚੇ ਹੋ ਚੁੱਕੇ ਸਨ।
ਜ਼ਿੰਦਗੀ ਕਯਾ ਹੈ,
ਮੁਫ਼ਲਿਸ ਕੀ ਕਯਾ ਹੈ,
ਜਿਸਮੇਂ ਹਰ ਘੜੀ ਦਰਦ ਕੇ।
ਪੈਵੰਦ ਲਗੇ ਜਾਤੇ ਹੈਂ।
ਗਰੀਬੀ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਆਪ ਸਹੇੜੇ ਨਸ਼ੇੜੀ ਪਤੀ ਨੂੰ ਛੱਡ ਦਿੱਤਾ। ਆਪਣੇ ਚਕਨਾਚੂਰ ਹੋਏ ਸੁਪਨਿਆਂ ਨੂੰ ਉਹ ਮੁੜ ਸਜਾਉਣ ਲਗੀ। ਘਰ ਚਲਾਉਣ ਅਤੇ ਬੱਚਿਆਂ ਦੀ ਪਰਵਿਰਸ਼ ਲਈ ਉਸ ਨੇ ਹੱਥੀਂ ਮਿਹਨਤ ਕਰਨ ਦਾ ਮਨ ਬਣਾਇਆ। ਉਸ ਨੂੰ ਸਿਰਫ ਖਾਣਾ ਬਣਾਉਣਾ ਆਉਂਦਾ ਸੀ ਸੋ ਉਸ ਨੇ ਆਪਣੀ ਕੂਕਿੰਗ ਕਲਾ ’ਤੇ ਹੱਥ ਅਜਾਉਣਾ ਸ਼ੁਰੂ ਕੀਤਾ। ਉਸ ਨੇ ਚੈਨਾਈ ਦੀ ਮਰੀਨਾ ਬੀਚ ’ਤੇ ਕੌਫੀ ਅਤੇ ਕਟਲੈਟ ਵੇਚਣ ਵਾਲਾ ਠੇਲਾ ਲਗਾ ਲਿਆ। ਇਸ ਧੰਦੇ ਵਿੱਚ ਉਸ ਦੀ ਪਹਿਲੇ ਦਿਨ ਦੀ ਕਮਾਈ ਸਿਰਫ 50 ਪੈਸੇ ਸੀ। ਸਾਡੀ ਜ਼ਿੰਦਗੀ ਦਾ ਇਹ ਇੱਕ ਅਜਿਹਾ ਮੋੜ ਹੁੰਦਾ ਹੈ ਜਿੱਥੇ ਹਿੰਮਤ, ਹੌਂਸਲੇ ਅਤੇ ਆਤਮ ਬੱਲ ਦੀ ਬਹੁਤ ਲੋੜ ਹੁੰਦੀ ਹੈ। ਇਸ ਮੁਟਿਆਰ ਨੇ ਵਿਪਰੀਤ ਪ੍ਰਸਿਥਿਤੀਆਂ ਨਾਲ ਹਿੰਮਤ ਅਤੇ ਸੰਜਮ ਨਾਲ ਸਿੱਝਣ ਦਾ ਤਹੱਈਆ ਕਰ ਲਿਆ ਸੀ।
ਠਾਨ ਲਿਯਾ ਹੈ ਇਸ ਮੌਸਮ ਮੇਂ
ਕੁਛ ਅਨਦੇਖਾ ਦੇਖੇਂਗੇ।
ਤੁਮ ਖ਼ੇਮੇ ਮੇਂ ਛੁਪ ਜਾਉ,
ਹਮ ਜ਼ੋਰ ਹਵਾ ਕਾ ਦੇਖੇਂਗੇ।
ਪਿਆਰੇ ਪਾਠਕੋ ਮੈਂ ਤੁਹਾਨੂੰ ਇਕ ਅਜਿਹੀ ਉਦਮੀ ਔਰਤ ਦੀ ਗਾਥਾ ਸੁਣਾ ਰਿਹਾ ਹਾਂ ਜਿਸਦਾ ਨਾਮ ਪੇਟ੍ਰੀਸੀਆ ਨਰਾਇਣ ਹੈ। ਪੇਟ੍ਰੀਸੀਆ ਨੇ ਮਿਹਨਤ ਜਾਰੀ ਰੱਖੀ। ਉਸ ਦੇ ਹੱਥਾਂ ਦੇ ਬਣਾਏ ਮਰੱਬੇ, ਅਚਾਰ, ਕੌਫੀ ਅਤੇ ਕਟਲੈਟ ਆਦਿ ਵਿਕਣ ਲੱਗੇ ਅਤੇ ਹੌਲੀ ਹੌਲੀ ਉਸ ਦਾ ਚੰਗਾ ਗੁਜ਼ਾਰਾ ਹੋਣ ਲੱਗਾ। ਪੈਟ੍ਰੀਸੀਆ ਕੁੱਝ ਵੱਡਾ ਕਰਨਾ ਲੋਚਦੀ ਸੀ। ਉਸ ਨੇ ਸਲੱਮ ਕਲੀਰੀਅਨਸ ਬੋਰਡ, ਬੈਂਕ ਆਫ ਮਾਧੁਰਾ ਅਤੇ ਨੈਸ਼ਨਲ ਇੰਸਟੀਚਿਊਟ ਆਫ ਪੋਰਟ ਮੈਨੇਜਮਿੰਟ ਆਦਿ ਥਾਵਾਂ ’ਤੇ ਕੰਨਟੀਨਾਂ ਅਤੇ ਕੇਟਰਿੰਗ ਦਾ ਠੇਕਾ ਲੈ ਲਿਆ। ਉਧਰ ਬੱਚੇ ਵੀ ਜਵਾਨ ਹੋ ਰਹੇ ਸਨ। ਉਸ ਨੇ ਬੜੀ ਧੂਮ-ਧਾਮ ਨਾਲ ਬੇਟੀ ਦੀ ਸ਼ਾਦੀ ਕੀਤੀ। ਪੇਟ੍ਰੀਸੀਆ ਨੇ ਕਿਸੇ ਸਮੇਂ ਸਿਰਫ ਦਿਨ ਦੇ 50 ਪੈਸੇ ਕਮਾਏ ਸਨ ਅਤੇ ਉਸ ਦੀ ਮਿਹਨਤ ਰੰਗ ਲਿਆਈ ਹੁਣ 1982-2003 ਤੱਕ ਉਹ 25000 ਰੁਪਏ ਰੋਜ਼ਾਨਾ ਕਮਾਉਣ ਲੱਗੀ। ਉਹ ਆਪਣਾ ਇਕ ਰੈਸਟੋਰੈਂਟ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਰੱਬ ਨੂੰ ਕੁੱਝ ਹੋਰ ਮਨਜ਼ੂਰ ਸੀ। ਇਕ ਕਾਰ ਦੁਰਘਟਨਾ ਵਿਚ ਉਸ ਦੀ ਬੇਟੀ ਅਤੇ ਜਵਾਈ ਚਲ ਵਸੇ। ਇਸ ਸੱਟ ਨਾਲ ਬੂਰੀ ਤਰ੍ਹਾਂ ਟੁੱਟ ਗਈ। ਇਸ ਔਖੇ ਵੇਲੇ ਉਸ ਦੇ ਬੇਟੇ ਨੇ ਉਸ ਦਾ ਸਾਥ ਦਿੱਤਾ। ਦੋ ਕੁ ਵਰ੍ਹਿਆਂ ਪਿੱਛੋਂ ਜਦੋਂ ਇਸ ਸੰਕਟ ਤੋਂ ਉਭਰੀ ਤਾਂ ਉਸ ਨੇ ਆਪਣੀ ਬੇਟੀ ਦੀ ਯਾਦ ਵਿੱਚ ਸੰਦੀਪਾ ਰੈਸਟੋਰੈਂਟ ਸ਼ੁਰੂ ਕੀਤਾ ਜੋ ਹੁਣ ਚੈਨਈ ਵਿੱਚ ਰੈਸਟੋਰੈਂਟਾਂ ਦੀ ਇਕ ਚੇਨ ਬਣ ਗਿਆ ਹੈ। ਅੱਜ ਪੇਟ੍ਰੀਸੀਆ ਦੋ ਲੱਖ ਰੁਪਏ ਤੋਂ ਵੱਧ ਰੋਜ਼ਾਨਾ ਕਮਾ ਰਹੀ ਹੈ। 2010 ਵਿੱਚ ਪੇਟ੍ਰੀਸੀਆ ਨੂੰ ‘ਫਿਕੀ ਇੰਟਰਪ੍ਰਾਨਿਯਾਰ ਆਫ ਦੀ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੇਟ੍ਰੀਸੀਆ ਦੀ ਕਹਾਣੀ ਸਫ਼ਲਤਾ ਦੀ ਉਹ ਕਹਾਣੀ ਹੈ ਜੋ ਇਹ ਦਰਸਾਉਂਦੀ ਹੈ ਕਿ ਤੁਹਾਡੇ ਹਾਲਾਤ ਜਿੰਨੇ ਮਰਜ਼ੀ ਮਾੜੇ ਹੋਣ ਪਰ ਜੇ ਕੁੱਝ ਕਰਨ ਦੀ ਲੋਚਾ ਹੋਵੇ ਤਾਂ ਜਿੱਤ ਜ਼ਰੂਰ ਮਿਲਦੀ ਹੈ।

Send this to a friend