May 29, 2026 7:53 am

ਭਾਰਤ-ਚੀਨ ਰਿਸ਼ਤਿਆਂ ਦਾ ਸੱਚ

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਗੁਆਂਢੀ ਦੇਸ਼ਾਂ ਖਾਸ ਕਰਕੇ ਚੀਨ ਨਾਲ ਦਵੱਲੇ ਸਬੰਧਾਂ ਨੂੰ ਬੇਹਤਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ। ਉਨ੍ਹਾਂ ਦਾ ਮਕਸਦ ਗੁਆਂਢੀਆਂ ਨਾਲ ਚੰਗੇ ਸਬੰਧ ਬਣਾ ਕੇ ਵਪਾਰਕ ਸਬੰਧਾਂ ਨੂੰ ਵਧਾਉਣਾ ਹੈ। ਇਸ ਦੇ ਨਾਲ ਦੇਸ਼ ਦੀ ਸੁਰੱਖਿਆ ਦੇ ਮੁੱਦੇ ਵੀ ਜੁੜੇ ਹੋਏ ਹਨ। ਭਾਰਤ ਗੁਆਂਢੀ ਦੇਸ਼ਾਂ ਨਾਲ ਮਿਲ ਕੇ ਕੌਮਾਂਤਰੀ ਰਾਜਨੀਤੀ ਵਿੱਚ ਵੀ ਆਪਣੀ ਭੂਮਿਕਾ ਨੂੰ ਮੁੜ ਤੋਂ ਲਿਖਣ ਦੀ ਕੋਸ਼ਿਸ਼ ਵਿੱਚ ਹੈ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਬਹੁਤ ਸ਼ਲਾਘਾਯੋਗ ਹਨ। ਇਸ ਦਾ ਭਾਰਤ ਦੀ ਅਰਥ ਵਿਵਸਥਾ ਅਤੇ ਕੌਮਾਂਤਰੀ ਸ਼ਾਖ ਉਪਰ ਡੂੰਘਾ ਅਸਰ ਪੈਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਿਖਰ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਚੀਨ ਗਏ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਚੀਨੀ ਸਦਰ ਸ਼ੀ ਜਿਨਪਿੰਗ ਨਾਲ ਵਖ-ਵਖ ਦੁਵਲੇ ਤੇ ਆਲਮੀ ਮੁਦਿਆਂ ਉਤੇ ਵਿਸਥਾਰਤ ਗਲਬਾਤ ਵੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੂਹਾਨ ਵਿਖੇ ਹੋਏ ਗ਼ੈਰਰਸਮੀ ਸਿਖਰ ਸੰਮੇਲਨ ’ਚ ਚੀਨੀ ਸਦਰ ਨਾਲ ਬੇਹਦ ਪ੍ਰਭਾਵਸ਼ਾਲੀ ਸੰਵਾਦ ਰਚਾਇਆ ਸੀ। ਉਸ ਸਿਖਰ ਸੰਮੇਲਨ ਦਾ ਅਸਰ ਮੌਜੂਦਾ ਸਿਖਰ ਸੰਮੇਲਨ ਉਪਰ ਵੀ ਦਿਸ ਰਿਹਾ ਹੈ। ਚੀਨ ਵੱਲੋਂ ਭਾਰਤ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾ ਰਿਹਾ ਹੈ। ਵੂਹਾਨ ਸਿਖਰ ਸੰਮੇਲਨ ਤੋਂ ਕਰੀਬ ਛੇ ਹਫ਼ਤੇ ਬਾਅਦ ਹੋਈ ਮੁਲਾਕਾਤ ਦੌਰਾਨ ਸ੍ਰੀ ਮੋਦੀ ਵੱਲੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਹੋਰ ਗੂੜ੍ਹੇ ਕਰਨ ਸਬੰਧੀ ਖ਼ਾਕਾ ਉਲੀਕਿਆ ਜਾ ਰਿਹਾ ਹੈ। ਇਸ ਨਾਲ ਲਾਜ਼ਮੀ ਤੌਰ ’ਤੇ ਚੀਨ ਨਾਲ ਸਬੰਧ ਹੋਰ ਸੁਧਰਨਗੇ। ਚੀਨ ਨਾਲ ਕੁਝ ਮੁੱਦਿਆਂ ’ਤੇ ਬੇਸ਼ਕ ਭਾਰਤ ਦੇ ਮਤਭੇਦ ਹਨ। ਪ੍ਰੰਤੂ ਲਗਾਤਾਰ ਸੰਵਾਦ ਦੇ ਚਲਦਿਆਂ ਇਹ ਮਸਲੇ ਹੌਲੀ-ਹੌਲੀ ਹੱਲ ਹੋਣ ਵੱਲ ਵੱਧ ਰਹੇ ਹਨ। ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਚੀਨੀ ਰਾਸ਼ਟਰਪਤੀ ਨੇ ਅਗਲੇ ਸਾਲ ਭਾਰਤ ਆਉਣ ਦਾ ਐਲਾਨ ਕੀਤਾ ਹੈ। ਚੀਨ ਅਤੇ ਭਾਰਤ ਦੁਨੀਆਂ ਵਿੱਚ ਵੱਡੀ ਸ਼ਕਤੀ ਹਨ। ਦੋਵੇਂ ਦੇਸ਼ ਆਬਾਦੀ ਅਤੇ ਅਰਥ ਵਿਵਸਥਾ ਦੇ ਵਿਸਥਾਰ ਪੱਖੋਂ ਵੱਡੀ ਅਹਿਮੀਅਤ ਰੱਖਦੇ ਹਨ। ਚੀਨ ਅਤੇ ਹੋਰ ਗੁਆਂਢੀ ਦੇਸ਼ਾਂ ਨਾਲ ਟਕਰਾਅ ਭਾਰਤ ਲਈ ਸਾਜ਼ਗਾਰ ਨਹੀਂ ਹੈ। ਸੰਸਾਰ ਵਿੱਚ ਉਭਰ ਰਹੀਆਂ ਨਵੀਆਂ ਸੰਭਾਵਨਾਵਾਂ ਦੇ ਚਲਦਿਆਂ ਭਾਰਤ ਨੂੰ ਆਰਥਿਕ ਤੌਰ ’ਤੇ ਮਜ਼ਬੂਤੀ ਲਈ ਗੁਆਂਢੀਆਂ ਨਾਲ ਸਹਿਯੋਗ ਦੀ ਜ਼ਰੂਰਤ ਹੈ। ਕੌਮਾਂਤਰੀ ਪੱਧਰ ’ਤੇ ਦੇਸ਼ਾਂ ਦੀ ਉਭਰ ਰਹੀ ਨਵੀਂ ਸਫਬੰਦੀ ਵਿੱਚ ਭਾਰਤ ਨੂੰ ਇਸ ਤਰ੍ਹਾਂ ਦੇ ਸਹਿਯੋਗ ਦੀ ਲਗਾਤਾਰ ਜ਼ਰੂਰਤ ਹੈ। ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਆਈ ਕੜਵਾਹਟ ਨੂੰ ਘਟਾਉਣ ਦੀ ਦੋਵਾਂ ਆਗੂਆਂ ਦੀ ਵਚਨਬਧਤਾ ਲਾਮਿਸਾਲ ਹੈ। ਦੋਵਾਂ ਮੁਲਕਾਂ ਦੇ ਦਵੱਲੇ ਸੰਵਾਦ ਨਾਲ ਦੁਨੀਆਂ ਭਰ ਵਿਚ ਵਧੀਆ ਸੁਨੇਹਾ ਵੀ ਗਿਆ ਹੈ। ਇਸ ਸਦਕਾ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਦੇ ਵਿਕਾਸ ਹੋਰ ਹੁਲਾਰਾ ਮਿਲਿਆ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸਹਿਯੋਗ ਦੀ ਇਹ ਸਰਗਰਮੀ ਅਗੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
11 ਜੂਨ 2018 – ਬਲਜੀਤ ਸਿੰਘ ਬਰਾੜ

Send this to a friend