Skip to content
Independent perspectives. Global stories.
BREAKING

ਵਿਦਿਆਰਥੀਆਂ ’ਤੇ ਬੋਝ ਘਟਾਉਣ ਦੀ ਕਵਾਇਦ

Share this story

ਕੇਂਦਰ ਸਰਕਾਰ ਵੱਲੋਂ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ’ਤੇ ਸਕੂਲ ਦੇ ਕੰਮਾਂ ਦਾ ਬੋਝ ਘਟਾਉਣ ਦੀ ਯੋਜਨਾ ਬਣਾਈ ਗਈ ਹੈ। ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਦੀ ਪਹਿਲਕਦਮੀ ਨਾਲ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਘਰ ’ਚ ਸਕੂਲੀ ਕੰਮ ਦੇਣ ਤੋਂ ਰੋਕਣ ਲਈ ਇਸ ਸਬੰਧੀ ਕੇਂਦਰ ਸਰਕਾਰ ਵਲੋਂ ਸੰਸਦ ’ਚ ਇਕ ਬਿਲ ਲਿਆਂਦਾ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਮਦਰਾਸ ਹਾਈਕੋਰਟ ਨੇ 30 ਮਈ ਨੂੰ ਅੰਤਰਿਮ ਹੁਕਮ ਜਾਰੀ ਕਰਦਿਆਂ ਕੇਂਦਰ ਨੂੰ ਕਿਹਾ ਸੀ ਕਿ ਉਹ ਸਕੂਲੀ ਬਚਿਆਂ ਦੇ ਬੋਝ ਨੂੰ ਘਟਾਉਣ ਅਤੇ ਪਹਿਲੀ ਤੇ ਦੂਜੀ ਜਮਾਤ ਦੇ ਬਚਿਆਂ ਨੂੰ ਘਰ ਲਈ ਮਿਲਦੇ ਕੰਮ ਨੂੰ ਖਤਮ ਕਰਨ ਬਾਰੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕਰੇ। ਇਸ ਸਮੇਂ ਛੋਟੀਆਂ ਜਮਾਤਾਂ ਦੇ ਬੱਚਿਆਂ ਨੂੰ ਭਾਰੀ ਬੋਝ ਵਿੱਚੋਂ ਗੁਜ਼ਰਨਾ ਪੈਂਦਾ ਹੈ। ਬੱਚੇ ਪਹਿਲਾਂ ਵੱਡੇ-ਵੱਡੇ ਬਸਤੇ ਚੁੱਕ ਕੇ ਸਕੂਲ ਜਾਂਦੇ ਹਨ। ਫਿਰ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਹੋਮ ਵਰਕ ਦੇ ਨਾਮ ਉਪਰ ਲਿਖਣ ਅਤੇ ਪੜ੍ਹਨ ਦਾ ਭਾਰੀ ਕੰਮ ਦਿੱਤਾ ਜਾਂਦਾ ਹੈ। ਇਸ ਕਾਰਨ ਬੱਚਿਆਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਉਹ ਨਾ ਸਕੂਲ ਵਿੱਚ ਖੇਡ ਸਕਦੇ ਹਨ ਨਾ ਹੀ ਘਰ ਆ ਕੇ ਮੌਜ ਮਸਤੀ ਕਰ ਸਕਦੇ ਹਨ। ਇਸ ਹਾਲਤ ਕਾਰਨ ਬੱਚੇ ਭਾਰੀ ਤਣਾਅ ਵਿੱਚੋਂ ਗੁਜ਼ਰਦੇ ਹਨ। ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਇਹ ਚੰਗੀ ਗੱਲ ਹੈ ਕਿ ਅਦਾਲਤ ਨੇ ਇਸ ਬਹੁਤ ਹੀ ਗੰਭੀਰ ਮੁੱਦੇ ’ਤੇ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰਾਲੇ ਨੇ ਇਸ ਦਾ ਸਵਾਗਤ ਵੀ ਕੀਤਾ ਹੈ। ਮੰਤਰਾਲਾ ਨੇ ਇਨ੍ਹਾਂ ਹੁਕਮਾਂ ਦੇ ਅਧਿਐਨ ਤੋਂ ਬਾਅਦ ਢੁਕਵੇਂ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁੱਦੇ ’ਤੇ ਤੁਰੰਤ ਫੈਸਲਾ ਲਵੇ। ਚੰਗਾ ਹੋਵੇਗਾ ਜੇਕਰ ਲੋਅ ਹੋਮਵਰਕ ਬਿੱਲ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਹੀ ਲਿਆਂਦਾ ਜਾਵੇ। ਸਾਰੀਆਂ ਪਾਰਟੀਆਂ ਨੂੰ ਮਿਲਜੁਲ ਕੇ ਬਿਨਾਂ ਕਿਸੇ ਵਿਵਾਦ ਦੇ ਇਹ ਬਿੱਲ ਤੁਰੰਤ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਇਕ ਵੱਡਾ ਸੁਧਾਰ ਲਿਆਂਦਾ ਜਾ ਸਕੇ। ਭਾਰੀ ਬਸਤਿਆਂ ਅਤੇ ਹੋਮਵਰਕ ਦੇ ਬੋਝ ਹੇਠ ਦੱਬੇ ਬੱਚਿਆਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਸਰੀਰਕ ਅਤੇ ਮਾਨਿਸਕ ਵਿਕਾਸ ਨਾ ਰੁਕੇ। ਬੱਚਿਆਂ ’ਤੇ ਕੋਈ ਦਬਾਅ ਨਹੀਂ ਬਣਾਇਆ ਜਾਣਾ ਚਾਹੀਦਾ, ਸਗੋਂ ਸਿੱਖਿਆ ਨੂੰ ਸਹਿਜ ਤਰੀਕੇ ਨਾਲ ਗ੍ਰਹਿਣ ਕਰਵਾਉਣ ਦਾ ਬੰਦੋਬਸਤ ਕੀਤਾ ਜਾਵੇ। ਬੱਚੇ ਮੌਜ ਮਸਤੀ ਨਾਲ ਵਧੇਰੇ ਸਿੱਖਦੇ ਹਨ। ਉਨ੍ਹਾਂ ਉਪਰ ਬੋਝ ਨਹੀਂ ਪਾਇਆ ਜਾਣਾ ਚਾਹੀਦਾ। ਅਦਾਲਤ ਦਾ ਇਹ ਹੁਕਮ ਬਹੁਤ ਹੀ ਵੱਡੇ ਅਰਥ ਰੱਖਦਾ ਹੈ ਕਿ ਬਸਤਿਆਂ ਦਾ ਭਾਰ ਬੱਚੇ ਦੇ ਭਾਰ ਤੋਂ 10 ਫੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਸਰਕਾਰ ਨੂੰ ਤੁਰੰਤ ਇਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ।
5 ਜੂਨ 2018 – ਬਲਜੀਤ ਸਿੰਘ ਬਰਾੜ

WRITTEN BY