Skip to content
Independent perspectives. Global stories.
BREAKING

ਮੈਂ ਅਜੇ ਅਦਾਕਾਰੀ ਸਿੱਖ ਰਿਹਾ ਹਾਂ…

Share this story

‘ਖਰਾ ਸੋਨਾ ਵੀ ਤਾਂਬੇ ਤੋਂ ਬਿਨ੍ਹਾਂ ਨਹੀਂੇ ਬਣਦਾ। ਜਦੋਂ ਪੁੱਠ ਚੜਦੀ ਹੈ ਉਦੋਂ ਉਹਦੀ ਉਮਰ ਵਧਦੀ ਹੈ। ਉਂਝ ਮੁੱਲ ਤਾਂ ਕਿਸੇ ਚੀਜ਼ ਦਾ ਕੀ ਪੈਣਾ। ਗੱਲਾਂ ਹੁੰਦੀਆਂ ਬਸ। ਗੱਲਾਂ ਗੱਲਾਂ ਵਿੱਚ ਤਾਂ ਅਸੀਂ ਕਲਾ ਦਾ ਮੁੱਲ ਵੀ ਪਾ ਲੈਨੇ ਆ। ਪਰ ਇਹ ਕਲਾ ਇਹ ਤਾਂ ਵਿਰਲਿਆਂ ਕੋਲੇ ਹੁੰਦੀ ਆ। ਜਿੰਨਾ ਕੋਲ ਕਲਾ ਹੁੰਦੀ ਆ ਉਹ ਤਾਂ ਮੁਰਦਿਆ ਵਿੱਚ ਵੀ ਜਾਨ ਪਾ ਲੈਂਦੇ ਆ।’ ਮੇਰੇ ਬਾਬੇ ਦੀ ਉਮਰ ਦਾ ਬਜ਼ੁਰਗ ਇਹ ਗੱਲਾਂ ਜਦੋਂ ਸੱਥ ਵਿੱਚ ਬਹਿ ਕੇ ਕਰਦਾ ਹੁੰਦਾ ਸੀ ਤਾਂ ਮੇਰੇ ਸਮਝ ਤੋਂ ਪਾਰ ਹੁੰਦੀਆ ਸੀ। ਜਦੋਂ ਸਮਝ ਆਈ ਉਹ ਬਾਬਾ ਤੁਰ ਗਿਆ। ਹੁਣ ਸੋਚਦਾ ਉਹ ਕੋਈ ਕਲਾਕਾਰ ਹੋਣੇ ਜਿਹੜਾ ਐਨਾ ਫਿਕਰਮੰਦ ਸੀ। ਕਲਾਕਾਰ ਬੰਦੇ ਫਿਕਰ ਹੀ ਤਾਂ ਕਰ ਸਕਦੇ ਆ। ਇਨ੍ਹਾਂ ਬੰਦਿਆਂ ਦੇ ਫਿਕਰ ਬੜੇ ਅਜੀਬ ਹੁੰਦੇ ਆ। ਜਿਵੇਂ ਅਸੀਂ ਸੋਚਦੇ ਆ ਇਹ ਕਈ ਵਾਰ ਉਸ ਤੋਂ ਬਿਲਕੁਲ ਵੱਖਰਾ ਸੋਚਦੇ ਆ। ਵੱਖਰਾ ਤੇ ਮੌਲਿਕ। ਇਨ੍ਹਾਂ ਕਲਾ ਕਰਮੀਆਂ ਦੀ ਧਰਤੀ ਤੇ ਦੇਸ਼ ਵੱਖਰੇ ਹੂੰਦੇ ਆ। ਰੰਗਕਰਮੀ ਬੰਦੇ ਮੈਨੂੰ ਪਸੰਦ ਹਨ। ਉਨ੍ਹਾਂ ਬੰਦਿਆਂ ਨਾਲ ਮੇਰੀ ਨੇੜਤਾ ਹੋ ਜਾਂਦੀ ਆ। ਸ਼ਾਇਸ ਮੈਂ ਵੀ ਕਿਸੇ ਸਮੇਂ ਕਿਸੇ ਨਾਟਕ ਵਿੱਚ ਹਿੱਸਾ ਲੈਣਾ ਚਾਹੁੰਦਾ ਸਾਂ। ਸਬੱਬ ਨਹੀਂ ਬਣਿਆ। ਸ਼ਾਇਦ ਨਾ ਬਣਨ ਦਾ ਕਾਰਨ ਵੀ ਇਹੋ ਸੀ ਕਿ ਉਹ ਨਾਟਕ ਘੱਟ ਜ਼ਮੀਨਿਆ ਦੀ ਗੱਲ ਕਰ ਰਿਹਾ ਸੀ, ਮੈਂ ਅਰਥ ਸ਼ਾਸਤਰ ਵਿੱਚ ਪੂੰਜੀ ਦਾ ਸਿਧਾਂਤ ਪੜ੍ਹ ਰਿਹਾ ਸੀ। ਪੜ੍ਹਦਿਆਂ ਪੜ੍ਹਦਿਆਂ ਮੈਂ ਕਾਲਜ ਵਿੱਚ ਪੜਾਉਣ ਲੱਗ ਗਿਆ। ਕਾਲਜ ਵਿੱਚ ਆ ਕੇ ਮੈਨੂੰ ਇੱਕ ਮਧਰੇ ਜਿਹੇ ਕੱਦ ਦਾ ਬੰਦਾ ਮਿਲਿਆ ਜਿਹੜਾ ਯੁਵਕ ਮੇਲੇ ਲਈ ਕਾਲਜ ਦੀ ਰੰਗਮੰਚ ਵਿਧਾ ਨਾਟਕ ਦੀ ਰਿਹਸਲ ਕਰਵਾਉਂਦਾ ਹੁੰਦਾ ਸੀ। ਬੰਦਾ ਕਾਹਦਾ ਮੇਰੇ ਪਿੰਡ ਦੇ ਬਜ਼ੁਰਗ ਦੇ ਕਹਿਣ ਵਾਂਗ ਖਰਾ ਸੋਨਾ। ਇਹ ਬੰਦਾ ਜਦੋਂ ਤਿਆਰੀ ਕਰਵਾਉਂਦਾ ਹਵਾ ਦੇ ਬੁੱਲਿਆ ਨੂੰ ਗੰਢਾਂ ਵਿੱਚ ਬੰਨ ਲਿਆ ਕਰੇ, ਮਰੇ ਪਾਤਰਾਂ ਨੂੰ ਜਿਉਂਦਾ ਕਰ ਲਿਆ ਕਰੇ, ਜਿਹੜਾ ਨਾਟਕ ਪੜ੍ਹਨ ਸਮੇਂ ਲੱਗਦੈ ਵੀ ਇਸ ਵਿੱਚ ਡਾਇਰੈਕਟਰ ਦੀ ਥਾਂ ਤਾਂ ਹੈ ਨਹੀਂ ਉਸ ਵਿੱਚ ਜਾਨ ਪਾ ਦਿਆ ਕਰੇ। ਮੈਂ ਨੂੰ ਫਿਰ ਬਾਬੇ ਦੀ ਗੱਲ ਸਮਝ ਆਈ ‘ਭਾਈ ਕੋਈ ਕਲਾ ਦਾ ਵੀ ਕੋਈ ਮੁੱਲ ਪਾ ਸਕਦੈ।’ ਇਹ ਬੰਦਾ ਮਾਲਵੇ ਦੇ ਟਿੱਬਿਆਂ ਵਿੱਚ ਹਰਿਆਣੇ ਦੀ ਹੱਦ ਨਾਲ ਲੱਗਦੇ ਪਿੰਡ ਬੋਹਾ ਦਾ ਜੰਮਪਲ ਸਾਗਰ ਸੁਰਿੰਦਰ। ਘਰੇ ਗਰੀਬੀ। ਬੇਬੇ ਬਾਪੂ ਦਿਹਾੜੀਦਾਰ। ਨਾ ਹਾੜੀ ਘਰੇ ਆਉਣੀ ਨਾ ਸਾਉਣੀ। ਤੁਰਦਾ ਗਿਆ। ਮੰਜ਼ਿਲ ਬੜੀ ਦੂਰ ਸੀ। ਕਿਨਾਰੇ ਤੇ ਕਿਸ਼ਤੀ ਠੇਲ ਕੇ ਦੂਸਰਾ ਕਿਨਾਰਾ ਵੇਖਣ ਬਹਿ ਜਾਂਦਾ, ਸ਼ਾਇਦ ਏਥੇ ਤਕ ਨਾ ਹੀ ਪਹੁੰਚਦਾ। ਸਾਹਮਣੇ ਕੁਝ ਦਿਸਦਾ ਹੀ ਨਹੀਂ ਸੀ। ਕਿਰਤ ਉਹਨੂੰ ਵਿਰਾਸਤ ਵਿੱਚ ਮਿਲੀ ਤੇ ਕਲਾ ਰੱਬੀ ਬਖਸ਼ਿਸ਼। ਤਪੜ ਮਾਰਕਾ ਸਕੂਲ ਵਿੱਚ ਪੜ੍ਹ ਕਿ ਕਾਲਜ ਪੜ੍ਹਨ ਆ ਗਿਆ। ਰੱਜ ਕੇ ਸਾਊ। ਉਮਰ ਤਾਂ ਬੀ. ਏ ਵਾਲੇ ਬੱਚਿਆਂ ਵਾਂਗ ਖੜਮਸਤੀਆਂ ਕਰਨ ਦੀ ਪਰ ਇਹ ਭਲਾ ਪੁਰਸ਼ ਰੰਗਮੰਚ ਵੱਲ ਤੁਰ ਪਿਆ। ਤੁਰਦਾ ਗਿਆ ਰਾਹ ਬਣਦੇ ਗਏ। ਅਦਾਕਾਰੀ ਵਿੱਚ ਯੁਵਕ ਮੇਲਿਆਂ ਵਿੱਚ ਲਗਾਤਾਰ ਕਈ ਸਾਲ ਲੋਹਾ ਮਨਵਾਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਫਰੀਦਕੋਟ ਵਾਲੇ ਖੇਤਰੀ ਯੁਵਕ ਮੇਲੇ ਵਿੱਚੋਂ ਲਗਾਤਾਰ ਤਿੰਨ ਸਾਲ ਵਧੀਆ ਅਦਾਕਾਰ ਦਾ ਖਿਤਾਬ ਜਿੱਤਦਾ ਰਿਹਾ। ਯੂਨੀਵਰਸਿਟੀ ਦੀ ਉਸ ਸਟੇਜ ਤੇ ਵੀ ਕਲਾ ਦੇ ਜੌਹਰ ਵਿਖਾਏ ਜਿੱਥੇ ਸਟੇਜ ਤੇ ਚੜ੍ਹਨ ਦਾ ਬਹੁਤਿਆਂ ਦਾ ਚਾਅ ਵਿੱਚੇ ਰਹਿ ਜਾਂਦਾ ਹੈ। ਉਨੀ ਸੌ ਨਿੜਾਨਵੇਂ ਵਿੱਚ ਸਟੇਟ ਪੱਧਰ ਦੇ ਮੋਨੋ ਐਕਟਿੰਗ ਵਿੱਚੋਂ ਪਹਿਲਾ ਸਥਾਨ ਅਤੇ ਅੱਜਕਲ ਮਾਸ ਥੀਏਟਰ ਗੁੱਪ ਚਲਾਉਂਦਾ ਹੈ ਜਿਸ ਦੀਆਂ ਪੇਸ਼ਕਾਰੀਆਂ ਵੱਖ ਵੱਖ ਥਾਵਾਂ ਤੇ ਕਰਦਾ ਹੈ। ਹਰ ਸਾਲ ਨਵੇਂ ਤਜ਼ਰਬੇ ਕਰਕੇ ਸਭ ਨੂੰ ਹੈਰਾਨ ਕਰਦਾ ਹੈ। ਬੀ. ਏ ਕਰਦਾ ਕਰਦਾ ਰਸਤੇ ਤੋਂ ਲਾਂਭੇ ਹੋ ਗਿਆ। ਬੀ. ਏ. ਤਾਂ ਵਿੱਚੇ ਰਹਿ ਗਈ। ਭੂਤਰੇ ਹੁਸ਼ਨ ਨੇ ਉਹਦੀ ਪੱਕੀ ਫਸਲ ਡੋਬ ਤੀ। ਸਾਊ ਜੇ ਬੰਦੇ ਨੂੰ ਕੋਈ ਤੁਰਿਆ ਜਾਂਦਾ ਰੋਅਬ ਮਾਰ ਗਿਆ, ਕਹਿੰਦਾ ਤੈਨੂੰ ਵੇਖਾਂਗੇ। ਵੇਖਿਆ ਗਿਆ ਕਿਸੇ ਦੇ ਓਨਾ ਕਹਿਣ ਤੇ ਇਹ ਭਲਾਮਾਣਸ ਪੇਪਰ ਹੀ ਛੱਡ ਗਿਆ। ਲੜਨ ਦੇ ਰਾਹ ਨੀ ਤੁਰਿਆ, ਜਿਉਂਣ ਦੇ ਰਾਹ ਤੁਰਿਆ। ਸਾਊ ਬੰਦਿਆਂ ਦਾ ਵੀ ਆਪਣਾ ਸੰਸਾਰ ਹੁੰਦਾ। ਨੁਕਸਾਨ ਸਹਿ ਲੈਣ ਗੇ ਲੜਦੇ ਨਹੀਂ। ਲੜਨਾ ਉਹਦੇ ਸੁਭਾਅ ਵਿੱਚ ਨਹੀਂ ਤੇ ਰੁੱਸਣਾ ਸ਼ਾਇਦ ਹੈ ਥੋੜਾ ਥੋੜਾ। ਉਂਝ ਬੰਦਾ ਰੁੱਸਣ ਮਨਾਉਣ ਵਿੱਚ ਜ਼ਿੰਦਗੀ ਕੱਟਦਾ ਹੈ। ਅਕਾਦਮਿਕ ਪੜ੍ਹਾਈ ਚ ਤਾਂ ਉਹਨੇ ਥੀਏਟਰ ਦੀ ਮਾਸਟਰ ਕਰੀ ਡਿਗਰੀ ਕਰੀ ਹੈ ਪਰ ਮਾਤ ਉਹ ਵੱਡੇ ਵੱਡੇ ਡਾਕਟਰਾਂ ਨੂੰ ਪਾ ਦਿੰਦਾ ਹੈ। ਇੰਝ ਲੱਗਦਾ ਹੈ ਗੁੜਤੀ ਦੇਣ ਵੇਲੇ ਉਸਨੂੰ ਕਿਸੇ ਭਲੇ ਪੁਰਸ਼ ਨੇ ਗੁੜਤੀ ਵਿੱਚ ਮੁਹੱਬਤ ਦਿੱਤੀ ਹੋਵੇ। ਉਸਦੇ ਜ਼ਰੇ ਜ਼ਰੇ ਵਿੱਚ ਮੁਹੱਬਤ ਹੈ। ਉਸਨੂੰ ਦੋ ਵਾਰੀ ਗੁੜਤੀ ਮਿਲੀ ਹੈ ਇੱਕ ਵਾਰੀ ਜੰਮਣ ਵੇਲੇ, ਦੁਜੀ ਵਾਰੀ ਕਾਲਜ ਦੀ ਪੜ੍ਹਾਈ ਵੇਲੇ। ਪਹਿਲੀ ਗੁੜਤੀ ਤਾਂ ਕਿਰਤੀਆਂ ਨੂੰ ਕੁਦਰਤ ਹੀ ਦਿੰਦੀ ਹੈ, ਦੂਜੀ ਮੁਹੱਬਤ ਦੀ ਗੁੜਤੀ ਉਸਨੂੰ ਡਾ. ਸਤਗੁਰ ਸਿੰਘ ਨੇ ਦਿੱਤੀ ਹੈ। ਮੈਂ ਉਸਨੂੰ ਇੱਕ ਦਿਨ ਪੁੱਛਿਆ, ਤੈਨੂੰ ਰੁਲੁ ਖੁਲੇ ਨੂੰ ਕੀਹਨੇ ਸਾਂਭਿਆ। ਉਹ ਦੱਸਦਾ ਦੱਸਦਾ ਅੱਖਾਂ ਭਰ ਆਇਆ। ਕਹਿਣ ਲੱਗਿਆ, ‘ਮੈਂ ਬੜੀ ਵਾਰ ਗਲਤੀਆਂ ਕਰੀਆਂ ਪਰ ਇਸ ਮਹਾਂਪੁਰਸ਼ ਨੇ ਮੈਨੂੰ ਵਾਰ ਵਾਰ ਸਾਂਭਿਆਂ। ਮੈਨੂੰ ਆਪਣਾ ਪੁੱਤ ਸਮਝਿਆ। ਘਰੋਂ ਰੋਟੀਆ ਖੁਆਈਆਂ ਤੇ ਪਿਆਰ ਦਿੱਤਾ। ਫੀਸਾਂ ਭਰੀਆਂ ਤੇ ਗਿਆਨ ਦਿੱਤਾ। ਮੈਂ ਕੌਣ ਹਾਂ ਮੈਨੂੰ ਨਹੀਂ ਪਤਾ। ਜੇ ਮੈਂ ਜ਼ਿੰਦਗੀ ਜਿਉਣ ਸਿੱਖਿਆ ਤਾਂ ਏਸ33।’ ਉਸ ਨੂੰ ਸਾਂਭਣ ਵਾਲਿਆਂ ਵਿੱਚ ਸਤਗੁਰ ਸਿੰਘ ਦਾ ਬੜਾ ਯੋਗਦਾਨ ਹੈ। ਜੌਹਰੀ ਜੋ ਹੋਇਆ। ਉਸਨੂੰ ਜਿਵੇਂ ਦਾ ਪਿਆਰ ਮਿਲਿਆ ਹੈ ਉਵੇਂ ਦਾ ਵੰਡ ਰਿਹਾ ਹੈ। ਪਾਤਰਾਂ ਨਾਲ ਵਿਚਰਦਾ ਉਹ ਖੁਦ ਪਾਤਰ ਹੁੰਦੈ। ਰੰਗਮੰਚ ਦੇ ਗੁਰਾਂ ਦਾ ਤਾਂ ਉਹ ਆਪ ਸਿਖਰ ਹੈ। ਰੰਗਮੰਚ ਵੇਲੇ ਜਦੋਂ ਉਹ ਵਿਦਿਆਰਥੀਆਂ ਨੂੰ ਤਿਆਰ ਕਰਵਾ ਰਿਹਾ ਹੂੰਦੈ ਤਾਂ ਵੇਖਣ ਵਾਲੇ ਪਲ ਹੂੰਦੇ ਹਨ। ਅੱਕਣਾ ਤਾਂ ਸ਼ਾਇਦ ਉਸਦੇ ਕੋਸ਼ ਵਿੱਚ ਸ਼ਬਦ ਹੀ ਹੈ ਨਹੀਂ ਤੇ ਥੱਕਣਾ, ਥੱਕਣ ਵਾਲੀ ਉਹਦੀ ਅਜੇ ਉਮਰ ਨਹੀਂ। ਪਹਿਲੇ ਪਲ ਗਲਤੀ ਕਰਨ ਵਾਲੇ ਨੂੰ ਉਦੇੜ ਦਿੰਦਾ ਹੈ, ਅਗਲੇ ਪਲ ਉਹਨੂੰ ਆਪਣੇ ਪਿਆਰ ਵਿੱਚ ਡਬੋ ਲੈਂਦਾ ਹੈ। ਕਲਾ ਦਾ ਪਾਰਖੂ ਤੇ ਸਲੀਕੇ ਨਾਲ ਵਿਚਰਨ ਵਾਲਾ ਮਧਰੇ ਜੇ ਕੱਦ ਦਾ ਇਹ ਬੰਦਾ ਜਦੋਂ ਰਿਹਸਲਾਂ ਦੌਰਾਨ ਵਿਦਿਆਰਥੀਆਂ ਨੂੰ ਰੰਗਮੰਚ ਦੇ ਗੁਰ ਦੱਸ ਰਿਹਾ ਹੁੰਦਾ ਹੈ ਤਾਂ ਦੇਖਣ ਵਾਲਾ ਬੰਦਾ ਭੈਭੀਤ ਹੋ ਜਾਂਦੈ। ਕੋਈ ਏਨੀ ਮਿਹਨਤ ਨਾਲ ਵੀ ਤਿਆਰੀ ਕਰਵਾ ਸਕਦੈ। ਦਿਨ ਰਾਤ ਵਿੱਚ ਤਾਂ 24 ਘੰਟੇ ਹੀ ਹੁੰਦੇ ਨੇ ਪਰ ਉਹ ਤੇ ਉਹਦੇ ਪਾਤਰ ਤਾਂ… ਹੱਦ ਹੈ ਯਾਰ।
– ਬਾਕੀ ਕੱਲ੍ਹ ਪੜ੍ਹੋ

WRITTEN BY