Skip to content
Independent perspectives. Global stories.
BREAKING

ਪਾਕਿਸਤਾਨ ’ਚ ਸਿੱਖ ਆਗੂ ਦੀ ਹੱਤਿਆ

Share this story

ਪਾਕਿਸਤਾਨ ਵਿੱਚ ਆਮ ਲੋਕਾਂ ਅਤੇ ਘੱਟ ਗਿਣਤੀਆਂ ਲਈ ਹਾਲਾਤ ਬਹੁਤ ਹੀ ਬਦੱਤਰ ਹੋ ਚੁੱਕੇ ਹਨ। ਬੀਤੇ ਕੱਲ੍ਹ ਪਾਕਿਸਤਾਨ ਦੇ ਨਾਮੀ ਸਿੱਖ ਆਗੂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸ. ਚਰਨਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। 52 ਸਾਲਾਂ ਦੇ ਸ. ਚਰਨਜੀਤ ਸਿੰਘ ਨੂੰ ਪਿਸ਼ਾਵਰ ਦੇ ਬਾਹਰਵਾਰ ਸਕੀਮ ਚੌਕ ਇਲਾਕੇ ਵਿਚ ਸਥਿਤ ਉਨ੍ਹਾਂ ਦੀ ਦੁਕਾਨ ਵਿਚ ਗੋਲੀਆਂ ਮਾਰੀਆਂ ਗਈਆਂ। ਪਿਸ਼ਾਵਰ ਦੇ ਐਸਪੀ ਸਦਰ ਸ਼ੌਕਤ ਖ਼ਾਨ ਮੁਤਾਬਿਕ ਇਕ ਅਣਪਛਾਤਾ ਹਮਲਾਵਰ ਸ. ਚਰਨਜੀਤ ਸਿੰਘ ਨੂੰ ਉਸ ਦੀ ਦੁਕਾਨ ਵਿਚ ਗੋਲੀਆਂ ਮਾਰ ਕੇ ਫਰਾਰ ਹੋ ਗਿਆ। ਇਸ ਹਮਲੇ ਦੇ ਵੇਰਵੇ ਹਾਲੇ ਸਾਹਮਣੇ ਆਉਣੇ ਹਨ ਪ੍ਰੰਤੂ ਸ਼ੱਕੀ ਤੌਰ ’ਤੇ ਇਹ ਇਕ ਅੱਤਵਾਦੀ ਕਾਰਵਾਈ ਹੈ। ਇਸ ਖੇਤਰ ਵਿੱਚ ਸਰਗਰਮ ਅੱਤਵਾਦੀ ਜਥੇਬੰਦੀ ਵੱਲੋਂ ਪਹਿਲਾਂ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਜਿਹੀਆਂ ਘਟਨਾਵਾਂ ਦਾ ਮਕਸਦ ਘੱਟ ਗਿਣਤੀਆਂ ਨੂੰ ਡਰਾਉਣਾ-ਧਮਕਾਉਣਾ ਹੈ ਤਾਂ ਜੋ ਉਹ ਆਪਣਾ ਈਮਾਨ ਬਦਲ ਲੈਣ। ਇਹ ਬਹੁਤ ਹੀ ਦੁਖਦ ਸਥਿਤੀ ਹੈ ਕਿ ਘੱਟ ਗਿਣਤੀਆਂ ਦੀ ਰਾਖੀ ਲਈ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਾ ਇਹ ਦੱਸ ਰਿਹਾ ਹੈ ਕਿ ਇਸ ਖੇਤਰ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਹ ਬੇਹਦ ਅਫਸੋਸਨਾਕ ਹੈ ਕਿ ਸਿੱਖ ਭਾਈਚਾਰਾ ਬਹੁਤ ਇਨਸਾਫ ਪਸੰਦ ਹੋਣ ਦੇ ਬਾਵਜੂਦ ਹਿੰਸਾ ਦੀ ਖੁਰਾਕ ਬਣਾਇਆ ਜਾ ਰਿਹਾ ਹੈ। ਲਾਜ਼ਮੀ ਤੌਰ ’ਤੇ ਇਸ ਘਟਨਾ ਨਾਲ ਪਾਕਿਸਤਾਨ ਦਾ ਸਿੱਖ ਭਾਈਚਾਰਾ ਸਦਮੇ ਵਿੱਚ ਹੈ। ਦੁਨੀਆ ਭਰ ਦੇ ਸਿੱਖਾਂ ਲਈ ਇਹ ਬਹੁਤ ਅਫਸੋਸ ਅਤੇ ਦੁੱਖ ਵਾਲੀ ਖਬਰ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਸਿੱਖ ਭਾਈਚਾਰੇ ਦੀ ਕਿਧਰੇ ਸੁਣਵਾਈ ਨਹੀਂ ਹੋ ਰਹੀ। ਭਾਰਤ ਵਿੱਚ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪਾਕਿਸਤਾਨ ਵਿੱਚ ਵੀ ਸਿੱਖਾਂ ਦੀ ਹਾਲਤ ਮੁਸ਼ਕਿਲ ਹੁੰਦੇ ਜਾ ਰਹੇ ਹਨ। ਇਸ ਸੰਕਟ ਦੀ ਘੜੀ ਵਿੱਚ ਆਖਿਰ ਸਿੱਖ ਕੀ ਕਰਨ। ਪਾਕਿਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੱਤਿਆ ਦੀ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਉਣ। ਇਸ ਕਤਲ ਦੇ ਸਾਰੇ ਦੋਸ਼ੀ ਤੁਰੰਤ ਬੇਨਕਾਬ ਹੋਣੇ ਚਾਹੀਦੇ ਹਨ। ਪਾਕਿਸਤਾਨ ਦੀ ਸਰਕਾਰ ਨੂੰ ਇਸ ਸਬੰਧ ਵਿੱਚ ਸਿੱਖ ਭਾਈਚਾਰੇ ਨੂੰ ਸੁਰੱਖਿਆ ਦਾ ਭਰੋਸਾ ਵੀ ਦੇਣਾ ਚਾਹੀਦਾ ਹੈ। ਬੀਤੇ ਸਮੇਂ ਵਿੱਚ ਵੀ ਸਿੱਖਾਂ ਉਪਰ ਹੋਏ ਹਮਲਿਆਂ ਦੀ ਠੀਕ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ, ਨਾ ਹੀ ਕਿਸੇ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੀ ਗਈ ਹੈ। ਅਜਿਹੇ ਹਾਲਾਤਾਂ ਵਿੱਚ ਘੱਟ ਗਿਣਤੀਆਂ ਦਾ ਦਹਿਸ਼ਤਯਦਾ ਹੋਣਾ ਸੁਭਾਵਿਕ ਹੈ। ਪਾਕਿਸਤਾਨ ਦੀ ਸਰਕਾਰ ਨੂੰ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਪ੍ਰਤੀ ਗੰਭੀਰ ਹੋਣ ਦੀ ਜ਼ਰੂਰਤ ਹੈ। ਘੱਟ ਗਿਣਤੀਆਂ ’ਤੇ ਹਮਲੇ ਕਰਨ ਵਾਲੇ ਲੋਕ ਪਾਕਿਸਤਾਨ ਦੇ ਸ਼ੁੱਭਚਿੰਤਕ ਨਹੀਂ ਹਨ। ਇਸ ਤਰ੍ਹਾਂ ਦੀਆਂ ਸਾਜਿਸ਼ਾਂ ਬੇਪਰਦ ਹੋਣੀਆਂ ਚਾਹੀਦੀਆਂ ਹਨ।
31 ਮਈ 2018 – ਬਲਜੀਤ ਸਿੰਘ ਬਰਾੜ

WRITTEN BY