Skip to content
Independent perspectives. Global stories.
BREAKING

ਹੀਥਰੋ-ਅੰਮ੍ਰਿਤਸਰ ਹਵਾਈ ਉਡਾਣਾਂ ਲਈ ਸੰਸਦ ਮੈਂਬਰ ਢੇਸੀ ਵੱਲੋਂ ਲੰਡਨ ‘ਚ ਏਅਰ ਇੰਡੀਆ ਦੇ ਨਵੇਂ ਮੁਖੀ ਨਾਲ ਮੁਲਾਕਾਤ

Share this story

ਅੰਮ੍ਰਿਤਸਰ-ਯੂ.ਕੇ. ਵਿਚਾਲੇ ਕੌਮਾਂਤਰੀ ਉਡਾਣਾਂ ਸ਼ੁਰੂ ਕਰਾਉਣ ਲਈ ਯਤਨ ਜਾਰੀ ਰੱਖਾਂਗਾ : ਢੇਸੀ

ਚੰਡੀਗੜ੍ਹ – ਲੰਦਨ ਤੇ ਅੰਮ੍ਰਿਤਸਰ ਵਿਚਕਾਰ ਮੁੜ੍ਹ ਤੋਂ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੇ ਮਨੋਰਥ ਨਾਲ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਲੰਦਨ ਸਥਿਤ ਏਅਰ ਇੰਡੀਆ ਦੇ ਬਰਤਾਨੀਆਂ ਅਤੇ ਯੂਰਪ ਓਪਰੇਸ਼ਨਜ਼ ਦੇ ਤਾਇਨਾਤ ਹੋਏ ਨਵੇਂ ਮੁਖੀ ਦੇਬਾਸ਼ੀਸ਼ ਗੋਲਡਰ ਨਾਲ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਤਰਾਂ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਹੀਥਰੋ (ਬਰਤਾਨੀਆਂ) ਵਿਚਾਲੇ ਚਿਰਾਂ ਤੋਂ ਬੰਦ ਅੰਤਰਰਾਸ਼ਟਰੀ ਉਡਾਣਾਂ ਦੇ ਮੁੜ੍ਹ ਸ਼ੁਰੂ ਹੋਣ ਦੀ ਆਸ ਬੱਝੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਢੇਸੀ ਨੇ ਦੱਸਿਆ ਕਿ ਇਹ ਉਡਾਣਾਂ ਮੁੜ੍ਹ ਚਾਲੂ ਕਰਵਾਉਣ ਲਈ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਏਅਰ ਇੰਡੀਆ ਦੀ ਲੰਦਨ ਸਥਿਤ ਮੁਖੀ ਮੈਡਮ ਤਾਰਾ ਨਾਇਡੂ ਨਾਲ ਵੀ ਗੱਲਬਾਤ ਕਰਕੇ ਇਸ ਸਬੰਧੀ ਚਾਰਾਜੋਈ ਕਰਨ ਲਈ ਜੋਰ ਪਾਇਆ ਸੀ ਅਤੇ ਇਸ ਬਾਰੇ ਹੋਈ ਪ੍ਰਗਤੀ ਸਬੰਧੀ ਅੱਜ ਗੋਲਡਰ ਨੂੰ ਵੀ ਜਾਣੂ ਕਰਵਾਇਆ ਗਿਆ। ਇਸ ਮੁਲਾਕਾਤ ਮੌਕੇ ਏਅਰ ਇੰਡੀਆ ਦੀ ਮਾਰਕੀਟਿੰਗ ਅਧਿਕਾਰੀ ਦੀਪਕ ਚੁਦਸਮਾ ਤੋ ਇਲਾਵਾ ਜਸਵਿੰਦਰ ਸਿੰਘ ਰੱਖੜਾ, ਅਵਨੀ ਗੰਟਾਰਾ ਆਦਿ ਵੀ ਨਾਲ ਸਨ। ਸੰਸਦ ਮੈਂਬਰ ਢੇਸੀ ਨੇ ਏਅਰ ਇੰਡੀਆ ਦੇ ਮੁਖੀ ਨੂੰ ਦੱਸਿਆ ਕਿ ਕੌਮਾਂਤਰੀ ਪ੍ਰਸਿੱਧੀ ਹਾਸਲ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਇਨਾਂ ਉਡਾਣਾਂ ਦੀ ਮੁੜ੍ਹ ਬਹਾਲੀ ਖਾਤਰ ਉਹ ਪਹਿਲਾਂ ਹੀ ਆਪਣੀ ਭਾਰਤ ਫੇਰੀ ਮੌਕੇ ਦਿੱਲੀ ਸਥਿਤ ਕੇਂਦਰੀ ਮੰਤਰੀਆਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਨ ਤਾਂ ਜੋ ਪੰਜਾਬੀ ਭਾਈਚਾਰੇ ਦੀ ਲੰਮੇ ਚਿਰ ਤੋਂ ਚੱਲੀ ਆ ਰਹੀ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਫਲਾਈਟ ਦੇ ਚਾਲੂ ਹੋਣ ਨਾਲ ਜਿੱਥੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਉੱਥੇ ਬਰਤਾਨੀਆ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਪਰਵਾਸੀ ਭਾਰਤੀਆਂ ਨੂੰ ਵੀ ਆਪਣੀ ਵਤਨ ਫੇਰੀ ਲਈ ਸੁਖਾਲਾ ਹੋ ਜਾਵੇਗਾ। ਉਨਾਂ ਏਅਰ ਇੰਡੀਆ ਦੀ ਅਧਿਕਾਰੀ ਨੂੰ ਸਲਾਹ ਦਿੱਤੀ ਕਿ ਲੰਦਨ ਦੇ ਹੀਥਰੋ ਹਵਾਈ ਅੱਡੇ ਅਤੇ ਨਵੀਂ ਦਿੱਲੀ ਵਿਚਕਾਰ ਰੋਜਾਨਾਂ ਚਲਦੀਆਂ ਤਿੰਨ ਸਿੱਧੀਆਂ ਉਡਾਣਾਂ ਵਿੱਚੋਂ ਘੱਟੋ-ਘੱਟ ਇੱਕ ਉਡਾਣ ਨੂੰ ਸਿੱਧੀ ਅੰਮ੍ਰਿਤਸਰ ਤੱਕ ਕੀਤਾ ਜਾਵੇ ਤਾਂ ਜੋ ਉਤਰੀ ਰਾਜਾਂ ਦੇ ਆਮ ਲੋਕ ਅਤੇ ਵਪਾਰੀ ਵੀ ਇਸ ਸਿੱਧੀ ਉਡਾਣ ਦਾ ਫਾਇਦਾ ਉਠਾ ਸਕਣ। ਢੇਸੀ ਨੇ ਦੱਸਿਆ ਕਿ ਇਹ ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਗੋਲਡਰ ਨੇ ਉਨਾਂ ਦੀਆਂ ਦਲੀਲਾਂ ਨੂੰ ਬਹੁਤ ਗੌਰ ਨਾਲ ਸੁਣਿਆਂ ਅਤੇ ਭਰੋਸਾ ਦਿੱਤਾ ਕਿ ਉਹ ਇਹ ਤਜ਼ਵੀਜ਼ ਸਬੰਧੀ ਨਵੀਂ ਦਿੱਲੀ ਸਥਿੱਤ ਏਅਰ ਇੰਡੀਆ ਦੇ ਉਚ ਅਧਿਕਾਰੀਆਂ ਨੂੰ ਸਿਫ਼ਾਰਸ਼ ਕਰਨਗੇ ਅਤੇ ਅੰਮ੍ਰਿਤਸਰ-ਹੀਥਰੋ ਹਵਾਈ ਉਡਾਣਾਂ ਨੂੰ ਮੁੜ੍ਹ ਬਹਾਲ ਕਰਾਉਣ ਲਈ ਆਪਣੇ ਪੂਰੇ ਯਤਨ ਲਾਉਣਗੇ। ਢੇਸੀ ਨੇ ਦੱਸਿਆ ਕਿ ਅੱਜ ਦੀ ਤਾਜ਼ਾ ਮੀਟਿੰਗ ਤੋਂ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਏਅਰ ਇੰਡੀਆ ਮੁੜ੍ਹ ਤੋਂ ਪੰਜਾਬ ਅਤੇ ਬਰਤਾਨੀਆ ਵਿਚਾਲੇ ਆਪਸੀ ਸਿੱਧੇ ਸੰਪਰਕ ਲਈ ਇਹ ਹਵਾਈ ਉਡਾਣਾਂ ਭਵਿੱਖ ਵਿੱਚ ਜਲਦ ਸ਼ੁਰੂ ਹੋ ਸਕਦੀਆਂ ਹਨ। ਢੇਸੀ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਲੰਦਨ ਸਥਿੱਤ ਹਵਾਈ ਕੰਪਨੀ ‘ਵਰਜਿਨ ਐਟਲਾਂਟਿਕ’ ਦੇ ਸੀਨੀਅਰ ਮੈਨੇਜਰ ਡੇਵਿਡ ਹੌਜ ਨੂੰ ਵੀ ਦਮਲੇ ਸਨ ਅਤੇ ਉਨਾਂ ਨੂੰ ਪਵਿੱਤਰ ਨਗਰੀ ਅਤੇ ਕੌਮਾਂਤਰੀ ਸੈਲਾਨੀ ਕੇਂਦਰ ਅੰਮ੍ਰਿਤਸਰ ਲਈ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੇ ਫਾਇਦਿਆਂ ਸਬੰਧੀ ਅੰਕੜਿਆਂ ਅਤੇ ਤੱਥਾਂ ਸਮੇਤ ਜਾਣਕਾਰੀ ਦਿੱਤੀ ਸੀ। ਸੰਸਦ ਮੈਂਬਰ ਢੇਸੀ ਨੇ ਦ੍ਰਿੜਤਾ ਦਿਖਾਉਂਦਿਆਂ ਕਿਹਾ ਕਿ ਉਹ ਪੰਜਾਬ ਅਤੇ ਬਰਤਾਨੀਆਂ ਵਿਚਾਲੇ ਸਿੱਧੀਆਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

WRITTEN BY