ਸਿਨੇਮਾ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਹੈ। ਕਿਸੇ ਵੀ ਸਮਾਜ ਦੀ ਸਹੀ ਤਸਵੀਰ ਨੂੰ ਦੇਖਣ ਲਈ ਉਸਦੇ ਸਿਨੇਮਾ ਨੂੰ ਦੇਖ ਲੈਣਾ ਹੀ ਕਾਫ਼ੀ ਹੁੰਦਾ ਹੈ। ਪੰਜਾਬੀ ਸਿਨੇਮਾ ਦਾ ਇਤਿਹਾਸ ਵੀ ਬਹੁਤ ਸੰਜੀਦਾ ਅਤੇ ਮਾਣ ਵਾਲਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਮਗਰੋਂ ਪੰਜਾਬੀ ਸਿਨੇਮਾ ਦਾ ਸਥਾਨ ਬਹੁਤ ਪ੍ਰਭਾਵਸ਼ਾਲੀ, ਨਿਵੇਕਲਾ ਅਤੇ ਸਮਾਜਕ ਬਣਤਰ ਨੂੰ ਸੇਧ ਦੇਣ ਵਾਲਾ ਰਿਹਾ ਹੈ। ਪਰ! ਅਫ਼ਸੋਸ ਅਜੋਕੇ ਦੌਰ ਵਿੱਚ ਪੰਜਾਬੀ ਸਮਾਜ ਅੰਦਰ ਪੰਜਾਬੀ ਸਿਨੇਮਾ ਦਾ ਪ੍ਰਭਾਵ/ਮਹੱਤਵ ਬਹੁਤ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਜਾਂ ਪ੍ਰਭਾਵ ਪੱਖੋਂ ਨਾ- ਮਾਤਰ ਹੀ ਬਚਿਆ ਹੈ। ਇਸ ਕਮਜ਼ੋਰੀ ਦੇ ਬਹੁਤ ਸਾਰੇ ਕਾਰਨ ਉਭਰ ਕੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦਾ ਇਸ ਲੇਖ ਵਿੱਚ ਸੰਖੇਪ ਰੂਪ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ।
ਪੰਜਾਬੀ ਸਿਨੇਮਾ ਦਾ ਅਜੌਕਾ ਦੌਰ ਜਿੱਥੇ ਬਾਲੀਵੁਡ ਨੂੰ ਟੱਕਰ ਦੇ ਰਿਹਾ ਹੈ ਉਥੇ ਮਿਆਰ ਦੇ ਪੱਖੋਂ ਇਹ ਤੀਜੇ ਦਰਜ਼ੇ ਦੀਆਂ ਫ਼ਿਲਮਾਂ ਦਾ ਕਾਰੋਬਾਰ ਬਣ ਕੇ ਰਹਿ ਗਿਆ ਹੈ। ਪੰਜਾਬੀ ਸਿਨੇਮਾ ਦਾ ਮੂਲ ਉਦੇਸ਼ ਪੈਸਾ ਕਮਾਉਣਾ ਅਤੇ ਦੋ- ਅਰਥੀ ਗੱਲਾਂ ਰਾਹੀਂ ਲੋਕਾਂ ਨੂੰ ਹਸਾਉਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਹਨਾਂ ਗੱਲਾਂ ਨੂੰ ਪਿਛਲੇ ਤਿੰਨ- ਚਾਰ ਸਾਲਾਂ ਵਿੱਚ ਆਈਆਂ ਪੰਜਾਬੀ ਫ਼ਿਲਮਾਂ ਨੂੰ ਦੇਖ ਕੇ ਪਰਖ਼ਿਆ ਜਾ ਸਕਦਾ ਹੈ, ਦੇਖਿਆ ਜਾ ਸਕਦਾ ਹੈ ਅਤੇ ਦਰੁਸਤੀ ਨਾਲ ਸਮਝਿਆ ਜਾ ਸਕਦਾ ਹੈ।
ਪੰਜਾਬੀ ਸਿਨੇਮਾ ਦੀ ਦਸ਼ਾ ਅਤੇ ਦਿਸ਼ਾ ਵਿਗੜ ਗਈ ਜਾਪਦੀ ਹੈ। ਇਹਨਾਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਹੈ ਕਿ ਕਈ ਗ਼ੈਰ ਪੰਜਾਬੀ ਲੋਕ ਇਸ ਕਾਰੋਬਾਰ ਵਿੱਚ ਕੇਵਲ ਪੈਸਾ ਕਮਾਉਣ ਦੀ ਸੰਭਾਵਨਾ ਨੂੰ ਦੇਖ ਕੇ, ਆਣ ਵੜੇ ਹਨ। ਪੰਜਾਬੀ ਦੇ ਬਹੁਤ ਸਾਰੇ ਸੰਜੀਦਾ ਕਲਾਕਾਰ ਇਸ ਖ਼ੇਤਰ ਤੋਂ ਕਿਨਾਰਾ ਕਰ ਚੁਕੇ ਹਨ।
ਅਜੌਕੇ ਸਮੇਂ ਪੰਜਾਬੀ ਫ਼ਿਲਮਾਂ ਨੂੰ ਕੇਵਲ ਦੋ- ਅਰਥੀ ਗੱਲਾਂ ਕਰਕੇ ਹਸਾਉਣ ਵਾਲਾ ਵਿਉਪਾਰ ਬਣਾ ਕੇ ਰੱਖ ਦਿੱਤਾ ਗਿਆ ਹੈ। ‘ਵਿਅੰਗ ਵੀ ਸਾਰਥਕ ਅਤੇ ਮਿਆਰੀ ਹੋ ਸਕਦਾ ਹੈ’ ਇਸ ਗੱਲ ਨੂੰ ਅਜੌਕਾ ਪੰਜਾਬੀ ਸਿਨੇਮਾ ਲਗਭਗ ਭੁੱਲ ਹੀ ਗਿਆ ਜਾਪਦਾ ਹੈ। ਪੰਜਾਬੀ ਦੇ ਸਿਨੇਮਾ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਵਾਲੇ ਸੰਜੀਦਾ ਕਲਾਕਾਰ ਅੱਜਕਲ੍ਹ ਚੁੱਪ ਵੱਟੀ ਬੈਠੇ ਹਨ ਕਿਉਂਕਿ ਉਹ ਅੱਜ ਦੇ ਦੌਰ ਵਿੱਚ ਲੋਕਾਂ ਦੀਆਂ ਉਮੀਦਾਂ ਤੇ ਖ਼ਰੇ ਨਹੀਂ ਉਤਰ ਰਹੇ।
ਅੱਜ ਦਾ ਨੌਜਵਾਨ ਸਿਨੇਮਾ- ਘਰ ਵਿੱਚ ਹੱਸਣ- ਖੇਡਣ ਅਤੇ ਆਪਣਾ ਸਮਾਂ ਬਤੀਤ ਕਰਨ ਵਾਸਤੇ ਜਾਂਦਾ ਹੈ। ਇਸ ਗੱਲ ਨੂੰ ਅਜੋਕਾ ‘ਸਿਨੇਮਾ ਵਿਉਪਾਰੀ’ ਬਹੁਤ ਚੰਗੀ ਤਰ੍ਹਾਂ ਸਮਝ ਗਿਆ ਹੈ। ਇਸ ਲਈ ਮਿਆਰ ਅਤੇ ਸਾਰਥਕਤਾ ਦੀ ਕਿਸੇ ਥਾਂ ਉਪਰ ਕੋਈ ਚਰਚਾ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਖ਼ਿਆਲ ਰੱਖਿਆ ਜਾਂਦਾ ਹੈ।
ਪੰਜਾਬੀ ਸਿਨੇਮਾ ਦੀਆਂ ਪਿਛਲੇ ਤਿੰਨ- ਚਾਰ ਸਾਲਾਂ ਦੀਆਂ ਫ਼ਿਲਮਾਂ ਦੀਆਂ ਕਹਾਣੀਆਂ ਨੂੰ ਪੜ੍ਹ ਕੇ, ਅਸੀਂ ਆਪਣੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਨਹੀਂ ਕਰ ਸਕਦੇ। ਹਾਂ, ਇੱਕ- ਦੋ ਅਪਵਾਦ ਹੋ ਸਕਦੇ ਹਨ ਪਰ ਬਹੁਤੀਆਂ ਫ਼ਿਲਮਾਂ ਨੇ ਪੰਜਾਬੀਆਂ ਦੇ ਰੁਤਬੇ ਨੂੰ ਮਿੱਟੀ ਵਿੱਚ ਰੋਲਣ ਦਾ ਕੰਮ ਬਾਖ਼ੂਬੀ ਨੇਪਰੇ ਚਾੜ੍ਹਿਆ ਹੈ।
ਸੂਬੇਦਾਰ ਜੋਗਿੰਦਰ ਸਿੰਘ (ਪਰਮਵੀਰ ਚੱਕਰ) ਅਜਿਹੀ ਫ਼ਿਲਮ ਹੈ ਜਿਹੜੀ ਸਾਡੇ ਸਮਾਜ ਨੂੰ ਸਹੀ ਸੇਧ ਦਿੰਦੀ ਹੈ ਅਤੇ ਆਪਣੇ ਵਿਰਸੇ/ਇਤਿਹਾਸ ਨਾਲ ਜੋੜਦੀ ਹੈ। ਇਸੇ ਤਰ੍ਹਾਂ ‘ਦਾ ਬਲੇਕ ਪ੍ਰਿੰਸ’ ਅਤੇ ਪੰਜਾਬ 1984 ਆਦਿ ਵਰਗੀਆਂ ਫ਼ਿਲਮਾਂ ਨੇ ਬਹੁਤ ਹੱਦ ਤੱਕ ਪੰਜਾਬੀ ਸਿਨੇਮਾ ਦੀ ਇੱਜ਼ਤ ਨੂੰ ਖੋਰ੍ਹਾ ਲੱਗਣ ਤੋਂ ਬਚਾਇਆ ਹੈ ਅਤੇ ਚਾਰ ਚੰਨ ਲਾਏ ਹਨ। (ਮੇਰੇ ਲੇਖ ਦਾ ਵਿਸ਼ਾ ਕਿਸੇ ਇੱਕ ਫ਼ਿਲਮ ਦੀ ਚਰਚਾ ਕਰਨਾ ਨਹੀਂ, ਇਸ ਲਈ ਬਹੁਤੀਆਂ ਫ਼ਿਲਮਾਂ ਦੇ ਨਾਮ ਨਹੀਂ ਲਿਖੇ ਜਾ ਰਹੇ) ਉਪਰ ਲਿਖੀਆਂ ਇਹਨਾਂ ਫ਼ਿਲਮਾਂ ਨੇ ਸਹੀ ਵਿਸ਼ੇ, ਕਹਾਣੀ ਅਤੇ ਪਾਤਰਾਂ ਰਾਹੀਂ ਪੰਜਾਬੀ ਸਿਨੇਮਾ ਨੂੰ ਮਾਣ ਦਿੱਤਾ ਹੈ।
ਪੰਜਾਬੀ ਸਿਨੇਮਾ ਗਿਣਤੀ ਪੱਖੋਂ ਬਹੁਤ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਪਰ ਗੁਣਵੱਤਾ ਪੱਖੋਂ ਬਹੁਤ ਸੁਸਤ ਚਾਲ ਨਾਲ ਚੱਲਦਾ ਦਿਖਾਈ ਦਿੰਦਾ ਹੈ। ਗੁਣਵੱਤਾ ਦਾ ਖ਼ਿਆਲ ਇਸ ਕਰਕੇ ਨਹੀਂ ਰੱਖਿਆ ਜਾ ਰਿਹਾ ਕਿਉਂਕਿ ਅਜੋਕਾ ਨੌਜਵਾਨ ਵਰਗ ਫ਼ਿਲਮਾਂ ਦੀ ਗੁਣਵੱਤਾ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਪੰਜਾਬੀ ਸਮਾਜ ਵਿੱਚ ਸਿਨੇਮਾ ਦਾ ਮਤਲਬ ਸਿਰਫ਼ ਹੱਸਣਾ- ਖੇਡਣਾ ਅਤੇ ਨੱਚਣਾ- ਗਾਉਣਾ ਤੋਂ ਹੀਂ ਲਿਆ ਜਾਂਦਾ ਹੈ। ਇਸ ਲਈ ਗੁਣਵਤਾ ਅਤੇ ਮਿਆਰੀਪਣ ਦਾ ਕੋਈ ਜਿਆਦਾ ਖ਼ਿਆਲ ਨਹੀਂ ਕਰਦਾ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬੀ ਸਮਾਜ ਵਿੱਚ ਕਹਾਣੀਆਂ ਦੀ ਕੋਈ ਕਮੀ ਨਹੀਂ ਹੈ। ਸਾਡਾ ਗੌਰਵਮਈ ਵਿਰਸਾ, ਇਤਿਹਾਸ ਅਤੇ ਸੱਭਿਆਚਾਰ ਅਣਗਿਣਤ ਕਹਾਣੀਆਂ ਨਾਲ ਭਰਿਆ ਪਿਆ ਹੈ ਪਰ! ਇਹਨਾਂ ਕੀਮਤੀ ਕਹਾਣੀਆਂ ਤੇ ਕਰੋੜਾਂ ਰੁਪਏ ਕੌਣ ਲਾਵੇ?, ਜਦੋਂ ਸਸਤੀ ਕਾਮੇਡੀ ਜਾਂ ਦੋ- ਅਰਥੀ ਗੱਲਾਂ ਰਾਹੀਂ ਹੀ ਕਰੋੜਾਂ ਰੁਪਏ ਕਮਾਏ ਜਾ ਸਕਦੇ ਹਨ। ਇਸ ਲਈ ਅਜੋਕਾ ਦੌਰ ਸਸਤੀਆਂ ਅਤੇ ਲਚਰਤਾ ਭਰਪੂਰ ਫ਼ਿਲਮਾਂ ਦਾ ਦੌਰ ਹੈ। ਇਸ ਦੌਰ ਵਿੱਚ ਵਿਉਪਾਰੀ ਵਰਗ ਪੈਸਾ ਕਮਾਉਣਾ ਚਾਹੁੰਦਾ ਹੈ ਅਤੇ ਕਲਾਕਾਰ ਆਪਣੀ ਪ੍ਰਸਿੱਧੀ ਚਾਹੁੰਦਾ ਹੈ। ਇਸ ਤੋਂ ਇਲਾਵਾ ਹੋਰ ਕੁਝ ਨਹੀਂ।
ਪੰਜਾਬੀ ਸਿਨੇਮਾ ਨੂੰ ਕੁਰਾਹੇ ਪਾਉਣ ਵਿੱਚ ਜਿੱਥੇ ਕਲਾਕਾਰ ਕਸੂਰਵਾਰ ਹਨ ਉਥੇ ਸਾਡਾ ਪੰਜਾਬੀ ਸਮਾਜ ਵੀ ਕਸੂਰਵਾਰ ਹੈ ਕਿਉਂਕਿ ਅਸੀਂ ਮਿਆਰੀ ਫ਼ਿਲਮਾਂ ਨੂੰ ਦੇਖਣ ਵਿੱਚ ਆਪਣਾ ਵਕਤ ਨਹੀਂ ਗੁਆਉਣਾ ਚਾਹੁੰਦੇ। ਇਸ ਕਰਕੇ ਕਲਾਕਾਰ ਅਤੇ ਵਿਉਪਾਰੀ ਸਸਤੀਆਂ ਫ਼ਿਲਮਾਂ ਰਾਹੀਂ ਆਪਣੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਦੇ ਰਹਿੰਦੇ ਹਨ ਅਤੇ ਅਸੀਂ ਸਿਨੇਮਾ ਘਰਾਂ ਵਿੱਚ ਆਪਣੇ ਮਾਣਮੱਤੇ ਵਿਰਸੇ ਤੋਂ ਟੁੱਟ ਕੇ ਦੋ- ਅਰਥੀ ਗੱਲਾਂ ਤੇ ਤਾੜੀਆਂ ਮਾਰਦੇ ਰਹਿੰਦੇ ਹਾਂ। ਪੰਜਾਬੀ ਸਿਨੇਮਾ ਨੂੰ ਆਪਣੇ ਫ਼ਰਜ਼ ਉਸ ਵਕਤ ਚੇਤੇ ਆ ਸਕਦੇ ਹਨ ਜਦੋਂ ਹਰ ਪੰਜਾਬੀ ਆਪਣੇ ਫ਼ਰਜ਼ ਚੇਤੇ ਰੱਖੇ। ਜਦੋਂ ਅਸੀਂ ਆਪ ਆਪਣੇ ਫ਼ਰਜ਼ਾਂ ਨੂੰ ਵਿਸਾਰ ਚੁਕੇ ਹਾਂ ਤਾਂ ਸਾਨੂੰ ਪੰਜਾਬੀ ਸਿਨੇਮਾ ਜਗਤ ਤੋਂ ਕਿਸੇ ਤਰ੍ਹਾਂ ਦੀ ਆਸ ਨਹੀਂ ਰੱਖਣੀ ਚਾਹੀਦੀ। ਸਿਆਣਿਆਂ ਦਾ ਕਥਨ ਹੈ ਕਿ ‘ਆਪਣੇ ਸੁਧਾਰ ਤੋਂ ਬਿਨਾਂ ਸਮਾਜ ਦਾ ਸੁਧਾਰ ਕਦੇ ਵੀ ਸੰਭਵ ਨਹੀਂ ਹੁੰਦਾ ਅਤੇ ਅਜਿਹੀ ਆਸ ਰੱਖਣ ਵਾਲਾ ਵਿਅਕਤੀ ਸਿਆਣਿਆਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ।’ ਸਿਨੇਮਾਘਰਾਂ ਵਿੱਚ ਆਪਣੇ ਮਾਂ- ਬਾਪ, ਪਤਨੀ ਅਤੇ ਬੱਚਿਆਂ ਨਾਲ ਦੇਖੀ ਜਾਣ ਵਾਲੀ ਪੰਜਾਬੀ ਫ਼ਿਲਮ ਹੀ ਅਸਲ ਅਰਥਾਂ ਵਿੱਚ ਪੰਜਾਬੀ ਸਿਨੇਮਾ ਦੀ ਸਹੀ ਤਸਵੀਰ ਕਹੀ ਜਾ ਸਕਦੀ ਹੈ।
ਪੰਜਾਬੀ ਸਿਨੇਮਾ ਕੋਲ ਵਿਸ਼ਿਆਂ (ਜਿਵੇਂ ਉਪਰ ਵੀ ਜ਼ਿਕਰ ਕੀਤਾ ਗਿਆ ਹੈ) ਦੀ ਕੋਈ ਥੋੜ੍ਹ ਨਹੀਂ ਹੈ ਪਰ ਹਿੰਮਤ ਅਤੇ ਦਲੇਰੀ ਦੀ ਜ਼ਰੂਰਤ ਹੈ। ਪੰਜਾਬੀ ਸਿਨੇਮਾ ਨੂੰ ਇਹ ਗਿਲ੍ਹਾ ਨਹੀਂ ਹੋਣਾ ਚਾਹੀਦਾ ਕਿ ਮਿਆਰੀ ਫ਼ਿਲਮਾਂ ਨੂੰ ਪੰਜਾਬੀਆਂ ਦਾ ਹੁੰਗਾਰਾ ਨਹੀਂ ਮਿਲਦਾ ਕਿਉਂਕਿ ਅਤੀਤ ਵਿੱਚ ਅਜਿਹੀਆਂ ਫ਼ਿਲਮਾਂ ਨੂੰ ਪੰਜਾਬੀਆਂ ਨੇ ਹੱਥਾਂ ਤੇ ਚੁੱਕਿਆ ਹੈ ਪਰ, ਹੁਣ ਵਕਤ ਬਦਲ ਚੁੱਕਿਆ ਹੈ। ਪੰਜਾਬੀ ਸਿਨੇਮਾ ਦੇ ਨਾਲ- ਨਾਲ ਹੁਣ ਪੰਜਾਬੀ ਸਮਾਜ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਅਜੋਕੇ ਦੌਰ ਵਿੱਚ ਜੇਕਰ ਪੰਜਾਬੀ ਸਮਾਜ ਨੇ ਪੰਜਾਬੀ ਸਿਨੇਮਾ ਨੂੰ ਆਪਣੇ ਫ਼ਰਜ਼ ਚੇਤੇ ਨਾ ਕਰਵਾਏ ਤਾਂ ਬਹੁਤ ਦੇਰ ਹੋ ਜਾਵੇਗੀ ਅਤੇ ਮੁੜ ਸਾਡੇ ਕੋਲ ਨਾ ਤਾਂ ਸਮਾਂ ਰਹੇਗਾ ਅਤੇ ਨਾ ਹੀ ਸਾਧਨ। ਇਸ ਲਈ ਵਿਸ਼ੇ ਪੱਖੋਂ ਸਾਰਥਕ ਅਤੇ ਮਿਆਰੀ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲਣਾ ਲਾਜ਼ਮੀ ਹੈ ਅਤੇ ਦੋ- ਅਰਥੀ ਗੱਲਾਂ ਦੁਆਰਾ ਸਾਡੀਆਂ ਮਾਂ- ਭੈਣਾਂ ਨੂੰ ਮੰਦਾ ਬੋਲਣ ਵਾਲੇ ਮਸਖ਼ਰਿਆਂ ਨੂੰ ਸਬਕ ਮਿਲਦਾ ਚਾਹੀਦਾ ਹੈ ਤਾਂ ਕਿ ਪੰਜਾਬੀ ਸਿਨੇਮਾ ਮੁੜ ਆਪਣੇ ਅਸਲ ਸਰੂਪ ਵਿੱਚ ਆ ਸਕੇ।
ਆਧੁਨਿਕ ਪੰਜਾਬੀ ਸਿਨੇਮਾ ਦਾ ਬਦਲਦਾ ਸਰੂਪ : ਦਸ਼ਾ ਅਤੇ ਦਿਸ਼ਾ



