Skip to content
Independent perspectives. Global stories.
BREAKING

ਵੱਧਦੀ ਆਬਾਦੀ, ਸਭ ਦੀ ਬਰਬਾਦੀ

Share this story

ਆਬਾਦੀ ਪਖੋਂ ਸਾਡਾ ਦੇਸ਼ ਦੁਨੀਆਂ ਵਿਚ ਦੂਸਰੇ ਪਾਇਦਾਨ ਤੇ ਆਉਂਦਾ ਹੈ । ਆਬਾਦੀ ਦਿਨੋਂ – ਦਿਨ ਵਧਦੀ ਹੀ ਜਾ ਰਹੀ ਹੈ । ਸਿਟੇ ਵਜੋਂ ਵਸੋਂ ਦੀਆਂ ਮੰਗਾਂ , ਜ਼ਰੂਰਤਾਂ ਅਤੇ ਇਛਾਵਾਂ ਵੀ ਵਧਦੀਆਂ ਹੀ ਜਾ ਰਹੀਆਂ ਹਨ । ਵਧਦੀ ਵਸੋਂ ਲਈ ਭੋਜਨ , ਕਪੜਾ , ਮਕਾਨ , ਰੁਜ਼ਗਾਰ ਦੇ ਸਾਧਨ , ਸੁਖ – ਸਹੂਲਤਾਂ , ਸ਼ੁਧ ਹਵਾ – ਪਾਣੀ ਤੇ ਧਰਤੀ , ਰਹਿਣ ਸਥਾਨ , ਵਾਹਨਾਂ , ਸੜਕਾਂ , ਬਿਜਲੀ , ਭੂਮੀ , ਅਨਾਜ , ਦਾਲਾਂ , ਫਲਾਂ , ਸਬਜ਼ੀਆਂ , ਸਿਹਤ ਸੇਵਾਵਾਂ , ਰਾਸ਼ਨ ਤੇ ਘਰੇਲੂ ਜ਼ਰੂਰਤਾਂ ਅਤੇ ਸਿਖਿਆ ਸਹੂਲਤਾਂ ਦੀ ਜ਼ਰੂਰਤ ਹੁੰਦੀ ਹੈ । ਇਸ ਕਰਕੇ ਹਰ ਵਸਤੂ ਦੀ ਮੰਗ ਵਧਣ ਲਗ ਜਾਂਦੀ ਹੈ ,ਜੋ ਕਿ ਪੂਰਤੀ ਲਈ ਮਿਲਾਵਟਖੋਰੀ ,ਰਿਸ਼ਵਤਖੋਰੀ ਅਤੇ ਮਹਿੰਗਾਈ ਨੂੰ ਜਨਮ ਦਿੰਦੀ ਹੈ । ਫਿਰ ਇਹ ਵਧਦੀ ਆਬਾਦੀ ਸਾਡੇ ਸਾਰਿਆਂ ਭਾਵ ਮਨੁਖਤਾ ਲਈ ਜੀਅ ਦਾ ਜੰਜਾਲ ਬਣ ਕੇ ਸਭ ਦਾ ਜਿਊਣਾ ਨਾਸੂਰ ਬਣਾ ਕੇ ਰਖ ਦਿੰਦੀ ਹੈ । ਦਿਨ ਪ੍ਰਤੀ ਦਿਨ ਵਧਦੀ ਆਬਾਦੀ ਲਈ ਨੌਕਰੀਆਂ ਦਾ ਪ੍ਰਬੰਧ ਹੋ ਪੈਣਾ ਵੀ ਗਲੇ ਦੀ ਹਡੀ ਬਣਦਾ ਜਾ ਰਿਹਾ ਹੈ । ਫਿਰ ਹਾਲਾਤ ਖ਼ੁਦਕੁਸ਼ੀਆਂ ਪੈਦਾ ਕਰਨ ਵਾਲੇ ਅਤੇ ਸਮਾਜਿਕ ਤਾਣੇ – ਬਾਣੇ ਵਿਚੋਂ ਪਿਆਰ , ਸਾਂਝ, ਵਿਸ਼ਵਾਸ ਤੇ ਅਪਣਤ ਖਤਮ ਕਰਕੇ ਲੁਟਾਂ , ਖੋਹਾਂ , ਚੋਰੀਆਂ , ਠਗੀਆਂ ,ਦੋ ਮੂੰਹੇਂ ਚਿਹਰਿਆਂ ਕੁੜਤਣ ਤੇ ਸਹਿਮ ਵਾਲੇ ਪੈਦਾ ਹੋ ਜਾਂਦੇ ਹਨ । ਅੰਤ ਸਥਿਤੀ ਇਹ ਆ ਜਾਂਦੀ ਹੈ ਕਿ ਬੰਦਾ ਹੀ ਬੰਦੇ ਦਾ ਵੈਰੀ ਬਣ ਬੈਠਦਾ ਹੈ । ਮਨੁਖ ਨਵੀਆਂ – ਨਵੀਆਂ ਨਾ – ਮੁਰਾਦ ਬਿਮਾਰੀਆਂ ਤੇ ਐਲਰਜੀਆਂ ਦਾ ਵੀ ਸ਼ਿਕਾਰ ਬਣੀ ਬੈਠਦਾ ਹੈ । ਵਧਦੀ ਆਬਾਦੀ ਕੰਕਰੀਟ ਦੇ ਜੰਗਲ ਖੜ੍ਹੇ ਕਰਕੇ ਤੇ ਲੰਮੀਆਂ – ਚੌੜੀਆਂ ਸੜਕਾਂ ਦਾ ਨਿਰਮਾਣ ਕਰਕੇ ਹਰੇ – ਭਰੇ ਰੁਖਾਂ , ਹਰਿਆਲੀ , ਸ਼ੁਧ ਆਬੋ – ਹਵਾ ਅਤੇ ਖੂਬਸੂਰਤ ਅਨੁਕੂਲ ਵਾਤਾਵਰਨ ਨੂੰ ਵੀ ਖਤਮ ਕਰਨ ਦਾ ਕਾਰਨ ਬਣਦੀ ਜਾ ਰਹੀ ਹੈ , ਕਿਉਂਕਿ ਗਡੀਆਂ ਮੋਟਰਾਂ ਵਧਣ ਨਾਲ ਧੂੜ , ਧੂੰਆਂ , ਪ੍ਰਦੂਸ਼ਣ ਤੇ ਤਪਸ਼ ਵਧ ਰਹੀ ਹੈ ਅਤੇ ਹਰਾ – ਭਰਾ ਸ਼ਾਂਤ ਆਲਾ – ਦੁਆਲਾ ਜ਼ਹਿਰੀਲਾ ਤੇ ਅਸਹਿਣਯੋਗ ਹੋ ਰਿਹਾ ਹੈ । ਵਧ ਰਹੀ ਵਸੋਂ ਦੀਆਂ ਲੋੜਾਂ ਦੀ ਪੂਰਤੀ ਲਈ ਕਾਰਖਾਨੇ ਵਧ ਰਹੇ ਹਨ , ਜੋ ਕਿ ਭੂਮੀ ਤੇ ਹਵਾ ਪ੍ਰਦੂਸ਼ਣ ਵਧਾ ਰਹੇ ਹਨ । ਪਹਾੜੀ ਕੁਦਰਤੀ ਸੁੰਦਰਤਾ ਖਤਮ ਹੁੰਦੀ ਜਾ ਰਹੀ ਹੈ । ਮੌਸਮੀ ਤਬਦੀਲੀਆਂ ਕੁਦਰਤੀ ਕਹਿਰ ਬਰਸਾ ਰਹੀਆਂ ਹਨ , ਵਣ ਸੰਪਦਾ ਘਟਦੀ ਜਾ ਰਹੀ ਹੈ, ਜੰਗਲੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਈ ਕਿਸਮ ਦੇ ਲਾਹੇਵੰਦ ਰੁਖ, ਬੂਟੇ ,ਜੜੀ – ਬੂਟੀਆਂ ,ਕੀੜੇ – ਮਕੌੜੇ , ਪੰਛੀ -ਪਰਿੰਦੇ ਤੇ ਜੀਵ ਜੰਤੂ ਖਤਮ ਹੋ ਗਏ ਹਨ ਅਤੇ ਕਈ ਹੋਰ ਖਤਮ ਹੋਣ ਦੀ ਸਥਿਤੀ ਤੇ ਪਹੁੰਚ ਚੁਕੇ ਹਨ । ਗਲੇਸ਼ੀਅਰ ਪਿਘਲ ਰਹੇ ਹਨ । ਸਮੁੰਦਰੀ ਜਲ ਸਤਰ ਵਧ ਰਿਹਾ ਹੈ ,ਜੋ ਕਿ ਟਾਪੂਆਂ ਜਾਂ ਤਟੀ ਖੇਤਰਾਂ ਕਿਨਾਰੇ ਵਸੇ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ । ਜਲ , ਧਰਤੀ ਤੇ ਪੌਣ ਕੁਰਲਾ ਰਹੇ ਹਨ । ਪੈਦਾਵਾਰ ਵਧਾਉਣ ਲਈ ਖਤਰਨਾਕ ਕੀਟਨਾਸ਼ਕਾਂ , ਦਵਾਈਆਂ ਅਤੇ ਖਾਦਾਂ ਦੀ ਵਰਤੋਂ ਹੋਣਾ ਵੀ ਵਧਦੀ ਆਬਾਦੀ ਕਰਕੇ ਹੀ ਹੋ ਰਿਹਾ ਹੈ । ਵਧ ਰਹੀ ਕਾਗਜ਼ ਦੀ ਮੰਗ ਰੁਖਾਂ ਦੀ ਹੋਂਦ ਲਈ ਖ਼ਤਰਾ ਬਣ ਗਈ ਹੈ ਅਤੇ ਸ਼ੋਰ ਪ੍ਰਦੂਸ਼ਣ ਚਰਮ ਸੀਮਾ ਤੇ ਹੈ । ਇਸ ਸਭ ਲਈ ਵਧ ਰਹੀ ਆਬਾਦੀ ਹੀ ਇਕੋ – ਇਕ ਮੁਖ ਕਾਰਨ ਹੈ ।ਇਸ ਦੇ ਲਈ ਸਾਨੂੰ ਪੁਤਰ ਪ੍ਰਾਪਤੀ , ਵੰਸ਼ ਵਰਿਧੀ ਜਾਂ ਰੂੜੀਵਾਦੀ ਸੋਚ ਨੂੰ ਤਿਲਾਂਜਲੀ ਦੇਣੀ ਪਵੇਗੀ ਅਤੇ ਧੀਆਂ – ਪੁਤਰਾਂ ਵਿਚਲਾ ਵਿਤਕਰਾ ਦੂਰ ਕਰਨਾ ਪਵੇਗਾ । ਸਾਨੂੰ ਦਾਜ ਲੈਣ ਵਰਗੀ ਸੋਚ ਤੋਂ ਵੀ ਬਚਣਾ ਪਵੇਗਾ । ਅਜ ‘‘ ਹਮ ਦੋ , ਹਮਾਰੇ ਦੋ ‘‘ ਦੇ ਵਿਚਾਰ ਤੋਂ ਪਿਛੇ ਹਟ ਕੇ ‘‘ ਹਮ ਦੋ , ਹਮਾਰਾ ਏਕ , ਸੁੰਦਰ ਔਰ ਨੇਕ ‘‘ ਦੇ ਸਿਧਾਂਤ ਨੂੰ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ, ਤਾਂ ਜੋ ਆਉਣ ਵਾਲਾ ਸਮਾਂ ਸਾਡੇ ਲਈ , ਸਾਡੀਆਂ ਪੀੜ੍ਹੀਆਂ ਲਈ ਅਤੇ ਸਮੁਚੀ ਮਨੁਖਤਾ ਲਈ ਨਾਸੂਰ ਹੀ ਨਾ ਬਣ ਜਾਵੇ- ।
ਅਜ ਰੋਕ ਲਵੋ , ਵਧਦੀ ਜਾਂਦੀ ਆਬਾਦੀ ਨੂੰ ,
ਫਿਰ ਕੋਈ ਨਹੀਂ ਰੋਕ ਸਕਦਾ,
ਸਾਡੀ ਬਰਬਾਦੀ ਨੂੰ,
ਹੋ ਜਾਣਾ ਮਟਮੈਲਾ ਪਾਣੀ,
ਧਰਤੀ, ਵਾਤਾਵਰਨ ਆਦਿ, ਜੇ ਇਸੇ ਤਰ੍ਹਾਂ ਵਧਦੀ ਰਹੀ ,ਸਾਡੀ ਧਰਤੀ ਤੇ ਆਬਾਦੀ।

WRITTEN BY