‘‘ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ’’ ? ਮੈਂ ਇੱਕ ਇੰਟਰਵਿਊ ਦੌਰਾਨ ਇੱਕ ਉਮੀਦਵਾਰ ਨੂੰ ਪੁੱਛਿਆ। ‘‘ਬਥੇਰੇ ਹਨ’’ ਉਸ ਦਾ ਜਵਾਬ ਸੀ। ਇਸੇ ਤਰ੍ਹਾਂ ਇੱਕ ਕਾਲਜ ਲਈ ਪ੍ਰਿੰਸੀਪਲ ਦੀ ਚੋਣ ਹੋ ਰਹੀ ਸੀ। ਮੈਂ ਸਵਾਲ ਕੀਤਾ, ‘‘ਪੰਜਾਬ ਦੀ ਜਨ-ਸੰਖਿਆ ਕਿੰਨੀ ਹੈ’’ ਮੈਨੂੰ ਉਦੋਂ ਹੈਰਾਨੀ ਹੋਈ ਜਦੋਂ ਦੋ ਵਿਸ਼ਿਆਂ ਵਿੱਚ ਨੈਟ ਪਾਸ ਪ੍ਰਿੰਸੀਪਲ ਦੀ ਅਸਾਮੀ ਲਈ ਆਇਆ ਪ੍ਰੋਫੈਸਰ ਇਸ ਸਵਾਲ ਦਾ ਜਵਾਬ ਨਾ ਦੇ ਸਕਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਦੇ ਅਸਿਸਟੈਂਟ ਪ੍ਰੋਫੈਸਰ ਦੀ ਅਸਾਮੀ ਲਈ ਇੰਟਰਵਿਊ ਚਲ ਰਹੀ ਸੀ। ਮੈਂ ਅਸਾਮੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਰਹੀ ਬੀਬੀ ਨੂੰ ਪੁੱਛਿਆ।
‘‘ਚੰਡੀਗੜ੍ਹ ਕਿਸ ਸਟੇਟ ਵਿੱਚ ਹੈ, ਹਰਿਆਣਾ ਜਾਂ ਪੰਜਾਬ ਵਿੱਚ’’ ਮੈਨੂੰ ਉਸ ਦਾ ਹਾਸੋਹੀਣਾ ਜਵਾਬ ਸੁਣ ਕੇ ਬੜੀ ਹੈਰਾਨੀ ਹੋਈ ਜਦੋਂ ਉਸ ਨੇ ਕਿਹਾ ਕਿ ਹਰਿਆਣਾ ਤਾਂ ਆਪ ਇੱਕ ਸ਼ਹਿਰ ਹੈ ਜੋ ਦਿੱਲੀ ਦੇ ਨਾਲ ਲਗਦਾ ਹੈ’’ ਮੇਰੀ ਹੈਰਾਨੀ ਉਸ ਸਮੇਂ ਹੋਰ ਵੀ ਵਧ ਗਈ ਜਦੋਂ ਉਸ ਦੀ ਸਿਫਾਰਸ਼ ਲਈ ਡੀਨ ਕਾਲਜਾਂ ਅਤੇ ਡੀਨ ਅਕਾਦਮਿਕ ਕਰਨ ਲੱਗੇ।
ਪਿਆਰੇ ਪਾਠਕੋ ਉਕਤ ਉਦਾਹਰਣਾਂ ਦੇਣ ਦਾ ਮੇਰਾ ਮਕਸਦ ਇਹ ਦੱਸਣਾ ਹੈ ਕਿ ਸਫਲਤਾ ਲਈ ਹਮੇਸ਼ਾ ਤਾਜ਼ਾ ਤਰੀਨ ਜਾਣਕਾਰੀ, ਚਲੰਤ ਮਾਮਲਿਆਂ ਦੀ ਜਾਣਕਾਰੀ ਅਤੇ ਆਮ ਗਿਆਨ ਦੀ ਜਾਣਕਾਰੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅੱਜ ਕੱਲ੍ਹ ਹਰ ਛੋਟੀ ਵੱਡੀ ਨੌਕਰੀ ਦੀ ਇੰਟਰਵਿਊ ਦੌਰਾਨ ਪੁੱਛੇ ਜਾਂਦੇ ਸਵਾਲ ਚਲੰਤ ਮਾਮਲਿਆਂ ਨਾਲ ਸਬੰਧਿਤ ਹੁੰਦੇ ਹਨ। ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਕਾਦਮਿਕ ਸ਼ਰਤਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਬਹੁਤੀ ਵਾਰ ਤਾਜ਼ਾ ਤਰੀਨ ਜਾਣਕਾਰੀ ਤੋਂ ਸੱਖਣੇ ਹੁੰਦੇ ਹਨ। ਖਾਸ ਤੌਰ ’ਤੇ ਲੜਕੀਆਂ ਬਾਰੇ ਮੇਰੀ ਧਾਰਨਾ ਹੈ ਕਿ ਉਹ ਸਿਆਸੀ ਮਾਮਲਿਆਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੀਆਂ ਹਨ। ਇਹ ਗੱਲ ਵੀ ਸਪਸ਼ਟ ਹੈ ਕਿ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਆਪਣੇ ਆਲੇ ਦਵਾਲੇ ਅਤੇ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਰੱਖਣਾ ਜ਼ਰੂਰੀ ਹੈ।
ਮਹਾਂਭਾਰਤ ਦੀ ਕਥਾ ਵਿੱਚੋਂ ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਇਹ ਯੁੱਧ ਸਿਰਫ ਜ਼ੋਰ ਨਾਲ ਨਹੀਂ ਜਿੱਤਿਆ ਗਿਆ ਸਗੋਂ ਪਾਂਡਵਾਂ ਦੀ ਜਿੱਤ ਪਿੱਛੇ ਦੇਵਕੀ ਨੰਦਨ ਕ੍ਰਿਸ਼ਨ ਕੋਲ ਹਰ ਕਿਸਮ ਦੀ ਜਾਣਕਾਰੀ ਦੇ ਭੰਡਾਰ ਹੋਣਾ ਵੀ ਵੱਡਾ ਕਾਰਨ ਸੀ। ਕ੍ਰਿਸ਼ਨ ਨੂੰ ਹੀ ਪਤਾ ਸੀ ਕਿ ਕਰਨ ਕੁੰਤੀ ਦਾ ਪੁੱਤਰ ਹੈ ਅਤੇ ਪਾਂਡਵਾਂ ਦਾ ਵੱਡਾ ਭਰਾ ਹੈ। ਉਸ ਨੇ ਕੁੰਤੀ ਨੂੰ ਕਰਨ ਕੋਲ ਭੇਜ ਕੇ ਨਾ ਸਿਰਫ ਅਰਜਨ ਤੋਂ ਚਾਰ ਪਾਂਡਵਾਂ ਦੀ ਜਾਨ ਬਚਾਈ ਬਲਕਿ ਉਸ ਦਾ ਸੂਰਜ ਦੇਵ ਵੱਲੋਂ ਦਿੱਤਾ ਰੱਖਿਆ ਕਵਚ ਵੀ ਲੈ ਲਿਆ ਸੀ। ਮਹਾਂਭਾਰਤ ਦੀ ਕਥਾ ਜਾਨਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਦਰੋਪਤੀ ਬਾਰੇ ਪੰਜ ਪਾਂਡਵਾਂ ਦਾ ਇਹ ਫੈਸਲਾ ਸੀ ਕਿ ਦਰੋਪਤੀ ਨਿਸ਼ਚਤ ਸਮੇਂ ਲਈ ਇੱਕ-ਇੱਕ ਪਾਂਡਵ ਕੋਲ ਰਹੇਗੀ। ਉਸ ਸਮੇਂ ਦੌਰਾਨ ਅਗਰ ਕੋਈ ਦੂਸਰਾ ਪਾਂਡਵ ਦਰੋਪਤੀ ਦੇ ਕਮਰੇ ਵਿੱਚ ਜਾਵੇਗਾ ਤਾਂ ਉਸ ਨੂੰ 12 ਸਾਲ ਦੇ ਬਨਵਾਸ ਲਈ ਜਾਣਾ ਪਵੇਗਾ। ਇੱਕ ਵਾਰ ਅਰਜਨ ਤੋਂ ਇਹ ਬਚਨ ਟੁੱਟਿਆ ਸੀ ਅਤੇ 12 ਸਾਲ ਲਈ ਬਨਵਾਸ ’ਤੇ ਗਿਆ ਸੀ। ਜਦੋਂ ਉਹ ਵਾਪਸੀ ’ਤੇ ਸੀ ਤਾਂ ਕ੍ਰਿਸ਼ਨ ਉਸ ਨੂੰ ਮਿਲੇ ਅਤੇ ਉਸ ਨੂੰ ਉਸ ਸਮੇਂ ਇੰਦਰਪ੍ਰਸਥ ਨਾ ਜਾਣ ਦੀ ਸਲਾਹ ਦਿੱਤੀ, ਕ੍ਰਿਸ਼ਨ ਨੇ ਅਰਜਨ ਨੂੰ ਸੁਭੱਦਰਾ ਅਪਹਰਣ ਲਈ ਵੀ ਪ੍ਰੇਰਿਤ ਕੀਤਾ ਕਿਉਂਕਿ ਸੁਭੱਦਰਾ ਦਾ ਵਿਆਹ ਦੁਰਯੋਧਨ ਨਾਲ ਹੋ ਰਿਹਾ ਸੀ ਅਤੇ ਕ੍ਰਿਸ਼ਨ ਇਹ ਨਹੀਂ ਚਾਹੁੰਦੇ ਸਨ। ਜੇ ਇਹ ਜਾਣਕਾਰੀ ਕ੍ਰਿਸ਼ਨ ਕੋਲ ਨਾ ਹੁੰਦੀ ਤਾਂ ਦਰਯੋਧਨ ਯਾਦਵ ਕੁੱਲ ਦਾ ਜਵਾਈ ਬਣ ਜਾਂਦਾ ਅਤੇ ਉਸ ਦੀ ਸ਼ਕਤੀ ਬਹੁਤ ਵਧ ਜਾਂਦੀ। ਇਹ ਸਭ ਤਾਂ ਹੀ ਸੰਭਵ ਹੋਇਆ ਜੇ ਕ੍ਰਿਸ਼ਨ ਨੇ ਹਰ ਪਲ ਦੀ ਜਾਣਕਾਰੀ ਰੱਖੀ। ਅਰਜਨ ਦੇ ਇਸ ਸਾਰਥੀ ਨੇ ਮਹਾਂਭਾਰਤ ਦੇ ਯੁੱਧ ਦੌਰਾਨ ਆਪਣੇ ਸੂਚਨਾ ਤੰਤਰ ਦੇ ਬਲ ਬੂਤੇ ’ਤੇ ਕਿੰਨੇ ਹੀ ਯੋਧਿਆਂ ਨੂੰ ਹਰਾਉਣ ਵਿੱਚ ਮਦਦ ਕੀਤੀ।
ਉਕਤ ਕਹਾਣੀ ਇਹ ਸੂਤਰ ਦੱਸਣ ਲਈ ਕਾਫੀ ਹੈ ਕਿ ਜ਼ਿੰਦਗੀ ਵਿੱਚ ਕਾਮਯਾਬੀ ਲੈਣ ਲਈ ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖੋ। ਚਲੰਤ ਅਮਲਿਆਂ ਅਤੇ ਆਮ ਗਿਆਨ ਵਿੱਚ ਦਿਲਚਸਪੀ ਰੱਖੋ।



