Skip to content
Independent perspectives. Global stories.
BREAKING

ਨਵਜੋਤ ਸਿੰਘ ਸਿੱਧੂ ਦਾ ਉਸਤਾਦੀ ਪੈਂਤੜਾ

Share this story

ਸਾਬਕਾ ਕ੍ਰਿਕਟ ਸਟਾਰ, ਟੈਲੀਵਿਜ਼ਨ ਹਸਤੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਆਮ ਲੋਕਾਂ ਲਈ ਨਾਇਕ ਬਣ ਗਏ ਹਨ। ਉਨ੍ਹਾਂ ਨੇ ਪਰਿਵਾਰ ਨੂੰ ਮਿਲੇ ਦੋ ਅਹਿਮ ਅਹੁਦੇ ਠੁਕਰਾ ਕੇ ਤਿਆਗ ਦਾ ਵੱਡਾ ਸਬੂਤ ਦਿੱਤਾ ਹੈ। ਸਿਆਸਤਦਾਨਾਂ ਤੋਂ ਅਜਿਹੀ ਤਵੱਕੋਂ ਨਹੀਂ ਕੀਤੀ ਜਾਂਦੀ ਜਦੋਂ ਸਿਆਸਤਦਾਨ ਪਰਿਵਾਰ ਪਾਲਣ ਲੱਗੇ ਹੋਏ ਹਨ ਤਦ ਅਜਿਹੇ ਸਮੇਂ ਸ. ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਨੂੰ ਮਿਲੇ ਅਹੁਦੇ ਤਿਆਗਣਾ ਆਪਣੇ ਆਪ ਵਿੱਚ ਇਕ ਵੱਡਾ ਅਤੇ ਮਾਣਮੱਤਾ ਕਦਮ ਹੈ। ਸਿਆਸੀ ਤੌਰ ’ਤੇ ਉਨ੍ਹਾਂ ਦੇ ਇਸ ਫੈਸਲੇ ਦਾ ਡੂੰਘਾ ਪ੍ਰਭਾਵ ਪਵੇਗਾ। ਇਸ ਇਕ ਫੈਸਲੇ ਨਾਲ ਹੀ ਸ. ਨਵਜੋਤ ਸਿੰਘ ਸਿੱਧੂ ਪੰਜਾਬੀਆਂ ਦੇ ਅੱਖ ਦਾ ਤਾਰਾ ਬਣ ਗਏ ਹਨ। ਉਨ੍ਹਾਂ ਨੇ ਇਸ ਉਸਤਾਦੀ ਪੈਂਤੜੇ ਨਾਲ ਸਭ ਨੂੰ ਚਿੱਤ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸ. ਸਿੱਧੂ ਦੀ ਧਰਮਪਤਨੀ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੂੰ ਪਿਛਲੇ ਮਹੀਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਬਣਾਇਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਨਿਯੁਕਤੀ ਪੱਤਰ ਲੈ ਕੇ ਖੁਦ ਸ. ਸਿੱਧੂ ਦੇ ਘਰ ਗਏ ਸਨ। ਇਸੇ ਤਰ੍ਹਾਂ ਸ. ਸਿੱਧੂ ਦੇ ਹੋਣਹਾਰ ਸਪੁੱਤਰ ਅਤੇ ਕੌਮੀ ਪੱਧਰ ਦੇ ਵਕੀਲ ਕਾਕਾ ਕਰਨ ਸਿੱਧੂ ਨੂੰ ਪੰਜਾਬ ਸਰਕਾਰ ਦਾ ਸਹਾਇਕ ਐਡਵੋਕੇਟ ਜਰਨਲ ਚੁਣਿਆ ਗਿਆ ਸੀ। ਦੋਵੇਂ ਹੀ ਅਹੁਦੇ ਵੱਡੀ ਅਹਿਮੀਅਤ ਵਾਲੇ ਹਨ। ਦੋਵਾਂ ਵਿੱਚ ਮੋਟੀ ਤਨਖਾਹ ਅਤੇ ਭੱਤੇ ਆਦਿ ਮਿਲਣੇ ਸਨ। ਸ. ਸਿੱਧੂ ਨੇ ਨਿਮਰਤਾ ਸਹਿਤ ਪਰਿਵਾਰ ਨੂੰ ਮਿਲੇ ਇਹ ਦੋਵੇਂ ਵੱਡੇ ਰੁਤਬੇ ਤਿਆਗ ਦਿੱਤੇ ਹਨ। ਉਨ੍ਹਾਂ ਨੇ ਇਹ ਫੈਸਲਾ ਪਰਿਵਾਰ ਦੀ ਰਾਏ ਨਾਲ ਲਿਆ ਹੈ। ਇਸ ਮੌਕੇ ’ਤੇ ਉਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਕੀਤਾ ਹੈ ਜਿਨ੍ਹਾਂ ਨੇ ਸਿੱਧੂ ਪਰਿਵਾਰ ਨੂੰ ਵੱਡਾ ਮਾਣ ਬਖਸ਼ਿਆ ਹੈ। ਸਿਆਸਤ ਵਿੱਚ ‘ਸ਼ਾਖ’ ਵੱਡੀ ਚੀਜ਼ ਹੁੰਦੀ ਹੈ। ਸ. ਸਿੱਧੂ ਸ਼ਾਖ ਨੂੰ ਹੀ ਸਭ ਕੁੱਝ ਸਮਝਦੇ ਹਨ। ਇਸ ਸਬੰਧ ਵਿੱਚ ਉਹ ਸਿਆਸੀ ਵਿਰੋਧੀਆਂ ਨੂੰ ਆਲੋਚਨਾ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ। ਸ. ਸਿੱਧੂ ਵਕਤੀ ਅਤੇ ਮੌਕਾਪ੍ਰਸਤ ਸਿਆਸਤਦਾਨ ਨਹੀਂ ਹਨ। ਉਹ ਸਿਆਸਤ ਵਿੱਚ ਲੰਬੀ ਦੌੜ ਦੇ ਘੋੜੇ ਹਨ। ਉਨ੍ਹਾਂ ਨੇ ਆਪਣੀ ਇਮਾਨਦਾਰੀ, ਧੜੱਲੇਦਾਰੀ ਅਤੇ ਸਪੱਸ਼ਟ ਬਿਆਨੀ ਨਾਲ ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਦੀ ਸਿਆਸਤ ਵਿੱਚ ਵੱਡਾ ਸਥਾਨ ਬਣਾ ਲਿਆ ਹੈ। ਸਿਆਸੀ ਮਾਹਿਰ ਉਨ੍ਹਾਂ ਨੂੰ ਭਵਿੱਖ ਦੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਸ. ਸਿੱਧੂ ਵੱਲੋਂ ਲਿਆ ਗਿਆ ਫੈਸਲਾ ਬੇਮਿਸਾਲ ਹੈ। ਇਸ ਨਾਲ ਇਹ ਪਤਾ ਲੱਗਦਾ ਹੈ ਕਿ ਉਹ ਸਿਆਸਤ ਨੂੰ ਸੇਵਾ ਵਜੋਂ ਹੀ ਲੈ ਰਹੇ ਹਨ। ਅਜੋਕੇ ਸਮੇਂ ਵਿੱਚ ਜਦੋਂ ਸਿਆਸਤਦਾਨਾਂ ਨੇ ਸਿਆਸਤ ਨੂੰ ਧੰਦਾ ਬਣਾ ਲਿਆ ਹੈ ਤਦ ਸ. ਸਿੱਧੂ ਦਾ ਪੈਂਤੜਾ ਵੱਡੀਆਂ ਆਸਾਂ ਅਤੇ ਉਮੀਦਾਂ ਜਗਾ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਪਿਛਲੇ ਲਗਭਗ ਇਕ ਸਾਲ ਵਿੱਚ ਸ. ਸਿੱਧੂ ਨੇ ਬਹੁਤ ਜ਼ਿਕਰਯੋਗ ਅਤੇ ਪ੍ਰਭਾਵਸ਼ਾਲੀ ਕਾਰਜ ਕੀਤਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਵੱਡੇ ਕਦਮ ਚੁੱਕੇ ਹਨ। ਪੰਜਾਬ ਪ੍ਰਤੀ ਉਨ੍ਹਾਂ ਦੀ ਭਾਵੁਕਤਾ ਅਤੇ ਪ੍ਰਤੀਬੱਧਤਾ ਤੋਂ ਸਭ ਵਾਕਫ ਹਨ। ਉਹ ਆਪਣੇ ਪਰਿਵਾਰ ਸਮੇਤ ਲਗਾਤਾਰ ਪੰਜਾਬ ਦੀ ਬੇਹਤਰੀ ਲਈ ਕੰਮ ਕਰ ਰਹੇ ਹਨ। ਇਹੋ ਕਾਰਨ ਹੈ ਕਿ ਪਾਰਟੀ ਬਦਲਣ ਦੇ ਬਾਵਜੂਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਚੌਥੀ ਵਾਰ ਚੋਣ ਜਿੱਤਣ ਦਾ ਮਾਣ ਦਿੱਤਾ। ਕੈਬਨਿਟ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦਾ ਆਮ ਲੋਕਾਂ ਨਾਲ ਰਾਫਤਾ ਪਹਿਲਾਂ ਦੀ ਤਰ੍ਹਾਂ ਹੀ ਹੈ। ਆਪਣੇ ਹਲਕੇ ਅਤੇ ਵਿਭਾਗਾਂ ਲਈ ਉਹ ਵੱਧ ਤੋਂ ਵੱਧ ਸਮਾਂ ਦਿੰਦੇ ਹਨ। ਨਿਮਰਤਾ ਅਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਸ. ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਵੱਡਾ ਹਾਸਲ ਹਨ। ਉਨ੍ਹਾਂ ਦੀ ਮੌਜੂਦਗੀ ਨਾਲ ਕਾਂਗਰਸ ਪੰਜਾਬ ਵਿੱਚ ਹੋਰ ਮਜ਼ਬੂਤ ਹੋਈ ਹੈ। ਕਾਂਗਰਸ ਦੀਆਂ ਸਿਆਸੀ ਪ੍ਰਾਪਤੀਆਂ ਤੇ ਜਿੱਤਾਂ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸ. ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦਾ ਪਰਿਵਾਰ ਇਸੇ ਤਰ੍ਹਾਂ ਨਿਸ਼ਕਾਮ ਭਾਵਨਾ ਨਾਲ ਪੰਜਾਬ ਦੀ ਸੇਵਾ ਵਿੱਚ ਜੁਟਿਆ ਰਹੇਗਾ।
28 ਮਈ 2018 – ਬਲਜੀਤ ਸਿੰਘ ਬਰਾੜ

WRITTEN BY