Skip to content
Independent perspectives. Global stories.
BREAKING

ਮੁੱਖ ਮੰਤਰੀ ਚੌਕਸੀ ਵਰਤਣ

Share this story

ਪੰਜਾਬ ਦੇ ਸਿਆਸੀ ਮਾਹੌਲ ਵਿੱਚ ਤਣਾਅ ਪੈਦਾ ਕਰਨ ਸਾਜਿਸ਼ੀ ਯਤਨ ਹੋ ਰਹੇ ਹਨ। ਇਸ ਲਈ ਧਾਰਮਿਕ ਮੁੱਦਿਆਂਨੂੰ ਵਰਤਿਆ ਜਾ ਰਿਹਾ ਹੈ। ਕੁਝ ਤਾਕਤਾਂ ਸਿੱਖ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਲਈ ਸਰਗਰਮ ਹਨ। ਦਮਦਮੀ ਟਕਸਾਲ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਰਮਿਆਨ ਚੱਲ ਰਿਹਾ ਵਿਵਾਦ ਇਸ ਡਿਜ਼ਾਇਨ ਦਾ ਹੀ ਇਕ ਹਿੱਸਾ ਹੈ। ਇਸ ਮੁੱਦੇ ’ਤੇ ਪਹਿਲਾਂ ਹੀ ਹਿੰਸਕ ਟਕਰਾਅ ਹੋ ਚੁੱਕਾ ਹੈ ਅਤੇ ਇਕ ਹੋਰ ਨਵੇਂ ਟਕਰਾਅ ਲਈ ਮੁੱਢ ਬੰਨ੍ਹਿਆ ਜਾ ਰਿਹਾ ਹੈ। ਪੰਜਾਬ ਦੇ ਅਮਨ ਕਾਨੂੰਨ ਲਈ ਇਕ ਵੱਡੇ ਖਤਰੇ ਨੂੰ ਭਾਂਪਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕਥਿਤ ਧਮਕੀਆਂ ਦੇਣ ਦੇ ਮੁੱਦੇ ਉਪਰ ਮੋਹਰੀ ਸਿੱਖ ਸੰਪਰਦਾਇ ਦਮਦਮੀ ਟਕਸਾਲ ਨੂੰ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਇਕਦਮ ਗਰਮੀ ਆ ਗਈ ਹੈ। ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਉਪਰ ਬਹਿਸ ਤੇਜ ਹੋਣਾ ਸੁਭਾਵਿਕ ਹੈ। ਅਸਲ ਵਿੱਚ ਇਸ ਮੁੱਦੇ ਦੀਆਂ ਕਈ ਪਰਤਾਂ ਹਨ। ਇਹ ਸਾਧਾਰਨ ਅਮਨ ਕਾਨੂੰਨ ਦਾ ਮਾਮਲਾ ਨਹੀਂ ਹੈ। ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਸਬੰਧਤ ਅਧਿਕਾਰੀਆਂ ਤੇ ਕੁਝ ਹੋਰ ਧਿਰਾਂ ਵੱਲੋਂ ਇਸ ਮਾਮਲੇ ਵਿੱਚ ਦਿੱਤੀ ਗਈ ਰਿਪੋਰਟ ਇਕਪਾਸੜ ਅਤੇ ਅਧੂਰੀ ਹੈ। ਮੁੱਖ ਮੰਤਰੀ ਇਹ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਹਾਲਾਤ ਵਿਗੜਨ। ਉਨ੍ਹਾਂ ਦੀ ਇਸ ਚਿੰਤਾ ਵਿੱਚੋਂ ਹੀ ਸਖਤ ਲਹਿਜੇ ਵਾਲਾ ਬਿਆਨ ਉਪਜਿਆ ਹੈ। ਮੁੱਖ ਮੰਤਰੀ ਦੀ ਚਿੰਤਾ ਵਾਜਿਬ ਹੈ ਪ੍ਰੰਤੂ ਇਸ ਮੁੱਦੇ ਨੂੰ ਸਿਰਫ ਪ੍ਰਸ਼ਾਸਨਿਕ ਜਾਂ ਅਮਨ ਕਾਨੂੰਨ ਨਾਲ ਜੁੜਿਆ ਮੁੱਦਾ ਸਮਝਣਾ ਗਲਤੀ ਹੋਵੇਗੀ। ਇਸ ਮੁੱਦੇ ਦੀ ਪੇਚੀਦਗੀ ਨੂੰ ਸਮਝਣਾ ਬੇਹਦ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਦਮਦਮੀ ਟਕਸਾਲ ਸਿੱਖ ਪੰਥ ਦੀ ਬਹੁਤ ਹੀ ਮਾਣਯੋਗ ਜਥੇਬੰਦੀ ਹੈ। ਬਹੁਤ ਹੀ ਚੰਗੇ ਜੀਵਨ ਅਤੇ ਧਾਰਮਿਕ ਕਮਾਈ ਵਾਲੇ ਗੁਰਸਿੱਖ ਦਮਦਮੀ ਟਕਸਾਲ ਦਾ ਹਿੱਸਾ ਹਨ। ਸਾਰੀ ਟਕਸਾਲ ਨੂੰ ਇਕੋ ਰਸੇ ਬੰਨ੍ਹਣਾ ਸਹੀ ਨਹੀਂ ਹੈ। ਮੁੱਖ ਮੰਤਰੀ ਦੇ ਬਿਆਨ ਵਿੱਚ ਦਮਦਮੀ ਟਕਸਾਲ ਨੂੰ ਇਕ ਸੰਸਥਾ ਵਜੋਂ ‘ਸਿੰਗਲ ਆਊਟ’ ਕਰਨਾ ਸਹੀ ਪਹੁੰਚ ਨਹੀਂ ਆਖਿਆ ਜਾ ਸਕਦਾ। ਮੁੱਖ ਮੰਤਰੀ ਇਸ ਬਿਆਨ ਨਾਲ ਸਾਰੇ ਝਗੜੇ ਵਿੱਚ ਨਾ ਚਾਹੁੰਦੇ ਹੋਏ ਵੀ ਇਕ ਧਿਰ ਬਣ ਗਏ ਹਨ। ਮੁੱਖ ਮੰਤਰੀ ਸਾਰੇ ਪੰਜਾਬ ਦੇ ਸਾਂਝੇ ਪ੍ਰਸ਼ਾਸਕ ਹਨ। ਉਨ੍ਹਾਂ ਦਾ ਅਜਿਹੇ ਬੇਲੋੜੇ ਅਤੇ ਵਿਵਾਦ ਵਾਲੇ ਮੁੱਦਿਆਂ ਵਿੱਚ ਧਿਰ ਬਣਨਾ ਖਤਰਨਾਕ ਸਿੱਧ ਹੋ ਸਕਦਾ ਹੈ। ਦਮਦਮੀ ਟਕਸਾਲ ਅਤੇ ਭਾਈ ਢੱਡਰੀਆਂ ਵਾਲਿਆਂ ਦਰਮਿਆਨ ਝਗੜਾ ਪੁਰਾਤਨ ਸਿੱਖ ਪ੍ਰੰਪਰਾਵਾਂ ਅਤੇ ਮਰਿਆਦਾ ਦੀ ਛੇੜਛਾੜ ਨਾਲ ਜੁੜਿਆ ਹੋਇਆ ਹੈ। ਭਾਈ ਢੱਡਰੀਆਂ ਵਾਲਿਆਂ ਦੀ ਲਗਾਤਾਰ ਵਿਵਾਦਪ੍ਰਸਤ ਬਿਆਨਬਾਜ਼ੀ ਇਸ ਵਿਵਾਦ ਨੂੰ ਹੋਰ ਭੜਕਾਅ ਰਹੀ ਹੈ। ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਭਾਈ ਢੱਡਰੀਆਂ ਵਾਲਿਆਂ ਵੱਲੋਂ ਪ੍ਰਚਾਰੀ ਜਾ ਰਹੀ ਫਿਲਾਸਫੀ ਨਾਲ ਸਹਿਮਤ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਇਸ ਮੁੱਦੇ ’ਤੇ ਕਿਸੇ ਨੂੰ ਵੀ ਹਿੰਸਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮੁੱਦੇ ’ਤੇ ਮੁੱਖ ਮੰਤਰੀ ਨੂੰ ਬਿਆਨ ਦੇਣ ਦੀ ਕੀ ਜ਼ਰੂਰਤ ਸੀ। ਜੇਕਰ ਕਿਸੇ ਨੇ ਭਾਈ ਢੱਡਰੀਆਂ ਵਾਲਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ ਤਦ ਪੁਲਿਸ ਨੂੰ ਤੁਰੰਤ ਦੇਸ਼ ਦੇ ਕਾਨੂੰਨ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਸੀ। ਇਸ ਲਈ ਮੁੱਖ ਮੰਤਰੀ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈ। ਇਸ ਮੁੱਦੇ ’ਤੇ ਕਾਰਵਾਈ ਨਾ ਕਰਕੇ ਪੁਲਿਸ ਨੇ ਕੋਤਾਹੀ ਕੀਤੀ ਹੈ। ਖੂਫੀਆ ਅਤੇ ਪੁਲਿਸ ਅਧਿਕਾਰੀਆਂ ਦੇ ਆਪਣੇ ਨਿੱਜੀ ਏਜੰਡੇ ਹੁੰਦੇ ਹਨ। ਸ਼ਾਇਦ ਇਸ ਏਜੰਡੇ ਤਹਿਤ ਹੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਬਿਆਨ ਦੇਣ ਲਈ ਪ੍ਰੇਰਿਆ ਗਿਆ ਹੋਵੇ, ਪਰ ਇਸ ਬਿਆਨ ਨਾਲ ਸਥਿਤੀ ਸੁਲਝਣ ਦੀ ਬਜਾਏ ਹੋਰ ਉਲਝ ਗਈ ਹੈ। ਟਕਸਾਲ ਅਤੇ ਉਨ੍ਹਾਂ ਦੀ ਹਮਾਇਤੀ ਧਿਰਾਂ ਵੱਲੋਂ ਮੁਕਾਬਲੇ ਉਪਰ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਇਸ ਨਾਲ ਸਥਿਤੀ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। 80ਵਿਆਂ ਵਿੱਚ ਵੀ ਸਿਆਸੀ ਨੇਤਾਵਾਂ ਦੀਆਂ ਇਸ ਤਰ੍ਹਾਂ ਦੀਆਂ ਗਲਤੀਆਂ ਕਾਰਨ ਹੀ ਪੰਜਾਬ ਨੂੰ ਇਕ ਔਖੇ ਸਮੇਂ ਵਿੱਚੋਂ ਲੰਘਣਾ ਪਿਆ। ਅਜਿਹੀਆਂ ਗਲਤੀਆਂ ਮੁੜ ਨਹੀਂ ਦੁਹਰਾਈਆਂ ਜਾਣੀਆਂ ਚਾਹੀਦੀਆਂ। ਇਸ ਨਾਲ ਮਾਮਲਾ ਉਹ ਨਾ ਰਹਿ ਕੇ ਸਰਕਾਰ ਅਤੇ ਪੰਥ ਦਰਮਿਆਨ ਬਣ ਜਾਂਦਾ ਹੈ। ਇਸ ਤਰ੍ਹਾਂ ਦੇ ਬੇਲੋੜੇ ਟਕਰਾਅ ਤੋਂ ਬਚਣਾ ਬੇਹਦ ਜ਼ਰੂਰੀ ਹੈ। ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਇਕ ਸੰਤੁਲਿਤ ਪਹੁੰਚ ਅਪਨਾਉਣੀ ਚਾਹੀਦੀ ਹੈ। ਸਿਆਸੀ ਤੌਰ ’ਤੇ ਵੀ ਉਨ੍ਹਾਂ ਨੂੰ ਅਤੇ ਕਾਂਗਰਸ ਨੂੰ ਇਸ ਤਰ੍ਹਾਂ ਦੀ ਇਕ ਪਾਸੜ ਪਹੁੰਚ ਦਾ ਵੱਡਾ ਨੁਕਸਾਨ ਹੈ। ਭਾਈ ਢੱਡਰੀਆਂ ਵਾਲਾ ਸਿੱਖ ਪੰਥ ਦੀ ਮੁੱਖ ਧਾਰਾ ਦਾ ਹਿੱਸਾ ਨਹੀਂ ਹੈ। ਇਸ ਲਈ ਸਿੱਖ ਵੋਟਰਾਂ ਨੂੰ ਨਾਰਾਜ਼ ਕਰਨਾ ਸਿਆਸੀ ਖੁਦਕੁਸ਼ੀ ਦੇ ਬਰਾਬਰ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ਦੀ ਡੁੰਘਾਈ ਨਾਲ ਪੁਣ-ਛਾਣ ਕਰਨ ਅਤੇ ਜੇਕਰ ਸੰਭਵ ਹੋਵੇ ਤਾਂ ਮਾਮਲੇ ਨੂੰ ਠੰਡਾ ਕਰਨ ਲਈ ਯਤਨ ਕਰਨ। ਮੁੱਖ ਮੰਤਰੀ ਸਾਹਿਬ ਦੇ ਦਮਦਮੀ ਟਕਸਾਲ ਅਤੇ ਸਿੱਖ ਜਥੇਬੰਦੀਆਂ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਸੈਲ ਹਨ, ਜਿਨ੍ਹਾਂ ਰਾਹੀਂ ਉਹ ਇਸ ਮਸਲੇ ਪ੍ਰਤੀ ਬਹੁਤ ਚੰਗੀ ਤਰੀਕੇ ਨਾਲ ਨਜਿਠ ਸਕਦੇ ਹਨ। ਅਸਲ ਗੱਲ ਇਹ ਹੈ ਕਿ ਕੁੱਝ ਧਿਰਾਂ ਮੁੱਖ ਮੰਤਰੀ ਲਈ ਇਕ ਸਿਆਸੀ ਚੱਕਰਵਿਊ ਰਚ ਰਹੀਆਂ ਹਨ ਤਾਂ ਜੋ ਉਹ ਇਸ ਲੜਾਈ ਵਿੱਚ ਫਸ ਕੇ ਰਹਿ ਜਾਣ। ਇਸ ਗੱਲ ਤੋਂ ਮੁੱਖ ਮੰਤਰੀ ਨੂੰ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਨੂੰ ਅਜਿਹੀ ਬੇਲੋੜੀ ਲੜਾਈ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਪੰਜਾਬ ਨੂੰ ਸ਼ਾਂਤੀ ਅਤੇ ਵਿਕਾਸ ਦੇ ਰਾਹ ਉਪਰ ਲੈ ਕੇ ਜਾਣਾ ਉਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਉਹ ਬਹੁਤ ਮੁਸ਼ਤੈਦੀ ਨਾਲ ਨਿਭਾਅ ਰਹੇ ਹਨ।
26 ਮਈ 2018 – ਬਲਜੀਤ ਸਿੰਘ ਬਰਾੜ

WRITTEN BY