ਸਿਖਾਂ ਦੇ ਪਵਿਤਰ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਰਿਸ਼ੀਕੇਸ਼ ਤੋਂ ਬਦਰੀਨਾਥ ਮਾਰਗ ਰਾਹੀਂ ਜਾਇਆ ਜਾਂਦਾ ਹੈ। ਜੋਸ਼ੀ ਮਠ ਤੋਂ ਵੀਹ ਕੁ ਕਿਲੋ ਮੀਟਰ ਅਗੇ ਗੋਬਿੰਦ ਘਾਟ ਆਉਂਦਾ ਹੈ। ਪਹਿਲਾਂ ਸਿਰਫ਼ ਇਥੋਂ ਤਕ ਹੀ ਵਹੀਕਲ ਜਾਂਦੇ ਸਨ, ਪਰ ਹੁਣ ਚਾਰ ਕਿਲੋਮੀਟਰ ਅਗੇ ਤਕ ਵਹੀਕਲ ਜਾਣ ਲਗ ਪਏ ਹਨ। ਤਕਰੀਬਨ 13 ਕਿਲੋਮੀਟਰ ਦਾ ਰਸਤਾ ਪੈਦਲ ਤਹਿ ਕੀਤਾ ਜਾਂਦਾ ਹੈ ਜੋ ਸੰਗਤ ਪੈਦਲ ਨਹੀਂ ਜਾ ਸਕਦੀ ਉਹ ਘੋੜੇ ਜਾਂ ਕਾਂਡੀ ਦਾ ਸਹਾਰਾ ਲੈ ਕੇ ਜਾ ਸਕਦੀ ਹੈ, ਹੁਣ ਗੋਬਿੰਦਘਾਟ ਤੋਂ ਗੋਬਿੰਦਧਾਮ ਤਕ ਹਵਾਈ ਸੇਵਾ ਵੀ ਸ਼ੁਰੂ ਹੋ ਚੁਕੀ ਹੈ। ਅਗੇ ਗੁਰਦੁਆਰਾ ਗੋਬਿੰਦ ਧਾਮ ਹੈ ਜਿਥੇ ਯਾਤਰੀ ਵਿਸ਼ਰਾਮ ਕਰਦੇ ਹਨ ਤੇ ਅਗਲੇ ਦਿਨ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਜਾਂਦੀ ਹੈ ਜੋ ਤਕਰੀਬਨ ਇਕ ਪਾਸੇ ਸਤ ਕਿਲੋਮੀਟਰ ਹੈ। ਸੰਗਤਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਕੇ ਚੜ੍ਹਾਈ ਚੜਨੀ ਸ਼ੁਰੂ ਕਰਦੀਆਂ ਹਨ, ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸਫ਼ਰ ਤੈਅ ਕਰਦੀਆਂ ਹਨ ਅਤੇ ਸਰੋਵਰ ਵਿਚ ਜਾ ਕੇ ਇਸ਼ਨਾਨ ਕਰਦੀਆਂ ਹਨ। ਹੇਮਕੁੰਟ ਸਾਹਿਬ ਦਾ ਸਬੰਧ ਸਿਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਜਿਸ ਦਾ ਜ਼ਿਕਰ ਉਨ੍ਹਾਂ ਨੇ ਦਸਮ ਗ੍ਰੰਥ ਵਿਚ ਕੀਤਾ ਹੈ। ਹੇਮਕੁੰਟ ਸਾਹਿਬ ਦੀ ਖੋਜ ਕਰਨ ਵਾਲੇ ਸੰਤ ਸੋਹਣ ਸਿੰਘ ਜੀ ਜੋ ਟੀਹਰੀ (ਗੜਵਾਲ) ਵਿਚ ਸੰਗਤਾਂ ਨੂੰ ਸਾਧੂ ਸੰਤਾਂ ਦੇ ਪ੍ਰਵਚਨ ਸੁਣਾਇਆ ਕਰਦੇ ਸਨ, ਦੇ ਮਨ ਵਿਚ ਇਸ ਪਵਿਤਰ ਸਥਾਨ ਨੂੰ ਲਭਣ ਦੀ ਇਛਾ ਜਾਗੀ। ਸੋਹਣ ਸਿੰਘ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਰਖਦੇ ਸਨ, ਉਨ੍ਹਾਂ ਨੇ ਇਸ ਸਥਾਨ ਨੂੰ ਲਭਣ ਦੀ ਠਾਣ ਲਈ ਅਤੇ ਉਨ੍ਹਾਂ ਨੇ ਆਲੇ ਦੁਆਲੇ ਦੇ ਲੋਕਾਂ ਅਤੇ ਸਾਧੂ ਸੰਤਾਂ ਤੋਂ ਜਾਣਕਾਰੀ ਇਕਠੀ ਕਰਨੀ ਸ਼ੁਰੂ ਕੀਤੀ। ਉਹ ਕਈ ਦਿਨ ਇਧਰ ਉਧਰ ਖੋਜ ਕਰਦੇ ਹੋਏ ਬਦਰੀਨਾਥ ਪਹੁੰਚੇ ਅਤੇ ਉਥੋਂ ਵਾਪਸ ਆਉਂਦੇ ਸਮੇਂ ਪਾਂਡੂਕਸ਼ੇਵਰ ਰੁਕੇ, ਉਥੇ ਉਨ੍ਹਾਂ ਨੂੰ ਪਤਾ ਲਗਿਆ ਕਿ ਪਾਂਡੂਕੇਸ਼ਵਰ ਨੂੰ ਰਾਜਾ ਪਾਂਡੂ ਦੀ ਤਪ ਭੂਮੀ ਹੋਣ ਕਰਕੇ ਪਾਂਡੂਕੇਸ਼ਵਰ ਕਿਹਾ ਜਾਂਦਾ ਹੈ। ਸਵੇਰੇ ਕੁਝ ਸਥਾਨਕ ਲੋਕ ਇਕਠੇ ਹੋ ਕੇ ਕਿਤੇ ਜਾ ਰਹੇ ਸਨ, ਸੰਤ ਜੀ ਵਲੋਂ ਪੁਛਣ ‘ਤੇ ਪਤਾ ਲਗਿਆ ਕਿ ਇਹ ਲੋਕ ਹੇਮਕੁੰਟ ਲੋਕਪਾਲ ਤੀਰਥ ਵਿਚ ਇਸ਼ਨਾਨ ਕਰਨ ਜਾ ਰਹੇ ਹਨ। ਸੰਤ ਜੀ ਵੀ ਉਨ੍ਹਾਂ ਦੇ ਪਿਛੇ-ਪਿਛੇ ਚਲ ਪਏ। ਸੰਨ 1934 ਤਕ ਅਲਕ ਨੰਦਾ ਨਦੀ ਉਤੇ ਕੋਈ ਪੁਲ ਨਹੀਂ ਸੀ, ਲੋਕ ਇਕ ਰਸੀ ਦੇ ਸਹਾਰੇ ਨਦੀ ਪਾਰ ਕਰਦੇ ਸਨ, ਬਾਕੀ ਯਾਤਰੀਆਂ ਨਾਲ ਸੰਤ ਜੀ ਰਾਤ ਤਕ ਘਾਘਰੀਆਂ ਪਹੁੰਚੇ ਅਤੇ ਅਗਲੇ ਦਿਨ ਹੇਮਕੁੰਟ ਸਾਹਿਬ ਪੁਜੇ, ਉਥੇ ਪਹੁੰਚਦੇ ਹੀ ਸੰਤ ਜੀ ਨੂੰ ਸਤ ਚੋਟੀਆਂ ਵਾਲੇ ਪਰਬਤ ਸਪਤਸ੍ਰਿੰਗ ਦਿਖਾਈ ਦਿਤਾ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿਚ ਤਪਸਿਆ ਕੀਤੀ ਸੀ,ਜਿਸ ਦਾ ਜਿਕਰ ਦਸਮ ਗ੍ਰੰਥ ਵਿਚ ਮਿਲਦਾ ਹੈ।।
ਹੁਣ ਸੰਤ ਜੀ ਉਹ ਥਾਂ ਦੀ ਪਹਿਚਾਣ ਕਰਨ ਵਿਚ ਜੁਟ ਗਏ ਜਿਥੇ ਗੁਰੂ ਜੀ ਨੇ ਤਪਸਿਆ ਕੀਤੀ ਸੀ। ਇਹ ਬਹੁਤ ਔਖਾ ਕੰਮ ਸੀ, ਕਿਹਾ ਜਾਂਦਾ ਹੈ ਕਿ ਸੰਤ ਜੀ ਨੇ ਅਰਦਾਸ ਕੀਤੀ ਕਿ ਪ੍ਰਭੂ ਆਪ ਦੀ ਕਿਰਪਾ ਨਾਲ ਮੈ ਤਪੋ ਭੂਮੀ ਤਕ ਤਾਂ ਆ ਗਿਆ ਹਾਂ ਹੁਣ ਕ੍ਰਿਪਾ ਕਰਕੇ ਮੈਨੂੰ ਉਹ ਥਾਂ ਦੇ ਦਰਸ਼ਨ ਵੀ ਕਰਵਾਓ ਜਿਥੇ ਆਪ ਜੀ ਤਪਸਿਆ ਕਰਕੇ ਉਸ ਪ੍ਰਮਾਤਮਾ ਵਿਚ ਲੀਨ ਹੋ ਗਏ।। ਜਿਵੇਂ ਹੀ ਸੰਤ ਜੀ ਨੇ ਅਰਦਾਸ ਪੂਰੀ ਕੀਤੀ ਕਮਰ ਤਕ ਜਟਾਂ, ਨਾਭੀ ਤਕ ਦਾੜੀ ਰਖੇ ਤੇ ਸ਼ੇਰ ਦੀ ਖਲ ਪਹਿਨ ਕੇ ਇਕ ਜੋਗੀ ਪ੍ਰਗਟ ਹੋ ਕੇ ਬੋਲਿਆ ਖ਼ਾਲਸਾ ਜੀ ਕਿਸ ਨੂੰ ਲਭ ਰਹੇ ਹੋ? ਤਾਂ ਸੰਤ ਜੀ ਬੋਲੇ ਮੈਂ ਆਪਣੇ ਗੁਰੂ ਦਾ ਸਥਾਨ ਲਭ ਰਿਹਾ ਹਾਂ, ਜੋਗੀ ਨੇ ਕਿਹਾ ਕਿ ਇਹ ਉਹੀ ਸਿਲਾ ਹੈ ਜਿਥੇ ਗੁਰੂ ਜੀ ਬੈਠਕੇ ਤਪਸਿਆ ਕਰਦੇ ਸਨ, ਇਹ ਸੁਣ ਕੇ ਸੰਤ ਜੀ ਦੇ ਨੈਣਾਂ ਵਿਚੋਂ ਖ਼ੁਸ਼ੀ ਦੀ ਧਾਰ ਵਗਣ ਲਗੀ, ਇੰਨੇ ਨੂੰ ਉਹ ਯੋਗੀ ਅਲੋਪ ਹੋ ਗਿਆ। ਸੰਤ ਜੀ ਨੇ ਜੋਗੀ ਦੀ ਚਰਨ ਧੂੜ ਮਥੇ ਲਾਈ ਅਤੇ ਵਾਪਸ ਆ ਗਏ। ਕੁਝ ਦਿਨਾਂ ਬਾਅਦ ਸੰਤ ਜੀ ਨੇ ਅੰਮ੍ਰਿਤਸਰ ਜਾ ਕੇ ਭਾਈ ਵੀਰ ਸਿੰਘ ਜੀ ਨੂੰ ਸਾਰੀ ਗਲ ਦਸੀ,ਵੀਰ ਜੀ ਸਿੰਘ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਸੰਤ ਜੀ ਨੂੰ ਕਿਹਾ ਕਿ ਉਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ।। ਇਸ ਪ੍ਰਕਾਰ ਉਨੀ ਸੌ ਛਤੀ ਵਿਚ ਇਥੇ ਇਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣ ਕੇ ਤਰਾਂ ਹੋਇਆ 1937 ਵਿਚ ਇਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ।।
ਹੇਮਕੁੰਟ ਸਾਹਿਬ ਦੀ ਉਚਾਈ 15210 ਫੁਟ ਹੈ, ਜਿਆਦਾ ਉਚਾਈ ਹੋਣ ਕਰਕੇ ਆਕਸੀਜਨ ਦੀ ਘਾਟ ਕਾਰਨ ਉਥੇ ਆਮ ਯਾਤਰੀਆਂ ਦੇ ਠਹਿਰਨ ਕੋਈ ਪ੍ਰਬੰਧ ਪਕੇ ਤੌਰ ‘ਤੇ ਨਹੀ ਕੀਤਾ ਜਾ ਸਕਦਾ। ਸ਼ਰਧਾਲੂ ਸ਼ਾਮ ਮਥਾ ਟੇਕ ਕੇ ਸ਼ਾਮ ਨੂੰ ਮੁੜ ਗੋਬਿੰਦ ਧਾਮ (ਘਾਘਰੀਆ) ਵਾਪਸ ਆ ਜਾਂਦੇ ਹਨ, ਜਿਥੇ ਕਿ ਰਹਿਣ ਦਾ ਯੋਗ ਪ੍ਰਬੰਧ ਹੈ।
ਇਹ ਸਥਾਨ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਪੈਂਦਾ ਹੈ। ਇਸ ਦੀਆਂ ਸਤ ਚੋਟੀਆਂ ’ਤੇ ਖਾਲਸੇ ਦੇ ਨਿਸ਼ਾਨ ਸਾਹਿਬ ਝੂਲਦਿਆਂ ਨੇ। ਹੇਮਕੁੰਟ ਸੰਸਕ੍ਰਿਤੀ ਦਾ ਸ਼ਬਦ ਹੈ ਜਿਸ ਦਾ ਭਾਵ ਬਰਫ਼ ਕੁੰਡ ਕਟੋਰਾ ਹੈ। ਕਹਿੰਦੇ ਨੇ ਇਥੇ ਪਾਂਡਵਾਂ ਨੇ ਵੀ ਤਪ ਕੀਤਾ ਹੈ ਤੇ ਇਥੇ ਇਕ ਮੰਦਰ ਵੀ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੰਡਤ ਤਾਰਾ ਸਿੰਘ ਨਰੋਤਮ ਜੋ ਵਿਦਵਾਨ ਸੀ, ਹੇਮਕੁੰਟ ਸਾਹਿਬ ਭੂਗੋਲਿਕ ਸਥਿਤੀ ਦਾ ਪਤਾ ਲਗਾਉਣ ਵਾਲੇ ਪਹਿਲੇ ਸਿਖ ਸਨ। ਅਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਇਲਾਵਾ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ ਜੋਸ਼ੀੰਠ ਗੋਬਿੰਦਘਾਟ ਅਤੇ ਗੋਬਿੰਦਧਾਮ ਦਾ ਪ੍ਰਬੰਧ ਹੇਮਕੁੰਟ ਸਾਹਿਬ ਟਰਸਟ ਦੇ ਹਥ ਹੈ ਜਿਸ ਵਲੋਂ ਸੰਗਤ ਦੀ ਹਰ ਸਹੂਲਤ ਦਾ ਖਿਆਲ ਰਖਿਆ ਜਾਂਦਾ ਹੈ। ਪਹਿਲਾਂ ਇਹ ਯਾਤਰਾ ਪੰਜ ਜੂਨ ਤੋਂ ਸ਼ੁਰੂ ਹੁੰਦੀ ਸੀ। ਫਿਰ ਇਕ ਜੂਨ ਤੋਂ ਤੇ ਅਜ ਕਲ੍ਹ ਇਹ 25 ਮਈ ਤੋਂ ਸ਼ੁਰੂ ਹੁੰਦੀ ਹੈ। 2013 ਵਿਚ ਹੜ੍ਹ ਆਉਣ ਕਾਰਨ ਸਾਲਾਨਾ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਜਿਸ ਕਰਕੇ ਯਾਤਰੀਆਂ ਦੀ ਗਿਣਤੀ ਵਿਚ ਕਮੀ ਆਈ ਸੀ ਪਰ 2017 ਵਿਚ ਲਗਭਗ ਢਾਈ ਲਖ ਸੰਗਤਾਂ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ। ਯਾਤਰੀਆਂ ਨੂੰ ਆਪਣਾ ਆਧਾਰ ਕਾਰਡ ਨਾਲ ਲਿਜਾਣਾ ਜ਼ਰੂਰੀ ਹੈ ਅਤੇ ਰਿਸ਼ੀਕੇਸ਼ ਵਿਖੇ ਆਪਣਾ ਨਾਂ ਅਡਰੈਸ ਕੰਪਿਊਟਰ ਵਿਚ ਦਰਜ ਕਰਾਉਣਾ ਚਾਹੀਦਾ ਹੈ।
ਸੰਗਤਾਂ ਪ੍ਰਤੀ ਬੇਨਤੀ ਹੈ ਕਿ ਕੁਦਰਤੀ ਸਾਫ ਵਾਤਾਵਰਨ ਨੂੰ ਗੰਧਲਾ ਨਾ ਕੀਤਾ ਜਾਵੇ, ਪਲਾਸਟਿਕ ਦੇ ਲਿਫਾਫ ਨਾ ਵਰਤੇ ਜਾਣ ਅਤੇ ਯਾਤਰਾ ਸਬੰਧੀ ਟਰਸਟ ਤੇ ਸਰਕਾਰ ਵਲੋਂ ਦਿਤੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਇਸ ਯਾਤਰਾ ਨੂੰ ਯਾਤਰਾ ਹੀ ਸਮਝਿਆ ਜਾਵੇ ਨਾ ਕਿ ਹਿਲ ਸਟੇਸ਼ਨ। ਸੋ ਅਜ 25 ਮਈ 2018 ਤੋਂ ਸ਼ੁਰੂ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜੋ ਦਸ ਅਕਤੂਬਰ 2018 ਤਕ ਚਲਣੀ ਹੈ। ਕੋਸ਼ਿਸ਼ ਕਰੀਏ ਕਿ ਇਸ ਪਵਿਤਰ ਅਸਥਾਨ ਦੇ ਦਰਸ਼ਨ ਕੀਤੇ ਜਾਣ।।
ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਿਤ ਹੈ ਤਹਾਂ…



