Skip to content
Independent perspectives. Global stories.
BREAKING

ਡੂੰਘੇ ਪਾਣੀਆਂ ਵਿੱਚ ਜੋ ਤੈਰਦੀ ਏ, ਮੱਛੀ ਸੱਜਣਾ ਕਿਸ ਤਰ੍ਹਾਂ ਫੜੀ ਜਾਵੇ?

Share this story

ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਕਰਨਾਟਕ ਵਿਚ ਭਾਜਪਾ ਦੇ ਨਵ-ਨਿਯੁਕਤ ਮੁਖ ਮੰਤਰੀ ਬੀ ਐਸ ਯੇਦੀਯੁਰਪਾ ਨੂੰ 30 ਘੰਟੇ ‘ਚ ਵਿਧਾਇਕਾਂ ਦਾ ਬਹੁਮਤ ਸਿਧ ਕਰਨ ਦਾ ਹੁਕਮ ਦਿਤਾ ਹੈ। ਸੂਬੇ ਦੇ ਰਾਜਪਾਲ ਨੇ ਯੇਦੀਯੁਰਪਾ ਨੂੰ 15 ਦਿਨਾਂ ‘ਚ ਬਹੁਮਤ ਸਿਧ ਕਰਨ ਲਈ ਕਿਹਾ ਸੀ ਜਦਕਿ ਯੇਦੀਯੁਰਪਾ ਨੇ 7 ਦਿਨ ਦਾ ਸਮਾਂ ਮੰਗਿਆ ਸੀ। ਪਿਛਲੇ ਦਿਨੀਂ ਹੋਈਆਂ ਕਰਨਾਟਕ ਵਿਧਾਨ ਸਭਾ ਚੋਣਾਂ ‘ਚ 224 ਸੀਟਾਂ ਵਿਚੋਂ ਭਾਜਪਾ 104 ਸੀਟਾਂ ਲੈ ਕੇ ਸਭ ਤੋਂ ਵਡੀ ਧਿਰ ਬਣੀ ਜਦਕਿ ਕਾਂਗਰਸ ਨੂੰ 78 ਸੀਟਾਂ ਅਤੇ ਜੀ ਡੀ ਐਸ ਨੂੰ 47 ਸੀਟਾਂ ਮਿਲੀਆਂ ਸਨ। ਕਾਂਗਰਸ ਅਤੇ ਜੀ ਡੀ ਐਸ ਨੇ ਸਾਂਝੇ ਤੌਰ ‘ਤੇ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕੀਤਾ ਸੀ।
ਜਦ ਸ਼ਾਹ ਅਤੇ ਮੋਦੀ ਚਾਹੁੰਦੇ ਆ, ਸਰਕਾਰ ਭਾਜਪਾ ਦੀ ਬਣੇ ਤਾਂ ਭਾਈ ਕੌਣ ਰੋਕੇ? ਜਦ ਸ਼ਾਹ ਅਤੇ ਮੋਦੀ ਜੋੜੀ ਚਾਹੁੰਦੀ ਆ ਦੇਸ਼ ਨੂੰ ਕਾਂਗਰਸ ਮੁਕਤ ਕਰਨਾ ਤਾਂ ਭਾਈ ਕੌਣ ਰੋਕੇ? ਜਦ ਸ਼ਾਹ ਅਤੇ ਮੋਦੀ ਦੇ ਪਲੇ ਠਕਰੋੜਾਂਠ ਆਂ, ਦਸ ਬਾਰਾਂ ਵਿਧਾਇਕ ਇਧਰ ਉਧਰ ਕਰਨੇ ਉਹਨਾ ਲਈ ਕੀ ਔਖੈ ਆ, ਤਾਂ ਭਾਈ ਉਹਨਾ ਨੂੰ ਇੰਜ ਕਰਨੋਂ ਕੌਣ ਰੋਕੇ? ਇਨਸਾਫ ਕਰਨ ਵਾਲੇ ਕਹਿ ਸਕਦੇ ਆ। ਇਨਸਾਫ ਕਰਨ ਵਾਲੇ ਸਲਾਹ ਦੇ ਸਕਦੇ ਆ। ਪਰ ਨਾਟਕ ਕਰਨ ਵਾਲਿਆਂ ਨਾਟਕ ਕਰ ਹੀ ਦੇਣਾ ਆ। ਸਤਾ ਦੀ ਜੰਗ ਆ। ਜਿਵੇਂ ਜੰਗ ਅਤੇ ਪਿਆਰ ‘ਚ ਸਭ ਜਾਇਜ਼ ਆ। ਹੁਣ ਸਿਆਸਤ ਵਿਚ ਵੀ ਸਭ ਜਾਇਜ਼ ਆ। ਇਕ ਵਿਧਾਇਕ ਦਾ ਮੁਲ 100 ਕਰੋੜ ਵੀ ਅਤੇ ਇਕ ਵਿਧਾਇਕ ਦਾ ਮੁਲ ਕੌਡੀ ਵੀ। ਕਰਨਾਟਕ ਤਾਂ ਭਾਈ ਕਰ-ਨਾਟਕ ਵਜੋਂ ਮਸ਼ਹੂਰ ਹੋ ਚੁਕਾ ਅਤੇ ਇਸਦੇ ਡਾਇਰੈਕਟਰ ਸ਼ਾਹ-ਮੋਦੀ ਜੋੜੀ ਦੁਨੀਆਂ ਦੀ ਠਨਾਟਕੀ ਜੋੜੀਠ ਵਜੋਂ ਮਸ਼ਹੂਰ ਹੋ ਗਈ ਆ। ਆਹ ਆਪਣਾ ਰਾਹੁਲ ਤਾਂ ਉਹਨਾ ਦੇ ਪਾ-ਪਾਂਸਕ ਵੀ ਨਹੀਂ। ਭਾਈ ਜੋੜੀ ਜਾਣਦੀ ਆ, ਠਡੂੰਘੇ ਪਾਣੀਆਂ ਵਿਚ ਜੋ ਤੈਰਦੀ ਏ, ਮਛੀ ਸਜਣਾ ਕਿਸ ਤਰ੍ਹਾਂ ਫੜੀ ਜਾਵੇਠ।
ਉਹ ਬਿਰਛ ਨਾ ਕਦੇ ਵੀ ਹਰਾ ਰਹਿੰਦਾ
ਜੜ੍ਹ ਜੇਸਦੀ ਜਾਂਦੀ ਏ ਸੁਕ ਸਾਈਂ
ਖ਼ਬਰ ਹੈ ਕਿ ਖੇਡ ਮੰਤਰਾਲਾ ਨਵੀਂ ਦਿਲੀਂ ਨੇ ਅਨੋਖੀ ਪਹਿਲ ਕੀਤੀ ਹੈ। ਉਹਨਾ ਦਾ ਅਧਿਕਾਰੀ ਹੋਵੇ ਜਾਂ ਚਪੜਾਸੀ ਉਹ ਆਪਣੇ ਕੰਮ ਤੇ ਬੈਠਣ ਤੋਂ ਪਹਿਲਾਂ 15 ਮਿੰਟ ਲਈ ਕਸਰਤ ਕਰੇਗਾ। ਖੇਡ ਮੰਤਰਾਲੇ ਨੇ ਕਿਹਾ ਹੈ ਕਿ ਇਹ ਫਿਟ ਰਹਿਣ ਦਾ ਚੰਗਾ ਤਰੀਕਾ ਹੈ। ਭਾਰਤੀ ਖੇਡ ਸੰਸਥਾਨ (ਸਾਈ) ਅਤੇ ਨੈਸ਼ਨਲ ਡੋਪ ਟੈਸਟ ਲਾਬਾਰਟਰੀ ਵਿਚ ਇਹ ਕਸਰਤ ਸ਼ੁਰੂ ਵੀ ਕਰ ਦਿਤੀ ਗਈ ਹੈ। ਮੰਤਰਾਲੇ ਨੇ ਮਹਿਸੂਸ ਕੀਤਾ ਸੀ ਕਿ ਕਰਮਚਾਰੀ ਦਿਨੋ ਦਿਨ ਅਵੇਸਲੇ ਅਤੇ ਬੀਮਾਰ ਰਹਿਣ ਲਗ ਪਏ ਆ।
ਚਲੋ ਚੰਗਾ ਕੀਤਾ, ਘਟੋ-ਘਟ 15 ਮਿੰਟ ਤਾਂ ਦਿਨ ਵਿਚ ਕਰਮਚਾਰੀ ਮਹਿੰਗਾਈ ਭਤੇ, ਤਨਖਾਹਾਂ, ਡਾਕਟਰੀ ਭਤੇ, ਸਫਰੀ ਭਤੇ ਤੇ ਹੋਰ ਸਹੂਲਤਾਂ ਬਾਰੇ ਸੋਚਣ, ਬੋਲਣ ਤੋਂ ਮੁਕਤ ਰਹਿਣਗੇ। ਉਂਜ ਵੀ ਭਾਈ ਮੋਟੀਆਂ ਮੋਟੀਆਂ ਤਨਖਾਹਾਂ ਲੈ ਕੇ ਸਰਕਾਰੀ ਕਰਮਚਾਰੀ ਮੋਟੇ-ਮੋਟੇ ਦਿਸਣ ਲਗ ਪਏ ਆ। ਚਲੋ ਖੇਡ ਮੰਤਰਾਲੇ ਦੀ ਗਲ ਤਾਂ ਚੰਗੀ ਆ, ਰਤਾ ਮਾਸਾ ਹੋਰ ਮਹਿਕਮਿਆਂ ਵਲ ਵੀ ਵੇਖ ਲੈਣਾ ਚਾਹੀਦਾ ਹੈ। ਪੁਲਿਸ ਦੇ ਵਡੇ ਵਡੇ ਢਿਡ, ਫੂਡ ਸਪਲਾਈ ਅਫ਼ਸਰਾਂ ਦੀਆਂ ਗੋਗੜਾਂ ਤਾਂ ਕੁਝ ਜਿਆਦਾ ਹੀ ਵਧੀਆਂ ਹੋਈਆਂ। ਖਾਣ ਲਈ ਭਾਈ ਮੋਟਾ ਮਾਲ ਮਿਲਦਾ ਆ। ਸਰੀਆ ਹਜ਼ਮ! ਸੀਮਿੰਟ ਹਜ਼ਮ! ਰੇਤਾ, ਬਜ਼ਰੀ ਹਜ਼ਮ! ਉਂਜ ਭਾਈ ਸਭ ਤੋਂ ਵਡਾ ਹਾਜ਼ਮਾਂ ਤਾਂ ਹੁਣ ਨੇਤਾ ਲੋਕਾਂ ਦਾ ਆ। ਜਿਹੜੇ ਚਾਰਾ ਵੀ ਖਾ ਲੈਂਦੇ ਆ ਅਤੇ ਕਰੰਸੀ ਨੋਟ ਵੀ ਚਰ ਲੈਂਦੇ ਆ ਅਤੇ ਰਹਿੰਦੇ ਖੂੰਹਦੇ ਵਿਦੇਸ਼ ਤੋਰ ਦੇਂਦੇ ਆ। ਤਦੇ ਤਾਂ ਦੇਸ਼ ਦਾ ਲੋਕਤੰਤਰ ਬੀਮਾਰ ਆ। ਕਰਮਚਾਰੀ ਬੀਮਾਰ! ਨੇਤਾ ਬੀਮਾਰ! ਅਫ਼ਸਰ ਬੀਮਾਰ! ਅਤੇ ਭਾਈ ਜਦੋਂ ਸਾਰੇ ਹੀ ਬੀਮਾਰ ਤਾਂ ਫਿਰ ਦੇਸ਼ ਦਾ ਬਣੂ ਕੀ? ਤਦੇ ਕਵੀ ਕਹਿੰਦਾ ਆ, ਠਉਹ ਬਿਰਛ ਨਾ ਕਦੇ ਵੀ ਹਰਾ ਰਹਿੰਦਾ, ਜੜ੍ਹ ਜੇਸਦੀ ਜਾਂਦੀ ਏ ਸੁਕ ਸਾਈਂਠ।
ਦਹੀਂ ਨਾਲ ਪਰੌਂਠੇ ਖਾ ਦੋ ਦਰਜਨ
ਲੇਟ ਪਲੰਘ ਤੇ ਮੋਟੀ ਜਿਉਂ ਨਾਰ ਸੌਂਦੀ
ਖ਼ਬਰ ਹੈ ਕਿ 28 ਮਈ ਨੂੰ ਹੋਣ ਜਾ ਰਹੀ ਸ਼ਾਹਕੋਟ ਵਿਧਾਨ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਵਡੇ ਪਧਰ ਤੇ ਜੋੜ-ਤੋੜ ਕੀਤੀ ਜਾ ਰਹੀ ਹੈ। ਅਕਾਲੀ-ਭਾਜਪਾ ਦੇ ਉਮੀਦਵਾਰ ਨੈਬ ਸਿੰਘ ਕੁਹਾੜ ਨੇ ਕਾਂਗਰਸ ਨੂੰ ਉਦੋਂ ਝਟਕਾ ਦਿਤਾ ਜਦੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੇ ਹੰਸ ਰਾਜ ਹੰਸ ਸੂਬਾ ਮੀਤ ਪ੍ਰਧਾਨ ਭਾਜਪਾ ਪੰਜਾਬ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਦੇ ਇਲਾਕੇ ਵਿਚ ਬਾਬਾ ਬੋਹੜ ਮੰਨੇ ਜਾਂਦੇ ਟਕਸਾਲੀ ਕਾਂਗਰਸੀ ਆਗੂ ਸਾਬਕਾ ਰਾਜ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ ਲਾਲੀ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਲਾਲੀ ਨੇ ਕਿਹਾ ਕਿ ਉਹ ਉਦੋਂ ਕਾਂਗਰਸ ਛਡ ਰਹੇ ਹਨ, ਜਦੋਂ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ।
ਦੇਸ਼ ‘ਚ ਲੋਕਤੰਤਰ ਆ। ਜਿਹਦੀ ਮਰਜ਼ੀ, ਜਿਧਰ ਜਾਵੇ, ਕਿਸੇ ਨੂੰ ਕੀ? ਦੇਸ਼ ‘ਚ ਲੁਟ ਤੰਤਰ ਆ! ਜਿਹਦੀ ਮਰਜ਼ੀ, ਜਿਧਰ ਜਾਵੇ, ਜਿਥੋਂ ਖਾਣ ਪਹਿਨਣ ਨੂੰ ਮਿਲੇ ਉਧਰ ਜਾਵੇ, ਕਿਸੇ ਨੂੰ ਕੀ? ਵੇਖੋ ਨਾ ਭਾਈ, ਉਪਰ ਭਾਜਪਾ ਥਲੇ ਕਾਂਗਰਸੀ!ਕਾਂਗਰਸੀਆਂ ਮਿਲਾਈ ਨਹੀਂ ਖੁਆਈ, ਉਪਰ ਵਾਲੇ ਭਾਜਪਾਈ ‘ਖੋਆ‘ਖੁਆ ਦੇਣਗੇ। ਕਵੀ ਦੇ ਕਹਿਣ ਵਾਂਗਰ,ਠ ਰਾਜਨੀਤੀਏ, ਨੌਕਰਸ਼ਾਹ ਘਿਉ ਖਿਚੜੀ, ਲਾਹ ਲਾਹ, ਮਲਾਈ ਪਏ ਖਾਣ ਬੇਲੀ‘। ਉਂਜ ਵੀ ਨੇਤਾ ਲੋਕਾਂ ਨੂੰ ਕਿਹੜਾ ਕੋਈ ਕੰਮ ਆ ਸਿਵਾਏ ਸ਼ਹਿਰਾਂ, ਪਿੰਡਾਂ, ਘਰਾਂ ‘ਚ ਲੜਾਈਆਂ ਪੁਵਾਉਣ, ਇਕ ਧਿਰ ਨੂੰ ਰਾਜੀ ਕਰਨ ਲਈ ਦੂਜੀ ਧਿਰ ਨੂੰ ਥਾਣੇ ਪਹੁੰਚਾਉਣ ਅਤੇ ਮੁਫਤ ਦੀਆਂ ਰੋਟੀਆਂ ਤੋੜਨ ਤੋਂ ਅਤੇ ਏ.ਸੀ. ਕਮਰੇ ‘ਚ ਸਿਰਹਾਣਾ ਸਿਰ ਥਲੇ ਰਖ ਸੌਣ ਦੇ। ਅਜ ਦੇ ਨੇਤਾ ਤਾਂ, ਠਦਹੀਂ ਨਾਲ ਪਰੌਂਠੇ ਖਾ ਦੋ ਦਰਜਨ ਲੇਟ ਪਲੰਘ ਤੇ ਮੋਟੀ ਜਿਉਂ ਨਾਰ ਸੌਂਦੀਠ ਵਰਗੇ ਆ ਭਾਈ । ਹੈ ਕਿ ਨਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਧਿਐਨ ਤੋਂ ਭਾਰਤ ਦੇ ਜਲ ਸੰਕਟ ਸਬੰਧੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਜਲ ਸਰੋਤਾਂ ਦੀ ਅਤਿ-ਅਧਿਕ ਵਰਤੋਂ ਕਾਰਨ ਤਾਜ਼ੇ ਪਾਣੀ ਦੀ ਉਪਲਬਧਤਾ ਘਟ ਰਹੀ ਹੈ। ਅਧਿਐਨ ਅਨੁਸਾਰ ਉਤਰੀ ਭਾਰਤ ‘ਚ ਕਣਕ ਅਤੇ ਝੋਨਾ ਵਰਗੀਆਂ ਫਸਲਾਂ ਦੀ ਸਿੰਜਾਈ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਉਪਲਬਧਤਾ ‘ਚ ਹੋ ਰਹੀ ਤੇਜ਼ ਗਿਰਾਵਟ ਦਾ ਮੁਖ ਕਾਰਨ ਹੈ। ਮੀਂਹ ਦੇ ਬਾਵਜੂਦ ਧਰਤੀ ਹੇਠਲੇ ਪਾਣੀ ਦਾ ਪਧਰ ਤੇਜ਼ੀ ਨਾਲ ਡਿਗ ਰਿਹਾ ਹੈ।
ਇਕ ਵਿਚਾਰ
ਸ਼ਾਂਤੀ ਦਾ ਅਰਥ ਕੇਵਲ ਸੰਘਰਸ਼ ਨੂੰ ਟਾਲਣਾ ਨਹੀਂ, ਬਲਕਿ ਇਸਨੂੰ ਸੰਭਾਲਣ ਦੀ ਸਮਰਥਾ ਨਾਲ ਜੁੜਿਆ ਹੋਇਆ ਹੈ।
– ਰੋਨਾਲਡ ਰੀਗਨ ਸਾਬਕਾ ਅਮਰੀਕੀ ਰਾਸ਼ਟਰਪਤੀ

WRITTEN BY