ਬੀਤੇ ਲੰਬੇ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਕਈ ਸਿੱਖੀ-ਸਰੂਪ ਦੇ ਧਾਰਨੀ ‘ਵਿਦਵਾਨ’ ਤੇ ‘ਬੁਧੀਜੀਵੀ’ ਇਕ ਪਾਸੇ ਤਾਂ ਸਿੱਖ ਅਤੇ ਸਿੱਖੀ ਵਿਰੋਧੀਆਂ ਪੁਰ ਇਹ ਦੋਸ਼ ਲਾਉਂਦੇ ਚਲੇ ਆ ਰਹੇ ਹਨ, ਕਿ ਉਹ ਸਿੱਖ ਇਤਿਹਾਸ ਅਤੇ ਸਿੱਖ ਮਾਨਤਾਵਾਂ ਤੇ ਮਰਿਆਦਾਵਾਂ ਨੂੰ ਵਿਗਾੜਨ ਦੇ ਨਾਲ ਹੀ ਸਿੱਖ-ਧਰਮ ਨੂੰ ਵਿਸ਼ਾਲ ਹਿੰਦੂ ਧਰਮ ਦਾ ਹੀ ਇਕ ਅੰਗ ਪ੍ਰਚਾਰ, ਉਸਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਪੁਰ ਸੁਆਲੀਆ ਨਿਸ਼ਾਨ ਲਾਂਦੇ ਚਲੇ ਆ ਰਹੇ ਹਨ ’ਤੇ ਦੂਜੇ ਪਾਸੇ ਉਹ ਆਪ ਪ੍ਰਮਾਣਤ ਸਿੱਖ ਇਤਿਹਾਸ ਅਤੇ ਸਥਾਪਤ ਮਰਿਅਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਦੇ ਸੰਬੰਧ ਵਿੱਚ ਭਰਮ-ਭੁਲੇਖੇ ਪੈਦਾ ਕਰ, ਅਜਿਹੇ ਵਿਵਾਦ ਖੜੇ ਕਰ ਰਹੇ ਹਨ, ਜਿਨ੍ਹਾਂ ਕਾਰਣ ਸਿੱਖਾਂ, ਵਿਸ਼ੇਸ਼ ਕਰ ਸਿੱਖ-ਨੌਜਵਾਨਾਂ ਵਿਚ ਦੁਬਿੱਧਾ ਜਿਹੀ ਪੈਦਾ ਹੁੰਦੀ ਜਾ ਰਹੀ ਹੈ ਅਤੇ ਉਹ ਇਸ ਦੁਬਿੱਧਾ ਵਿਚੋਂ ਉਭਰ ਨਾ ਸਕਣ ਕਾਰਣ, ਸਿੱਖੀ-ਵਿਰਸੇ ਨਾਲੋਂ ਟੁਟ, ਭਟਕਦੇ ਅਤੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ। ਜਿਸਤੋਂ ਇਹ ਸ਼ੰਕਾ ਪੈਦਾ ਹੋਣੀ ਸੁਭਾਵਕ ਹੈ ਕਿ ਕਿਧਰੇ ਸਿੱਖੀ-ਸਰੂਪ ਵਿਚ ਇਹ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾ ਦੇ ਘੁਸਪੈਠੀਏ ਤਾਂ ਨਹੀਂ, ਜੋ ਇਕ ਪਾਸੇ ਦੂਜਿਆਂ ਪੁਰ ਸਿੱਖੀ ਅਤੇ ਸਿੱਖਾਂ ਦੀ ਸੁਤੰਤਰ ਹੋਂਦ ’ਤੇ ਪਛਾਣ ਖਤਮ ਕਰਨ ਦੀ ਸਾਜ਼ਸ਼ ਘੜਨ ਦਾ ਦੋਸ਼ ਲਾ, ਆਪਣੇ-ਆਪਨੂੰ ਸਿੱਖੀ ਅਤੇ ਸਿੱਖ ਇਤਿਹਾਸ, ਧਰਮ ਤੇ ਉਸਦੀਆਂ ਮਰਿਅਦਾਵਾਂ-ਮਾਨਤਾਵਾਂ ਅਤੇ ਪਰੰਪਰਾਵਾਂ ਦੇ ਸਭ ਤੋਂ ਵਧ ਜਾਣੂ ਅਤੇ ਰਾਖੇ ਹੋਣ ਦਾ ਪ੍ਰਭਾਵ ਦੇ ਕੇ, ਸਿੱਖਾਂ ਦਾ ਵਿਸ਼ਵਾਸ ਜਿਤਣ ਦੀ ਕੌਸ਼ਿਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਸਿੱਖ ਇਤਿਹਾਸ ਅਤੇ ਮਰਿਅਦਾਵਾਂ-ਮਾਨਤਾਵਾਂ ਬਾਰੇ ਨਿਤ-ਨਵੇਂ ਭਰਮ-ਭੁਲੇਖੇ ਪੈਦਾ ਕਰ ਵਿਵਾਦ ਪੈਦਾ ਕਰ, ਸਿੱਖਾਂ ਨੂੰ ਹੀ ਸਿੱਖੀ ਵਲੋਂ ਉਪਰਾਮ ਕਰ, ਅੰਦਰੋਂ ਹੀ ਸਿੱਖੀ ਨੂੰ ਲੀਹੋਂ ਲਾਹੁਣ ਲਈ, ਦੁਸ਼ਮਣਾਂ ਦੀ ਸਿੱਖੀ-ਵਿਰੋਧੀ ਸਾਜ਼ਸ਼ ਨੂੰ ਨੇਪਰੇ ਚਾੜ੍ਹਨ ਦੀ ‘ਜ਼ਿਮੇਂਦਾਰੀ’ ਨਿਭਾ ਰਹੇ ਹਨ।
ਅਜਿਹੇ ਹੀ ਇਕ ‘ਵਿਦਵਾਨ-ਬੁੱਧੀਜੀਵੀ’ ਨੇ ਕੁਝ ਸਮਾਂ ਪਹਿਲਾਂ ਹੋਏ ਇਕ ਸਮਾਗਮ ਵਿਚ, ਇਹ ਆਖ, ਨਵਾਂ ਵਿਵਾਦ ਖੜਾ ਕਰ ਦਿਤਾ ਕਿ ਸਿੱਖ ਇਤਿਹਾਸ ਵਿਚ ਇਸ ਗਲ ਦਾ ਕੋਈ ਸਬੂਤ ਨਹੀਂ ਹੈ, ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਬਖ਼ਸ਼ਸ਼ ਆਪ ਕੀਤੀ ਸੀ। ਇਹ ਸਜਣ, ਉਹ ਦਸੇ ਜਾਂਦੇ ਹਨ, ਜਿਨ੍ਹਾਂ ਦਾ ਇੱਕ ਪਾਸੇ ਤਾਂ ਇਹ ਦਾਅਵਾ ਹੈ ਕਿ ਉਨ੍ਹਾਂ ਨੂੰ ਸਿੱਖ-ਇਤਿਹਾਸ ਤੇ ਸਿੱਖੀ ਦੀਆਂ ਮਰਿਅਦਾਵਾਂ ਦੇ ਸਬੰਧ ਵਿਚ, ਸਭ ਤੋਂ ਵਧ ਗਿਆਨ ਤੇ ਜਾਣਕਾਰੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਆਪਣੀ ਇਸ ਨਵੀਂ ‘ਖੋਜ’ ਦਾ ਜੋ ਪ੍ਰਗਟਾਵਾ ਕੀਤਾ ਹੈ, ਉਸਤੋਂ ਇਉਂ ਜਾਪਦਾ ਹੈ, ਜਿਵੇਂ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਸਿੱਖ ਧਰਮ ਦੀ ਡੂੰਘੀ ਜਾਣਕਾਰੀ ਹੋਣਾ ਤਾਂ ਦੂਰ ਰਿਹਾ, ਉਸਦੀ ਬੁਨਿਆਦੀ ਜਾਣਕਾਰੀ ਵੀ ਨਹੀਂ। ਜੇ ਉਨ੍ਹਾਂ ਨੂੰ ਇਸਦੀ ਜਾਣਕਾਰੀ ਹੁੰਦੀ ਤਾਂ ਸਿੱਖ ਇਤਿਹਾਸ ਅਤੇ ਬਾਣੀ ਵਿਚੋਂ ਕਈ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਗੁਰੂ ਨਾਨਕ ਦੇਵ ਜੀ ਹੀ ਨਹੀਂ, ਸਗੋਂ ਉਨ੍ਹਾਂ ਤੋਂ ਬਾਅਦ ਦੇ ਉਨ੍ਹਾਂ ਦੀ ਗੁਰਗੱਦੀ ਦੇ ਵਾਰਿਸ, ਗੁਰੂ ਸਾਹਿਬਾਨ ਵੀ, ਆਪਣੇ ਤੋਂ ਬਾਅਦ ਗੁਰਗੱਦੀ ਦੇ ਵਾਰਿਸ ਦੀ ਚੋਣ ਆਪਣੇ ਜੀਵਨ-ਕਾਲ ਵਿਚ ਆਪ ਹੀ ਕਰਦੇ ਆਏ ਸਨ। ਪ੍ਰਮਾਣ ਵਜੋਂ : ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ : ‘ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ। ਜੋਤੀ ਜੋਤ ਮਿਲਾਇਕੇ ਸਤਿਗੁਰ ਨਾਨਕ ਰੂਪ ਵਟਾਇਆ’। ਭਟ ਮਥਰਾ ਅਨੁਸਾਰ : ‘ਜੋਤਿ ਰੂਪ ਹਰਿ ਆਪਿ ਗੁਰੂ ਨਾਨਕ ਕਹਾਯਉ। ਤਾਂ ਤੇ ਅੰਗਦ ਭਯਉ ਤਤ ਸਿਉ ਤਤ ਮਿਲਾਯਉ’। ਆਦਿ ਅਜਿਹੀਆਂ ਅਨੇਕਾਂ ਉਦਾਹਰਣਾ ਸਿੱਖ ਇਤਿਹਾਸ ਅਤੇ ਬਾਣੀ ਵਿਚੋਂ ਮਿਲਦੀਆਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਵਾਰਿਸ ਦੀ ਚੋਣ, ਆਪਣੇ ਜੀਵਨ-ਕਾਲ ਵਿਚ ਆਪ ਹੀ ਕਰ, ਉਸਨੂੰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਦੀ ਜ਼ਿਮੇਂਦਾਰੀ ਸੌਂਪਦੇ ਰਹੇ। ਇਥੇ ਇਕ ਹੋਰ ਹੈਰਾਨੀ ਦੀ ਗਲ ਉਸ ਸਮੇਂ ਸਾਹਮਣੇ ਆਈ ਜਦੋਂ ਸਿੱਖਾਂ ਦੀ ਇੱਕ ਉਚ ਪ੍ਰਤੀਨਿਧ ਜਥੇਬੰਦੀ ਦੇ ਇਕ ‘ਵਿਦਵਾਨ’ ਐਡਵੋਕੇਟ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਚਲ ਰਹੇ ਇੱਕ ਮਾਮਲੇ ਦੀ ਪੈਰਵੀ ਕਰਦਿਆਂ ਵਿਦਵਾਨ ਜੱਜਾਂ ਨੂੰ ਇਹ ਆਖ, ਹੈਰਾਨ ਕਰ ਦਿੱਤਾ ਕਿ ਇਸ ਗਲ ਦਾ ਕੋਈ ਪੁਖ਼ਤਾ ਸਬੂਤ ਨਹੀਂ ਕਿ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਸਾਹਿਬ ਤਕ, ਨੌਂ ਗੁਰੂ ਸਾਹਿਬਾਨ ਕੇਸਾਧਾਰੀ ਸਨ। ਵਿਦਵਾਨ ਜੱਜਾਂ ਨੇ ਉਸਨੂੰ ਫਿਟਕਾਰ ਪਾ, ਚੁਪ ਕਰਵਾ ਦਿਤਾ, ਨਹੀਂ ਤਾਂ ਪਤਾ ਨਹੀਂ ਉਹ ਇਤਿਹਾਸ ਦੇ ਹੋਰ ਕਿਤਨੇ ਹੀ ‘ਨਵੇਂ ਖੁਲਾਸੇ’ ਕਰ, ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਪਾ ਗਿਆ ਹੁੰਦਾ। ਪਤਾ ਨਹੀਂ ਉਸਨੇ ਆਪਣੀ ਨਿਜੀ ਜਾਂ ਸੰਬੰਧਤ ਜਥੇਬੰਦੀ ਵਲੋਂ ਉਪਲਬੱਧ ਕਰਵਾਈ ਜਾਣਕਾਰੀ ਦੇ ਆਧਾਰ ’ਤੇ ਇਹ ‘ਵਿਦਵਤਾ-ਪੂਰਣ ਖੁਲਾਸਾ’ ਕੀਤਾ ਸੀ, ਪਰ ਇਕ ਗਲ ਤਾਂ ਸਪਸ਼ਟ ਹੈ ਕਿ ਜਿਸ ਕਿਸੇ ਨੇ ਵੀ ਉਸਨੂੰ ਇਹ ਜਾਣਕਾਰੀ ਉਪਲਬਧ ਕਰਵਾਈ, ਸ਼ਾਇਦ ਉਸਨੂੰ ਇਸ ਗਲ ਦਾ ਪਤਾ ਨਹੀਂ ਕਿ ਸਿੱਖ ਇਤਿਹਾਸ ਤੇ ਬਾਣੀ ਵਿਚ ਇਸ ਗਲ ਦੇ ਕਈ ਪੁਖਤਾ ਸਬੂਤ ਮੌਜੂਦ ਹਨ, ਕਿ ਗੁਰੂ ਸਾਹਿਬਾਨ ਦੀ, ਅਰੰਭ ਤੋਂ ਹੀ ਪ੍ਰਮਾਤਮਾ ਵਲੋਂ ਬਖ਼ਸ਼ੇ ਸਰੂਪ ਨੂੰ ਕਾਇਮ ਰਖਣ ਪ੍ਰਤੀ ਪ੍ਰਤੀਬੱਧਤਾ ਚਲੀ ਆਉਂਦੀ ਰਹੀ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ : ‘ਨਾਪਾਕ ਪਾਕੁ ਕਰਿ ਹਦੂਰਿ ਹਦੀਸਾ। ਸਾਬਤ ਸੂਰਤਿ ਦਸਤਾਰ ਸਿਰਾ’। ਇਸੇ ਤਰ੍ਹਾਂ ਭਾਈ ਮਨੀ ਸਿੰਘ ਲਿਖਿਤ ਗਿਆਨ ਰਤਨਾਵਲੀ ਵਿਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਹੁਕਮ ਕੀਤਾ : ‘ਸਿਰ ਤੇ ਕੇਸ ਰਖਣੇ, ਪਿਛਲੀ ਰਾਤ ਸਤਿਨਾਮ ਦਾ ਜਾਪ ਜਪਣਾ ਅਰ ਇਹ ਕਿ ਸਾਧ ਸੰਤ ਆਵੰਦੇ ਜਾਂਦੇ ਦੀ ਸੇਵਾ ਟਹਲ ਕਰਨੀ’।
ਸਿੱਖ ਪੰਥ ਦੇ ਇਕ ਹੋਰ ‘ਬੁਧੀਜੀਵੀ- ਵਿਦਵਾਨ-ਇਤਿਹਾਸਕਾਰ’ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਸਿੱਖ ਇਤਿਹਾਸ ਲਿਖਿਐ, ਲਗਭਗ ਉਨ੍ਹਾਂ ਸਾਰਿਆਂ ਨੇ ਹੀ ‘ਯਬਲੀਆਂ’ ਮਾਰੀਆਂ ਹਨ। ਕੇਵਲ ਉਨ੍ਹਾਂ ਹੀ ਕਈ ਦਸ਼ਾਬਦੀਆਂ ਦੀ ਮਿਹਨਤ ਨਾਲ ‘ਖੋਜ’ ਕਰ, ਸਹੀ ਤੇ ਪ੍ਰਮਾਣਤ ‘ਮੁਕੰਮਲ ਸਿੱਖ ਤਵਾਰੀਖ਼’ ਲਿਖੀ ਹੈ। ਉਨ੍ਹਾਂ ਆਪਣੀ ਪੁਸਤਕ ਵਿਚ ਇਕ ਸਜਣ ਦੇ ਨਾਂ ਤੇ ਜੋ ‘ਮੁਖ ਬੰਦ’ ਛਾਪਿਆ ਹੈ, ਉਹ ਸਚਮੁਚ ਹੀ ਸਾਰਿਆਂ ਦਾ ‘ਮੂੰਹ ਬੰਦ’ ਕਰ ਦੇਣ ਵਾਲਾ ਹੈ। ਕਿਉਂਕਿ ਇਸ ਵਿਚ ਉਨ੍ਹਾਂ ਆਪਣੀ ਪ੍ਰਸ਼ੰਸਾ ਵਿਚ ਜ਼ਮੀਨ-ਅਸਮਾਨ ਦੇ ਕੁਲਾਬੇ ਮਿਲਾਉਣ ਦੇ ਨਾਲ ਹੀ, ਦੂਜੇ ਸਿੱਖ ਇਤਿਹਾਸਕਾਰਾਂ ਦਾ ਜੋ ਮਜ਼ਾਕ ਉਡਾਇਆ ਹੈ, ਉਹ ਪੜ੍ਹ, ਇਉਂ ਜਾਪਦਾ ਹੈ, ਜਿਵੇਂ ਕੇਵਲ ਉਹ ਹੀ ਗੁਰੂ ਨਾਨਕ ਦੇਵ ਜੀ ਤੋਂ ਅਜਤਕ ਦੇ ਸਮੇਂ ਦੇ ਸਮੁਚੇ ਸਿੱਖ ਇਤਿਹਾਸ ਦੇ ‘ਚਸ਼ਮਦੀਦ’ ਗੁਆਹ ਹਨ। ਇਨ੍ਹਾਂ ਆਪਣੀ ਖ਼ੋਜ ਦੇ ਆਧਾਰ ਤੇ ਆਪਣੇ ਇਤਿਹਾਸ ਵਿਚ ਜੋ ਨਵੇਂ ਤੱਥ ਪੇਸ਼ ਕੀਤੇ ਉਨ੍ਹਾਂ ਵਿਚੋਂ ਦੋ-ਕੁ ਨਮੂਨੇ ਵਜੋਂ ਪੇਸ਼ ਹਨ: (ੳ) ‘ਗੁਰੂ ਸਾਹਿਬ (ਗੁਰੂ ਗੋਬਿੰਦ ਸਿੰਘ ਜੀ) ਨੇ (ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਣ ਤੋਂ ਪਹਿਲਾਂ) ਆਪਣੇ ਮੂੰਹ ਵਿਚ ਅੰਮ੍ਰਿਤ ਦੀਆਂ ਬੂੰਦਾਂ ਪਾਈਆਂ ਤੇ ਫਿਰ ਪੰਜਾਂ ਪਿਆਰਿਆਂ ਨੂੰ ਪਾਹੁਲ ਦਿਤੀ’- ਇਨ੍ਹਾਂ ਅਨੁਸਾਰ, ‘ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦੇਣ, ਪਿਛੋਂ ਆਪ ਉਨ੍ਹਾਂ ਕੋਲੋਂ ਪਾਹੁਲ ਲੈਣ ਦੀ ਕਹਾਣੀ ਮਗਰੋਂ ਘੜੀ ਗਈ ਜਾਪਦੀ ਹੈ’। (ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਣ ਦੀ ਇਤਿਹਾਸਕ ਮਾਨਤਾ ਪੁਰ ਸੁਆਲੀਆ ਨਿਸ਼ਾਨ ਲਾਂਦਿਆਂ, ਇਹ ‘ਵਿਦਵਾਨ’ ਇਤਿਹਾਸਕਾਰ ਪੁਛਦੇ ਹਨ ਕਿ ‘ਕੀ ਲੋਹੇ ਦੀ ਤੱਤੀ ਤਵੀ ਤੇ ਕੋਈ ਇਨਸਾਨ (ਗੁਰੂ ਸਾਹਿਬ ਨੂੰ ਸਾਧਾਰਣ ਇਨਸਾਨ ਨਾਲ ਮਿਲਾਉਂਦਿਆਂ ਕਹਿੰਦੇ ਹਨ) ਤਿੰਨ ਦਿਨ ਬੈਠ ਸਕਦਾ ਹੈ?
ਇਹ ਤਾਂ ਕੇਵਲ ਦੋ ਹੀ ਉਦਾਹਰਣਾਂ ਹਨ। ਉਨ੍ਹਂਾਂ ਨੇ ਸਿੱਖ ਇਤਿਹਾਸ ਵਿਚ ਅਨੇਕਾਂ ਅਜਿਹੀਆਂ ‘ਨਵੀਆਂ ਖੋਜਾਂ’ ਪੇਸ਼ ਕੀਤੀਆਂ ਹਨ, ਜਿਨ੍ਹਾਂ ਕਾਰਣ ਪ੍ਰਮਾਣਤ ਸਿੱਖ ਇਤਿਹਾਸ ਦੇ ਸੰਬੰਧ ਵਿਚ ਕਈ ਭਰਮ-ਭੁਲੇਖੇ ਹੀ ਪੈਦਾ ਨਹੀਂ ਹੋ ਰਹੇ, ਸਗੋਂ ਉਨ੍ਹਾਂ ਕਾਰਣ, ਅਜਿਹੇ ਕਈ ਨਵੇਂ ਵਿਵਾਦ ਵੀ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੈ, ਜੋ ਆਮ ਸਿੱਖਾਂ ਵਿਚ ਸਿੱਖ ਇਤਿਹਾਸ ਦੀ ਮਾਨਤਾ ਬਾਰੇ ਕਈ ਤਰ੍ਹਾਂ ਦੀਆਂ ਦੁਬਿਧਾਵਾਂ ਪੈਦਾ ਕਰਨ ਦਾ ਕਾਰਣ ਬਣਨਗੇ ਅਤੇ ਸਮਾਂ ਆਉਣ ਤੇ ਉਹ ਉਨ੍ਹਾਂ ਦੇ ਦਿਲਾਂ ਵਿਚ ਆਪਣੇ ਹੀ ਇਤਿਹਾਸ ਦੇ ਬਹੁਮੁਲੇ ਵਿਰਸੇ ਬਾਰੇ ਸ਼ੰਕਾਵਾਂ ਪੈਦਾ ਕਰ, ਸਿੱਖੀ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਨੂੰ ਡਗਮਗਾ ਸਕਦੇ ਹਨ।
ਅਤੇ ਅੰਤ ਵਿੱਚ : ਦਿਲਚਸਪ ਗਲ ਇਹ ਵੀ ਹੈ ਕਿ ਅਜਿਹੇ ਅਖੌਤੀ ‘ਵਿਦਵਾਨ, ਖੋਜੀ ਅਤੇ ਇਤਿਹਾਸਕਾਰ’ ਸਿੱਖ-ਸੰਸਥਾਵਾਂ ਦੇ ਉਨ੍ਹਾਂ ਮੁਖੀਆਂ ਅਤੇ ਸਮਰਥਾਵਾਨ ਸਿੱਖਾਂ ਦਾ, ਆਪਣੀ ‘ਵਿਦਵਤਾ-ਪੂਰਣ ਖੋਜ’, ਸਿੱਖੀ ਪ੍ਰਤੀ ਦਰਦ ਹੋਣ ਦਾ ਭੁਲਾਵਾ ਦੇ, ਲਗਾਤਾਰ ਆਰਥਕ ਤੇ ਭਾਵਨਾਤਮਕ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ, ਜਿਨ੍ਹਾਂ ਦੇ ਦਿਲ ਵਿਚ ਸਿੱਖੀ ਵਿਚ ਆ ਰਹੇ ਨਿਘਾਰ ਕਾਰਣ ਉਪਜੀ ਅਥਾਹ ਪੀੜਾ ਅਤੇ ਉਸਨੂੰ ਬਚਾਣ ਦੀ ਤੀਬਰ ਭਾਵਨਾ ਹੈ।
ਘਰ ਵਿੱਚ ਹੀ ਨੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ



