Skip to content
Independent perspectives. Global stories.
BREAKING

ਅੱਭਿਆਸ ਹੀ ਹੈ ਅੰਗਰੇਜ਼ੀ ਸਿੱਖਣ ਦਾ ਮੰਤਰ

Share this story

‘‘ਅੰਗਰੇਜ਼ੀ ਨੇ ਪੰਜਾਬੀਆਂ ਨੂੰ ਬਹੁਤ ਤੰਗ ਕੀਤਾ ਹੈ, ਖਾਸ ਤੌਰ ’ਤੇ ਸਾਨੂੰ ਪਿੰਡਾਂ ’ਚ ਰਹਿਣ ਵਾਲਿਆਂ ਨੂੰ ਅਤੇ ਅੰਗਰੇਜ਼ੀ ਸਕੂਲਾਂ ’ਚ ਪੜ੍ਹਣ ਵਾਲਿਆਂ ਨੂੰ। ਮੇਰੇ ਕਿੰਨੇ ਹੀ ਸਾਥੀ ਅੰਗਰੇਜ਼ੀ ਦੇ ਡਰੋਂ ਦਸਵੀਂ ਤੋਂ ਪਹਿਲਾਂ ਹੀ ਸਕੂਲ ਛੱਡ ਆਏ ਅਤੇ ਹੋਰ ਬਹੁਤ ਸਾਰੇ ਅੰਗਰੇਜ਼ੀ ਵਿਸ਼ੇ ’ਚੋਂ ਫੇਲ ਹੋ ਕੇ ਸਕੂਲ ਨੂੰ ਅਲਵਿਦਾ ਕਹਿ ਗਏ। ਸਾਡੇ ਤਾਂ ਅਧਿਆਪਕ ਵੀ ਅੰਗਰੇਜ਼ੀ ਨੂੰ ਪੰਜਾਬੀ ’ਚ ਹੀ ਪੜ੍ਹਾਉਂਦੇ ਨੇ। ਉਨ੍ਹਾਂ ਨੂੰ ਵੀ ਤਾਂ ਮਸਾਂ ਖਾਣ-ਪੀਣ ਜੋਗੀ ਹੀ ਅੰਗਰੇਜ਼ੀ ਆਉਂਦੀ ਹੈ’’ ਇਸ ਕਿਸਮ ਦੀਆਂ ਟਿੱਪਣੀਆਂ ਮੈਨੂੰ ਅਕਸਰ ਸਿਵਲ ਸੇਵਾਵਾਂ ਦੀ ਸਿਖਲਾਈ ਲਈ ਇੰਟਰਵਿਊ ਦੌਰਾਨ ਸੁਣਨ ਨੂੰ ਮਿਲ ਜਾਂਦੀਆਂ ਹਨ। 2011 ਵਿੱਚ ਮੈਂ ਨਿੱਜੀ ਤੌਰ ’ਤੇ ਪੇਂਡੂ ਵਿਦਿਆਰਥੀਆਂ ਦੀ ਸਿਵਲ ਸੇਵਾਵਾਂ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੱਧ ਹਿੱਸੇਦਾਰੀ ਮੁਹਿੰਮ ਦਾ ਆਗਾਜ਼ 2011 ਵਿੱਚ ਕੀਤਾ ਸੀ। ਜਿਸ ਅਧੀਨ ਮੈਂ ਪਿੰਡਾਂ ਦੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਲਈ ਜਾਗਰੂਕ ਅਤੇ ਪ੍ਰੇਰਿਤ ਕਰਦਾ ਸੀ। ਮੈਨੂੰ ਸਭ ਤੋਂ ਵਧ ਸਵਾਲ ਅਤੇ ਖਦਸ਼ੇ ਅੰਗਰੇਜ਼ੀ ਨਾ ਆਉਣ ਜਾਂ ਘੱਟ ਆਉਣ ਬਾਰੇ ਹੁੰਦੇ ਸਨ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ’ਚ ਬੱਚਿਆਂ ਵੱਲੋਂ ਪੜ੍ਹਾਈ ਨੂੰ ਦਸਵੀਂ ਤੋਂ ਪਹਿਲਾਂ ਤਿਸਾਂਜਲੀ ਦੇਣ ਦਾ ਇੱਕ ਵੱਡਾ ਕਾਰਨ ਅੰਗਰੇਜ਼ੀ ਦਾ ਡਰ ਹੁੰਦਾ ਹੈ। ਜਿਹੜਾ ਬੱਚਾ ਔਖਾ ਸੁਖਾਲਾ ਪਾਸ ਹੋ ਜਾਂਦਾ ਹੈ ਉਸ ਦਾ ਹੀਣਤਾ ਦੇ ਭਾਵ ਤੋਂ ਬੱਚ ਨਿਕਲਣਾ ਵੀ ਔਖਾ ਕੰਮ ਹੈ। ਹਾਂ, ਜਿਸ ਬੱਚੇ ਨੂੰ ਚੰਗੀ ਕਿਸਮਤ ਨਾਲ ਕੋਈ ਚੰਗਾ ਅਧਿਆਪਕ ਮਿਲ ਜਾਂਦਾ ਹੈ ਉਹ ਬੱਚਾ ਫਿਰ ਕਾਮਯਾਬ ਇਨਸਾਨ ਬਣ ਜਾਂਦਾ ਹੈ।
ਪੰਜਾਬ ਦੇ ਵਿਦਿਆਰਥੀਆਂ ਦੀ ਸਿਵਲ ਸੇਵਾਵਾਂ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਮਾੜੀ ਕਾਰਗੁਜ਼ਾਰੀ ਦਾ ਇੱਕ ਵੱਡਾ ਕਾਰਨ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਨਾ ਹੋਣਾ ਹੈ। ਬਿਹਾਰ ਦੇ ਵਿਦਿਆਰਥੀ ਕਿਉਂ ਚੰਗੇ ਨਤੀਜੇ ਦਿੰਦੇ ਹਨ ਕਿਉਂਕਿ ਉਹ ਆਈਏਐਸ ਦੀ ਪ੍ਰੀਖਿਆ ਹਿੰਦੀ ਵਿੱਚ ਦਿੰਦੇ ਹਨ। ਜਿਸ ਕਿਸਮ ਦੀ ਔਖੀ ਹਿੰਦੀ ਆਈਏਐਸ ’ਚ ਹੁੰਦੀ ਹੈ ਉਹ ਪੰਜਾਬੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਤੋਂ ਵੀ ਔਖੀ ਲਗਦੀ ਹੈ। ਅੰਗਰੇਜ਼ੀ ਤਾਂ ਔਖੀ ਲਗਦੀ ਹੀ ਹੈ। ਰਹੀ ਗੱਲ ਪੰਜਾਬੀ ਦੀ, ਪੰਜਾਬੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਜ ਸਕਦੀ ਹੈ। ਪਰ ਮੁਸ਼ਕਿਲ ਇਹ ਹੈ ਕਿ ਪੰਜਾਬੀ ਵਿੱਚ ਸਮੱਗਰੀ ਦੀ ਬਹੁਤ ਘਾਟ ਹੈ। ਆਈਏਐਸ ਅਤੇ ਪੀਸੀਐਸ ਦੀ ਪ੍ਰੀਖਿਆਵਾਂ ਦੀ ਤਿਆਰੀ ਲਈ ਸਮੱਗਰੀ ਤਾਂ ਅਜੇ ਦੂਰ ਦੀ ਗੱਲ ਅਸੀਂ ਤਾਂ ਅਜੇ ਪੱਤਰਕਾਰੀ ਵਰਗੇ ਵਿਸ਼ੇ ਦੀ ਸਮੱਗਰੀ ਦੀ ਘਾਟ ਨੂੰ ਵੀ ਪੂਰਾ ਨਹੀਂ ਕਰ ਸਕੇ। ਮੇਰੇ ਉਕਤ ਕਥਣ ਤੋਂ ਇਹ ਨਤੀਜਾ ਕੱਢ ਲੈਣਾ ਗਲਤ ਹੋਵੇਗਾ ਕਿ ਅਜਿਹੇ ਹਾਲਾਤ ਵਿੱਚ ਵਿਦਿਆਰਥੀ ਪੰਜਾਬੀ ਮਾਧਿਅਮ ਰੱਖ ਕੇ ਆਈਏਐਸ ਦੀ ਪ੍ਰੀਖਿਆ ਵਿੱਚ ਸਫਲ ਨਹੀਂ ਹੋ ਸਕਦੇ। ਮੈਂ ਇਹ ਇਹ ਕਹਿੰਦਾ ਹਾਂ ਸਫਲ ਹੋ ਸਕਦੇ ਹਾਂ, ਬਿਲਕੁਲ ਹੋ ਸਕਦੇ ਹਨ। ਜਲੰਧਰ ਦੇ ਮੌਜੂਦਾ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਪੰਜਾਬੀ ਮਾਧਿਅਮ ਰਾਹੀਂ ਸਫਲ ਹੋਣ ਵਾਲੇ ਪਹਿਲੇ ਵਿਦਿਆਰਥੀ ਹਨ। ਇਸ ਤਰ੍ਹਾਂ ਬਲਵਿੰਦਰ ਸਿੰਘ ਵੀ ਪੰਜਾਬੀ ਮਾਧਿਅਮ ਰਾਹੀਂ ਪਾਸ ਹੋਆਇ ਸੀ। ਜੋ ਵੀ ਪੰਜਾਬੀ ਮਾਧਿਅਮ ਰਾਹੀਂ ਪਾਸ ਹੋਏ ਹਨ ਉਨ੍ਹਾਂ ਦੀ ਅੰਗਰੇਜ਼ੀ ਦੀ ਯੋਗਤਾ ਵੀ ਕਾਫੀ ਸੀ। ਵਰਿੰਦਰ ਸ਼ਰਮਾ ਨੇ ਖੁਦ ਅੰਗਰੇਜ਼ੀ ’ਚੋਂ ਸਮੱਗਰੀ ਲੈ ਕੇ ਪੰਜਾਬੀ ’ਚ ਨੋਟਿਸ ਤਿਆਰ ਕੀਤੇ ਹਨ। ਅਰਥ ਸਪਸ਼ਟ ਹੈ ਕਿ ਭਾਵੇਂ ਤੁਸੀਂ ਪੰਜਾਬੀ ਮਾਧਿਅਮ ਰੱਖਣਾ ਹੈ ਅਤੇ ਭਾਵੇਂ ਅੰਗਰੇਜ਼ੀ ਤੁਹਾਨੂੰ ਦੋਵੇਂ ਭਾਸ਼ਣਾਂ ਦਾ ਗਿਆਨ ਹੋਣਾ ਲਾਜ਼ਮੀ ਹੈ।
ਆਈਏਐਸ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਅੰਗਰੇਜ਼ੀ ਭਾਸ਼ਾ ਦੇ ਗਿਆਨ ਦੀ ਗੱਲ ਜੇ ਇੱਕ ਪਾਸੇ ਵੀ ਰੱਖ ਦੇਈਏ ਤਾਂ ਵੀ ਅੰਗਰੇਜ਼ੀ ਨੇ ਪੰਜਾਬ ਨੂੰ ਅੰਗਰੇਜ਼ਾਂ ਤੋਂ ਵਧ ਦੁਖੀ ਕੀਤਾ ਹੋਇਆ ਹੈ। ਹਰ ਵਰ੍ਹੇ ਕਰਜ਼ਈ ਪੰਜਾਬ ਦੇ ਕਰੋੜਾਂ ਰੁਪਏ ਆਈਈਐਲਟੀਐਸ, ਟੀਓਈਐਫਐਲ ਅਤੇ ਜੀਆਰਈ ਆਦਿ ਦੇ ਇਮਤਿਹਾਨਾਂ ਰਾਹੀਂ ਪੰਜਾਬ ਤੋਂ ਬਾਹਰ ਜਾ ਰਿਹਾ ਹੈ। ਪੰਜਾਬੀ ਵਿੱਚ ਅੰਗਰੇਜ਼ੀ ਭਾਸ਼ਾ ਦਾ ਬਿਜਨਿਸ ਅਰਬਾਂ ਰੁਪਏ ਸਾਲਾਨਾ ਤੋਂ ਵਧ ਹੋ ਚੁੱਕਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦਾ ਘੱਟ ਗਿਆਨ ਹੈ, ਉਹ ਅਹਿਸਾਸ-ਏ-ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੇ ਹਨ। ਨੂੰ ਜਦੋਂ ਵੀ ਕੋਈ ਵਿਦਿਆਰਥੀ ਜਾਂ ਵਿਦਿਆਰਥਣ ਮੇਰੇ ਕੋਲ ਇਸ ਕਿਸਮ ਦੀ ਸਮੱਸਿਆ ਲੈ ਕੇ ਆਉਂਦੇ ਹਨ ਤਾਂ ਮੇਰਾ ਸਿੱਧਾ ਤੇ ਸਪਸ਼ਟ ਜਵਾਬ ਹੁੰਦਾ ਹੈ ਕਿ ਡਰੋ ਨਾ ਅਭਿਆਸ ਕਰੋ। ਇਸ ਦਾ ਤਾਂ ਇੱਕੋ ਇੱਕ ਇਲਾਜ ਅਭਿਆਸ ਹੈ। ਬੋਲਣ ਅਤੇ ਲਿਖਣ ਦੀ ਪ੍ਰੈਕਟਿਸ ਹੈ। ਅੰਗਰੇਜ਼ੀ ਤਾਂ ਸਾਈਕਲਿੰਗ ਜਾਂ ਸਵਿਮਿੰਗ ਵਾਂਗ ਕਰਨ ਨਾਲ ਹੀ ਆਉਣੀ ਹੈ। ਜੇ ਤੈਰਨਾ ਸਿੱਖਣਾ ਹੈ ਤਾਂ ਤਲਾਅ ਵਿੱਚ ਛਾਲ ਮਾਰਨੀ ਹੀ ਪਵੇਗੀ। ਜੇ ਡਾਂਸ ਸਿੱਖਣਾ ਹੈ ਹੋਵੇ ਤਾਂ ਨੱਚਣਾ ਹੀ ਪੈਂਦਾ ਹੈ। ਕਿਤਾਬਾਂ ਪੜ੍ਹ ਕੇ ਨਾ ਨੱਚਣਾ ਸਿੱਖ ਸਕਦੇ ਹੋ ਅਤੇ ਨਾ ਹੀ ਤੈਰਨਾ। ਜੋ ਅੰਗਰੇਜ਼ੀ ਵਿੱਚ ਮਾਹਿਰ ਹੋਣਾ ਚਾਹੁੰਦਾ ਹੈ, ਉਹ ਅਭਿਆਸ ਕਰੇ, ਲਗਾਤਾਰ ਅਭਿਆਸ ਕਰੇ। ਅਭਿਆਸ ਹੀ ਹੈ ਭਾਸ਼ਾ ’ਚ ਮਾਹਿਰ ਹੋਣ ਦਾ ਮੰਤਰ।
ਅਮਰੀਕਾ ਦੇ ਮਹਾਨ ਤੈਰਾਕ ਮਾਈਕਲ ਫਿਲਪਸ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਬੜੇ ਖੁਸ਼ਕਿਸਮਤ ਹੋ ਜੋ ਏਨੇ ਗੋਲਡ ਮੈਡਲ ਜਿੱਤ ਲਏ ਹਨ। ਉਸ ਦਾ ਜਵਾਬ ਸੀ ‘‘ਕਿਹੜੀ ਕਿਸਮਤ’’, ਮੈਂ ਕੋਈ ਕਿਸਮਤ ਵਾਲਾ ਨਹੀਂ ਹਾਂ। ਇਹ ਜੋ ਓਲੰਪਿਕ ਵਿੱਚ ਮੈਂ 23 ਗੋਲਡ ਮੈਡਲ ਜਿੱਤੇ ਹਨ ਇਹ ਮੇਰੀ ਪ੍ਰੈਕਟਿਸ ਅਤੇ ਮਿਹਨਤ ਦੀ ਕਮਾਈ ਹਨ। ਮੈਂ ਪਿਛਲੇ 15-20 ਸਾਲ ਤੋਂ ਬਿਨਾ ਨਾਗਾ, ਬਿਨਾ ਕੋਈ ਛੁੱਟੀ ਕੀਤੇ ਰੋਜ਼ਾਨਾ 8 ਘੰਟੇ ਅਭਿਆਸ ਕਰਦਾ ਹਾਂ। ਇਹ ਅਭਿਆਸ ਹੀ ਹੈ ਜੋ ਮੈਨੂੰ ਜੇਤੂ ਬਣਾਉਂਦਾ ਹੈ। ਮਾਈਕਲ ਠੀਕ ਹੀ ਕਹਿੰਦਾ ਹੈ ਜੇ ਤੁਸੀਂ ਵੀ ਜੇਤੂ ਬਣਨਾ ਚਾਹੁੰਦੇ ਹੋ, ਅਭਿਆਸ ਕਰੋ। ਰੋਜ਼ਾਨਾ ਲਿਖਣ, ਸੁਣਨ ਅਤੇ ਬੋਲਣ ਦਾ ਅਭਿਆਸ ਕਰੋ। ਦਰਪਣ ਨੂੰ ਸਾਥੀ ਬਣਾਓ। ਹੀਣ ਭਾਵਨਾ ਨੂੰ ਭਜਾਓ। ਅਭਿਆਸ ਕਰੋਗੇ ਤਾਂ ਅੰਗਰੇਜ਼ੀ ਤਾਂ ਕੀ ਹਰ ਭਾਸ਼ਾ ’ਚ ਮਾਹਿਰ ਬਣ ਜਾਓਗੇ।

WRITTEN BY