Skip to content
Independent perspectives. Global stories.
BREAKING

ਕਸ਼ਮੀਰ ’ਚ ਖੂਨ ਖਰਾਬਾ ਰੋਕਿਆ ਜਾਵੇ

Share this story

ਜੰਮੂ-ਕਸ਼ਮੀਰ ਵਿੱਚ ਇਸ ਸਮੇਂ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ। ਪੁਲਿਸ ਅਤੇ ਫੌਜ ਤਾਕਤ ਦੀ ਬੇਲੋੜੀ ਵਰਤੋਂ ਕਰ ਰਹੇ ਹਨ। ਜਹਾਦੀ ਜਥੇਬੰਦੀਆਂ ਦੇ ਕਾਰਕੁੰਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਮੌਤ ਦੀ ਗਰਾਹੀ ਬਣਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੀ ਗਠਜੋੜ ਸਰਕਾਰ ਬੇਬਸੀ ਨਾਲ ਹਾਲਾਤਾਂ ਵੱਲ ਦੇਖ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਕੇਂਦਰ ਸਰਕਾਰ ਨੂੰ ਖੂਨ ਖਰਾਬਾ ਰੋਕਣ ਦੀਆਂ ਅਪੀਲਾਂ ਕਰ ਰਹੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਫੌਜ, ਨੀਮ ਫੌਜੀ ਦਸਤੇ ਅਤੇ ਪੁਲਿਸ ਖੁਲ੍ਹੇਆਮ ਖੂਨ ਦੀ ਹੋਲੀ ਖੇਡ ਰਹੇ ਹਨ। ਵਿਰੋਧ ਪ੍ਰਦਰਸ਼ਨ ਕਰ ਰਹੇ ਆਮ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ। ਸੋਫੀਆ ਵਿਖੇ ਹੋਇਆ ਖੂਨ ਖਰਾਬਾ ਇਸ ਦੀ ਮਿਸਾਲ ਹੈ। ਇਸ ਖੂਨ ਖਰਾਬੇ ਦੇ ਰੋਸ ਵਜੋਂ ਲਗਾਤਾਰ ਤਿੰਨ ਦਿਨ ਕਸ਼ਮੀਰ ਵਿੱਚ ਪੂਰੀ ਤਰ੍ਹਾਂ ਬੰਦ ਰਿਹਾ ਹੈ। ਲੋਕਾਂ ਅੰਦਰ ਭਾਰੀ ਗੁੱਸਾ ਹੈ। ਸੋਫੀਆ ਵਿਖੇ ਇਕ ਕਥਿਤ ਮੁਕਾਬਲੇ ਵਿੱਚ ਕਸ਼ਮੀਰ ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫੈਸਰ ਨੂੰ ਵੀ ਮਾਰ ਦਿੱਤਾ ਗਿਆ। ਸੂਬੇ ਦੀ ਮੁੱਖ ਮੰਤਰੀ ਕਹਿ ਰਹੀ ਹੈ ਕਿ ਕਸ਼ਮੀਰ ਦਾ ਮਸਲਾ ਬੰਦੂਕਾਂ ਨਾਲ ਹੱਲ ਹੋਣ ਵਾਲਾ ਨਹੀਂ ਹੈ ਪਰ ਇਹ ਤਰਾਸਦੀ ਹੈ ਕਿ ਸਰਕਾਰ ਬੰਦੂਕਾਂ ਨਾਲ ਹੀ ਇਸ ਮਸਲੇ ਦਾ ਹੱਲ ਕਰਨ ਲੱਗੀ ਹੋਈ ਹੈ। ਮੌਜੂਦਾ ਹਾਲਾਤਾਂ ਵਿੱਚ ਸਭ ਤੋਂ ਮਾੜੀ ਹਾਲਤ ਭਾਜਪਾ ਨਾਲ ਰਲ ਕੇ ਗਠਜੋੜ ਸਰਕਾਰ ਚਲਾ ਰਹੀ ਪੀ.ਡੀ.ਪੀ. ਦੀ ਹੈ। ਵਿਰੋਧੀ ਸਿਆਸੀ ਧਿਰਾਂ ਦੀ ਭੂਮਿਕਾ ਵੀ ਬਹੁਤੀ ਹਾਂ ਪੱਖੀ ਨਹੀਂ ਹੈ। ਸਭ ਖੂਨ ਖਰਾਬੇ ਦਾ ਤਮਾਸ਼ਾ ਦੇਖ ਰਹੇ ਹਨ। ਜੰਮੂ-ਕਸ਼ਮੀਰ ਮਸਲੇ ਦੇ ਹੱਲ ਲਈ ਸਿਆਸੀ ਪਹਿਲਕਦਮੀ ਦੀ ਗੱਲ ਹੁਣ ਪਿੱਛੇ ਰਹਿ ਗਈ ਹੈ। ਕੇਂਦਰ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਕਸ਼ਮੀਰ ਵਿੱਚ ਖੂਨ ਖਰਾਬੇ ਨਾਲ ਅਗਾਮੀ ਲੋਕ ਸਭਾ ਚੋਣਾਂ ਜਿੱਤਣ ਲਈ ਮਨਸੂਬੇ ਬਣਾ ਰਹੀ ਹੈ। ਇਸ ਮਨਸੂਬੇ ਤਹਿਤ ਹੀ ਸੁਰੱਖਿਆ ਦਲਾਂ ਅਤੇ ਫੌਜ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਦੇ ਹਾਲਾਤ ਇਸ ਸਮੇਂ ਬਹੁਤ ਹੀ ਨਾਜ਼ਕ ਮੋੜ ’ਤੇ ਹਨ। ਆਮ ਲੋਕਾਂ ਲਈ ਜ਼ਿੰਦਗੀ ਬਹੁਤ ਹੀ ਕਠਿਨ ਹੋ ਗਈ ਹੈ। ਚੁਣੀ ਹੋਈ ਸਰਕਾਰ ਹੋਣ ਦੇ ਬਾਵਜੂਦ ਜੰਮੂ-ਕਸ਼ਮੀਰ ਵਿੱਚ ਲੋਕਤੰਤਰ ਨਾਂਅ ਦੀ ਕੋਈ ਚੀਜ਼ ਨਹੀਂ ਦਿਸ ਰਹੀ। ਆਮ ਲੋਕਾਂ ਨੂੰ ਤਸ਼ੱਦਦ ਅਤੇ ਜ਼ੁਲਮ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕੇਂਦਰ ਸਰਕਾਰ ਕਸ਼ਮੀਰੀਆਂ ਨਾਲ ਦੂਸਰੇ ਦਰਜੇ ਦਾ ਵਿਵਹਾਰ ਕਰ ਰਹੀ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਇਹ ਬਹੁਤ ਹੀ ਖਤਰਨਾਕ ਪ੍ਰਯੋਗ ਹੈ। ਲੋਕਤੰਤਰੀ ਅਤੇ ਮਾਨਵਾਦੀ ਸ਼ਕਤੀਆਂ ਨੂੰ ਇਸ ਦਾ ਵਿਰੋਧ ਕਰਨਾ ਹੋਵੇਗਾ।
11 ਮਈ 2018 – ਬਲਜੀਤ ਸਿੰਘ ਬਰਾੜ

WRITTEN BY