June 22, 2026 8:33 am

ਕੌਮੀ ਫਿਲਮ ਪੁਰਸਕਾਰਾਂ ਸਬੰਧੀ ਵਿਵਾਦ

ਪੁਰਸਕਾਰ ਕਿਸੇ ਨਾ ਕਿਸੇ ਰੂਪ ਵਿੱਚ ਹਮੇਸ਼ਾਂ ਵਿਵਾਦ ਵਿੱਚ ਹੀ ਰਹਿੰਦੇ ਹਨ। ਕਦੇ ਇਸ ਗੱਲ ਦਾ ਵਿਵਾਦ ਛਿੜਦਾ ਹੈ ਕਿ ਪੁਰਸਕਾਰਾਂ ਲਈ ਚੋਣ ਸਹੀ ਨਹੀਂ ਹੈ। ਤਾਜ਼ਾ ਵਿਵਾਦ ਇਸ ਗੱਲ ਲਈ ਛਿੜਿਆ ਹੈ ਕਿ ਕੌਮੀ ਫਿਲਮ ਪੁਰਸਕਾਰਾਂ ਦੀ ਵੰਡ ਖੁਦ ਮਹਾਮਹਿਮ ਰਾਸ਼ਟਰਪਤੀ ਜੀ ਨੇ ਕਿਉਂ ਨਹੀਂ ਕੀਤੀ। ਕੁਝ ਵੀ ਹੋਵੇ ਅਜਿਹੇ ਵਿਵਾਦ ਪੁਰਸਕਾਰਾਂ ਨੂੰ ਕਲੰਕਿਤ ਕਰਦੇ ਹਨ। ਇਸ ਨਾਲ ਪੁਰਸਕਾਰਾਂ ਨੂੰ ਦੇਣ ਦਾ ਮਕਸਦ ਹੀ ਖਤਮ ਹੋ ਜਾਂਦਾ ਹੈ। ਉਂਝ ਇਹ ਤਸਲੀ ਵਾਲੀ ਗੱਲ ਹੈ ਕਿ ਇਸ ਵਾਰ ਕੌਮੀ ਫਿਲਮ ਪੁਰਸਕਾਰਾਂ ਦੀ ਚੋਣ ਉਪਰ ਕੋਈ ਟੀਕਾ-ਟਿੱਪਣੀ ਨਹੀਂ ਹੋਈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਨਿਕਲਦਾ ਹੈ ਕਿ ਇਸ ਵਾਰ ਪੁਰਸਕਾਰਾਂ ਦੀ ਚੋਣ ਬਹੁਤ ਹੀ ਸੁੱਚਜੇ ਢੰਗ ਨਾਲ ਹੋਈ ਹੈ। ਜੇਕਰ ਪੁਰਸਕਾਰਾਂ ਦੀ ਵੰਡ ਲਈ ਸਮਾਰੋਹ ਦੌਰਾਨ ਲੋੜੀਂਦਾ ਤਾਲਮੇਲ ਰੱਖਿਆ ਜਾਂਦਾ ਤਾਂ ਸ਼ਾਇਦ ਪੁਰਸਕਾਰਾਂ ਸਬੰਧੀ ਤਾਜ਼ਾ ਵਿਵਾਦ ਪੈਦਾ ਹੀ ਨਹੀਂ ਹੋਣਾ ਸੀ। ਪੁਰਸਕਾਰ ਸਮਾਰੋਹ ਵਿੱਚ ਹਾਜ਼ਰ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਵੱਲੋਂ ਕੁਝ ਚੋਣਵੇਂ ਜੇਤੂਆਂ ਨੂੰ ਹੀ ਆਪਣੇ ਹਥੀਂ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਕਾਰਨ 65ਵਾਂ ਕੌਮੀ ਫਿਲਮ ਪੁਰਸਕਾਰ ਵੰਡ ਸਮਾਰੋਹ ਵਿਵਾਦਾਂ ’ਚ ਘਿਰ ਗਿਆ। ਕਈ ਪੁਰਸਕਾਰ ਜੇਤੂ ਕਲਾਕਾਰ ਸਮਾਰੋਹ ਦੌਰਾਨ ਇਨਾਮ ਲੈਣ ਲਈ ਨਹੀਂ ਪੁੱਜੇ। ਵਿਗਿਆਨ ਭਵਨ ਵਿੱਚ ਹੋਇਆ। ਇਹ ਸਮਾਰੋਹ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ। ਸਮਾਰੋਹ ਦੇ ਪਹਿਲੇ ਪੜਾਅ ਦੌਰਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਜਵਰਧਨ ਸਿੰਘ ਰਾਠੌੜ ਵੱਲੋਂ ਇਨਾਮ ਵੰਡੇ ਗਏ। ਦੂਜੇ ਪੜਾਅ ਦੌਰਾਨ ਮਰਹੂਮ ਵਿਨੋਦ ਖੰਨਾ ਤੇ ਸ੍ਰੀਦੇਵੀ ਲਈ ਐਲਾਨੇ ਗਏ ਦਾਦਾਸਾਹਿਬ ਫ਼ਾਲਕੇ ਤੇ ਸਰਵੋਤਮ ਅਦਾਕਾਰਾ ਦੇ ਖ਼ਿਤਾਬ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਵੱਲੋਂ ਆਪਣੇ ਹਥੀਂ ਦਿਤੇ ਗਏ। ਸਮਾਰੋਹ ਦੀ ਰਿਹਰਸਲ ਦੌਰਾਨ ਜਦੋਂ ਪੁਰਸਕਾਰ ਜੇਤੂਆਂ ਨੂੰ ਦਸਿਆ ਗਿਆ ਕਿ ਸਾਰੇ ਜੇਤੂਆਂ ਦੀ ਥਾਂ ਕੁਝ ਚੋਣਵੇਂ ਜੇਤੂਆਂ ਨੂੰ ਹੀ ਰਾਸ਼ਟਰਪਤੀ ਆਪਣੇ ਹਥੀਂ ਪੁਰਸਕਾਰ ਦੇਣਗੇ ਤਾਂ ਉਦੋਂ ਤੋਂ ਹੀ ਇਸ ਸਬੰਧੀ ਵਿਵਾਦ ਸ਼ੁਰੂ ਹੋ ਗਿਆ ਸੀ। ਰਵਾਇਤੀ ਤੌਰ ’ਤੇ ਰਾਸ਼ਟਰਪਤੀ ਖ਼ੁਦ ਆਪਣੇ ਹਥੀਂ ਸਾਰੇ ਕੌਮੀ ਫਿਲਮ ਐਵਾਰਡ ਦਿੰਦੇ ਹਨ। ਰਾਸ਼ਟਰਪਤੀ ਦਫਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੋਂ ਇਸ ਸਬੰਧੀ ਪਤਰ ਜਾਰੀ ਹੋਣ ’ਤੇ ਕਿ ਰਾਸ਼ਟਰਪਤੀ ਸਿਰਫ਼ 11 ਜੇਤੂਆਂ ਨੂੰ ਪੁਰਸਕਾਰ ਦੇਣਗੇ ਤਾਂ ਬਾਅਦ ’ਚ ਕਰੀਬ 70 ਕਲਾਕਾਰਾਂ ਨੇ ਸਮਾਰੋਹ ਵਿਚ ਸ਼ਿਰਕਤ ਕਰਨ ਤੋਂ ਨਾਂਹ ਕਰ ਦਿੱਤੀ। ਕਲਾਕਾਰ ਇਸ ਨੂੰ ਖੁਦ ਦੀ ਬੇਇਜ਼ਤੀ ਸਮਝਦੇ ਸਨ। ਜੇਕਰ ਸਾਰੀਆਂ ਧਿਰਾਂ ਲੋੜੀਂਦੇ ਤਾਲਮੇਲ ਨਾਲ ਚੱਲਦੀਆਂ ਤਦ ਸ਼ਾਇਦ ਅਜਿਹਾ ਵਿਵਾਦ ਪੈਦਾ ਨਾ ਹੁੰਦਾ। ਉਂਝ ਇਹ ਵਿਵਾਦ ਬਹੁਤ ਮੰਦਭਾਗਾ ਹੈ। ਇਸ ਨਾਲ ਪੁਰਸਕਾਰਾਂ ਦੀ ਸ਼ਾਖ ਉਪਰ ਧੱਬਾ ਲੱਗਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਣਯੋਗ ਮਹਾਮੁਹਿਮ ਰਾਸ਼ਟਰਪਤੀ ਜੀ ਨੂੰ ਅਜਿਹੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿੱਚ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ। ਪ੍ਰਬੰਧਕਾਂ ਅਤੇ ਸਾਰੇ ਕਲਾਕਾਰਾਂ ਨੂੰ ਇਸ ਸਬੰਧ ਵਿੱਚ ਵਿਸ਼ੇਸ਼ ਅਨੁਸਾਸ਼ਨ ਅਤੇ ਚੌਕਸੀ ਰੱਖਣੀ ਹੋਵੇਗੀ।
5 ਮਈ 2018 – ਬਲਜੀਤ ਸਿੰਘ ਬਰਾੜ

Send this to a friend