ਇਤਿਹਾਸ ਕਿਸੇ ਵੀ ਕੌਮ, ਸਮਾਜ ਜਾਂ ਦੇਸ਼ ਦਾ ਲਾਸਾਨੀ ਖ਼ਜ਼ਾਨਾ ਹੁੰਦਾ ਹੈ। ਇਹ ਕੌਮਾਂ ਲਈ ਕਿੰਨਾ ਜ਼ਰੂਰੀ ਅਤੇ ਮਹੱਤਵਪੂਰਨ ਹੁੰਦਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੰਸਾਰ ਵਿਚ ਹਰ ਕੌਮ, ਨਸਲ, ਦੇਸ਼, ਭੂਗੋਲਿਕ ਖਿੱਤੇ ਅਤੇ ਧਰਮ ਆਦਿ ਦੇ ਲੋਕ ਆਪੋ ਆਪਣਾ ਗੌਰਵਮਈ ਇਤਿਹਾਸ ਨੂੰ ਹਰ ਹੀਲੇ ਸੰਭਾਲ ਕੇ ਰੱਖਦੇ ਹਨ। ਇਤਿਹਾਸ ਦੀ ਰੌਸ਼ਨੀ ਵਿੱਚ ਹੀ ਹਰ ਕੋਈ ਆਪਣੇ ਭਵਿੱਖੀ ਰਾਹਾਂ ਦੀ ਤਲਾਸ਼ ਕਰਦਾ ਹੈ ਅਤੇ ਆਪਣਾ ਨਵਾਂ ਇਤਿਹਾਸ ਸਿਰਜਦਾ ਹੈ। ਜੋ ਲੋਕ ਆਪਣੇ ਇਤਿਹਾਸ ਨੂੰ ਵਿਸਾਰ ਦਿੰਦੇ ਹਨ ਉਨ੍ਹਾਂ ਦੀ ਤੁਲਨਾ ਉਸ ਬੇੜੀ ਨਾਲ ਕੀਤੀ ਜਾ ਸਕਦੀ ਹੈ ਜਿਸ ਦਾ ਕੋਈ ਮਲਾਹ ਹੀ ਨਾ ਹੋਵੇ। ਇੱਥੇ ਰਸੂਲ ਹਮਜ਼ਾਤੋਵ ਦੀ ਇਹ ਧਾਰਨਾ ਕਿ ਜੇ ਤੁਸੀਂ ਭੂਤਕਾਲ ਉਪਰ ਗੋਲੀ ਚਲਾਉਂਗੇ ਤਾਂ ਭਵਿੱਖ ਤੁਹਾਨੂੰ ਤੋਪ ਦੇ ਗੋਲੇ ਨਾਲ ਫੁੰਡੇਗਾ, ਬਹੁਤ ਹੀ ਅਰਥ-ਭਰਪੂਰ ਪ੍ਰਤੀਤ ਹੁੰਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਭਾਰਤ ਵਿੱਚ ਇਤਿਹਾਸ ਸਬੰਧੀ ਦੋ ਪ੍ਰਮੁੱਖ ਦ੍ਰਿਸ਼ਟੀਆਂ ਪ੍ਰਚਲਿਤ ਸਨ। ਪਹਿਲੀ ਸੀ ਆਰਿਆਈ ਇਤਿਹਾਸਕ ਦ੍ਰਿਸ਼ਟੀ ਜੋ ਕਿ ਇਤਿਹਾਸ ਨੂੰ ਗਤੀ ਦੇਣ ਵਾਲੀ ਸਮੇਂ ਦੀ ਚਾਲ ਨੂੰ ਸਰਕੂਲਰ ਮੰਨਦੀ ਹੋਈ ਮਿਥ ਦੀ ਸਿਰਜਨਾ ਦਾ ਝੁਕਾਅ ਰੱਖਦੀ ਸੀ। ਇਸ ਵਿੱਚ ਨਾਇਕ ਪ੍ਰਾਭੌਤਿਕ ਬੁਲੰਦੀ ਤਾਂ ਧਾਰਨ ਕਰ ਜਾਂਦਾ ਸੀ ਪਰ ਮਨੁੱਖ ਦਾ ਇਤਿਹਾਸਕ ਰਹਿਨੁਮਾ ਨਹੀਂ ਸੀ ਬਣਦਾ। ਦੂਜੀ ਸੀ ਸੈਮਟਿਕ ਇਤਿਹਾਸਕ ਦ੍ਰਿਸ਼ਟੀ ਜੋ ਕਿ ਸਮੇਂ ਦੀ ਤੋਰ ਨੂੰ ਲਕੀਰੀ ਮੰਨਦੀ ਸੀ।ਇਸ ਵਿੱਚ ਇਤਿਹਾਸ ਦੇ ਮਹਾਂਨਾਇਕ ਦਾ ਵੀ ਸਮੇਂ ਦੀ ਧੂੜ ਵਿੱਚ ਧੁੰਦਲੇ ਪੈ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ। ਪ੍ਰੰਤੂ ਪੰਜਾਬ ਦਾ ਗੁਰ ਇਤਿਹਾਸ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਵਿੱਚੋਂ ਵੀ ਆਪਣਾ ਆਧਾਰ ਪ੍ਰਾਪਤ ਕਰਦਾ ਹੈ। ਇਸ ਲਈ ਇਹ ਇਤਿਹਾਸ ਇੱਕ ਨਵੀਂ ਇਤਿਹਾਸਕ ਦ੍ਰਿਸ਼ਟੀ ਨੂੰ ਜਨਮ ਦਿੰਦਾ ਹੈ ਜਿੱਥੇ ਮਹਾਂਨਾਇਕ ਮਿਥ ਦੇ ਗਿਲਾਫ ਵਿੱਚ ਲਿਪਟਿਆ ਹੋਣ ਦੇ ਬਾਵਜੂਦ ਵੀ ਇਤਿਹਾਸ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਦਾ ਹੈ। ਇਤਿਹਾਸ ਦਾ ਇਹ ਦ੍ਰਿਸ਼ਟੀਕੋਣ ਸੰਸਾਰ ਵਿੱਚ ਨਿਸ਼ਚੇ ਹੀ ਮੌਲਿਕ ਤੇ ਨਿਵੇਕਲਾ ਹੈ। ਇਸ ਗੁਰ ਇਤਿਹਾਸ ਦੀ ਰੌਸ਼ਨੀ ਵਿੱਚ ਹੀ ਕੇਵਲ ਪੰਜਾਬ ਨੇ ਹੀ ਨਹੀਂ ਸਗੋਂ ਸਮੁੱਚੇ ਭਾਰਤ ਨੇ ਆਪਣਾ ਲੰਮਾ ਇਤਿਹਾਸਕ ਪੈਂਡਾ ਤਹਿ ਕੀਤਾ ਹੈ।
ਗੁਰੂ ਸਾਹਿਬਾਨ ਦਾ ਇਤਿਹਾਸ ਭਾਰਤੀ ਇਤਿਹਾਸ ਦਾ ਇੱਕ ਅਜਿਹਾ ਸੁਨਹਿਰੀ ਅਧਿਆਇ ਹੈ ਜਿਸ ਦੀ ਅਣਹੋਂਦ ਭਾਰਤੀ ਇਤਿਹਾਸ ਦੀ ਮੌਲਿਕਤਾ ਨੂੰ ਵੀ ਦਾਗ਼ਦਾਰ ਕਰ ਦੇਵੇਗੀ ਕਿਉਂਕਿ ਜਦੋਂ ਅਸੀਂ ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਵਾਲੇ ਸਮੇਂ ਦੇ, ਖਾਸ ਕਰਕੇ ਉਤਰੀ ਭਾਰਤ ਦੇ, ਇਤਿਹਾਸ ਉਪਰ ਨਿਗ੍ਹਾ ਮਾਰਦੇ ਹਾਂ ਤਾਂ ਸਮੁੱਚੇ ਇਤਿਹਾਸ ਵਿੱਚ ਗੁਰੂ ਸਾਹਿਬਾਨ ਤੇ ਉਨ੍ਹਾਂ ਦੁਆਰਾ ਸਿਰਜੇ ਰਾਹਾਂ ਦੀ ਝਲਕ ਹੀ ਦਿਖਾਈ ਦਿੰਦੀ ਹੈ ਜੋ ਕੇਵਲ ਵਾਰ ਵਾਰ ਬਾਹਰੀ ਹਮਲਾਵਰਾਂ ਦਾ ਰਾਹ ਹੀ ਨਹੀਂ ਰੋਕਦੀ ਸਗੋਂ ਅਜਿਹਾ ਰਾਜ ਵੀ ਪੈਦਾ ਕਰਦੀ ਹੈ, ਜਿਸ ਦੀ ਧਾਕ ਸਮੁੱਚੇ ਸੰਸਾਰ ਵਿੱਚ ਸੁਣਾਈ ਦਿੰਦੀ ਰਹੀ ਹੈ ਅਤੇ ਅੱਜ ਤੱਕ ਦੇ ਰਹੀ ਹੈ। ਜੇਕਰ ਅੱਜ ਭਾਰਤ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਆਜ਼ਾਦੀ ਦੀ ਸ਼ਮਾ ਦੇ ਪਰਵਾਨੇ ਵੀ ਉਸੇ ਗੁਰ ਇਤਿਹਾਸ ਨੇ ਪੈਦਾ ਕੀਤੇ ਜਿਸ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਦੇ ਸਨਮੁੱਖ ਅੱਜ ਅਸੀਂ ਹੋ ਰਹੇ ਹਾਂ। ਬਣਦਾ ਤਾਂ ਇਹ ਸੀ ਕਿ ਜਿਸ ਚਾਨਣ-ਮੁਨਾਰੇ ਤੋਂ ਸੇਧ ਲੈ ਕੇ ਅਸੀਂ ਆਜ਼ਾਦ ਭਾਰਤ ਦੇ ਸੁਪਨੇ ਨੂੰ ਸਾਕਾਰ ਕੀਤਾ ਉਸ ਦੇ ਚਾਨਣ ਨੂੰ ਸਮੁੱਚੇ ਭਾਰਤ ਦੇ ਹਰ ਕੋਨੇ ਤੱਕ ਲੈ ਕੇ ਜਾਂਦੇ ਤਾਂ ਕਿ ਭਾਰਤ ਦੀ ਸਮੁੱਚੀ ਮਨੁੱਖਤਾ ਨੂੰ ਹਰ ਕਿਸਮ ਦੀ ਸਰੀਰਕ ਤੇ ਮਾਨਸਿਕ ਗੁਲਾਮੀ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ। ਪਰ ਅਫਸੋਸ ਕਿ ਅਜਿਹਾ ਨਹੀਂ ਹੋਇਆ ਅਥਵਾ ਨਹੀਂ ਹੋ ਰਿਹਾ। ਉਲਟਾ ਲਗਾਤਾਰ ਅਜਿਹੀਆਂ ਸਾਜਸ਼ਿਾਂ ਦੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਖੁਦ ਪੰਜਾਬ ਦੇ ਜਾਇਆਂ ਨੂੰ ਉਨ੍ਹਾਂ ਦੇ ਮੂਲ ਇਤਿਹਾਸਕ ਸੋਮਿਆਂ ਤੋਂ ਤੋੜਿਆ ਜਾ ਰਿਹਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਤੇ ਸਮੁੱਚੇ ਭਾਰਤ ਦੇ ਸਿਲੇਬਸ ਵਿੱਚ ਇਕਸੁਰਤਾ ਪੈਦਾ ਕਰਨ ਦੇ ਨਾਂ ਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਾਏ ਜਾ ਰਹੇ ਇਤਿਹਾਸ ਦੇ ਵਿਸ਼ੇ ਵਿੱਚ ਵੱਡੇ ਪੱਧਰ ਤੇ ਤਬਦੀਲੀ ਕੀਤੀ ਗਈ ਹੈ। ਪਾਠਕ੍ਰਮ ਵਿੱਚ ਤਬਦੀਲੀ ਕਰਨਾ ਤੇ ਉਸ ਨੂੰ ਸਮੇਂ ਦੇ ਹਾਣ ਦਾ ਬਣਾਉਣ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਤਬਦੀਲੀ ਦੇ ਨਾਂ ਉਤੇ ਆਪਣੀ ਅਗਲੀ ਪੀੜ੍ਹੀ ਨੂੰ ਗੌਰਵਮਈ ਇਤਿਹਾਸ ਤੋਂ ਵਿਰਵੇ ਕਰ ਦੇਣਾ ਕਿਸੇ ਵੀ ਰੂਪ ਵਿੱਚ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਸਗੋਂ ਲਗਾਤਾਰ ਹੋ ਰਹੀਆਂ ਸਾਜ਼ਿਸ਼ਾਂ ਦੇ ਮੱਦੇਨਜ਼ਰ ਇਸ ਕਾਰਜ ਵਿੱਚੋਂ ਵੀ ਸਾਡੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਤੋੜਨ ਦੀ ਸਾਜ਼ਿਸ਼ ਦੀ ਝਲਕ ਦਿਖਾਈ ਦੇ ਰਹੀ ਹੈ। ਬਾਰ੍ਹਵੀਂ ਜਮਾਤ ਵਿੱਚ ਗੁਰ ਇਤਿਹਾਸ ਪੜ੍ਹਾਇਆ ਜਾਣਾ ਇੱਕ ਮਹੱਤਵਪੂਰਨ ਤੇ ਵਧੀਆ ਫੈਸਲਾ ਸੀ ਕਿਉਂਕਿ ਉਮਰ ਦੇ ਇਸ ਪੜਾਅ ਉਤੇ ਆ ਕੇ ਵਿਦਿਆਰਥੀ ਆਪਣੇ ਵਿਰਸੇ ਪ੍ਰਤੀ ਵਧੇਰੇ ਚੇਤਨ ਹੋ ਜਾਂਦਾ ਹੈ। ਉਹ ਬਚਪਨ ਦੀਆਂ ਕ੍ਰਿਸ਼ਮਈ ਸੋਚਾਂ ਤੇ ਖੇਡਾਂ ਵਿੱਚੋਂ ਨਿਕਲ ਕੇ ਯਥਾਰਥਕ ਸੋਚ ਦਾ ਧਾਰਨੀ ਹੋਣ ਲੱਗਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜੇ ਭਾਰਤ ਦੇ ਨਾ ਸਹੀ ਤਾਂ ਘੱਟੋ ਘੱਟ ਪੰਜਾਬ ਦੇ ਜਾਏ ਜਾਈਆਂ ਨੂੰ ਉਮਰ ਦੇ ਇਸ ਪੜਾਅ ਤੇ ਆਪਣੇ ਵਿਰਸੇ ਪ੍ਰਤੀ ਜਾਣਕਾਰੀ ਦਿੱਤੀ ਜਾਵੇ। ਮੈਂ ਤਾਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਲੋੜ ਤਾਂ ਇਸ ਇਤਿਹਾਸ ਦੇ ਪੰਨਿਆਂ ਵਿੱਚ ਵਾਧਾ ਕਰਨ ਦੀ ਸੀ ਤਾਂ ਜੋ ਅਣਗੌਲੇ ਵਰਕੇ ਵੀ ਉਸਦਾ ਹਿੱਸਾ ਬਣਦੇਜਰੂਰਤ ਇਹ ਵੀ ਹੈ ਕਿ ਕਾਲਜ ਦੀ ਪੜ੍ਹਾਈ ਦੌਰਾਨ ਵੀ ਵਿਦਿਆਰਥੀਆਂ ਨੂੰ ਸੰਸਾਰਕ ਪੱਧਰ ਦੀਆਂ ਇਤਿਹਾਸਕ ਦ੍ਰਿਸ਼ਟੀਆਂ ਦੇ ਸਨਮੁੱਖ ਕਰਨ ਦੇ ਨਾਲ ਨਾਲ ਹੋਰ ਵਧੇਰੇ ਡੂੰਘਾਈ ਨਾਲ ਆਪਣੇ ਵਿਰਸੇ ਦੀ ਇਤਿਹਾਸਕ ਦ੍ਰਿਸ਼ਟੀ ਦੀ ਮੌਲਿਕਤਾ ਤੋਂ ਵੀ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਮਹਾਨ ਗੁਰੁ ਸਾਹਿਬਾਨਾਂ ਦੁਆਰਾ ਸਿਰਜੇ ਆਦਰਸ਼ ਸਿਧਾਂਤਾ ਅਤੇ ਉਚੇ ਸੁੱਚੇ ਸੰਕਲਪਾਂ ਦੇ ਧਾਰਨੀ ਹੋ ਸਕਣ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਤਿਹਾਸ ਦਾ ਸਿਲੇਬਸ ਬਦਲਣ ਤੇ ਗੁਰ ਇਤਿਹਾਸ ਨੂੰ ਸਿਲੇਬਸ ਵਿੱਚੋਂ ਬਾਹਰ ਕੱਢਣ ਜਾਂ ਘੱਟ ਕਰਨ ਦੇ ਫ਼ੈਸਲੇ ਪ੍ਰਤੀ ਪੰਜਾਬ ਦੇ ਲੋਕਾਂ ਅੰਦਰ ਰੋਹ ਦੀ ਭਾਵਨਾ ਦਾ ਪੈਦਾ ਹੋਣਾ ਸੁਭਾਵਿਕ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਿੱਖ ਚਿੰਤਕਾਂ, ਬੁੱਧੀਜੀਵੀਆਂ ਅਤੇ ਇਤਿਹਾਸਕਾਰਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਅੱਜ ਕੱਲ੍ਹ ਇੱਕ ਭਖਵੀਂ ਬਹਿਸ ਲਗਾਤਾਰ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਹੈ ਜੋ ਕਿ ਇਸ ਮੁੱਦੇ ਦੀ ਸੰਵੇਦਨਸ਼ੀਲਤਾ ਦੇ ਨਾਲ ਨਾਲ ਮਹੱਤਤਾ ਦੇ ਪੱਖ ਨੂੰ ਵੀ ਉਜਾਗਰ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇ ਵਿਸ਼ੇ ਵਿੱਚ ਕਿਸੇ ਵੀ ਤਬਦੀਲੀ, ਤੇ ਖਾਸ ਕਰਕੇ ਗੁਰ ਇਤਿਹਾਸ ਨੂੰ ਸਿਲੇਬਸ ਵਿੱਚ ਘੱਟ ਕਰਨ ਜਾਂ ਕੱਢ ਦੇਣ ਵਿਰੁੱਧ ਡੱਟ ਜਾਣ ਨੂੰ ਪੰਜਾਬ ਦੇ ਵਿਰਸੇ ਦੇ ਮਹੱਤਵ ਦੇ ਸੰਦਰਭ ਵਿੱਚ ਵੇਖੇ ਜਾਣ ਦੀ ਲੋੜ ਹੈ, ਕਿਸੇ ਸਿਆਸੀ ਨੁਕਤਾ-ਨਿਗਾਹ ਤੋਂ ਨਹੀਂ। ਰਾਜਨੀਤਕ ਏਜੰਡਾ ਕੋਈ ਵੀ ਹੋਵੇ, ਜੇਕਰ ਉਹ ਪੰਜਾਬ ਦੇ ਇਤਹਿਾਸ ਅਥੇ ਵਿਰਸੇ ਨਾਲ ਜੋੜਨ ਦਾ ਕਾਰਜ ਕਰਦਾ ਹੈ ਤਾਂ ਉਸ ਦਾ ਸਵਾਗਤ ਕੀਤਾ ਜਾਣਾ ਹਰ ਸੁਹਿਰਦ ਪੰਜਾਬੀ ਦਾ ਫ਼ਰਜ਼ ਵੀ ਹੈ ਅਤੇ ਲੋੜ ਵੀ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮੁੱਦੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੂਰਨ ਸੰਜੀਦਗੀ ਨਾਲ ਇਸ ਪ੍ਰਤੀ ਕੋਈ ਫੈਸਲਾ ਲਵੇ ਅਤੇ ਵਡੇਰੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਇਸ ਪੁਸਤਕ ਉਪਰ ਰੋਕ ਲਾਵੇ। ਰਾਜਨੀਤਿਕ ਵਿਰੋਧਤਾਵਾਂ ਲਈ ਹੋਰ ਅਨੇਕਾਂ ਮੁੱਦੇ ਹੋ ਸਕਦੇ ਹਨ ਪਰ ਜੇ ਪੰਜਾਬੀਆਂ ਕੋਲ ਵਿਰਸਾ ਹੀ ਨਾ ਰਿਹਾ ਤਾਂ ਉਹ ਦਿਨ ਵੀ ਦੂਰ ਨਹੀਂ ਹੋਵੇਗਾ ਜਦੋਂ ਅਸੀਂ ਆਪਣੇ ਵਿਰਸੇ ਨਾਲੋਂ ਟੁੱਟ ਕੇ ਆਪਣੀ ਪਹਿਚਾਣ ਤੇ ਮੌਲਿਕਤਾ ਗਵਾ ਬੈਠਾਂਗੇ।ਯਾਦ ਰਹੇ ਸਿੱਖ ਇਤਿਹਾਸ ਦਾ ਪੰਜਾਬ ਦੇ ਨਕਸ਼ੇ ਤੋਂ ਮਨਫੀ ਹੋਣਾ ਅਜਿਹਾ ਵਰਤਾਰਾ ਹੈ ਜਿਸ ਲਈ ਨਾ ਕੇਵਲ ਸਮੁੱਚੀ ਸਿੱਖ ਕੌਮ ਬਲਕਿ ਸਾਰੀ ਪੰਜਾਬੀਅਤ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਜਾਵੇਗਾ। ਜੇਕਰ ਇਹ ਫੈਸਲਾ ਨਹੀਂ ਲਿਆ ਜਾਂਦਾ ਤਾਂ ਫਿਰ ਇਹ ਸਹੇ ਨੂੰ ਨਹੀਂ, ਪਹੇ ਨੂੰ ਰੋਣ ਵਾਲੀ ਗੱਲ ਹੋਵੇਗੀ।
ਪ੍ਰਚੱਲਿਤ ਵਰਤਾਰੇ ਦੇ ਮੱਦੇਨਜ਼ਰ ਪੰਜਾਬ ਦੇ ਸ਼੍ਰੋਮਣੀ ਕਵੀਸ਼ਰ ਸਰਦਾਰ ਕਰਨੈਲ ਸਿੰਘ ਪਾਰਸ ਦੀਆਂ ਇਨ੍ਹਾਂ ਸਤਰਾਂ ਵਿੱਚੋਂ ਆਪਣੇ ਅਚਿਤਵੇ ਭਵਿੱਖ ਦੇ ਨਕਸ਼ ਵੀ ਤਲਾਸ਼ੇ ਜਾ ਸਕਦੇ ਹਨ :-
ਧਾਗਾ ਧਾਗਾ ਹੋ ਜਾਂਦੀ ਕਬੀਲਦਾਰੀ,
ਜੇਕਰ ਗੰਢ ਇਤਫ਼ਾਕ ਦੀ ਖੁੱਲ੍ਹ ਜਾਵੇ
ਪਾਰਸ ਮਿਟ ਜਾਂਦੀ ਅੱਖ਼ਰ ਗ਼ਲਤ ਵਾਂਗੂੰ
ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ।