ਅਜੋਕਾ ਯੁੱਗ ਤੇਜ਼ ਰਫਤਾਰੀ ਦਾ ਯੁੱਗ ਹੈ। ਸੜਕਾਂ ਤੇ ਆਵਾਜਾਈ ਦਾ ਹੜ੍ਹ ਜਿਹਾ ਆਇਆ ਲੱਗਦਾ ਹੈ ।ਹਰ ਕੋਈ ਇਕ ਦੂਜੇ ਤੋਂ ਅੱਗੇ ਨਿਲਕਣ ਦੀ ਤਾਕ ਵਿੱਚ ਰਹਿੰਦਾ ਹੈ । ਇਹੀ ਕਾਰਨ ਹੈ ਕਿ ਅੱਜ ਸੜ੍ਹਕੀ ਦੁਰਘਟਨਾਵਾਂ ਵਿਚ ਬੇਅਥਾਹ ਵਾਧਾ ਹੋਇਆ ਹੈ । ਜਿਸ ਕਾਰਨ ਜਾਨ ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ । ਦੁਰਘਟਨਾ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਹੋਰ ਵੀ ਜਿਆਦਾ ਸੰਤਾਪ ਹੰਢਾਉਣਾ ਪੈਂਦਾ ਹੈ । ਦੁਰਘਟਨਾਵਾਂ ਦੇਸ਼ ਦੀ ਵਿਕਾਸ ਦਰ ਵਿੱਚ ਵੀ ਰੁਕਾਵਟ ਪਾਉਂਦੀ ਹੈ । ਇਸ ਸਬੰਧੀ ਪ੍ਰਸ਼ਾਸ਼ਨ , ਪੁਲਿਸ ਤੰਤਰ ਅਤੇ ਸਵੈ ਸੇਵੀ ਸੰਸਥਾਵਾਂ ਵਲੋ ਜਾਗਰੂਕਤਾ ਪੈਦਾ ਕਰਨ ਦੇ ਯਤਨ ਕੀਤੇ ਜਾਂਦੇ ਹਨ। ਪਰ ਅਸੀਂ ਅਪਣੇ ਆਪ ਨੂੰ ਸੱਭਿਅਕ ਕਹਾਉਣ ਵਾਲੇ ਲੋਕ ਇਹਨਾਂ ਗੱਲਾਂ ਨੂੰ ਅਣਗੋਲਿਆ ਕਰ ਛੱਡਦੇ ਹਾਂ। ਅਤੇ ਸੜ੍ਹਕੀ ਆਵਾਜਾਈ ਦੇ ਨਿਯਮਾਂ ਨੂੰ ਅਣਡਿੱਠ ਕਰਨਾ ਅਪਣੀ ਸ਼ਾਨ ਸਮਝਦੇ ਹਾਂ। ਅਜੋਕਾ ਯੁੱਗ ਵਪਾਰਕ ਅਤੇ ਸੂਚਨਾਵਾਂ ਦੇ ਅਦਾਨ ਪ੍ਰਦਾਨ ਕਰਨ ਵਾਲਾ ਹੈ । ਅਪਣੇ ਵਪਾਰ ਦੀ ਪ੍ਰਫੁੱਲਿਤਾ ਲਈ ਹੀ ਅੱਜ ਅਸੀ ਵੱਧ ਤੋਂ ਵੱਧ ਇਸ਼ਤਿਹਾਰਬਾਜ਼ੀ ਕਰਨ ਲੱਗੇ ਹੋਏ ਹਾਂ। ਇਸ਼ਤਿਹਾਰਬਾਜੀ ਵਿੱਚ ਇਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਅਸੀ ਇਹ ਵੀ ਭੁੱਲ ਜਾਂਦੇ ਹਾਂ ਕਿ ਅਸੀ ਜੋ ਇਸ਼ਤਿਹਾਰ ਜਾਂ ਸੂਚਨਾਵਾਂ ਦੇ ਬੋਰਡ ਲਗਵਾ ਰਹੇ ਹਾਂ , ਉਹ ਸਹੀ ਸਥਾਨ ਤੇ ਲੱਗੇ ਵੀ ਹੋਏ ਹਨ ਜਾਂ ਨਹੀ । ਸਾਡਾ ਉਦੇਸ਼ ਸਿਰਫ ਅਪਣਾ ਬੋਰਡ ਵੱਧ ਤੋ ਵੱਧ ਲੋਕਾਂ ਨੂੰ ਦਿਖਾਉਣ ਤੱਕ ਹੀ ਸੀਮਿਤ ਹੋ ਗਿਆ ਹੈ । ਅਜਿਹੇ ਅਨੇਕਾਂ ਹੀ ਇਸ਼ਤਿਹਾਰ ਅਤੇ ਸੂਚਨਾਵਾਂ ਦੇ ਬੋਰਡ ਅਸੀ ਸੜ੍ਹਕਾਂ ਤੇ ਅਜਿਹੀਆਂ ਥਾਵਾਂ ਤੇ ਲਗਵਾ ਦਿੰਦੇ ਹਾਂ ਜਿਥੋਂ ਸੜ੍ਹਕੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਅਤੇ ਇਹਨਾਂ ਗਲਤ ਥਾਵਾਂ ਤੇ ਲੱਗੇ ਬੋਰਡਾਂ ਕਾਰਨ ਕੋਈ ਵੀ ਦੁਰਘਟਨਾਂ ਵਾਪਰ ਸਕਦੀ ਹੈ। ਕੀਮਤੀ ਜਾਨਾਂ ਜਾ ਸਕਦੀਆਂ ਹਨ। ਸੁਰੱਖਿਆ ਪੱਖੋ ਵੀ ਇਹ ਬੋਰਡ ਤਸੱਲੀਬਖਸ਼ ਨਹੀ ਹੁੰਦੇ। ਥੋੜੀ ਹਨੇਰੀ ਨਾਲ ਹੀ ਇਹ ਸੜਕਾਂ ‘ਚ ਵਾਹਨਾਂ ਤੇ ਡਿੱਗ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ। ਧਾਰਮਿਕ ਸੰਸਥਾਵਾਂ ਵੀ ਅਪਣੇ ਪ੍ਰਚਾਰ ਸਬੰਧੀ ਅਜਿਹੇ ਬੋਰਡ ਗਲਤ ਥਾਵਾਂ ਤੇ ਲਗਵਾਉਣ ਤੋਂ ਪਿੱਛੇ ਨਹੀ ਹਨ। ਆਮ ਲੋਕਾਂ ਨੂੰ ਚੰਗੇ ਕੰਮਾਂ ਲਈ ਪ੍ਰੇਰਿਤ ਕਰਨ ਦਾ ਉਦੇਸ਼ ਦੇਣ ਵਾਲੀਆਂ ਇਹਨਾਂ ਸੰਸਥਾਵਾਂ ਵਲੋਂ ਵੀ ਗਲਤ ਢੰਗ ਨਾਲ ਬੋਰਡ ਲਗਵਾ ਕੇ ਅਪਣਾ ਪ੍ਰਚਾਰ ਕਰਨਾ ਹੋਰ ਵੀ ਮੰਦਭਾਗਾ ਹੈ । ਜੋ ਹਾਦਸਿਆਂ ਜਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ । ਬੇਸੱਕ ਹਰ ਇੱਕ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਪਰ ਸਾਨੂੰ ਸੱਭਿਅਕ ਨਾਗਰਿਕ ਹੋਣ ਦੇ ਨਾਤੇ ਹੋਰਨਾਂ ਲਈ ਪ੍ਰੇਸ਼ਾਨੀ ਜਾਂ ਸਮੱਸਿਆ ਦਾ ਕਾਰਨ ਨਹੀ ਬਣਨਾ ਚਾਹੀਦਾ । ਪ੍ਰਸ਼ਾਸ਼ਨ ਨੂੰ ਵੀ ਅਜਿਹੇ ਗਲਤ ਸਥਾਨਾਂ ਤੇ ਬੋਰਡ ਲਗਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਆਮ ਲੋਕਾਂ ਨੂੰ ਵੀ ਲਾਮਬੰਦੀ ਕਰਕੇ ਅਜਿਹੇ ਲੋਕਾਂ ਦਾ ਬਾਈਕਾਟ ਕਰਕੇ ਉਹਨਾਂ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।