ਸਾਰੇ ਪੰਜਾਬੀ ਨਵਜੋਤ ਸਿੱਧੂ ਦੇ ਨਾਲ

ਪੰਜਾਬੀਆਂ ਦਾ ਪੂਰੇ ਸੰਸਾਰ ਵਿੱਚ ਝੰਡਾ ਬੁਲੰਦ ਕਰਨ ਵਾਲੇ ਪੰਜਾਬ ਦੇ ਸਭ ਤੋਂ ਸਰਗਰਮ ਰਾਜਸੀ ਆਗੂ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਇਸ ਸਮੇਂ ਇਕ ਨਿੱਜੀ ਅਦਾਲਤੀ ਮਾਮਲੇ ਕਾਰਨ ਸੰਕਟ ਵਿੱਚ ਹਨ। ਉਨ੍ਹਾਂ ਦੇ ਸਿਰੜ ਨੂੰ ਦਾਦ ਦੇਣੀ ਬਣਦੀ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਅਦਾਲਤਾਂ ਵਿੱਚ ਇਨਸਾਫ ਲਈ ਲੜ ਰਹੇ ਹਨ। ਇਸ ਕਾਨੂੰਨੀ ਖਲਜਗਣ ਦੇ ਬਾਵਜੂਦ ਇਸ ਦੌਰਾਨ ਉਹ ਬੁਲੰਦ ਹੌਂਸਲੇ ਨਾਲ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਕ੍ਰਿਕੇਟ ਅਤੇ ਟੀ.ਵੀ. ਪ੍ਰੋਗਰਾਮਾਂ ਤੋਂ ਲੈ ਕੇ ਲੋਕ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੀ ਸਰਗਰਮੀ ਨੂੰ ਇਸ ਦੌਰਾਨ ਕੋਈ ਰੋਕ ਨਹੀਂ ਲੱਗੀ। ਉਹ ਹਰ ਰੋਜ਼ ਹੋਰ ਵੱਧ ਹੌਂਸਲੇ ਨਾਲ ਮਾਨਵੀ ਫਰਜ਼ ਨਿਭਾਉਣ ਲਈ ਹਾਜ਼ਰ ਹੁੰਦੇ ਹਨ। ਉਨ੍ਹਾਂ ਦੇ ਚੇਹਰੇ ਉਪਰ ਕਦੇ ਕਿਸੇ ਨੇ ਨਿਰਾਸ਼ਾ ਨਹੀਂ ਦੇਖੀ। ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸ. ਸਿੱਧੂ ਨੇ ਹਾਸਿਆਂ ਨੂੰ ਹੀ ਆਪਣੀ ਪਹਿਚਾਣ ਬਣਾ ਲਿਆ ਹੈ। ਸ. ਸਿੱਧੂ ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਨ। ਪੰਜਾਬ ਦੇ ਨੌਜਵਾਨ ਉਨ੍ਹਾਂ ਅੰਦਰਲੀ ਊਰਜਾ ਅਤੇ ਚੜ੍ਹਦੀ ਕਲਾ ਤੋਂ ਹਮੇਸ਼ਾਂ ਪ੍ਰਭਾਵਿਤ ਰਹੇ ਹਨ। ਇਕ ਤਰ੍ਹਾਂ ਨਾਲ ਉਹ ਪੰਜਾਬੀਆਂ ਦੀ ਇਤਿਹਾਸਕ ਮਨੋਸਥਿਤੀ ਦੇ ਦੂਤ ਬਣੇ ਦਿਸਦੇ ਹਨ। ਜ਼ਿੰਦਗੀ ਨੂੰ ਚੱਜ ਨਾਲ ਜਿਊਣਾ ਸਿੱਖਣ ਲਈ ਉਹ ਮਿਸਾਲ ਬਣ ਗਏ ਹਨ। ਪਹਿਲਾਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਵਜੋਂ ਉਨ੍ਹਾਂ ਨੇ ਹਲਕੇ ਵਿੱਚ ਬੇਮਿਸਾਲ ਕੰਮ ਕਰਕੇ ਦਿਖਾਇਆ। ਉਨ੍ਹਾਂ ਨੇ ਸਿਆਸੀ ਨੇਤਾਵਾਂ ਬਾਰੇ ਲੋਕਾਂ ਦਾ ਇਹ ਭਰਮ ਤੋੜ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਤੋਂ ਬਿਨਾਂ ਕੋਈ ਕਾਰਜ ਨਹੀਂ ਕਰਦੇ। ਇਹੋ ਕਾਰਨ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਉਨ੍ਹਾਂ ਨੂੰ ਹਮੇਸ਼ਾਂ ਪਿਆਰ ਬਖਸ਼ਿਆ ਅਤੇ ਵੱਡੇ ਸਿਆਸੀ ਵਿਰੋਧ ਦੇ ਬਾਵਜੂਦ ਵਾਰ-ਵਾਰ ਲੋਕ ਸਭਾ ਲਈ ਮੈਂਬਰ ਚੁਣਿਆ। ਉਨ੍ਹਾਂ ਦਾ ਕੱਦ ਏਨਾ ਵੱਡਾ ਹੋ ਚੁੱਕਾ ਹੈ ਕਿ ਉਹ ਹੁਣ ਕਿਸੇ ਸਿਆਸੀ ਧਿਰ ਜਾਂ ਪਾਰਟੀ ਚੋਣ ਨਿਸ਼ਾਨ ਦੇ ਵੀ ਮੂਥਾਜ ਨਹੀਂ ਰਹੇ। ਇਹੋ ਕਾਰਨ ਹੈ ਕਿ ਜਦੋਂ ਉਹ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਤਾਂ ਵੀ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਅੰਮ੍ਰਿਤਸਰ ਤੋਂ ਵਿਧਾਇਕ ਬਣ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਇਸ ਸਮੇਂ ਉਨ੍ਹਾਂ ਕੋਲ ਵੱਡੀ ਅਹਿਮੀਅਤ ਵਾਲੇ ਲੋਕਲ ਬਾਡੀ ਅਤੇ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਹਨ। ਨਿੱਜੀ ਰੁਝੇਵਿਆਂ ਦੇ ਬਾਵਜੂਦ ਉਹ ਆਪਣੇ ਇਸ ਰੁਤਬੇ ਨਾਲ ਪੂਰਾ ਇਨਸਾਫ ਕਰ ਰਹੇ ਹਨ। ਆਪਣੇ ਅਧੀਨ ਵਿਭਾਗਾਂ ਦੇ ਕੰਮਕਾਜ ਨੂੰ ਉਨ੍ਹਾਂ ਨੇ ਇਕ ਨਵੀਂ ਉਚਾਈ ’ਤੇ ਪਹੁੰਚਾਇਆ ਹੈ। ਲੋਕਲ ਬਾਡੀ ਵਿਭਾਗ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਉਹ ਸਿਰਤੋੜ ਯਤਨ ਕਰ ਰਹੇ ਹਨ। ਵੱਡੇ-ਵੱਡੇ ਫੈਸਲੇ ਲੈਣ ਸਮੇਂ ਉਹ ਬਿਲਕੁੱਲ ਨਹੀਂ ਝਿਜਕਦੇ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਭ੍ਰਿਸ਼ਟਾਚਾਰ ਵੀ ਕਿਸੇ ਹੱਦ ਤੱਕ ਘਟਿਆ ਹੈ। ਇਸੇ ਤਰ੍ਹਾਂ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵਿੱਚ ਵੀ ਉਨ੍ਹਾਂ ਨੇ ਕਈ ਇਨਕਲਾਬੀ ਕਦਮ ਚੁੱਕੇ ਹਨ। ਕਹਿਣ ਦਾ ਭਾਵ ਇਹ ਹੈ ਕਿ ਸ. ਸਿੱਧੂ ਆਪਣੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਕਾਰਜ ਕਰ ਰਹੇ ਹਨ। ਉਨ੍ਹਾਂ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਦੋਸ਼ ਨਹੀਂ ਹੈ ਜਿਸ ਤੋਂ ਉਹ ਮਨੁੱਖੀ ਸਮਾਜ ਲਈ ਖ਼ਤਰਾ ਦਿਸਦੇ ਹੋਣ। ਉਹ ਬਹੁਤ ਹੀ ਸਾਫ਼-ਸੁਥਰੀ ਜ਼ਿੰਦਗੀ ਜੀਅ ਰਹੇ ਹਨ। ਕਿਸੇ ਨਾਲ ਬੁਰਾ ਨਹੀਂ ਬੋਲਦੇ। ਸਭ ਛੋਟੇ-ਵੱਡਿਆਂ ਨੂੰ ਮੁਹੱਬਤ ਨਾਲ ਮਿਲਦੇ ਹਨ। ਜਿਵੇਂ ਇਹ ਦੁਨਿਆਵੀ ਚਲਣ ਹੈ ਕਿ ਚੰਗੇ ਇਨਸਾਨਾਂ ਨੂੰ ਲੋਕ ਕੰਮ ਨਹੀਂ ਕਰਨ ਦਿੰਦੇ। ਉਨ੍ਹਾਂ ਖਿਲਾਫ਼ ਵੀ ਅਜਿਹੀਆਂ ਹੀ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਜਨਤਕ ਜੀਵਨ ਵਿੱਚੋਂ ਮਨਫ਼ੀ ਕੀਤਾ ਜਾ ਸਕੇ। ਇਹ ਤਸੱਲੀ ਵਾਲੀ ਗੱਲ ਹੈ ਕਿ ਸ. ਸਿੱਧੂ ਇਸ ਸਾਜਿਸ਼ ਖਿਲਾਫ਼ ਪੂਰੇ ਧੜਲੇ ਅਤੇ ਦਮ-ਖਮ ਨਾਲ ਲੜਾਈ ਲੜ ਰਹੇ ਹਨ। ਇਹ ਲੜਾਈ ਉਨ੍ਹਾਂ ਵੱਲੋਂ ਆਪਣੇ ਮੋਢਿਆਂ ’ਤੇ ਲੜੀ ਜਾ ਰਹੀ ਹੈ। ਇਸ ਲਈ ਉਨ੍ਹਾਂ ਨੇ ਕਿਸੇ ਸਰਕਾਰ ਜਾਂ ਹੋਰ ਧਿਰ ਦਾ ਸਹਾਰਾ ਨਹੀਂ ਤੱਕਿਆ। ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਮਾਮਲੇ ਵਿੱਚ ਆਪਣੀ ਸਰਕਾਰ ਤੋਂ ਵੀ ਸਮਰਥਨ ਜਾਂ ਰਾਹਤ ਨਹੀਂ ਮੰਗੀ। ਇਹ ਉਨ੍ਹਾਂ ਦੇ ਵਡਪਣ, ਹੌਂਸਲੇ ਅਤੇ ਦ੍ਰਿੜ ਸੰਕਲਪ ਦਾ ਹੀ ਇਕ ਰੂਪ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਦੇਸ਼ ਦੀ ਸਰਵਉਚ ਅਦਾਲਤ ਨਿੱਜੀ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਰੂਰਤ ਰਾਹਤ ਦੇਵੇਗੀ। ਸੱਚ ਅਤੇ ਨਿਆਂ ਉਨ੍ਹਾਂ ਦੇ ਨਾਲ ਹੈ। ਸ. ਨਵਜੋਤ ਸਿੰਘ ਸਿੱਧੂ ਪੰਜਾਬ ਦਾ ਭਵਿੱਖ ਹਨ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੇ ਕਈ ਰੂਪਾਂ ਵਿੱਚ ਪੰਜਾਬ ਦੀ ਅਗਵਾਈ ਕਰਨੀ ਹੈ। ਪੰਜਾਬ ਦੇ ਰਹਿਨੁਮਾ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਵੀ ਬਹੁਤ ਸ਼ਿੱਦਤ ਨਾਲ ਉਡੀਕਿਆ ਜਾ ਰਿਹਾ ਹੈ। ਇਸ ਕਾਰਨ ਹੀ ਹਰ ਸੱਚੇ ਪੰਜਾਬੀ ਦੀ ਜ਼ੁਬਾਨ ਉਪਰ ਸ. ਨਵਜੋਤ ਸਿੰਘ ਸਿੱਧੂ ਦੇ ਬੇਹਤਰ ਭਵਿੱਖ ਲਈ ਅਰਦਾਸ ਹੀ ਸੁਣੀ ਜਾ ਰਹੀ ਹੈ। ਇਹ ਕਾਮਨਾ ਹੈ ਕਿ ਸ. ਸਿੱਧੂ ਅਦਾਲਤ ਦੇ ਚੱਕਰ ਵਿੱਚੋਂ ਛੇਤੀ ਹੀ ਸੁਰਖਰੂ ਹੋ ਕੇ ਬਾਹਰ ਨਿਕਲਣ ਤਾਂ ਜੋ ਉਹ ਪੰਜਾਬ ਅਤੇ ਮਾਨਵਤਾ ਦੀ ਹੋਰ ਵੱਡੀ ਸੇਵਾ ਕਰ ਸਕਣ। ਇਸ ਸੰਕਟ ਦੀ ਘੜੀ ਵਿੱਚ ਸਾਰੇ ਪੰਜਾਬੀ ਉਨ੍ਹਾਂ ਦੇ ਨਾਲ ਖੜ੍ਹੇ ਹਨ।
14 ਅਪ੍ਰੈਲ 2018 – ਬਲਜੀਤ ਸਿੰਘ ਬਰਾੜ

Send this to a friend