ਫਿਲਮ ‘ਨਾਨਕ ਸ਼ਾਹ ਫ਼ਕੀਰ’ ਕਮੇਟੀ ਦੀ ਭੂਮਿਕਾ ਵੀ ਵਿਵਾਦਾਂ ’ਚ

ਫਿਲਮ ‘ਨਨਕ ਸ਼ਾਹ ਫਕੀਰ’ ਬਾਰੇ ਵਿਵਾਦ ਭਖਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਵੀ ਰੋਕ ਲਗਾਉਣ ਦਾ ਆਦੇਸ਼ ਹੈ ਅਤੇ ਮੁਤਵਾਜੀ ਜੱਥੇਦਾਰਾਂ ਵੱਲੋਂ ਵੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੁਣ ਫਿਲਮ ਰਿਲੀਜ਼ ਕਰਨ ਦੇ ਹੱਕ ਵਿੱਚ ਨਹੀਂ ਰਹੀ। ਹਾਲਾਂਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਨੇ ਪੱਤਰ ਨੰਬਰ 21104 ਮਿਤੀ 13-5-2016 ਰਾਹੀਂ ਸਪੱਸ਼ਟ ਲਿਖਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਬ ਕਮੇਟੀ ਨੇ ਫਿਲਮ ਵੇਖਣ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਪੱਤਰ ਨੰਬਰ 11992/5 ਮਿਤੀ 19.3.2018 ਰਾਹੀਂ ਸਮੂਹ ਮੈਨੇਜਰ ਸਾਹਿਬਾਨ, ‘ਗੁਰਦੁਆਰਾ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਸਬ-ਕਮੇਟੀ ਵੱਲੋਂ ਮਨਜ਼ੂਰਸ਼ੁਦਾ ਧਾਰਮਿਕ ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਪ੍ਰਚਾਰ ਲਈ ਗੁਰਦੁਆਰਾ ਸਾਹਿਬਾਨ ਦੇ ਕੰਪਲੈਕਸ ਵਿਖੇ ਯੋਗ ਥਾਵਾਂ ਪੁਰ ਇਸ਼ਤਿਹਾਰ ਲਗਾਉਣ ਦੀ ਆਗਿਆ ਦਿੱਤੀ ਸੀ। ਹੁਣ ਹਾਲਾਤ ਬਿਲਕੁੱਲ ਬਦਲ ਗਏ ਹਨ। ਸ਼੍ਰੋਮਣੀ ਕਮੇਟੀ ਨੇ ਵੀ ਯੂ ਟਰਨ ਲੈ ਲਈ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਫਿਲਮ ਰਿਲੀਜ਼ ਕਰਨ ਦੇ ਵਿਰੁੱਧ ਹਨ। ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫਿਲਮ ਦੀ ਰਿਲੀਜ਼ ਰੋਕਣ ਲਈ ਸਿੱਖ ਜੱਥੇਬੰਦੀਆਂ ਵੱਲੋਂ ਦੇਸ਼-ਵਿਦੇਸ਼ ਵਿੱਚ ਮੁਜ਼ਾਹਰੇ ਹੋ ਰਹੇ ਹਨ।
ਸਰਤਾਜ ਸਿੰਘ ਪੰਨੂੰ ਦੀ ਨਿਰਦੇਸ਼ਨਾਂ ਹੇਠ ਬਣੀ ਇਹ ਫਿਲਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਪੇਸ਼ ਕਰਦੀ ਹੈ। ਇਹ ਫਿਲਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਸੁਲਤਾਨਪੁਰ ਵਿਖੇ ਕੰਮ ਕਰਨਾ, ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕਰਨਾ, ਉਦਾਸੀਆਂ ਦੌਰਾਨ ਬਨਾਰਸ, ਬੌਧ ਗਯਾ, ਜਗਨਨਾਥਪੁਰੀ, ਤਿੱਬਤ ਆਦਿ ਥਾਵਾਂ ਦੀਆਂ ਯਾਤਰਾਵਾਂ ਆਦਿ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕਰਦੀ ਹੈ। ਇਹ ਫਿਲਮ ਲੰਗਰ ਪ੍ਰਥਾ ਨੂੰ ਸ਼ੁਰੂ ਕਰਨ ਬਾਰੇ ਵੀ ਰੋਸ਼ਨੀ ਪਾਉਂਦੀ ਹੈ। ਫਿਲਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਦਾਰ ਕਿਸੇ ਐਂਕਰ ਵੱਲੋਂ ਨਿਭਾਇਆ ਗਿਆ ਬਲਕਿ ਗ੍ਰਾਫਿਕਸ ਦੇ ਸਹਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਿਖਾਇਆ ਗਿਆ ਹੈ ਪਰ ਦੂਜੇ ਪਾਸੇ ਭਾਈ ਮਰਦਾਨਾ ਜੀ ਦਾ ਕਿਰਦਾਰ ਆਰਿਫ਼ ਜ਼ਕਰੀਆ ਨੇ ਨਿਭਾਇਆ ਹੈ ਜਦੋਂ ਕਿ ਬੀਬੀ ਨਾਨਕੀ ਜੀ ਦੀ ਭੂਮਿਕਾ ਵਿੱਚ ਪੁਨੀਤ ਸਿੱਕਾ ਨਜ਼ਰ ਆ ਰਹੀ ਹੈ। ਫਿਲਮ ਦੇ ਹੋਰ ਕਿਰਦਾਰ ਆਦਿਲ ਹੁਸੈਨ, ਅਨੁਰਾਗ ਅਰੋੜਾ ਅਤੇ ਸ਼ਰਧਾ ਕੋਲ ਆਦਿ ਕਲਾਕਾਰਾਂ ਵੱਲੋਂ ਅਦਾ ਕੀਤੇ ਗਏ ਹਨ। ਫ਼ਿਲਮ ਦਾ ਸੰਗੀਤ ਉਤਮ ਸਿੰਘ ਨੇ ਤਿਆਰ ਕੀਤਾ ਹੈ। ਇਸ ਫ਼ਿਲਮ ਦੇ ਸੰਗੀਤ ਨਾਲ ਏ.ਆਰ. ਰਹਿਮਾਨ, ਪੰਡਤ ਜਸਰਾਜ ਅਤੇ ਭਾਈ ਨਿਰਮਲ ਖਾਲਸਾ ਆਦਿ ਜੁੜੇ ਹੋਏ ਹਨ। ਹਰਿੰਦਰ ਸਿੰਘ ਸਿੱਕਾ ਵੱਲੋਂ ਤਿਆਰ ਕੀਤੀ। ਇਹ ਫਿਲਮ ਬੁਰੀ ਤਰ੍ਹਾਂ ਵਿਵਾਦਾਂ ਵਿੱਚ ਘਿਰ ਗਈ ਹੈ।
ਸਿੱਖ ਜਥੇਬੰਦੀਆਂ ਨੂੰ ਇਤਰਾਜ ਹੈ ਕਿ ਬੇਬੇ ਨਾਨਕੀ ਅਤੇ ਭਾਈ ਮਰਦਾਨਾ ਦੇ ਕਿਰਦਾਰ ਨੂੰ ਨਿਭਾਉਣ ਵਾਲੇ ਐਕਟਰ ਹਨ, ਜੋ ਕਿ ਸਿੱਖ ਸਿਧਾਂਤਾਂ ਦੇ ਉਲਟ ਹੈ, ਹਾਂ, ਜੇ ਇਹ ਕਿਰਦਾਰ ਐਨੀਮੇਟਿਡ ਹੁੰਦੇ ਜਿਵੇਂ ਚਾਰ ਸਾਹਿਬਜ਼ਾਦੇ ਫਿਲਮ ਵਿੱਚ ਸਾਰੇ ਕਿਰਦਾਰ ਐਨੀਮੇਰਿਡ ਸਨ ਤਾਂ ਕੋਈ ਇਤਰਾਜ਼ ਨਹੀਂ ਹੋਣਾ ਸੀ। ਦੂਜੇ ਪਾਸੇ ਪ੍ਰੋਡਿਊਸਰ ਹਰਿੰਦਰ ਸਿੰਘ ਸਿੱਕਾ ਦਾ ਦਾਅਵਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫਿਲਮ ਚਲਾਉਣ ਦੀ ਪ੍ਰਧਾਨਗੀ ਦੇ ਦਿੱਲੀ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਸੀ। ਹੁਣ ਜਦੋਂ ਕੁੱਝ ਲੋਕਾਂ ਨੇ ਇਤਰਾਜ਼ ਕੀਤਾ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਯੂ ਟਰਨ ਲੈ ਲਈ ਹੈ। ਮੇਰੇ ਨਾਲ ਫੋਨ ’ਤੇ ਗੱਲ ਕਰਦੇ ਹੋਏ ਸਿੱਕਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਫਿਲਮ ਦੇ ਅਧਿਕਾਰ ਡਿਸਟਰੀਬਿਊਟਰਾਂ ਨੂੰ ਵੇਚ ਦਿੱਤੇ ਹਨ ਅਤੇ ਹੁਣ ਫ਼ਿਲਮ ਨੂੰ ਚਲਾਉਣਾ ਉਨ੍ਹਾਂ ਦੇ ਹੱਥ ਵਿੱਚ ਹੈ ਅਤੇ ਉਹ 13 ਅਪ੍ਰੈਲ ਨੂੰ ਫਿਲਮ ਰਿਲੀਜ਼ ਕਰ ਰਹੇ ਹਨ। ਦੂਜੇ ਪਾਸੇ ਸਿੱਖ ਜਥੇਬੰਦੀਆਂ ਫਿਲਮ ਉਤੇ ਪਾਬੰਦੀ ਲਾਉਣ ਦੀ ਮੰਗ ’ਤੇ ਅੜੀਆਂ ਹੋਈਆਂ ਹਨ।
ਜਦੋਂ ਵੀ ਕੋਈ ਸਿੱਖ ਇਤਿਹਾਸ ਫਲਸਫੇ ਅਤੇ ਸਿਧਾਂਤਾਂ ਨੂੰ ਪੇਸ਼ ਕਰਨ ਵਾਲੀ ਫਿਲਮ ਆਉਂਦੀ ਹੈ ਤਾਂ ਇਸ ਕਿਸਮ ਦਾ ਵਿਵਾਦ ਅਕਸਰ ਉਠ ਖੜ੍ਹਦਾ ਹੈ। ਸਿੱਖ ਕੌਮ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ ਅਤੇ ਇਕ ਸਪੱਸ਼ਟ ਨੀਤੀ ਅਤੇ ਪਹੁੰਚ ਬਣਾਉਣੀ ਜ਼ਰੂਰੀ ਹੈ ਤਾਂ ਕਿ ਫਿਲਮ ਮੇਕਰ ਸਿੱਖ ਸਿਧਾਂਤਾਂ ਨੂੰ ਅਤੇ ਸਿੱਖ ਫਲਸਫੇ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਹਿੱਤ ਸਾਫ ਸੁਥਰੀਆਂ ਫਿਲਮਾਂ ਬਣਾਉਣ ਵੱਲ ਰੁਚਿਤ ਹੋ ਸਕਣ। ਅੱਜ ਦੇ ਯੁੱਗ ਮੀਡੀਆ ਅਤੇ ਤਕਨਾਲੌਜੀ ਦਾ ਯੁੱਗ ਹੈ। ਜੇ ਅਸੀਂ ਸਮੇਂ ਦੇ ਹਾਣੀ ਨਹੀਂ ਬਣਾਂਗੇ ਤਾਂ ਪੱਛੜ ਜਾਵਾਂਗੇ।
ਸਾਨੂੰ ਸਪੱਸ਼ਟ ਨੀਤੀ ਤੈਅ ਕਰਨੀ ਹੋਵੇਗੀ ਅਤੇ ਲਿਖਤੀ ਰੂਪ ਵਿੱਚ ਫ਼ਿਲਮ ਮੇਕਰਾਂ ਅੱਗੇ ਰੱਖਣੀ ਹੋਵੇਗੀ ਤਾਂ ਕਿ ਇਸ ਕਿਸਮ ਦੇ ਵਿਵਾਦਾਂ ਤੋਂ ਬਚਿਆ ਜਾ ਸਕੇ ਨਹੀਂ ਤਾਂ ‘ਨਾਨਕ ਸ਼ਾਹ ਫ਼ਕੀਰ’ ਫਿਲਮ ਵਾਂਗ ਵਾਦ-ਵਿਵਾਦ ਚੱਲਦੇ ਰਹਿਣਗੇ ਅਤੇ ਚੰਗੇ ਪ੍ਰੋਡਿਊਸਰ ਸਿੱਖੀ ਸਪਿਰਟ ਵਾਲੀਆਂ ਫਿਲਮਾਂ ਬਣਾਉਣ ਤੋਂ ਗੁਰੇਜ਼ ਕਰਨਗੇ।

 

 

Send this to a friend