ਚੜ੍ਹਦੇ ਵਲ ਨੂੰ ਇਕ ਛੋਟਾ ਜਿਹਾ ਪਿੰਡ ਵਾਂਦਰ ਡੋਡ, ਜ਼ਿਲ੍ਹਾ ਮੋਗਾ ਵਿਚੋਂ ਆਖਰੀ ਪਿੰਡ ਜੋ ਕਿ ਫਰੀਦਕੋਟ ਦੀ ਹਦ ਨਾਲ ਲਗਦਾ ਹੈ, ਉਸ ਪਿੰਡ ਦੀਆਂ ਗਲੀਆਂ ਵਿਚ ਪਬ ਰਖਦੀ, ਖੁਲੀਆਂ ਹਵਾਵਾਂ ਨੂੰ ਕਲਾਵੇ ਵਿਚ ਲੈਂਦੀ, ਰਾਤ ਦੀ ਚਾਨਣੀ ਦੇ ਤਾਰਿਆਂ ਨੂੰ ਸਲਾਮ ਕਰਦੀ ਤੇ ਚਿਹਰੇ ਤੇ ਹਮੇਸ਼ਾਂ ਮੁਸਕਰਾਹਟ ਰਖਣ ਵਾਲੀ, ਹਮੇਸ਼ਾਂ ਬਾਬਲ ਨਾਲ ਮੁੰਡਿਆਂ ਵਾਂਗ ਕੰਮ ਕਰਨ ਵਾਲੀ ਤੇ ਬਾਪ ਵਾਂਗ ਸਿਰ ਤੇ ਮੰਡਾਸਾ ਮਾਰ ਕੇ, ਬਾਬਲ ਦੀ ਧਿਰ ਬਣਨ ਵਾਲੀ, 1967 ਵਿਚ ਸਰਹਦਾਂ ਦੀ ਰਾਖੀ ਕਰਦੇ ਹੌਲਦਾਰ ਦਲੀਪ ਸਿੰਘ ਪੁਤਰ ਸਰਦਾਰ ਗੁਰਮੁਖ ਸਿੰਘ ਦੀ ਰਾਣੀ ਧੀ ਗੁਰਮੇਲ ਕੌਰ ਦੀ ਪਰਵਰਿਸ਼ ਪੁਤਾਂ ਵਾਂਗ ਕੀਤੀ ਗਈ। ਉਸਨੇ ਪਿੰਡ ਦੇ ਹੀ ਸਕੂਲ ਵਿਚ ਦਸਵੀਂ ਤਕ ਦੀ ਪੜ੍ਹਾਈ ਕਰਨ ਪਿਛੋਂ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਐਮ.ਏ., ਫਿਰ ਬੀ.ਐਡ, ਐਮ.ਐਡ ਤੇ ਯੂ.ਜੀ.ਸੀ (ਨੈਟ) ਪੰਜਾਬੀ ਦੀ ਪੜ੍ਹਾਈ ਕੀਤੀ। ਕਾਲਜ ਪੜ੍ਹਦਿਆਂ ਉਸਨੂੰ ਪ੍ਰਿੰਸੀਪਲ ਮੁਖਤਿਆਰ ਸਿੰਘ, ਪ੍ਰੋ:ਸੁਖਜਿੰਦਰ ਸਿੰਘ, ਪ੍ਰੋ:ਬ੍ਰਹਮਜਗਦੀਸ਼ ਸਿੰਘ, ਪ੍ਰੋ:ਜਲੌਰ ਸਿੰਘ ਖੀਵਾ ਅਤੇ ਪ੍ਰੋ: ਸਾਧੂ ਸਿੰਘ ਵਰਗੇ ਉਸਤਾਦਾਂ ਦੀ ਸ਼ਾਗਿਰਦੀ ਦਾ ਸਬਬ ਬਣਿਆ। ਲਾਇਬਰੇਰੀਅਨ ਅਤੇ ਪਤਰਕਾਰ ਸ.ਗੁਰਮੀਤ ਸਿੰਘ ਕੋਟਕਪੂਰਾ ਨੇ ਚੰਗੀਆਂ ਕਿਤਾਬਾਂ ਦੀ ਸੇਧ ਦਿਤੀ। ਸਕੂਲੀ ਪੜ੍ਹਾਈ ਦੌਰਾਨ ਗੁਰਮੇਲ ਕੌਰ ਨੇ ਜਮਾਤ ਵਿਚ ਬੈਠਿਆਂ ਇਕ ਔਰਤ ਤੇ ਗੀਤ ਲਿਖਿਆ ਤਾਂ ਉਸਦੇ ਅਧਿਆਪਕ ਸ: ਬਲਦੇਵ ਸਿੰਘ ਬੰਬੀਹਾ ਨੇ ਉਸਦੀ ਅੰਦਰਲੀ ਕਲਾ ਨੂੰ ਪਹਿਚਾਣਿਆ ਅਤੇ ਉਸਨੂੰ ਲਿਖਣ ਲਈ ਹੋਰ ਉਤਸ਼ਾਹਿਤ ਕੀਤਾ। ਗੀਤਾਂ ਦੀ ਤੁਕਬੰਦੀ ਉਹ ਝਬਦੇ ਹੀ ਕਰ ਲੈਂਦੀ। ਉਸਦਾ ਪਹਿਲਾ ਗੀਤ ਕਾਲਜ ਪੜ੍ਹਦਿਆਂ ਮਕਬੂਲ ਹੋਇਆ ਤੇ ਫਿਰ ਉਸਨੇ ਕਈ ਮੁਕਾਬਲਿਆਂ ਵਿਚ ਇਨਾਮ ਵੀ ਪ੍ਰਾਪਤ ਕੀਤੇ। ਉਸ ਦਾ ਗੀਤ, ‘‘ਬਾਬਲ ਵਿਹੜੇ ਫਿਰਦੀ ਦੇ, ਮੇਰੇ ਮਨ ਵਿਚ ਉਠਿਆ ਸੀ ਚਾਅ। ਮਾਏ ਨੀ ਮੈਂ ਵਣਜਾਰਾ ਸਦਿਆ, ਮੈਨੂੰ ਚੂੜੀਆਂ ਦੇ ਨੀ ਚੜ੍ਹਾ, ਇਹੋ ਧੀਆਂ ਧਿਆਣੀਆਂ ਦੇ ਚਾਅ‘‘। ਉਸ ਦੀ ਸਾਹਿਤਕ ਚੇਟਕ ਪ੍ਰਬਲ ਹੁੰਦੀ ਗਈ। ਉਹ ਕਾਲਜ ਦੇ ਮੈਗਜ਼ੀਨ ਦੀ ਸੰਪਾਦਕਾ ਬਣੀ। ਕਾਲਜ ਦੀ ਸਭ ਤੋਂ ਵਧੀਆ ਵਲੰਟੀਅਰ, ਮਿਸ ਐਮ.ਏ.ਤੇ ਹੋਰ ਅਨੇਕਾਂ ਗਤੀਵਿਧੀਆਂ ਵਿਚ ਉਹ ਮੋਹਰੀ ਰਹਿੰਦੀ ਤੇ ਇਨਾਮ ਪ੍ਰਾਪਤ ਕਰਦੀ। ਫਿਰ ਉਹ ਸ਼ਾਇਰ ਧਰਮ ਕੰਮੇਆਣਾ ਅਤੇ ਨਵਰਾਹੀ ਘੁਗਿਆਣਵੀ ਜੀ ਤੋਂ ਸਾਹਿਤ ਸਬੰਧੀ ਸੇਧ ਲੈਂਦੀ ਰਹੀ। ‘‘ਸਾਹਿਤ ਸੁਗੰਧ‘‘ ਮੈਗਜ਼ੀਨ ਵਿਚ ਉਸਦੀਆਂ ਰਰਨਾਵਾਂ ਨੂੰ ਥਾਂ ਮਿਲੀ। ਇਕ ਨਿਜੀ ਰੇਡੀਓ ਚੈਨਲ ਦੇ ਪ੍ਰੋਗਰਾਮਰ ਸਿਧੂ ਦਾ ਕਹਿਣਾ ਹੈ ਕਿ ਗੁਰਮੇਲ ਕੌਰ ਨਾਲ ਗਲਬਾਤ ਦੌਰਾਨ ਉਹਨਾਂ ਦਾ ਪ੍ਰੋਗਰਾਮ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਸ ਦੇ ਲਿਖੇ ਗੀਤ ਦਰਸ਼ਨਜੀਤ ਸਿੰਘ (ਵਾਈਸ ਆਫ ਪੰਜਾਬ), ਗੋਪੀ ਸਿੰਘ, ਜਸਵੰਤ ਧੀਮਾਨ, ਹਰਜੀਤ ਜੀਤੀ, ਸੁਰਜੀਤ ਗਿਲ ਤੇ ਸਾਬਰ ਖਾਨ ਵਲੋਂ ਦੂਰਦਰਸ਼ਨ ਦੇ ਵਖ-ਵਖ ਟੈਲੀਵਿਜ਼ਨ ਪ੍ਰੋਗਰਾਮਾਂ ਜਿਵੇਂ-ਸੁਰਤਾਲ, ਖਿੜਕੀ, ਮੇਲਾ ਮੇਲੀਆਂ ਦਾ ਆਦਿ ਤੇ ਪੇਸ਼ ਕੀਤੇ ਜਾਂਦੇ ਰਹੇ ਹਨ। ਉਹ ਹੁਣ ਤਕ 60 ਦੇ ਕਰੀਬ ਗੀਤ ਲਿਖ ਚੁਕੀ ਹੈ। ਗੁਰਮੇਲ ਕੌਰ ਦੇ ਗੀਤਾਂ ਦਾ ਇਕ ਵਧੀਆ ਪਖ ਇਹ ਹੈ ਕਿ ਉਸਨੇ ਹਮੇਸ਼ਾਂ ਸਭਿਆਚਾਰਕ ਤੇ ਪਰਿਵਾਰਕ ਗੀਤ ਹੀ ਲਿਖੇ ਹਨ। ਨਮੂਨੇ ਵਜੋਂ ਉਸਦੇ ਕੁਝ ਗੀਤ ਦੇਖੋ : ‘‘ਤੇਰੇ ਵਿਹੜੇ ਵਿਚ ਗੁਆਚਾ ਨੀ ਮਾਂ ਮੇਰਾ ਬਚਪਨ ਮੋੜ ਦੇ‘‘,, ‘‘ਤੈਨੂੰ ਰਬ ਆਖਾਂ ਕੇ ਯਾਰ ਨੀ ਮਾਂ ਮੈਨੂੰ ਸਮਝ ਨਾ ਆਉਂਦੀ ਏ‘‘ ,, ‘‘ਕੋਠੇ ਤੇ ਕਾਂ ਬੋਲੇ, ਚਿਠੀ ਆਈ ਸਜਣਾਂ ਦੀ ਵਿਚ ਮੇਰਾ ਨਾਂ ਬੋਲੇ, ਖੂਹੇ ਤੇ ਆ ਮਾਹੀਆ, ਵੇ ਨਾਲੇ ਮੇਰੀ ਗਲ ਸੁਣ ਜਾ ਵੇ ਨਾਲੇ ਘੜਾ ਦੇ ਚਕਾ ਮਾਹੀਆ‘‘, ‘‘ਪੁਤ ਜੰਮੇ ਤਾਂ ਵੰਡੇਂ ਸੀਰੀ, ਵੇ ਮੈਂ ਧੀ ਬਣੀ ਲਾਹਨਤ ਜਗ ਦੀ। ਸ਼ਮੈਂ ਜੰਮੀ ਹੰਝੂ ਕੇਰ ਨਾ ਬਾਬਲਾ..ਬਾਬਲਾ ਮੈ ਹੋਈ ਮੁਟਿਆਰ। ਤੇ ਇਹਨੀਂ ਦਿਨੀਂ ਉਸਦਾ ਸਭ ਤੋਂ ਵਧ ਸਲਾਹਿਆ ਗਿਆ ਗੀਤ, ‘‘ਇਕ ਫੋਟੋ ਵਟਸਐਪ ਤੇ, ਨੀ ਮਾਂ ਮੇਰੇ ਪਿੰਡ ਦੀ ਪਾ ਦੇ’’। ਉਹ ਆਪਣੇ ਲਿਖੇ ਗੀਤਾਂ ਨੂੰ ਤਰਨੁੰਮ ਵਿਚ ਗਾਉਂਦੀ ਵੀ ਹੈ।ਉਸਨੇ ਸਭਿਆਚਾਰ ਦੀ ਪੇਸ਼ਕਾਰੀ ਕਰਦੇ ਕੁਝ ਆਰਟੀਕਲ ਵੀ ਲਿਖੇ।ਪਰ ਪਰਿਵਾਰਕ ਰੁਝੇਵਿਆਂ ਅਤੇ ਪ੍ਰਿੰਸੀਪਲ ਦੇ ਜ਼ਿੰਮੇਵਾਰੀ ਵਾਲੇ ਅਹੁਦੇ ਕਾਰਨ ਉਸਦੀ ਕਲਮ ਲੰਬੇ ਸਮੇਂ ਤੋਂ ਕਿਤੇ ਗੁਆਚ ਜਿਹੀ ਗਈ ਹੈ।ਜਿਸ ਤਰ੍ਹਾਂ ਕਿ ਬਹੁਤੀਆਂ ਔਰਤਾਂ ਨਾਲ ਵਾਪਰਦਾ ਹੈ। ਦਿਲ ਵਿਚ ਇਕ ਇਹ ਚੀਸ ਵੀ ਹੈ ਕਿ ਔਰਤਾਂ ਨੂੰ ਗੀਤਕਾਰੀ ਦੇ ਖੇਤਰ ਵਿਚ ਕੋਈ ਬਹੁਤਾ ਚੰਗਾ ਤੇ ਹਾਂ-ਪਖੀ ਹੁੰਗਾਰਾ ਨਹੀਂ ਮਿਲਦਾ।ਪਰਿਵਾਰ ਚਾਹੇ ਸਾਥ ਵੀ ਦੇਵੇ ਤਾਂ ਵੀ ਉਹ ਸਮਾਜ ਤੋਂ ਝਿਜਕਦੀਆਂ ਰਹਿੰਦੀਆਂ ਹਨ।ਉਸਦੇ ਜੀਵਨ ਸਾਥੀ ਪ੍ਰਿੰਸੀਪਲ ਤਜਿੰਦਰ ਸਿੰਘ ਨੇ ਜ਼ਿੰਦਗੀ ਦੇ ਹਰ ਮੋੜ ਤੇ ਅਤੇ ਹਰ ਬਿਖੜੇ ਰਾਹਾਂ ਵਿਚ ਉਸਦਾ ਭਰਪੂਰ ਸਾਥ ਦਿਤਾ ਹੈ।ਅਜ ਕਲ੍ਹ ਉਹ ਆਪਣੀਆਂ ਪੁਤਾਂ ਵਾਂਗ ਪਾਲੀਆਂ ਧੀਆਂ ਗੁਰਤੇਜਪ੍ਰੀਤ ਕੌਰ ਅਤੇ ਬਲਨੂਰਜੋਤ ਕੌਰ ਦੀਆਂ ਮਾਣ-ਮਤੀਆਂ ਪ੍ਰਾਪਤੀਆਂ ਰਾਹੀਂ ਆਪਣੇ ਚਾਅ ਪੂਰੇ ਹੁੰਦੇ ਦੇਖ ਰਹੀ ਹੈ।ਮੇਰੇ ਵਲੋਂ ਗੁਰਮੇਲ ਕੌਰ ਜੀ ਨੂੰ ਆਪਣੀਆਂ ਰਚਨਾਵਾਂ ਨੂੰ ਇਕ ਕਿਤਾਬ ਦੇ ਰੂਪ ਵਿਚ ਸੰਭਾਲਣ ਦੀ ਸਲਾਹ ਦਿਤੀ ਗਈ ਹੈ। ਉਮੀਦ ਹੈ ਕਿ ਇਹ ਸਾਂਵਲੀ ਜਿਹੀ ,ਖਿੜੇ ਮਥੇ ਸਭ ਨੂੰ ਮਿਲਣ ਵਾਲੀ ਤੇ ਸਾਦਗੀ ਭਰੇ ਜੀਵਨ ਵਾਲੀ ਇਹ ਸ਼ਖਸੀਅਤ ਚਾਨਣ-ਮੁਨਾਰਾ ਬਣ ਕੇ ਹੋਰਾਂ ਦੀ ਜ਼ਿੰਦਗੀ ਵਿਚ ਵੀ ਚਾਨਣ ਭਰੇਗੀ।