ਪੱਛਮੀਂ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਬੇਹਲਾ ਥਾਣੇ ਦੇ ਇਕ ਕਸਬੇ ਦੀ ਖ਼ਬਰ ਨੇ ਸੰਵੇਦਨਸ਼ੀਲ ਲੋਕਾਂ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਖ਼ਬਰ ਮੁਤਾਬਿਕ ਇਕ ਘਰ ਵਿੱਚ ਪੁਲਿਸ ਨੇ ਛਾਪਾ ਮਾਰਕੇ ਇਕ ਬਜ਼ੁਰਗ ਔਰਤ ਦੀ ਲਾਸ਼ ਬਰਾਮਦ ਕੀਤੀ ਹੈ। ਛਾਪਾਮਾਰ ਟੀਮ ਦੀ ਅਗਵਾਈ ਕਰ ਰਹੇ ਡੀ.ਸੀ. ਐਸ.ਈ.ਡੀ. ਨਿਲਾਂਜਨ ਵਿਸ਼ਵਾਸ ਨੇ ਦੱਸਿਆ ਕਿ ਇਹ ਲਾਸ਼ ਬੀਨਾ ਮਜੂਮਦਾਰ ਦੀ ਹੈ ਜਿਸ ਦੀ 84 ਵਰ੍ਹਿਆਂ ਦੀ ਉਮਰ ਵਿੱਚ ਤਿੰਨ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ। ਬੀਨਾ ਮਜੂਮਦਾਰ ਐਸ ਸੀ ਆਈ ’ਚ ਵੱਡੇ ਅਹੁਦੇ ਤੋਂ ਰਿਟਾਇਰ ਹੋਈ ਸੀ ਅਤੇ ਸੇਵਾ ਮੁਕਤੀ ਤੋਂ ਬਾਅਦ ਉਸ ਦੀ ਪੈਨਸ਼ਨ 50000 ਰੁਪਏ ਮਹੀਨਾ ਦੇ ਕਰੀਬ ਮਿਲਦੀ ਸੀ। ਬੀਨਾ ਦਾ ਪਤੀ ਗੋਪਾਲ ਚੰਦਰ ਮਜੂਮਦਾਰ 89 ਵਰ੍ਹਿਆਂ ਦੀ ਉਮਰ ਵਿੱਚ ਵਿਚਰ ਰਿਹਾ ਹੈ। ਮਜੂਮਦਾਰ ਜੋੜੀ ਦਾ ਇਕ ਬੇਟਾ ਸ਼ੁਭਬ੍ਰਤ ਮਜੂਮਦਾਰ 46 ਵਰ੍ਹਿਆਂ ਦਾ ਹੋ ਚੁੱਕਿਆ ਹੈ। ਭਾਵੇਂ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕਿਆ ਹੈ ਪਰ ਉਸ ਨੂੰ ਪੱਕੀ ਨੌਕਰੀ ਨਹੀਂ ਮਿਲੀ। ਸੋ, ਪਰਿਵਾਰ ਦਾ ਗੁਜਾਰਾ ਮਜੂਮਦਾਰ ਜੋੜੀ ਨੂੰ ਮਿਲ ਰਹੀ ਪੈਨਸ਼ਨ ਨਾਲ ਚਲਦਾ ਸੀ। ਤਿੰਨ ਵਰ੍ਹੇ ਪਹਿਲਾਂ ਜਦੋਂ ਸ਼ੁਭਬ੍ਰਤ ਦਾ ਮਾਂ ਬੀਨਾ ਮਜੂਮਦਾਰ ਦੀ ਮੌਤ ਹੋਈ ਤਾਂ ਉਸ ਨੇ ਮਾਂ ਦਾ ਸਸਕਾਰ ਕਰਨ ਦੀ ਬਜਾਏ ਮਾਂ ਦੇ ਮ੍ਰਿਤਕ ਸਰੀਰ ਨੂੰ ਫ੍ਰੀਜ਼ਰ ਵਿੱਚ ਰੱਖ ਲਿਆ। ਮਾਂ ਦੀ ਪੈਨਸ਼ਨ ਲੈਣ ਦੇ ਲਾਲਚ ਨੇ ਪੁੱਤ ਨੂੰ ਕਪੁੱਤ ਬਣਾ ਦਿੱਤਾ। ਸ਼ੁਭਬ੍ਰਤ ਹਰ ਸਾਲ ਮਾਂ ਦੀ ਲਾਸ਼ ਤੋਂ ਅੰਗੂਠੇ ਦਾ ਨਿਸ਼ਾਨ ਲਗਾਕੇ ਜ਼ਿੰਦਾ ਹੋਣ ਦਾ ਸਬੂਤ ਬੈਂਕ ’ਚ ਪੇਸ਼ ਕਰ ਦਿੰਦਾ ਸੀ। ਇਉਂ ਬੀਨਾ ਮਜੂਮਦਾਰ ਦੇ ਖਾਤੇ ਵਿੱਚ ਹਰ ਮਹੀਨੇ 50000 ਰੁਪਏ ਜੁਮ੍ਹਾਂ ਹੋ ਜਾਂਦੇ ਸਨ ਅਤੇ ਸ਼ੁਭਬ੍ਰਤ ਡੈਬਿਟ ਕਾਰਡ ਰਾਹੀਂ ਪੈਸੇ ਕਢਵਾ ਲੈਂਦਾ ਸੀ।
ਪੁਲਿਸ ਅਨੁਸਾਰ ਸ਼ੁਭਬ੍ਰਤ ਨੇ ਲੈਦਰ ਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੋਣ ਕਾਰਨ ਲਾਸ਼ ਨੂੰ ਸੁਰੱਖਿਅਤ ਰੱਖਣ ਦੀ ਜਾਣਕਾਰੀ ਸੀ। ਉਸ ਨੇ ਆਪਣੀ ਮਾਂ ਦੀ ਲਾਸ਼ ਨੂੰ ਰਸਾਇਣਾਂ ਦੀ ਮੱਦਦ ਨਾਲ ਸੰਭਾਲਕੇ ਰੱਖਿਆ ਹੋਇਆ ਸੀ। ਉਧਰ ਪੁਲਿਸ ਨੇ ਬੇਹਲਾ ਦੇ ਬਾਲਾਨਗਰ ਹਸਪਤਾਲ ਤੋਂ ਬੀਨਾਂ ਦੀ ਮੌਤ ਦੀ ਤਸਦੀਕ ਕਰਵਾ ਲਈ ਸੀ, ਇਸੇ ਹਸਪਤਾਲ ਵਿੱਚ 2015 ’ਚ ਬੀਨਾ ਦੀ ਮੌਤ ਹੋਈ ਸੀ। ਹਸਪਤਾਲ ਦੇ ਰਿਕਾਰਡ ਮੁਤਾਬਿਕ ਬੀਨਾ ਨੂੰ 7 ਅਪ੍ਰੈਲ 2015 ਨੂੰ ਰਾਤ ਦੇ 8 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸੇ ਦਿਨ ਰਾਤ 9.55 ’ਤੇ ਬੀਨਾ ਮਜੂਮਦਾਰ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਨੂੰ ਲੁਕਾ ਕੇ ਸ਼ੁਭਬ੍ਰਤ ਲਗਾਤਾਰ ਤਿੰਨ ਵਰ੍ਹੇ ਬੈਂਕ ਨੂੰ ਅਤੇ ਸਮਾਜ ਨੂੰ ਧੋਖਾ ਦਿੰਦਾ ਰਿਹਾ ਅਤੇ ਮਰੀ ਹੋਈ ਮਾਂ ਦੀ ਕਮਾਈ ’ਤੇ ਐਸ਼ ਕਰਦਾ ਰਿਹਾ।
ਪੁਲਿਸ ਨੇ ਛਾਪਾਮਾਰੀ ਦੌਰਾਨ ਦੋ ਫ੍ਰੀਜਰ ਬਰਾਮਦ ਕੀਤੇ ਹਨ। ਇਕ ਵਿੱਚ ਮਾਂ ਦੀ ਲਾਸ਼ ਨੂੰ ਰੱਖਿਆ ਹੋਇਆ ਸੀ ਅਤੇ ਦੂਜਾ ਫ੍ਰੀਜ਼ਰ ਆਪਣੇ ਪਿਓ ਲਈ ਰੱਖਿਆ ਸੀ। ਕਲਯੁੱਗੀ ਪੁੱਤ ਦੀ ਯੋਜਨਾ ਸੀ ਕਿ ਪਿਤਾ ਦੇ ਮਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਫ੍ਰੀਜ਼ਰ ’ਚ ਲਾ ਕੇ ਰੱਖੇਗਾ ਅਤੇ ਉਸ ਦੀ ਪੈਨਸ਼ਨ ’ਤੇ ਵੀ ਐਸ਼ ਕਰੇਗਾ। ਉਕਤ ਘਟਨਾ ਮੀਡੀਆ ’ਚ ਆਉਣ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਇਹ ਕਹਿੰਦੇ ਸੁਣੇ ਗਏ ਹਨ ਕਿ ਅਸੀਂ ਸਾਰੀ ਉਮਰ ਪੁੱਤਾਂ ਦੀ ਜ਼ਿੰਦਗੀ ਸੁਧਾਰਨ ਲਈ ਹਰ ਪੁੱਠੇ ਸਿੱਧੇ ਕੰਮ ਕਰਦੇ ਹਾਂ।
ਹਰ ਇਕ ਦੀ ਲਾਲਸਾ ਹੁੰਦੀ ਹੈ ਕਿ ਉਸ ਦੇ ਘਰ ਪੁੱਤ ਹੋਵੇ ਤਾਂ ਜੋ ਮਰਨ ਤੋਂ ਬਾਅਦ ਅਗਨ ਦੇ ਸਕੇ। ਉਧਰ ਸ਼ੁਭਬ੍ਰਤ ਵਰਗੇ ਪੁੱਤਰ ਹਨ ਜਿਨ੍ਹਾਂ ਨੇ ਮਾਂ ਦੀਆਂ ਅੰਤਮ ਰਸਮਾਂ ਦੀ ਬਜਾਏ ਆਪਣੇ ਲਾਲਚ ਨੂੰ ਮੁੱਖ ਰੱਖਿਆ।
ਇਥੇ ਹੀ ਬੱਸ ਨਹੀਂ ਉਸ ਨੇ ਤਾਂ ਆਪਣੇ ਪਿਤਾ ਬਾਰੇ ਵੀ ਅਜਿਹਾ ਕੁੱਝ ਹੀ ਸੋਚਿਆ ਹੋਇਆ ਸੀ। ਕੁੱਝ ਲੋਕਾਂ ਦਾ ਕਹਿਣਾ ਸੀ ਅਜਿਹੇ ਪੁੱਤ ਨਾਲੋਂ ਤਾਂ ਧੀਆਂ ਸੌ ਦਰਜੇ ਚੰਗੀਆਂ ਹਨ ਜੋ ਮਾਪਿਆਂ ਦਾ ਭਲਾ ਮੰਗਦੀਆਂ ਹਨ।