ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ

ਅਮਲੋਹ, 7 ਅਪ੍ਰੈਲ (ਰਣਜੀਤ ਸਿੰਘ ਘੁੰਮਣ)- ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕੌਮੀ ਵਿਗਿਆਨ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਡਿਪਾਰਟਮੇਂਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ ਅਤੇ ਪੰਜਾਬ ਸਟੇਟ ਕਾਂਉਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬ ਸਰਕਾਰ ਵਲੋਂ ਸਪਾਂਸਰ ਕੀਤਾ ਗਿਆ। ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਲਾਈਫ਼ ਸਾਇੰਸਜ਼ ਵਿਭਾਗ ਵਲੋਂ ਸਾਂਝੇ ਤੌਰ ਤੇ ਆਯੋਜਿਤ ਪ੍ਰੋਗਰਾਮਾਂ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਵਿਗਿਆਨਕ ਖੋਜਾਂ ਕਰਨ ਜਿਸ ਨਾਲ ਸਮਾਜ ਦੀ ਭਲਾਈ ਅਤੇ ਉਨੰਤੀ ਹੋਵੇ। ਪ੍ਰੋ-ਵਾਈਸ ਚਾਂਸਲਰ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਇਸ ਵਾਰ ਦਾ ਥੀਮ ‘ਸਾਇੰਸ ਐਂਡ ਟੈਕਨਾਲੋਜੀ ਫਾਰ ਸਸਟੇਨਏਬਲ ਫ਼ਿਉਚਰ’ ਰਿਹਾ। ਸਮਾਗਮ ਦੌਰਾਨ ਸਾਂਇੰਸ ਸਕਾਲਰਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਰਿਸਰਚ ਕੰਮਾਂ ਦੀ ਸਾਂਝ ਪਾਈ। ਇੰਜੀਨੀਅਰਿੰਗ, ਅਪਲਾਈਡ ਐਂਡ ਲਾਈਫ਼ ਸਾਈਸਿੰਜ਼ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਟੈਕਨੀਕਲ ਮੁਕਾਬਲਿਆਂ, ਕੁਇਜ਼ ਕੰਪੀਟੀਸ਼ਨ, ਪਾਵਰ ਪੁਆਇੰਟ ਪ੍ਰੈਜੇਂਟੇਸ਼ਨ, ਸਭਿਆਚਾਰਕ ਅਤੇ ਡੀਬੇਟ ਮੁਕਾਬਲਿਆਂ ਵਿਚ ਭਾਗ ਲਿਆ। ਵਿਦਿਆਰਥੀਆਂ ਨੇ ਆਪਣੇ ਪ੍ਰੋਜੈਕਟਾਂ ਨੂੰ ਪੇਸ਼ ਕਰਦੇ ਹੋਏ ਆਪਣੀ ਪ੍ਰਤਿਭਾ ਦੀ ਨੁਮਾਇਸ਼ ਕੀਤੀ ਅਤੇ ਨਵੇਂ ਨੁਕਤਿਆਂ ਨੂੰ ਸਾਂਝਾ ਕੀਤਾ। ਡਿਬੇਟ ਮੁਕਾਬਲੇ ’ਚ ਵਿਸ਼ਾਲ, ਮੁਕਤ, ਅਪਰਣਾ, ਭਾਰਤ, ਅਭਿਸ਼ੇਕ, ਰੂਪਕ, ਸੁਨੀਲ ਅਤੇ ਹਰਸ਼ ਦੀ ਟੀਮ ਨੂੰ ਜੇਤੂ ਐਲਾਣਿਆ ਗਿਆ। ਇਨੋਵੇਟਿਵ ਆਈਡਿਆ ਮੁਕਾਬਲੇ ਦੌਰਾਨ ਅਪਰਣਾ, ਆਦਿਲ ਅਹਿਮਦ ਅਤੇ ਪੀਰਜ਼ਾਦਾ ਆਤਿਰ ਨੇ ਪਹਿਲਾ ਇਨਾਮ ਹਾਸਿਲ ਕੀਤਾ। ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ.ਵਰਿੰਦਰ ਸਿੰਘ ਨੇ ਵਿਦਿਆਰਥੀਆਂ ਵਲੋਂ ਤਿਆਰ ਪ੍ਰੋਜੈਕਟਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਡਾ. ਪੂਜਾ ਗੁਲਾਟੀ, ਡਾ. ਐਚ. ਕੇ ਸਿੱਧੂ, ਡਾ. ਮਿੰਟੂ ਤਿਆਗੀ, ਡਾ. ਨਰਿੰਦਰ, ਨਵਨਿੰਦਰ ਕੌਰ, ਸਵਨੀਤ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

Send this to a friend