ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਸਨ ‘ਕੈਪਟਨ ਕੰਵਲਜੀਤ ਸਿੰਘ’

ਰਾਜਨੀਤੀ ਬਾਰੇ ਇਹ ਗਲ ਪ੍ਰਚਲਿਤ ਹੈ ਕਿ ਇਸ ਵਿਚ ਸਕੇ ਪਿਓ ਦਾ ਇਤਬਾਰ ਵੀ ਨਹੀਂ ਕੀਤਾ ਜਾਂਦਾ। ਅਜ ਦੀ ਰਾਜਨੀਤੀ ਤਾਂ ਹੋਰ ਵੀ ਨਾ-ਭਰੋਸੇਯੋਗ ਹੋ ਚੁਕੀ ਹੈ, ਪਰ ਇਸ ਸਭ ਦੇ ਬਾਵਜੂਦ ਵੀ ਰਾਜਨੀਤੀ ਵਿਚ ਕਈਂ ਵਾਰ ਅਜਿਹੇ ਇਨਸਾਨ ਮਿਲ ਜਾਂਦੇ ਨੇ ਜਿਨਾਂ ਨੂੰ ਮਿਲ ਕੇ ਮਹਿਸੂਸ ਹੁੰਦਾ ਹੈ ਕਿ ਰਾਜਨੀਤੀ ਕਿੰਨੀ ਵੀ ਗੰਧਲੀ ਕਿਉਂ ਨਾ ਹੋ ਜਾਵੇ ਪਰ ਭਲੇ ਲੋਕ ਅਜ ਵੀ ਮੌਜੂਦ ਨੇ। ਪੰਜਾਬ ਦੀ ਸਿਆਸਤ ਵਿਚ ਇਕ ਅਜਿਹਾ ਹੀ ਨਾਮ ਸੀ ਮਰਹੂਮ ‘ਕੈਪਟਨ ਕੰਵਲਜੀਤ ਸਿੰਘ’ ਮੈਨੂੰ ਅਜ ਵੀ ਚੰਗੀ ਤਰਾਂ ਯਾਦ ਹੈ ਜਦੋਂ ਮੈ ਪਹਿਲੀ ਵਾਰ ਕੈਪਟਨ ਸਾਅਬ ਦੇ ਘਰ ਗਿਆ ਸਾਂ ਤਾਂ ਇਕ ਵਾਰ ਮੈ ਭੁਲੇਖਾ ਖਾ ਗਿਆਂ ਕਿ ਸ਼ਾਇਦ ਮੈ ਕਿਸੇ ਗਲਤ ਘਰ ਚ ਆ ਗਿਆ ਹਾਂ, ਕਿਉਂਕਿ ਕੈਪਟਨ ਸਾਅਬ ਦੇ ਘਰ ਲੋਕਾਂ ਦੀ ਇੰਨੀ ਭੀੜ ਸੀ ਮੈ ਸੋਚਿਆ ਕਿ ਸ਼ਾਇਦ ਕਿਸੇ ਦੇ ਘਰ ਕੋਈ ਵਿਆਹ ਜਾਂ ਕਿਸੇ ਪਾਰਟੀ ਦਾ ਸਮਾਗਮ ਹੈ। ਪਰ ਹੌਲੀ-ਹੌਲੀ ਪਤਾ ਲਗਿਆ ਕਿ ਇਹ ਤਾਂ ਰੋਜ ਦਾ ਕੰਮ ਹੈ ਲੋਕ ਆਪਣੀਆਂ ਮੁਸ਼ਕਿਲਾਂ ਲੈ ਕੇ ਰੋਜਾਨਾ ਇਸੇ ਤਰਾਂ ਕੈਪਟਨ ਸਾਅਬ ਕੋਲ ਆਉਂਦੇ ਨੇ। ਅਤੇ ਮੈ ਉਨਾਂ ਦੀ ਇਸੇ ਗਲ ਤੋਂ ਹੈਰਾਨ ਸਾਂ ਕਿ ਉਹ ਕਿਸੇ ਨੂੰ ਵੀ ਇਹ ਨਹੀਂ ਪੁਛਦੇ ਸਨ ਕਿ ਤੂੰ ਕਿਸ ਦੀ ਸਿਫਾਰਸ ਲੈ ਕੇ ਆਇਆ ਜਾਂ ਕਿਸ ਦੇ ਨਾਲ਼ ਆਇਆ ਹੈ। ਉਹ ਸਿਰਫ ਬੰਦੇ ਦੀ ਮੁਸ਼ਕਿਲ ਪੁਛਦੇ ਸਨ ਅਤੇ ਫਿਰ ਸਬੰਧਤ ਵਿਭਾਗ ਨੂੰ ਹਲ ਕਰਨ ਦੀ ਤਾਕੀਦ ਕਰਦੇ ਸਨ। ਇਹੀ ਕਾਰਨ ਸੀ ਉਹਨਾਂ ਦੀ ਕੋਠੀ ਦੇ ਅਗੇ ਹਮੇਸ਼ਾਂ ਹਲਕੇ, ਪਾਰਟੀ ਅਤੇ ਹਰ ਵਰਗ ਦੇ ਲੋਕਾਂ ਦੀ ਭੀੜ ਹੁੰਦੀ, ਭਾਵੇਂ ਉਹ ਸਰਕਾਰ ਵਿਚ ਹੁੰਦੇ ਜਾਂ ਵਿਰੋਧੀ ਧਿਰ ਵਿਚ।  ਦੇਸ਼, ਕੌਮ ਅਤੇ ਜਨਤਾ ਪ੍ਰਤੀ ਵਚਨਬਧਤਾ ਅਤੇ ਇਮਾਨਦਾਰੀ ‘ਤੇ ਚਲਣ ਵਾਲੇ ਕੈਪਟਨ ਕੰਵਲਜੀਤ ਸਿੰਘ ਨੇ ਪੰਜਾਬ ਦੀ ਰਾਜਨੀਤੀ, ਸਰਕਾਰ ਅਤੇ ਵਿਕਾਸ ਕਾਰਜਾਂ ਵਿਚ ਇਤਿਹਾਸਕ ਯੋਗਦਾਨ ਪਾਇਆ ਹੈ। ਮਾਤਾ ਗੁਰਦਿਆਲ ਕੌਰ ਦੀ ਕੁਖੋਂ, ਪਤਾ ਸ: ਦਾਰਾ ਸਿੰਘ ਦੇ ਘਰ ਉਨਾਂ ਦਾ ਜਨਮ ਹੋਇਆ, ਉਹਨਾਂ ਨੇ ਆਪਣਾ ਬਚਪਨ ਸਲਾਣੇ ਪਿੰਡ ‘ਚ ਗੁਜਾਰਿਆ ਮੁਢਲੀ ਵਿਦਿਆ ਉਨਾਂ ਨੇ ਨਾਭਾ ਤੋਂ ਹਾਸਲ ਕੀਤੀ ਜਦੋਂ ਕਿ ਬੀ. ਐਸ. ਸੀ. ਚੰਡੀਗੜ ਤੋਂ ਕੀਤੀ, 20 ਸਾਲ ਦੀ ਉਮਰ ਵਿਚ ਫੌਜ ਵਿਚ ਕਮਿਸ਼ਨ ਲੈ ਲਿਆ ਕੈਪਟਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਪਿੰਡ ਖੇਤੀ ਅਤੇ ਡੇਅਰੀ ਫਾਰਮਿੰਗ ਦਾ ਧੰਦਾ ਬੜੀ ਸਫਲਤਾ ਨਾਲ ਸ਼ੁਰੂ ਕੀਤਾ, ਇਸੇ ਦੌਰਾਨ ਉਨਾਂ ਦਾ ਵਿਆਹ ਬੀਬੀ ਸਰਬਜੀਤ ਕੌਰ ਨਾਲ ਹੋਈ। ਰਾਜਨੀਤੀ ਵਿਚ ਉਨਾਂ ਦਾ ਆਉਣਾਂ 1980  ਵਿਚ ਹੋਇਆ ਜਦੋਂ ਉਨਾਂ ਨੇ ਅਜਾਦ ਉਮੀਦਵਾਰ ਵਜੋਂ ਚਣੋ ਲੜੀ ਪਰ ਹਾਰ ਗਏ। ਉਸ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰਭਾਵ ਹੇਠ ਅਕਾਲੀ ਦਲ ਵਿਚ ਆ ਗਏ।1995 ਵਿਚ ਬਨੂੜ ਹਲਕੇ ਤੋਂ ਜਿਤ ਕੇ ਸ. ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿਚ ਗ੍ਰਹਿ ਰਾਜ ਮੰਤਰੀ ਬਣੇ, ਸੰਨ 1991 ਵਿਚ ਅਕਾਲੀ ਦਲ (ਬਾਦਲ) ਵਿਚ ਸ਼ਾਮਿਲ ਹੋ ਗਏ ਆਪਣੇ ਜੀਵਨ ਦੇ ਆਖਰੀ ਸਮੇਂ ਤਕ ਉਹ ਅਕਾਲੀ ਦਲ ਦੇ ਜਨਰਲ ਸਕਤਰ ਰਹੇ; ਰਾਜਸੀ ਮਾਮਲਿਆਂ ਦੀ ਉਚ-ਪਧਰੀ ਕਮੇਟੀ ਦੇ ਉਹ ਸੀਨੀਅਰ ਮੈਂਬਰ ਰਹੇ, ਅਕਾਲੀ ਦਲ ਦੇ ਪ੍ਰਧਾਨ ਸ: ਪ੍ਰਕਾਸ਼ ਸਿੰਘ ਬਾਦਲ ਦੇ ਉਹ ਮੁਖ-ਸਲਾਹਕਾਰ ਅਤੇ ਸਜੀ ਬਾਂਹ ਵਜੋਂ ਜਾਣੇ ਜਾਂਦੇ ਸਨ। ਉਦੋਂ ਅਕਾਲੀ ਦਲ ਵਿਚ ਇਕ ਹੀ ਨੇਤਾ ਹੁੰਦਾ ਸੀ ਜੋ ਖੁਲਕੇ ਬੋਲ ਸਕਦਾ ਸੀ ਕਿ  ਉਹ ਸਨ ਕੈਪਟਨ ਸਾਅਬ ਸੰਨ 1997 ਵਿਚ ਉਹ ਬਨੂੜ ਹਲਕੇ ਤੋਂ ਮੁੜ ਜਿਤੇ ਅਤੇ ਸ: ਬਾਦਲ ਵਲੋਂ ਗਠਿਤ ਅਕਾਲੀ-ਭਾਜਪਾ ਸਰਕਾਰ ਵਿਚ ਵਿਤ ਮੰਤਰੀ ਬਣੇ ਸਨ। ਸੰਨ 1997-2002 ਦੇ ਕਾਰਜਕਾਲ ਦੌਰਾਨ ਉਨਾਂ ਨੇ 5 ਬਜਟ ਪੇਸ਼ ਕੀਤੇ, ਬਿਜਲੀ, ਸਿਹਤ, ਸਿਖਿਆ, ਸਿੰਚਾਈ, ਮੁਢਲੇ ਢਾਂਚੇ ਦੀ ਮਜ਼ਬੂਤੀ ‘ਤੇ ਵਿਸ਼ੇਸ਼ ਜ਼ੋਰ ਦਿਤਾ। ਪੰਜਾਬ ਦੀ ਲੀਹੋਂ ਲਥੀ ਵਿਕਾਸ ਦਰ ਨੂੰ ਮੁੜ ਸਹੀ ਰਾਹ ਤੇ ਲਿਆ ਕੇ ਖੜੇ ਕਰਨ ਵਾਲੇ ਕੈਪਟਨ ਸਾਅਬ ਹੀ ਸਨ। ਜੇ ਉਨਾਂ ਦੇ ਜੀਵਨ ਅਤੇ ਕੀਤੇ ਕੰਮਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਬਹੁਤ ਸਾਰਾ ਸਮਾਂ ਚਾਹੀਦਾ ਹੈ ਕਿਉਂਕਿ ਜੋ ਕੰਮ ਉਹ ਕਰ ਗਏ ਉਹ ਕੋਈ ਨਹੀ ਕਰ ਸਕਿਆ। ਬਨੂੜ ਹਲਕੇ ਨੂੰ ਉਨਾਂ ਦੀ ਦੇਣ ਨੂੰ ਕੋਈ ਵੀ ਭੁਲਾ ਨਹੀਂ ਸਕਦਾ। ਸੰਨ 2000 ‘ਚ ਜਦੋਂ ਬਨੂੰੜ ਚ ਹੜਾਂ ਦਾ ਪਾਣੀ ਵੜਿਆ ਸੀ ਤਾਂ ਉਹ ਖੁਦ ਕਈਂ-ਕਈਂ ਕਿਲੋਮੀਟਰ ਪੈਦਲ ਤੁਰ ਕੇ ਲੋਕਾਂ ਨਾਲ਼ ਸਥਿਤੀ ਦਾ ਜਾਇਜਾ ਲੈਂਦੇ ਰਹੇ ਅਤੇ ਬਾਅਦ ਚ ਉਨਾਂ ਨੇ ਅਜਿਹੇ ਪ੍ਰਬੰਧ ਕਰਵਾਏ ਕਿ ਕਦੇ ਮੁੜ ਕਦੇ ਬਨੂੜ ਚ ਪਾਣੀ ਨਹੀਂ ਵੜਿਆ। ਬਨੂੜ ਹਲਕੇ ਦੀ ਸੜਕਾਂ ਅਤੇ ਪੁਲ਼ਾਂ ਦੇ ਨਿਰਮਾਣ ਚ ਕੀਤੇ ਕਾਰਜ ਮੀਲ ਪਥਰ ਸਾਬਿਤ ਹੋਏ। ਜਦੋਂ ਉਹ ਸਹਿਕਾਰਤਾ ਮੰਤਰੀ ਬਣੇ ਤਾਂ ਉਨਾਂ ਦਾ ਪਕਾ ਮਤ ਸੀ ਕਿ ਅਜੋਕੀ ਮੰਦਹਾਲੀ ਨੂੰ ਨਜਿਠਣ ਦਾ ਸਫਲ ਨੁਸਖਾ ਸਹਿਕਾਰਤਾ ਲਹਿਰ ਹੋ ਸਕਦੀ ਹੈ। ਉਨਾ ਨੇ ਵਿਦੇਸ਼ਾਂ ਵਿਚ ਅਕਾਲੀ ਦਲ ਦੀਆਂ ਸ਼ਾਖਾਵਾਂ ਮਜ਼ਬੂਤ ਕੀਤੀਆਂ।
ਬਹੁਤ ਸਾਰੇ ਹਲਕਿਆਂ ਵਿਚ ਉਨਾਂ ਨੂੰ ਪੰਜਾਬ ਦੇ ਮੁਖ-ਮੰਤਰੀ ਵਜੋਂ ਵੇਖਿਆ ਜਾਣ ਲਗਾ ਸੀ, ਕਿਉਂਕਿ ਪੰਜਾਬ ਨੂੰ ਉਦੋਂ ਐਸੇ ਹੀ ਕਿਸੇ ਬੇਬਾਕ ਅਤੇ ਬੇਦਾਗ ਸ਼ਖਸ਼ੀਅਤ ਦੇ ਯੋਧੇ ਦੀ ਜਰੂਰਤ ਸੀ। ਪਰ ਇਹ ਹੋ ਨਾ ਸਕਿਆ। 29ਮਾਰਚ 2009 ਨੂੰ ਖਰੜ ਨੇੜੇ ਇਕ ਸੜਕ ਹਾਦਸੇ ਵਿਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਤੁਰ ਗਏ।। ਪੰਜਾਬ ਦੀ ਰਾਜਨੀਤੀ ਵਿਚ ਇਸ ਸ਼ੇਰਦਿਲ, ਇਮਾਨਦਾਰ, ਵਚਨਵਧ ਲੋਕ-ਨਾਇਕ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਜੇ ਉਹ ਕੁਝ ਸਾਲ ਹੋਰ ਜਿਊਂਦੇ ਰਹਿ ਜਾਂਦੇ ਤਾਂ ਅਜ ਪੰਜਾਬ ਦੀ ਰਾਜਨੀਤੀ ਦੇ ਸਮੀਕਰਣ ਕੁਝ ਹੋਰ ਹੁੰਦੇ, ਅਤੇ ਅਜ ਨਸ਼ਿਆਂ ਦਾ ਕਲੰਕ ਪੰਜਾਬ ਦੇ ਮਥੇ ਤੇ ਨਾ ਲਗਿਆ ਹੁੰਦਾ। ਉਨਾਂ ਨੇ ਆਮ ਲੋਕਾਂ ਲਈ ਕੀ ਕੁਝ ਕੀਤਾ ਇਹ ਤਾਂ ਬਨੂੜ ਹਲਕੇ ਦਾ ਬਚਾ-ਬਚਾ ਜਾਣਦਾ ਸੀ, ਇਸ ਤੋਂ ਬਿਨਾਂ ਉਨਾਂ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਉਨਾਂ ਦੇ ਦਰ ਤੋਂ ਕਿਸੇ ਵੀ ਪਾਰਟੀ ਕਿਸੇ ਵੀ ਹਲਕੇ ਦਾ ਬੰਦਾ ਆ ਜਾਵੇ ਕਦੇ ਨਿਰਾਸ਼ ਹੋ ਕੇ ਨਹੀਂ ਸੀ ਗਇਆ ।। ਲੋਕ ਉਨਾਂ ਨੂੰ ਆਪਣੇ ਘਰ ਦਾ ਮੈਂਬਰ ਦਸਦੇ ਸਨ ਇਹੀ ਕਾਰਨ ਸੀ ਕਿ ਜਦੋਂ ਉਨਾਂ ਕਿਸੇ ਵੀ ਕਿਸੇ ਦੀ ਦੁਖ ਤਕਲੀਫ ਦਾ ਪਤਾ ਲਗਦਾ ਸੀ ਤਾਂ ਉਹ ਪੁਜ ਜਾਂਦੇ ਸਨ।। ਇਹ ਗਲ ਉਨਾਂ ਚ ਸਿਰਫ ਰਾਜਨੀਤੀ ਕਰਕੇ ਜਾਂ ਵੋਟਾਂ ਲੈਣ ਕਰਕੇ ਨਹੀਂ ਸੀ ਕਿਉਂਕਿ ਜਦੋਂ ਉਹ ਰਾਜਨੀਤੀ ਵਿਚ ਆਏ ਨਹੀਂ ਸਨ, ਉਦੋਂ ਵੀ ਲੋਕਾਂ ਦੀ ਬਹੁਤ ਮਦਦ ਕਰਦੇ ਸਨ। ਬਨੂੜ ਹਲਕੇ ਦੇ ਲੋਕ ਪੁਆਧੀ ਬੋਲੀ ਚ ਅਕਸਰ ਗਲਾਂ ਕਰਦੇ-ਕਰਦੇ ਉਨਾਂ ਨੂੰ ਕਿ ਮਾਰ੍ਹਾ ਕੈਪਟਨ ਕਹਿ ਕੇ ਸੰਬੋਧਨ ਕਰਦੇ ਸਨ। ਕਿਉਕਿ ਹਰ ਛੋਟੀ-ਵਡੀ ਮੁਸ਼ਕਿਲ ਦਾ ਹਲ ਸਿਰਫ ਕੈਪਟਨ ਸਾਅਬ ਕੋਲ ਹੀ ਹੁੰਦਾ ਸੀ।ਕੈਪਟਨ ਸਾਅਬ ਫਾਲਤੂ ਅਤੇ ਕਿਸੇ ਤੇ ਬਿਨਾਂ ਵਜਾਂ ਇਲਜਾਮ ਲਾਉਣ ਵਾਲਾ ਭਾਸ਼ਣ ਕਦੇ ਵੀ ਨਹੀਂ ਦਿੰਦੇ ਸਨ। ਉਨਾਂ ਦਾ ਹੀ ਹਰ ਗਲ ਪਿਛੇ ਕੋਈ ਨਾ ਕੋਈ ਤਰਕ ਹੁੰਦਾ ਸੀ ਅਤੇ ਉਹ ਹਮੇਸ਼ਾ ਹੋਛੀ ਰਾਜਨਤੀ ਤੋਂ ਗੁਰੇਜ ਕਰਦੇ ਸਨ। ਖਰੀਆਂ-ਖਰੀਆਂ ਗਲਾਂ ਕਰਨ ਦਾ ਅਤੇ ਖਰੀ ਸ਼ੈਲੀ ਦੇ ਹਾਮੀ ਕੈਪਟਨ ਕੰਵਲਜੀਤ ਸਿੰਘ ਪਿਠ ਪਿਛੇ ਚੁਗਲੀ ਕਰਨ ਦੀ ਬਜਾਏ ਸਾਹਮਣੇ ਸਪਸ਼ਟ ਗਲ ਕਹਿਣ ਦੀ ਹਿੰਮਤ ਰਖਦੇ ਸਨ।
ਬਨੂੜ ਹਲਕੇ ਦੇ ਕਾਂਗਰਸੀ ਵਰਕਰਾਂ ਚ ਵੀ ਉਨਾਂ ਦਾ ਪੂਰਾ ਸਤਿਕਾਰ ਸੀ। 2007 ਦੀਆ ਚੋਣਾਂ ਦੇ ਨਤੀਜੇ ਦੀ ਖਬਰ ਜਦੋਂ ਬਨੂੰੜ ਪੁਜੀ ਕਿ ਕੈਪਟਨ ਸਾਅਬ ਜਿਤ ਗਏ ਨੇ ਤਾਂ ਕਿਸੇ ਵੀ ਕਾਂਗਰਸੀ ਵਰਕਰ ਨੇ ਕੋਈ ਭੈੜੀ ਪ੍ਰਤੀਕਿਰਆ ਨਹੀਂ ਕੀਤੀ ਸਗੋਂ ਸਭ ਦਾ ਕਹਿਣਾਂ ਸੀ ਇਕ ਕੈਪਟਨ ਸਾਅਬ ਦਾ ਹਕ ਬਣਦਾ ਸੀ ਜਿਤਣ ਦਾ।ਹੋਰ ਵੀ ਬਹੁਤ ਸਾਰੀਆਂ ਗਲਾਂ ਨੇ ਜੋ ਸਾਬਿਤ ਕਰਦੀਆਂ ਨੇ ਕਿ ਕੈਪਟਨ ਕੰਵਲਜੀਤ ਸਿੰਘ ਇਕ ਵਖਰੇ ਰਾਜ ਨੇਤਾ ਸਨ ਉਨਾਂ ਕੋਲ ਲੋਕਾਂ ਦਾ ਉਹ ਪਿਆਰ ਸੀ ਜੋ ਦੌਲਤ ਨਾਲ਼ ਖਰੀਦਿਆ ਨਹੀਂ ਜਾ ਸਕਦਾ। ਪੰਜਾਬ ਦੀ ਰਾਜਨੀਤੀ ਚ ਉਨਾਂ ਦੇ ਕਦ ਦੇ ਬਰਾਬਰ ਕੋਈ ਨਹੀ ਸੀ। ਉਹ ਇਕ ਬਹੁਤ ਹੀ ਸੁਲਝੇ ਹੋਏ ਅਤੇ ਸਾਫ ਸੁਥਰੇ ਅਕਸ ਵਾਲੇ ਲੀਡਰ ਸਨ। ਭਾਰਤੀ ਫੌਜ ਦੀ ਨੌਕਰੀ ਵਿਚ ਸੇਵਾ ਕਰਨ ਸਮੇਂ ਸਿਖਿਆ ਅਨੂਸਾਸ਼ਨ ਉਨਾਂ ਦੇ ਰੋਜ਼ਾਨਾ ਜੀਵਨ ਅਤੇ ਸਿਆਸੀ ਸਰਗਰਮੀਆਂ ਤੋਂ ਸਾਫ ਝਲਕਦਾ ਸੀ। ਉਹ ਇਕ ਪੜੇ ਲਿਖੇ, ਸਨਿਮਰ, ਮਿਠ-ਬੋਲੜੇ ਅਤੇ ਦੂਰਦਰਸ਼ੀ ਲੀਡਰ ਸਨ ਉਹ ਅਕਾਲੀ ਦਲ ਦੇ ਥਿੰਕ-ਟੈਂਕ ਵਜੋਂ ਵੀ ਜਾਣੇ ਜਾਂਦੇ ਸਨ। ਅਕਾਲੀ ਪਾਰਟੀ ਚ ਉਹ ਹੀ ਇਕ ਨੇਤਾ ਸਨ ਜੋ ਬਾਦਲ ਸਾਅਬ ਨਾਲ ਠੋਕ ਵਜਾ ਕੇ ਗਲ ਕਰ ਲੈਂਦੇ ਸਨ।। ਉਹ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਾਦਾਰ ਸਿਪਾਹੀ ਸਨ, ਜਦ ਤੋਂ ਇਸ ਜਥੇਬੰਦੀ ਵਿਚ ਸ਼ਾਮਿਲ ਹੇਏ, ਅਜਕਲ ਦੇ ਬਹੁਤੇ ਲੀਡਰਾਂ ਵਾਂਗ ਕਿਸੇ ਹੋਰ ਪਾਰਟੀ ਵਿਚ ਨਹੀਂ ਗਏ। ਪਾਰਟੀ ਦੇ ਹਰ ਸਿਆਸੀ ਉਤਰਾਅ ਚੜਾਅ ਵੇਲੇ ਚਟਾਨ ਵਾਂਗ ਖੜੇ ਰਹੇ। ਉਨਾਂ ਤੋਂ ਬਾਅਦ ਉਨਾਂ ਦੇ ਪਰਿਵਾਰ ਵੀ ਖੇਰੂ-ਖੇਰੂ ਹੋ ਗਿਆ।
ਇਕ ਗਲ ਲਿਖਦਿਆਂ ਬੇਹਦ ਅਫੋਸਸ ਉਹ ਰਿਹਾ ਹੈ ਕਿ ਜਿਸ ਅਕਾਲੀ ਦਲ ਨਾਲ਼ ਹੋਰ ਹਮੇਸ਼ਾ ਖੜੇ ਰਹੇ ਉਸ ਅਕਾਲੀ ਦਲ ਨੇ ਅਜ ਉਨਾਂ ਨੂੰ ਵਿਸਾਰ ਦਿਤਾ ਹੈ, ਉਨਾਂ ਦੀ ਵਫਾਦਾਰੀ ਅਤੇ ਇਮਾਨਦਾਰੀ ਦੀ ਕੋਈ ਗਲ ਨੂੰ ਨਹੀਂ ਕੀਤੀ ਜਾਂਦੀ ਉਨਾਂ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਉਨਾਂ ਨਾਲ਼ ਹੀ ਖਤਮ ਹੋ ਗਏ। ਬਨੂੜ ਵਿਚ ਇਕ ਕਾਲਿਜ ਦਾ ਨੀਂਹ ਪਥਰ ਕੈਪਟਨ ਸਾਅਬ ਵਲੋਂ ਰਖਿਆ ਗਿਆ ਸੀ ਜਿਸ ਦਾ ਕੰਮ ਵੀ ਸ਼ੁਰੂ ਹੋਇਆ ਸੀ ਪਰ ਬਾਅਦ ਚ ਸਭ ਕੁਝ ਖਤਮ ਹੋ ਗਿਆ, ਸਮੇਂ ਦੀਆਂ ਸਰਕਾਰਾਂ ਵਲੋਂ ਅਕਸਰ ਉਨਾਂ ਦੇ ਅਧੂਰੇ ਪਏ ਕਾਰਜਾਂ ਨੂੰ ਪੂਰੇ ਕਰਨ ਦੇ ਦਾਅਵੇ ਅਤੇ ਵਾਅਦੇ ਕੀਤੇ ਗਏ ਪਰ ਸਾਰੀਆ ਗਲਾਂ ਸਟੇਜ ਤੋਂ ਉਤਰਦੇ-ਉਤਰਦੇ ਹੀ ਵਿਸਰ ਗਈਆਂ ਤੇ ਵਿਕਾਸ ਵਲ ਕਦੇ ਕਿਸੇ ਦਾ ਧਿਆਨ ਨਹੀਂ ਗਿਆ।। ਕੈਪਟਨ ਸਾਅਬ ਬਿਨਾਂ ਬਨੂੜ ਅਹਿਜਾ ਲਵਾਰਿਸ ਹੋਇਆ ਕਿ ਮੁੜ ਇਸ ਨੂੰ ਇਸ ਦਾ ਕੋਈ ਵਾਰਿਸ ਨਹੀਂ ਮਿਲ ਸਕਿਆ।ਸਮੇਂ ਦੀ ਸਿਆਸਤ ਨੂੰ ਉਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਆਮ ਆਦਮੀ ਦੀ ਕਦਰ ਪੈ ਸਕੇ। ਸਰਕਾਰ ਨੂੰ ਉਨਾਂ ਦੀ ਬਨੂੜ ਚ ਕੋਈ ਯਾਦਗਾਰ ਜਰੂਰ ਬਣਾਉਣੀ ਚਾਹੀਦੀ ਹੈ, ਤਾਂ ਆਉਣ ਵਾਲੀਆਂ ਪੀੜੀਆਂ ਉਨਾਂ ਦੇ ਕੀਤੇ ਕੰਮਾ ਤੋਂ ਸੇਧ ਲੈ ਸਕਣ। ਕੈਪਟਨ ਸਾਅਬ ਵਰਗਾ ਨੇਤਾ ਪੰਜਾਬ ਨੂੰ ਅਤੇ ਅਕਾਲੀ ਦਲ ਨੂੰ ਮਿਲਣਾ ਔਖਾ ਹੈ।ਉਨਾਂ ਦੇ ਕੰਮਾਂ ਨੂੰ ਲੋਕ ਕਦੇ ਵੀ ਭੁਲਣਗੇ, ਲੋਕਾਂ ਦੇ ਇਸ ਮਹਿਬੂਬ ਨੇਤਾ ਨੂੰ ਰਹਿੰਦੀ ਦੁਨੀਆਂ ਤਕ ਯਾਦ ਕੀਤਾ ਜਾਵੇਗਾ।

Send this to a friend