ਕੇਜਰੀਵਾਲ ਦੀਆਂ ਮੁਆਫੀਆਂ ਤੇ ਮੁਆਫੀਆਂ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਅਲੋਕਾਰੀ ਰਾਜਨੀਤੀ ’ਤੇ ਉਤਰ ਆਏ ਹਨ। ਪਹਿਲਾਂ ਉਨ੍ਹਾਂ ਨੇ ਧੜਾ-ਧੜ ਵਿਰੋਧੀ ਨੇਤਾਵਾਂ ਖਿਲਾਫ਼ ਵੱਡੇ-ਵੱਡੇ ਦੋਸ਼ ਲਗਾਏ। ਦੋਸ਼ ਹੀ ਨਹੀਂ ਲਗਾਏ ਸਗੋਂ ਪਾਰਟੀ ਵਰਕਰਾਂ ਨੂੰ ਉਨ੍ਹਾਂ ਖਿਲਾਫ਼ ਇਕ ਜ਼ੋਰਦਾਰ ਕਿਰਦਾਰਕੁਸ਼ੀ ਮੁਹਿੰਮ ਵਿੱਚ ਝੋਕ ਦਿੱਤਾ। ਦੇਸ਼ ਭਰ ਵਿੱਚ ਦਰਜਨਾਂ ਨੇਤਾਵਾਂ ਨੂੰ ਇਸ ‘ਕਹਿਰ’ ਦਾ ਨਿਸ਼ਾਨਾ ਬਣਨਾ ਪਿਆ। ਉਸ ਸਮੇਂ ਸ਼੍ਰੀ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਦਾਅਵੇ ਨਾਲ ਆਖ ਰਹੇ ਸਨ ਕਿ ਜਿਨ੍ਹਾਂ ਨੇਤਾਵਾਂ ਖਿਲਾਫ਼ ਉਹ ਦੋਸ਼ ਲਗਾ ਰਹੇ ਹਨ ਉਨ੍ਹਾਂ ਸਬੰਧੀ ਉਨ੍ਹਾਂ ਕੋਲ ਸਬੂਤ ਵੀ ਮੌਜੂਦ ਹਨ। ਇਹ ਮੁਹਿੰਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਜ਼ੋਰਦਾਰ ਤਰੀਕੇ ਨਾਲ ਚਲਾਈ ਗਈ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਹੋਈਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਖਿਲਾਫ਼ ਇਸ ਤਰ੍ਹਾਂ ਦੀ ਮੁਹਿੰਮ ਵਿੱਢੀ ਗਈ। ਕੁੱਝ ਹੋਰ ਵਿਰੋਧੀ ਨੇਤਾਵਾਂ ਨੂੰ ਵੀ ਇਸ ਤਰ੍ਹਾਂ ਦੇ ਔਖੇ ਹਾਲਾਤਾਂ ਵਿੱਚੋਂ ਗੁਜਰਨਾ ਪਿਆ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕੁਝ ਚੋਣਵੇਂ ਨੇਤਾਵਾਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ। ਇਹ ਗੱਲ ਵੱਖਰੀ ਹੈ ਕਿ ਪਾਰਟੀ ਨੂੰ ਲੋਕ ਸਭਾ ਚੋਣਾਂ ਅਤੇ ਖਾਸ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋੜੀਂਦੀ ਜਿੱਤ ਪ੍ਰਾਪਤ ਨਹੀਂ ਹੋ ਸਕੀ। ਹੁਣ ਜਦੋਂ ਪਾਰਟੀ ਸਿਆਸੀ ਹਾਸ਼ੀਏ ਉਪਰ ਚੱਲੀ ਗਈ ਹੈ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਮੁਆਫ਼ੀਨਾਮਿਆਂ ਦੀ ਝੜੀ ਲਗਾ ਦਿੱਤੀ ਹੈ। ਪਹਿਲਾਂ ਅੰਮ੍ਰਿਤਸਰ ਵਿੱਚ ਚੱਲ ਰਹੇ ਕੇਸ ਨੂੰ ਵਾਪਸ ਕਰਵਾਉਣ ਲਈ ਸ. ਮਜੀਠੀਆ ਤੋਂ ਅਦਾਲਤ ਵਿੱਚ ਲਿਖਤੀ ਮੁਆਫ਼ੀ ਮੰਗੀ ਗਈ। ਹੁਣ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਤੋਂ ਵੀ ਲਿਖਤੀ ਮੁਆਫ਼ੀ ਮੰਗ ਲਈ ਗਈ ਹੈ ਤਾਂ ਜੋ ਅਦਾਲਤ ਵਿੱਚ ਚੱਲ ਰਿਹਾ ਕੇਸ ਆਪਸੀ ਸਹਿਮਤੀ ਨਾਲ ਖਤਮ ਹੋ ਸਕੇ। ਇਥੇ ਜ਼ਿਕਰਯੋਗ ਹੈ ਕਿ ਸ਼੍ਰੀ ਕੇਜਰੀਵਾਲ ਨੇ ਸ਼੍ਰੀ ਨਿਤਿਨ ਗਡਕਰੀ ਨੂੰ ਭਾਰਤ ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਸੀ। ਹੁਣ ਸ਼੍ਰੀ ਕੇਜਰੀਵਾਲ ਮੁਆਫ਼ੀਨਾਮੇ ਵਿੱਚ ਆਪਣੇ ਪਹਿਲੇ ਬਿਆਨਾਂ ਲਈ ਅਫਸੋਸ ਜ਼ਾਹਿਰ ਕਰ ਰਹੇ ਹਨ। ਇਸ ਤੋਂ ਅੱਗੇ ਵੱਧਦੇ ਹੋਏ ਸ਼੍ਰੀ ਕੇਜਰੀਵਾਲ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਪ੍ਰਮੁੱਖ ਆਗੂ ਸ਼੍ਰੀ ਕਪਿਲ ਸਿੱਬਲ ਅਤੇ ਉਸ ਦੇ ਬੇਟੇ ਸ਼੍ਰੀ ਅਮਿਤ ਸਿੱਬਲ ਤੋਂ ਵੀ ਮੁਆਫ਼ੀ ਮੰਗ ਲਈ ਹੈ। ਸ਼੍ਰੀ ਕੇਜਰੀਵਾਲ ਨੇ ਸਾਲ 2013 ਵਿਚ ਇਕ ਪ੍ਰੈਸ ਕਾਨਫਰੈਂਸ ਵਿਚ ਅਮਿਤ ਸਿਬਲ ’ਤੇ ਵਿਅਕਤੀਗਤ ਲਾਭ ਲਈ ਸ਼ਕਤੀਆਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਸੀ। ਪਾਰਟੀ ਮੁਤਾਬਿਕ ਸ਼੍ਰੀ ਕੇਜਰੀਵਾਲ ਖਿਲਾਫ਼ ਵੱਖ-ਵੱਖ ਅਦਾਲਤਾਂ ਵਿੱਚ ਮਾਣਹਾਨੀ ਦੇ 33 ਤੋਂ ਵੱਧ ਕੇਸ ਚੱਲ ਰਹੇ ਹਨ ਅਤੇ ਉਹ ਹੁਣ ਇਕ-ਇਕ ਕਰਕੇ ਸਾਰਿਆਂ ਕੇਸਾਂ ਵਿੱਚ ਮੁਆਫ਼ੀ ਮੰਗ ਰਹੇ ਹਨ। ਪਾਰਟੀ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਕੋਲ ਕੇਸ ਲੜਨ ਲਈ ਸਾਧਨ ਨਹੀਂ ਹਨ। ਦੂਸਰਾ ਉਹ ਅਦਾਲਤਾਂ ਵਿੱਚ ਸਮਾਂ ਖਰਾਬ ਕਰਨ ਦੀ ਥਾਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਪਰ ਵੱਡਾ ਸਵਾਲ ਤਾਂ ਇਹ ਹੈ ਕਿ ਸ਼੍ਰੀ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਨਿਗੁਣੀ ਰਾਜਨੀਤੀ ਲਈ ਬੇਲੋੜੇ ਤੌਰ ’ਤੇ ਕੁਝ ਚੋਣਵੇਂ ਨੇਤਾਵਾਂ ਨੂੰ ਨਿਸ਼ਾਨਾ ਕਿਉਂ ਬਣਾਇਆ। ਨੇਤਾਵਾਂ ਦੀ ਕਿਰਦਾਰਕੁਸ਼ੀ ਕਰਨਾ ਅਤੇ ਵਰਕਰਾਂ ਦੇ ਜਜ਼ਬਾਤਾਂ ਨਾਲ ਖੇਡਣਾ ਕੋਈ ਘੱਟ ਵੱਡਾ ਗੁਨਾਹ ਨਹੀਂ। ਕੀ ਇਸ ਗੁਨਾਹ ਦੇ ਬਦਲੇ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ। ਪਹਿਲਾਂ ਕਿਸੇ ਨੂੰ ਬਦਨਾਮ ਕਰਨਾ ਅਤੇ ਫਿਰ ਮੁਆਫ਼ੀ ਮੰਗ ਲੈਣਾ ਇਹ ਕਿਹੋ ਜਿਹੀ ਰਾਜਨੀਤੀ ਹੈ। ਕੇਜਰੀਵਾਲ ਨੇ ਅਜਿਹਾ ਕਰਕੇ ਇਕ ਬਹੁਤ ਗਲਤ ਪਿਰਤ ਪਾਈ ਹੈ।
– ਬਲਜੀਤ ਸਿੰਘ ਬਰਾੜ

Send this to a friend