ਸੰਸਾਰ ਅੰਦਰ ਮਨੁਖੀ ਹਿਤਾਂ ਲਈ ਸਾਕਤ ਦੇ ਅਨਿਆਂ ਤੇ ਜੁਲਮ ਨੂੰ ਮਹਾਪੁਰਥਾਂ ਨੇ ਸਮੇਂ ਸਮੇਂ ਤੇ ਵੰਗਾਰਿਆ ਤੇ ਠਲ ਪਾਉਣ ਦੇ ਜਤਨ ਕੀਤੇ। ਗੁਰੂ ਹਰਿਗੋਬਿੰਦ ਸਾਹਿਬ ਜੀ ਅਜਿਹੇ ਯੁਗ ਨਾਇਕ ਹੋਏ ਜਿਨ੍ਹਾਂ ਸਾਕਤ ਦੇ ਜਬਰ ਨੂੰ ਵੰਗਾਰਨ ਦੇ ਨਾਲ ਹੀ ਸਚ ਤੇ ਨਿਆਂ ਦੀ ਸ਼ਕਤੀ ਨੂੰ ਉਸ ਉਚਾਈ ਤੇ ਪ੍ਰਤਖ ਕਾਇਮ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਜਿਥੋਂ ਸਾਕਤ ਨਿਰਾ ਮਜ਼ਬੂਰ ਤੇ ਕਮਜ਼ੋਰ ਨਜ਼ਰ ਆਇਆ। ਇਹ ਸੁਨਹਿਰੀ ਇਤਿਹਾਸਕ ਘਟਨਾ ਸੀ ਜੋ ਮਹਾਨ ਆਤਮਕ ਸੰਕਲਪ ਬਿਨਾ ਨਹੀਂ ਵਾਪਰ ਸਕਦੀ ਸੀ। ਪਿਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰਗਦੀ ਤੇ ਵਿਰਾਜਮਾਨ ਹੋਣ ਵਾਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਾਹਮਣੇ ਕਈ ਚੁਨੈਤੀਆਂ, ਕਈ ਸਵਾਲ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਮਾਰਗ ਤੈ ਕਰਨ ’ਚ ਕੋਈ ਦੇਰ ਨਹੀਂ ਕੀਤੀ। ਆਪ ਨੇ ਮਾਤਰ ਗਿਆਰਹ ਸਾਲ ਦੀ ਉਮਰ ’ਚ ਗੁਰਿਆਈ ਦੇ ਪਹਿਲੇ ਦਿਨ ਹੀ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਣ ਕਰ, ਸਿਰ ਤੇ ਦਸਤਾਰ ਤੇ ਕਲਗੀ ਸਜਾ ਕੇ ਸਚ ਦੀ ਬਾਦਸ਼ਾਹਤ ਦਾ ਐਲਾਨ ਕਰ ਦਿਤਾ। ਜੋ ਸਮਝਦੇ ਸਨ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸਿਖ ਡਰ ਕੇ ਖਿੰਡਰ ਜਾਣਗੇ ਤੇ ਸਿਖੀ ਦੇ ਮਾਰਗ ਤੋਂ ਹਟ ਜਾਣਗੇ ਉਹਨਾਂ ਲਈ ਇਹ ਅਖਾਂ ਖੋਲਣ ਵਾਲਾ ਸੁਨੇਹਾ ਸੀ। ਸਚ ਦੀ ਮਹਿਮਾ ਗੁਰੂ ਨਾਨਕ ਸਾਹਿਬ ਨੇ ਦੱਸੀ।“ ਆਦਿ ਸਚੁ ਜੁਗਾਦਿ ਸਚੁ। ਵਕਤ ਦੀ ਮੰਗ ਸੀ ਕਿ ਉਸ ਸਚ ਦੀ ਤਾਕਤ ਨੂੰ ਪ੍ਰਕਟ ਕੀਤਾ ਜਾਵੇ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਸਚ ਦੀ ਸ੍ਰੇਸ਼ਟਤਾ ਦਾ ਅਹਿਸਾਸ ਕਰਾਉਣ ਵਾਲੀ ਸਬਤ ਹੋਈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਨਿਰਭੈਤਾ ਤੇ ਅਡੋਲਤਾ ਨਾਲ ਸਚ ਦੇ ਪਖ ’ਚ ਜੁਲਮ ਦਾ ਕਹਿਰ ਸਹਿੰਦੀਆਂ ਸਵਾਸ ਵਾਰ ਦਿਤੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਚ ਦੀ ਤਾਕਤ ਨਾਲ ਜੁਲਮ ਤੇ ਜਿਤ ਪ੍ਰਾਪਤ ਕਰ “ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ “ ਦੇ ਦਰਸ਼ਨ ਕਰਾਏ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗਦੀ ਦੇ ਵਾਰਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਸਤਰ ਧਾਰਣ ਕੀਤੇ ਆਮ ਲੋਕਾਂ ਲਈ ਇਸ ਦੇ ਅਰਥ ਸਮਝਨੇ ਮੁਸ਼ਕਲ ਸਨ। ਪਰ ਛੇਤੀ ਹੀ ਸਾਰੇ ਭਰਮ ਦੂਰ ਹੋ ਗਏ। ਗੁਰੂ ਸਾਹਿਬ ਨੇ ਗੁਰਗਦੀ ਤੇ ਵਿਰਾਜਮਾਨ ਹੋਣ ਤੋਂ ਬਾਅਦ ਜਿਥੇ ਸੂਰਬੀਰ ਤੇ ਧਰਮੀ ਸਿਖਾਂ ਦੀ ਫੌਜ ਤਿਆਰ ਕੀਤੀ ਤਿੰਨ ਵਰ੍ਹਿਆਂ ’ਚ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾ ਮਨੁਖਤਾ ਨੂੰ ਅਦੁਤੀ ਸੁਗਾਤ ਬਖਸ਼ੀ ਜੋ ਜੁਗਾਂ ਜੁਗਾਂ ਤਕ ਰਹਿਣ ਵਾਲੀ ਹੈ। ਸੰਸਾਰ ਅੰਦਰ ਹੋਰ ਕੋਈ ਅਜਿਹਾ ਅਸਥਾਨ ਨਹੀਂ ਜੋ ਪਰਮਾਤਮਾ ਦੇ ਰਾਜ ਦਾ ਪ੍ਰਤੀਕ ਹੋਵੇ। ਹਿੰਦੁਸਤਾਨ ਅੰਦਰ ਉਸ ਵੇਲੇ ਮੁਗਲਾਂ ਦਾ ਰਾਜ ਸੀ। ਮੁਗਲ ਰਾਜ ਦਾ ਮਨੋਰਥ ਸਥਾਨਕ ਕਾਂ ਨੂੰ ਲੂਟਨਾ, ਰੰਗ ਰਲੀਆਂ ਮਨਾਉਣਾ, ਜਬਰਨ ਇਸਲਾਮ ’ਚ ਸ਼ਾਮਲ ਕਰਨਾ ਤੇ ਜ਼ੋਰ ਜਬਰ ਨਾਲ ਹੁਕੂਮਤ ਚਲਾਉਣਾ ਸੀ। ਸਚ ਤੇ ਧਰਮ ਪੰਖ ਲਾ ਕੇ ਉਡ ਗਏ ਜਾਪਦੇ ਸਨ। ਸ੍ਰੀ ਅਕਾਲ ਤਖਤ ਸਾਹਿਬ ਰਚ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਾਬਰ ਨੂੰ ਸਿਧੀ ਤੇ ਖੁਲੀ ਚੁਨੌਤੀ ਦਿਤੀ ਕਿ ਸਭ ਤੋਂ ਵਡੀ ਤਾਕਤ ਅਕਾਲ ਪੁਰਖ ਦੀ ਹੈ “ ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ, ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਸੇ ਰਾਜੇ ਕਿਸੇ ਜਮੀਨਾਂ ਦੇ ਮਾਲਕ, ਕਿਸੇ ਤੇਜਵੰਸੀ , ਕਿਸੇ ਸੂਰੇ, ਕਿਸੇ ਵਡੇ ਤੋਂ ਵਡੇ ਗ੍ਰਿਹਸਤੀ, ਗਿਆਨੀ ਤੇ ਕਰਮਵੰਤ ਦੀ ਕੋਈ ਬਿਸਾਤ ਨਹੀਂ ਸੀ। ਉਹ ਸਭ ਤੋਂ ਵਡਾ ਦਰਬਾਰ ਸੀ। ਸ੍ਰੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਗੁਰੂ ਹਰਿਗੋਬਿੰਦ ਸਾਹਿਬ ਬਾਦਸ਼ਾਹ ਵਾਂਗੂੰ ਸਿਖ ਸੰਗਤਾਂ ਨੂੰ ਦਰਸ਼ਨ ਦਿੰਦੇ, ਉਹਨਾਂ ਦੀਆਂ ਸ਼ੰਕਾਵਾਂ ਦਾ ਨਿਦਾਨ ਕਰਦੇ, ਮਸਲੇ ਹਲ ਕਰਦੇ ਤੇ ਪਰਮਾਤਮਾ ਨਾਲ ਜੁੜਣ ਦੀ ਪ੍ਰੇਰਣਾ ਕਰਦੇ। ਸ੍ਰੀ ਅਕਾਲ ਤਖਤ ਸਾਹਿਬ ਤੇ ਸਚ ਤੇ ਪਰਮਾਤਮਾ ਦੀ ਚਰਚਾ ਸੀ। ਇਥੇ ਆ ਕੇ ਸੰਗਤਾਂ ਨੂੰ ਪਰਮਾਤਮਾ ਦੀ ਹੁਕੂਮਤ ਦੇ ਦਰਸ਼ਨ ਹੁੰਦੇ। ਇਹੋ ਕਾਰਣ ਸੀ ਕਿ ਸੰਗਤਾਂ ਨੇ ਸ਼ਰਧਾ ਤੇ ਭਾਵਨਾ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸਚੇ ਪਾਤਿਸ਼ਾਹ ਕਹਿਣਾ ਆਰੰਭ ਕਰ ਦਿਤਾ। ਲੋਕਾਂ ਨੂੰ ਸਚ ਤੇ ਝੂਠ ਦਾ ਫਰਕ ਸਮਝ ਆਉਣ ਲਗ ਪਿਆ।
ਮੁਗਲ ਬਾਦਸ਼ਾਹ ਜਹਾਂਗੀਰ ਦੀ ਬੇਨਤੀ ਨੂੰ ਪ੍ਰਵਾਨ ਕਰ ਗੁਰੂ ਹਰਿਗੋਬਿੰਦ ਸਾਹਿਬ ਜਦੋਂ ਦਿਲੀ ਆਏ ਤਾਂ ਜਹਾਂਗੀਰ ਨੇ ਆਪ ਨੂੰ ਸਵਾਲ ਕੀਤਾ ਸੀ ਕਿ ਉਹ ਆਪਣੇ ਆਪ ਨੂੰ ਸਚਾ ਪਾਤਸ਼ਾਹ ਕਹਾਉਂਦੇ ਸਨ। ਗੁਰੂ ਸਾਹਿਬ ਨੇ ਕਿਹਾ ਮੈਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਿਹਾ। ਸਚਾ ਪਾਤਸ਼ਾਹ ਪਰਮਾਤਮਾ ਹੈ ਪਰ ਲੋਕਾਂ ਦਾ ਪਿਆਰ ਉਤਨਾ ਹੀ ਹੈ ਜਿੰਨਾ ਮੈ ਉਹਨਾਂ ਨੂੰ ਕਰਣਾ। ਗੁਰੂ ਸਾਹਿਬ ਬਾਦਸ਼ਾਹ ਨਾਲ ਆਗਰੇ ਗਏ ਤਾਂ ਇਕ ਘਾਹ ਕਟਣ ਵਾਲੇ ਨੂੰ ਆਪ ਦੇ ਆਗਮਨ ਬਾਰੇ ਜਾਣ ਕੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ। ਘਾਈ ਨੂੰ ਕਿਸੇ ਨੇ ਜਹਾਂਗੀਰ ਕੋਲ ਭੇਜ ਦਿਤਾ। ਉਸ ਘਾਈ ਨੇ ਇਕ ਟਕਾ ਅਗੇ ਰਖ ਕੇ ਮਥਾ ਟੇਕਿਆ ਤੇ ਮੁਕਤੀ ਲਈ ਅਰਦਾਸ ਕਰਨ ਲਗ ਪਿਆ। ਜਹਾਂਗੀਰ ਦੇ ਵਿਉਹਾਰ ਤੋਂ ਉਸ ਨੂੰ ਜਦੋਂ ਆਪਣੀ ਗਲਤੀ ਦਾ ਪਤਾ ਲਗਾ ਤਾਂ ਚੜ੍ਹਾਇਆ ਹੋਇਆ ਟਕਾ ਚੁਕ ਕੇ ਭਜਾ ਤੇ ਗੁਰੂ ਹਰਿਗੋਬਿੰਦ ਸਾਹਿਬ ਤੇ ਚਰਣਾ ‘ਚ ਜਾ ਪਿਆ। ਇਹ ਕੋਈ ਮਾਮੂਲੀ ਘਟਨਾ ਨਹੀਂ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਚੀ ਪਾਤਿਸ਼ਾਹੀ ਦੀ ਅਪਾਰ ਬਖਸ਼ਿਸ਼ ਸੀ ਕਿ ਲੋਕਾਂ ਅੰਦਰ ਸਚ ਲਈ ਸਮਝ ਹੀ ਨਹੀਂ ਉਸ ਨੂੰ ਧਾਰਣ ਕਰਨ ਦਾ ਹੌਸਲਾ ਵੀ ਜਨਮ ਲੈ ਰਿਹਾ ਸੀ। ਪਰਮਾਤਮਾ ਦਾ ਨਿਆਂ ਪਰਮਾਤਮਾ ਦੀ ਜਾਣਦਾ ਹੈ ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ। ਕੋਈ ਉਸ ਜਿਹਾ ਨਹੀਂ ਜੋ ਪਰਮਾਤਮਾ ਦੇ ਵਿਸਮਾਦ ਜਾਣ ਸਕੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ੇਰ ਤੋਂ ਉਸ ਜਹਾਂਗੀਰ ਦੀ ਜਾਨ ਬਚਾਈ ਜਿਸ ਦੇ ਰਾਜ ਵਿਚ ਗੁਰੂ ਸਾਹਿਬ ਤੇ ਪਿਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਜਹਾਂਗੀਰ ਨੇ ਜਦੋਂ ਧੋਖੇ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬੰਦੀ ਬਣਾ ਗਵਾਲੀਅਰ ਕਿਲੇ ’ਚ ਭਿਜਵਾ ਦਿਤਾ ਤਾਂ ਵੀ ਗੁਰੂ ਸਾਹਿਬ ਸ਼ਾਂਤ ਰਹੇ। ਗੁਰੂ ਸਾਹਿਬ ਅਥਾਹ ਸ਼ਕਤੀਆਂ ਦੇ ਮਾਲਕ ਸਨ ਪਰ ਸ਼ਕਤੀ ਦੀ ਮਰਿਆਦਾ ਜਾਣਦੇ ਸਨ। ਤਾਕਤ ਦੀ ਵਰਤੋਂ ਕਦੋਂ ਕਰਨੀ ਹੈ ਤੇ ਕਿੰਨੀ ਕਰਨੀ ਹੈ ਇਸ ਦੀ ਆਦਰਸ਼ ਮਿਸਾਲ ਹੋਰ ਕਿਤੇ ਨਹੀਂ ਮਿਲ ਸਕਦੀ। ਸੰਸਾਰ ’ਚ ਸ਼ਾਂਤੀ ਲਈ ਅਜ ਸਭ ਤੋਂ ਜਿਆਦਾ ਲੋੜ ਤਾਕਤ ਨੂੰ ਸੰਜਮ ਹੇਠ ਲਿਆਉਣ ਦੀ ਹੈ। ਜਹਾਂਗੀਰ ਦੇ ਭਰਮ ਦੂਰ ਹੋਏ ਤਾਂ ਉਸ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਤੋਂ ਰਿਹਾ ਕਰ ਦਿਤਾ। ਗੁਰੂ ਸਾਹਿਬ ਦੇ ਕਹਿਣ ਤੇ ਬਵੰਜਾ ਬੰਦੀ ਰਾਜੇ ਵੀ ਨਾਲ ਹੀ ਰਿਹਾ ਕਰ ਦਿਤੇ ਗਏ। ਜਹਾਂਗੀਰ ਗੁਰੂ ਸਾਹਿਬ ਦੀ ਮਹਾਨਤਾ ਦਾ ਕਾਇਲ ਹੋ ਗਿਆ ਸੀ। ਦਿਲੀ ਦੇ ਤਖਤ ਤੇ ਸ਼ਾਹਜਹਾਨ ਬੈਠਾ ਤਾਂ ਹਾਲਾਤ ਬਦਲ ਗਏ। ਗੁਰੂ ਸਾਹਿਬ ਤੇ ਚਾਰ ਵਾਰ ਹੰਮਲੇ ਕੀਤੇ ਗਏ ਜਿਨ੍ਹਾਂ ਦਾ ਆਪ ਨੇ ਕਰਾਰਾ ਜਵਾਬ ਦਿਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਾਰੋ ਜੰਗਾਂ ’ਚ ਸ਼ਾਨਦਾਰ ਜਿਤ ਪ੍ਰਾਪਤ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਆਪ ਸ੍ਰੇਸ਼ਟ ਜੋਧਾ ਤੇ ਅਸਤ੍ਰਾਂ ਸ਼ਸਤ੍ਰਾਂ ਦੀ ਵਰਤੋਂ ’ਚ ਸਿਧ ਸਨ। ਆਪ ਕੋਲ ਤਾਕਤਵਰ ਫੌਜ ਸੀ। ਪਰ ਗੁਰੂ ਸਾਹਿਬ ਦਾ ਮੂਲ ਮਨੋਰਥ ਸਿਖ ਪੰਥ ਨੂੰ ਅਗੇ ਵਧਾਉਣਾ ਤੇ ਸਿਖੀ ਦੇ ਸਿਧਾਂਤਾਂ ਦਾ ਪ੍ਰਚਾਰ, ਪ੍ਰਸਾਰ ਕਰਨਾ ਸੀ। ਗੁਰੂ ਸਾਹਿਬ ਸਦਾ ਹੀ ਇਸ ਲਈ ਯਤਨਸ਼ੀਲ ਰਹਿੰਦੇ ਸਨ। ਸ਼ਸਤਰ ਤੇ ਫੌਜ ਸਿਖੀ ਦੀ ਰਾਹ ਨੂੰ ਨਿਹਕੰਟਕ ਕਰਨ ਲਈ ਸਨ। ਸਿਖਾਂ ਦੇ ਵੀਚਾਰ ਤੇ ਆਚਾਰ ਤੇ ਗੁਰੂ ਸਾਹਿਬ ਦੀ ਪੂਰੀ ਨਜ਼ਰ ਰਹਿੰਦੀ। ਆਪ ਸਦਾ ਹੀ ਬਾਣੀ ਸੁਧ ਹਿਰਦੇ ਤੇ ਇਕਾਗਰਤਾ ਨਾਲ ਪੜ੍ਹਨ ਲਈ ਪ੍ਰੇਰਣਾ ਕਰਦੇ। ਸਿਖਾਂ ਨੂੰ ਗੁਰਬਾਣੀ ਦਾ ਅਭਿਆਸ ਗੁਰੂ ਸਾਹਿਬ ਆਪ ਕਰਾਉਂਦੇ। ਇਕ ਵਾਰ ਗੁਰੂ ਸਾਹਿਬ ਸੰਗਤ ’ਚ ਭਾਈ ਗੋਪਾਲ ਜੀ ਨੂੰ ਜਪੁ ਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਸੁਨ ਰਹੇ ਸਨ। ਭਾਈ ਗੋਪਾਲ ਜੀ ਦੀ ਸ਼ਰਧਾ ਤੋਂ ਗੁਰੂ ਸਾਹਿਬ ਬੜੇ ਹੀ ਪ੍ਰਸੰਨ ਹੋਏ। ਪਰ ਪਾਠ ਸੰਪੂਰਨ ਹੋਣ ਤੋਂ ਪਹਿਲਾ ਭਾਈ ਗੋਪਾਲ ਜੀ ਦਾ ਧਿਆਨ ਭਟਕ ਗਿਆ। ਅੰਤਰਜਾਮੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਧੂ ਘੋੜਾ ਦੇ ਭਾਈ ਗੋਪਾਲ ਜੀ ਦੀ ਮਨੋਕਾਮਨਾ ਤਾਂ ਪੂਰਣ ਕਰ ਦਿਤੀ “ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ। ਪਰ ਉਹ ਵਡੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ ਕਿਉਂਕਿ ਦਾਤੇ ਲਈ ਮਨ ’ਚ ਸ਼ੰਕਾ ਤੇ ਆਪਣੀ ਸਿਆਣਪ ਤੇ ਟੇਕ ਹੋ ਗਈ। ਪਰਮਾਤਮਾ ਆਪ ਹੀ ਭਰਮ ਦੂਰ ਕਰਦਾ ਹੈ ਬੰਧਨ ਕਾਟੇ ਸੋ ਪ੍ਰਭੂ ਜਾ ਕੈ ਕਲ ਹਾਥ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਭਰਮ ਦੂਰ ਕਰਨ ਦਾ ਨਿਰਨਾਂ ਕੀਤਾ। ਗੁਰੂ ਸਾਹਿਬ ਉਹਨਾਂ ਨੂੰ ਘੋੜੇ ਖਰੀਦਨ ਲਈ ਕਾਬੁਲ ਭੇਜਿਆ ਤੇ ਨਾਲ ਹੀ ਖੇਡ ਵਰਤਾਈ ਕਿ ਪੈਸਿਆਂ ਦੀ ਥੈਲੀ ਗੁੰਮ ਹੋ ਗਈ। ਭਾਈ ਗੁਰਦਾਸ ਜੀ ਇੰਨੇ ਸ਼ਰਮਸਾਰ ਹੋਏ ਕਿ ਬਿਨਾ ਕਿਸੇ ਨੂੰ ਕੁਝ ਦਸੇ ਚੁਪਚਾਪ ਉਥੋ ਤੁਰ ਪਏ ਤੇ ਬਨਾਰਸ ਆ ਗਏ। ਬਨਾਰਸ ਭਾਈ ਗੁਰਦਾਸ ਜੀ ਸਿਖੀ ਦੇ ਪ੍ਰਚਾਰ ’ਚ ਲਗ ਗਏ। ਕਾਫੀ ਸਮੇਂ ਬਾਅਦ ਗੁਰੂ ਸਾਹਿਬ ਨੂੰ ਪਤਾ ਲਗਾ ਤਾਂ ਬਨਾਰਸ ਦੀ ਸੰਗਤ ਨੂੰ ਕਿਹਾ ਕਿ ਭਾਈ ਜੀ ਗੁਰੂ ਘਰ ਦੇ ਦੋਖੀ ਹਨ। ਭਾਈ ਜੀ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਤਾਂ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਹੋਏ। ਭਾਈ ਗੁਰਦਾਸ ਜੀ ਵਿਹਵਲ ਹੋ ਗਏ ਤੇ“ ਜੇ ਗੁਰ ਸਾਂਗਿ ਵਰਤਦਾ ਸਿਖੁ ਸਿਦਕ ਨਾ ਹਾਰੇ “ ਦੀ ਥਾਂ “ ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ “ ਦੀ ਅਰਜ ਕਰਦਿਆਂ ਭੁਲ ਬਖਸ਼ਾਈ। ਪਰਮਾਤਮਾ ਦੀ ਨਦਰਿ ਲਈ ਭਰੋਸੇ ਤੇ ਨਿਮ੍ਰਤਾ ਦੇ ਨਾਲ ਹੀ ਭਾਣੇ ਅੰਦਰ ਰਹਿਣ ਦਾ ਨਿਸ਼ਚਾ ਹੋਣਾ ਚਾਹੀਦੇ। ਇਹ ਸਚੀ ਸੂਰਬੀਰਤਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਦੀ ਅਜਿਤ ਤਾਕਤ ਇਸ ਸਿਧਾਂਤ ਤੋਂ ਨਿਕਲੀ “ ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਿਆਲੂ ਦਾਤਾ, ਨਿਆਂ ਕਰਤਾ, ਬਖਸ਼ਣਹਾਰ ਤੇ ਤਾਰਣਹਾਰ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਸਾਹਿਬ ਨੇ ਪਰਮਾਤਮਾ ਦਾ ਅਚਲ ਰਾਜ ਕਾਇਮ ਕੀਤਾ ਤੇ ਮਨੁਖਤਾ ਨੂੰ ਸਚ ਦੀ ਪ੍ਰਤਖ ਪਛਾਣ ਕਰਾਈ।